Khalsa News homepage

 

 Share on Facebook

Main News Page

ਡਰ, ਡੇਰਾ ਅਤੇ ਡੇਰੇਦਾਰ
-: ਗੁਰਦੇਵ ਸਿੰਘ ਸੱਧੇਵਾਲੀਆ
 19.05.2021
#KhalsaNews #GurdevSingh #Sadhewalia #Dera #Deredaar

ਡੇਰਾ ਡਰਿਆ ਹੋਇਆ ਰਹਿੰਦਾ । ਕਦੇ ਹਕੂਮਤ ਨਾਲ ਪੰਗਾ ਲੈਂਦਾ ਦੇਖਿਆ ਡੇਰਾ? ਕਦੇ ਦੇਖਿਆ ਕਿ ਡੇਰੇ ਦੀ ਵਕਤ ਦੇ ਰਾਜੇ ਨਾਲ ਬਣੀ ਨਾ ਹੋਵੇ। ਕਦੇ ਸਮੇ ਦੇ ਕਸਾਈ ਰਾਜੇ ਨੂੰ ਅਖਾਂ ਵਿਖਾਈਆਂ ਹੋਣ। ਡੇਰਾ ਦਰਅਸਲ ਗਲਾਂ ਈ ਵਡੀਆਂ ਕਰ ਰਿਹਾ ਹੁੰਦਾ ਪਰ ਹੁੰਦਾ ਖੁਦ ਡਰਿਆ। ਧੁਰ ਅੰਦਰੋਂ ਡਰਿਆ। ਇਹੀ ਕਾਰਨ ਕਿ ਓਹ ਦੂਜੇ ਨੂੰ ਵੀ ਡਰਾ ਕੇ ਰਖਦਾ। ਕਦੇ ਧਰਮਰਾਜ ਦੀ ਪੇਸ਼ੀ ਤੋਂ, ਜਮਦੂਤਾਂ ਦੇ ਜੂਤ ਪਤਾਣ ਤੋਂ, ਪਰੇਤਾਂ ਦੇ ਭੰਗੜੇ ਤੋਂ, ਵਕਤ ਦੀਆਂ ਸਰਕਾਰਾਂ ਨਾਲ ਮਥੇ ਲਾਓਂਣ ਤੋਂ ਕਿ ਲੋਕਾਂ ਦੇ ਪੁਤ ਮਰਵਾਓਂਣਗੇ। ਦਰਅਸਲ ਡੇਰਾ ਅਪਣਾ ਅੰਦਰਲਾ ਡਰ ਹੀ ਦਸ ਰਿਹਾ ਹੁੰਦਾ ਪਰ ਕੰਨ ਉਲਟੇ ਪਾਸਿਓਂ ਫੜ ਰਿਹਾ ਹੁੰਦਾ।

ਡੇਰੇ ਅਤੇ ਮਹੱਲ ਵਿਚੋਂ ਕਿਤੇ ਇਨਕਲਾਬ ਦੇ ਚੰਗਾੜੇ ਨਿਕਲਦੇ ਦੇਖੇ ਹੋਣ। ਕਦੇ ਸਮੇ ਦੇ ਜਰਵਾਣਿਆਂ ਅਗੇ ਡੇਰਾ ਬਰਛਾ ਗਡ ਕੇ ਖੜੋਤਾ ਹੋਵੇ।

ਬਾਬਾ ਜਰਨੈਲ ਸਿੰਘ ਖੜੋਤਾ ਸੀ ਅਗਲਿਆਂ ਤੋਪਾਂ ਡਾਹ ਕੇ ਉਡਾ ਦਿਤਾ। ਡੇਰਾ ਛਡ ਕੇ ਬਾਬਾ ਬੰਦਾ ਸਿੰਘ ਬਹਾਦਰ ਖੜੋਤਾ ਤਾਂ ਜਲਾਦਾਂ ਜੰਬੂਰਾਂ ਨਾਲ ਨੋਚ ਸੁਟਿਆ । ਬਾਬੇ ਜਰਨੈਲ ਸਿੰਘ ਤੋਂ ਬਾਅਦ ਵੀ ਤਾਂ ਡੇਰਾ ਚੰਗਾ ਭਲਾ ਚਲੀ ਓ ਈ ਜਾਂਦਾ ਪਹਿਲਾਂ ਵੀ ਚਲੀ ਜਾਂਦਾ ਸੀ। ਪੰਜਾਬ ਵਿਚ ਢਾਬਿਆਂ ਤੋਂ ਜਿਆਦਾ ਡੇਰੇ ਨੇ ਸਰਕਾਰਾਂ ਪਾਣੀ ਭਰਦੀਆਂ ਫਿਰਦੀਆਂ ਡੇਰਿਆਂ ਦੀਆਂ ਕਦੇ ਆਂਚ ਆਈ?

ਡੇਰਾ ਡਰ ਵਿਚ ਜਿਓਂਦਾ ਕਰਕੇ ਹੀ ਬਚ ਰਹਿੰਦਾ ਨਹੀਂ ਤਾਂ ਠੰਡੇ ਭੋਰੇ ਤਪਦੇ ਭਠ ਨਾ ਬਣ ਜਾਣ। ਡੇਰਾ ਸਮੇ ਦੀ ਹਕੂਮਤ ਨਾਲ ਕਦੇ ਨਹੀਂ ਵਿਗਾੜਦਾ। ਡੇਰੇ ਨੂੰ ਪਤੈ ਪੋਲੀ ਦੇਹ ਜਿਹਲ ਦੇ ਮਛਰਾਂ ਦੇ ਧਫੜ ਝਲ ਨਾ ਸਕੇਗੀ। ਦੂਰ ਕਾਹਨੂੰ ਜਾਣਾ ਤੌੜੀਆਂ ਵਿਚ ਇਨਕਲਾਬ ਰਿੰਨਣ ਵਾਲਾ ਬਾਬਾ ਤੋਤਾ ਚਾਰ ਦਿਨ ਵੀ ਰਹਿ ਲਊ? ਮਛਰਾਂ ਦੇ ਜੇ ਧੰਨਭਾਗ ਨਾ ਹੋ ਗਏ ਕਿ ਇਵੇਂ ਦਾ ਕੂਲਾ ਮਾਸ? ਡੰਗ ਉਪਰ ਈ ਰਖੋ ਤਾਂ ਚਲ ਸਿਧਾ ਲਹੂ ਵਾਲੀ ਵਹਿਣੀ ਵਿਚ। ਭੋਰਾ ਈ ਜੋਰ ਨਾ ਲਾਓਂਣਾ ਪਿਆ ਤੇ ਲਹੂ? ਐਨ ਮਿੱਠਾ? ਪਰ ਮਛਰਾਂ ਦਾ ਇਹ ਸੁਪਨਾ ਕਦੇ ਨਾ ਪੂਰਾ ਹੋਇਆ। ਹੁਣ ਨਹੀਂ ਕਦੇ ਵੀ ਨਾਂ ਸੀ ਹੋਇਆ ਨਾ ਹੋਵੇਗਾ।

ਯਣੀ ਡੇਰਾ ਡਰੂ ਨਾ ਤਾਂ ਮਰੂ ਜਾਂ ਉਜੜੂ। ਪਰ ਕਦੇ ਡੇਰਾ ਉਜੜਦਾ ਦੇਖਿਆ?

ਜੰਡਾਂ ਨਾਲ ਬੰਨ ਫੂਕ ਦਿਤੇ ਗਏ, ਡਾਂਗਾ ਵਾਹ ਵਾਹ ਵਖੀਆਂ ਭੰਨ ਸੁਟੀਆਂ ਬੀਟੀ ਵਰਗਿਆਂ ਪਰ ਡੇਰਾ?

84 ਵੇਲਾ ਈ ਯਾਦ ਕਰ ਲੳ। ਡੇਰਿਆਂ ਵਿਚਲੀ ਕਬਰਾਂ ਵਰਗੀ ਚੁਪ ਕਿਸਨੂੰ ਭੁਲੀ ਹੋਈ। ਚੌਂਕ ਮਹਿਤੇ ਤੀਜੇ ਦਿਨ ਘੇਰਾ ਪਿਆ ਰਹਿੰਦਾ ਸੀ ਪਰ ਅਜ ਘੇਰਿਆਂ ਵਾਲੇ ਕਿਧਰ ਗਏ? ਧੁੰਮਾ ਘੁਰਰ ਘੁਰਰ ਕਰਦਾ ਬਾਦਲਾਂ ਦੀ ਝੂਠ ਵਿਚ ਮੂੰਹ ਮਾਰਦਾ ਫਿਰਦਾ ਪੁਛਦਾ ਕੋਈ?

ਡੇਰੇਦਾਰ ਅਤੇ ਕਾਰਪੋਰੇਟਰ ਇੱਕੋ ਨਸਲ। ਇੱਕ ਪੁਲਿਸ ਦਾ ਡੰਡਾ ਮੂਹਰੇ ਕਰਕੇ ਲੁਕਾਈ ਲੁਟਦਾ ਦੂਜਾ ਮੂਰਖ ਬਣਾ ਕੇ, ਮਿਠੀਆਂ ਮਾਰਕੇ। ਯਾਣੀ ਇੱਕ ਡਾਕੂ ਦੂਜਾ ਠੱਗ। ਦੋਨੋ ਧਨਾਢ, ਦੋਨੋ ਹਕੂਮਤਾਂ ਦੇ ਫੀਲੇ। ਦੋਨਾਂ ਦਾ ਗਰੀਬਾਂ ਨਾਲ ਕੋਈ ਲੈਣਾ ਦੇਣਾ ਨਾ ਬਲਕਿ ਦੋਨੋਂ ਲੋਕਾਂ ਦੇ ਖੂਨ ਤੇ ਪਲਣ ਵਾਲੀਆਂ ਜੋਕਾਂ। ਦੋਨੋ ਜਰਵਾਣਿਆਂ ਨਾਲ ਘਿਓ ਖਿਚੜੀ ਅਤੇ ਹਕੂਮਤਾਂ ਦੋਨਾਂ ਦੀਆਂ ਪਹਿਰੇਦਾਰ। ਕਸਾਈ ਰਾਜੇ ਦੋਨਾ ਕੋਲੇ ਜਾਂਦੇ ਬਲਕਿ ਡੇਰੇ ਤਾਂ ਜੁਤੀਆਂ ਲਾਹ ਕੇ ਜਾਂਦੇ।

ਕਹਿੰਦੇ ਇਨਕਲਾਬ ਝੁੱਗੀਆਂ ਵਿਚੋਂ ਉਠਦੇ ਹੁੰਦੇ ਪਰ ਬਾਬੇ ਤੋਤੇ ਵਰਗੇ ਦੇ ਇਨਕਲਾਬ ਦਾ ਊਠ ਦਾ ਬੁਲ ਡਿਗਦਾ ਦੇਖਣ ਲਈ ਪੁੱਠੇ ਸਿੱਧੇ ਹੋ ਰਹੇ ਲੋਕ ਕਿਆ ਇਨੇ ਮੂਰਖ ਵੀ ਹੋ ਸਕਦੇ ਕਿ ਸਮਝ ਨਾ ਸਕਣ ਕਿ ਡੇਰੇਦਾਰ ਦਾ ਕਿਸੇ ਇਨ-ਵਿਨਕਲਾਬ ਨਾਲ ਦੂਰ ਦਾ ਵੀ ਵਾਸਤਾ ਨਾ। ਕਾਰਪੋਰੇਟਰ ਜਾਂ ਡੇਰੇ ਨੇ ਇਨਕਲਾਬ ਨੂੰ ਰਗੜ ਕੇ ਫੋੜੇ ਤੇ ਲਾਓਂਣਾ ਜਿੰਨਾ ਦੀ ਦਾਲ ਦੀ ਤੌੜੀ ਵਿਚ ਇਨਕਲਾਬ ਪਹਿਲਾਂ ਹੀ ਉਬਲ ਉਬਲ ਜਾ ਰਿਹਾ।

ਮਹੱਲਾਂ ਅਤੇ ਡੇਰਿਆਂ ਨੂੰ ਕਿਸੇ ਇਨਕਲਾਬ ਦੀ ਲੋੜ ਨਹੀਂ ਓਨਾ ਦਾ ਇਨਕਲਾਬ ਆ ਚੁਕਾ ਹੋਇਆ। ਓਹ ਤੁਹਾਨੂੰ ਖੁਸ਼ ਰਹਿਣ ਦੇ ਤਰੀਕੇ ਤਾਂ ਦਸ ਸਕਦੇ ਪਰ ਤੁਹਾਡੀ ਗੁਰਬਤ ਦਾ ਕੋਈ ਇਲਾਜ ਨਹੀਂ ਓਨਾ ਕੋਲੇ। ਰਾਮਦੇਵ ਵਰਗਾ ਡੇਰੇਦਾਰ ਹਾ ਹਾ ਹੂ ਹੂ ਕਰਾ ਕੇ ਕੀ ਜਾਣੇ ਕਿ ਕਰਜਿਆਂ ਦੀਆਂ ਪੰਡਾਂ ਚੁਕੀ, ਜਵਾਨ ਧੀਆਂ ਬੂਹੇ ਬੈਠੀਆਂ ਦੇਖ ਹਾ ਹਾ ਹਾ ਨਹੀਂ ਨਿਕਲਦੀ ਨਾ ਖੁਸ਼ ਰਹਿਣ ਦੇ ਤਰੀਕੇ ਸੁਝਦੇ ਓਥੇ ਤਾਂ ਫਾਹੇ ਲੈਣ ਵਾਲੇ ਰਸੇ ਦਿਸਣ ਲਗਦੇ।

ਏ.ਸੀ. ਦੇ ਠੰਡੇ ਭੋਰੇ ਵਿਚ ਬੈਠਾ ਬੰਦਾ ਹਾੜ ਦੀਆਂ ਤਪਦੀਆਂ ਧੁੱਪਾਂ ਵਿੱਚ ਮੁੜਕੋ ਮੁੜਕੀ ਹੋਏ ਬੈਠੇ ਬੰਦੇ ਨੂੰ ਜਿੰਦਗੀ ਜਿਓਂਣ ਦੇ ਤਰੀਕੇ ਦਸ ਰਿਹਾ ਕਿ ਖੁਸ਼ ਕਿਵੇਂ ਰਿਹਾ ਜਾ ਸਕਦਾ।

ਡੇਰਾ ਅਤੇ ਕਾਰਪੋਰੇਟਰ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਅਤੇ ਦੋਵੇਂ ਹਮੇਸ਼ਾਂ ਤੋਂ ਸਮੇਂ ਦੀਆਂ ਹਕੂਮਤਾਂ ਦੇ ਯਾਰ ਰਹੇ ਨੇ ਅਤੇ ਰਹਿਣਗੇ ਕਿਓਂਕਿ ਦੋਹਾਂ ਦੀ ਸਲਤਨਤ ਖੜੀ ਹੀ ਕਸਾਈ ਰਾਜਿਆਂ ਦੇ ਸਿਰ 'ਤੇ ਹੈ। ਨਹੀਂ ਖੜੀ ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top