Khalsa News homepage

 

 Share on Facebook

Main News Page

ਗੁਰੂ ਦੀ ਕਲਾ ਦਾ ਵਰਤਣਾ
-: ਗੁਰਦੇਵ ਸਿੰਘ ਸੱਧੇਵਾਲੀਆ
 21.04.2021
#KhalsaNews #GurdevSingh #Sadhewalia #Guru #BhaiTaruSingh

ਗੁਰੂ ਦੀ ਕਲਾ ਦਾ ਵਰਤਣਾ ਅਤੇ ਕਰਾਮਾਤ ਹੋਣ ਨੂੰ ਰਲਗੱਡ ਕਰਨ ਵਾਲੇ ਮੂਰਖ ਜਾਂ ਮਚਲੇ।

ਜ਼ਕਰੀਆ ਕਹਿੰਦਾ ਤਾਰੂ ਸਿਆਂ ਦੋ ਰਸਤੇ ਨੇ, ਕੇਸ ਕਟ ਦਿਆਂ ਜਾਂ ਖੋਪਰੀ ਲਾਹ ਦਿਆਂ? ਇਹ ਸਵਾਲ ਸ਼ੈਤਾਨੀ ਵਿੱਚੋਂ ਸੀ ਕਿ ਕਹੂ ਖੋਪਰੀ ਵਾਲਾ ਰਸਤਾ ਔਖਾ ਕੇਸਾਂ ਦਾ ਕੀ ਫਿਰ ਆ ਜਾਣੇ ਪਰ ਸਿੰਘ ਪਤਾ ਕੀ ਕਹਿੰਦਾ?

ਖਾਨਾ ਕੇਸਾਂ ਬਾਰੇ ਤਾਂ ਸੋਚੀਂ ਵੀ ਨਾ, ਰੰਬੀ ਤਿੱਖੀ ਕਰ ਤੂੰ ਅਪਣੀ, ਦੇਖਾਂ ਇਸਦੀ ਧਾਰ ਦਾ ਨਜ਼ਾਰਾ।

ਇਸ ਭਰੋਸੇ ਨੂੰ, ਇਸ ਨਿਸਚੇ ਨੂੰ ਗੁਰੂ ਦੀ ਕਲਾ ਵਰਤਣਾ ਕਹਿੰਦੇ, ਪਰ ਭਾਈ ਤਾਰੂ ਸਿੰਘ ਦੇ ਕੇਸ ਲੋਹੇ ਦੀਆਂ ਤਾਰਾਂ ਬਣ ਗਏ ਇਸ ਲਈ ਨਾ ਕਟੇ ਗਏ ਇਸ ਨੂੰ ਕਰਾਮਾਤ ਕਹਿੰਦੇ ਯਾਣੀ ਤਮਾਸ਼ਾ।

ਜਿਥੋਂ ਇਹ ਗਲ ਸ਼ੁਰੂ ਹੋ ਜਾਏ ਕਿ ਮੈਂ ਕਰਤਾ ਓਥੇ ਗੁਰੂ ਦਾ ਵਰਤਾਰਾ ਦਿਸਣੋਂ ਬੰਦ, ਓਥੇ ਗੁਰੂ ਦੀ ਕਲਾ ਵਰਤਣੀ ਦਿਸਣੀ ਬੰਦ ਕਿਓਂਕਿ ਮੇਰੀਆਂ ਅਖਾਂ ਦਾ ਮੂੰਹ ਮੈਂ ਖੁਦ ਵੰਨੀ ਕਰ ਲਿਆ, ਮੈਂ ਕਰਤਾ ਹੋ ਗਿਆ, ਮੈਂ ਕਰਨਹਾਰ, ਮੈਂ ਖੁਦ ਦਾ ਰਬ, ਮੈਂ ਖੁਦ ਦੇ ਫੈਸਲੇ ਲੈਣ ਵਾਲਾ। ਹਵਾ ਦਿਆ ਬੁਲਿਆ ਇਹ ਗਲ ਗੁਰੂ ਨਾਨਕ ਨੂੰ ਤਾਂ ਪਤਾ ਨਾ ਲਗੀ ਜਿਹੜੇ ਤੂੰ ਈ ਤੂੰ ਸਮਝੌਣ ਲਈ ਹਜਾਰਾਂ ਮੀਲ ਤੁਰ ਗਏ।

ਨਦੀ ਜਦ ਕਹੇ ਮੈਂ ਸਮੁੰਦਰ ਤਾਂ ਇਹ ਵਡਾ ਝੂਠ। ਮੇਰਾ ਸਫਰ ਮੈਂ ਵਿੱਚ ਹੀ ਖਤਮ। ਮੇਰਾ ਵਹਿਣਾ ਬੰਦ। ਮੇਰੀ ਅੰਦਰ ਹਓਂ ਦੀ ਬਰਫ ਇਨੀ ਗੂੜੀ ਜੰਮ ਗਈ ਕਿ ਮੈਂ ਪਥਰ ਹੋ ਗਿਆ। ਕੋਈ ਲਹਿਰ, ਕੋਈ ਹਲਚਲ, ਕੋਈ ਸ਼ੋਰ ਸਭ ਖਤਮ। ਹਓਂ ਦੀਆਂ ਬਰਫਾਂ ਵਹਿਣ ਹੀ ਰੋਕ ਸੁਟੇ। ਕਿਓਂਕਿ ਮੈਂ ਕਰਤਾ ਹੋ ਗਿਆ ਮੈਂ ਖੁਦ ਦਾ ਰੱਬ ਹੋ ਗਿਆ। ਮੈਂ ਸਭ ਕੁਝ ਕਰ ਸਕਣ ਵਾਲਾ।

ਕੋਈ ਭਲਾ ਤੇ ਚੰਗਾ ਕੰਮ ਹੋ ਜਾਣਾ ਬਜੁਰਗਾਂ ਅਪਣਿਆਂ ਕਹਿਣਾ ਸਭ ਗੁਰੂ ਦੀ ਕਲਾ ਵਰਤੀ ਹੈ ਯਾਣੀ ਅਪਣੇ ਤੇ ਨਾ ਸਨ ਲੈਂਦੇ। ਨੁਕਸਾਨ ਵੀ ਓਹ ਓਸੇ ਤੇ ਛਡ ਦਿੰਦੇ ਕਿ ਜੋ ਉਸ ਨੂੰ ਭਾਵੇ। ਜੋ ਕਰਦਾ ਭਲਾ ਈ ਕਰਦਾ। ਹਾਲੇ ਇਨਾ ਈ ਨੁਕਸਾਨ ਹੋਇਆ ਵਡਾ ਵੀ ਹੋ ਸਕਦਾ ਸੀ ਸ਼ੁਕਰ ਏ ਉਸ ਸੂਲੀ ਦੀ ਸੂਲ ਕਰ ਦਿਤੀ। ਰੁਖਾਂ ਦੀ ਜੀਰਾਂਦ ਵਰਗੇ ਮਨੁੱਖ, ਪਹਾੜਾਂ ਦੇ ਹੌਸਲਿਆਂ ਵਰਗੇ ਮਨੁਖ।

ਪਹਿਲਾਂ ਅਖਾਂ ਸਾਹਵੇਂ ਜਵਾਨ ਪੁੱਤ ਵੱਢਿਆ, ਫਿਰ ਬਜੁਰਗ ਘਰਵਾਲੀ, ਭਰਾ ਭਤੀਜੇ ਵੀ ਵੱਢ ਕੇ ਜਦ ਗੁਟ ਤੇ ਟੋਕਾ ਮਾਰਿਆ ਜਲਾਦ ਨੇ ਤਾਂ ਭਾਈ ਮਨੀ ਸਿੰਘ ਨੇ ਜਲਾਦ ਦਾ ਹਥ ਫੜ ਲਿਆ! ਕਮਲਿਆ ਬੰਦ ਕਿੰਨੇ ਛੱਡ ਗਿਆਂ! ਕਾਹਲੀ ਕਾਹਦੀ ਜਦ ਮੈਨੂੰ ਕੋਈ ਨਹੀਂ। ਬਾਰਾਂ ਭਰਾਵਾਂ ਵਿੱਚੋਂ ਗਿਆਰਾਂ ਸ਼ਹੀਦ, ਦਸ ਪੁਤਰ ਦਸੇ ਈ ਸ਼ਹੀਦ। ਇਕ ਪੁੱਤ ਦੀ ਘਰ ਆਈ ਲਾਸ਼ ਦਾ ਭਾਰ ਪਿਓ ਦੇ ਮੋਢੇ ਤੋੜ ਸੁਟਦਾ ਪਰ ਦਸਾਂ ਪੁੱਤਾਂ ਦੀਆਂ ਲਾਸ਼ਾਂ ਮੋਢਿਆਂ ਤੇ ਢੋਣ ਵਾਲਾ? ਇਹ ਗੁਰੂ ਦੀ ਕਲਾ ਦਾ ਵਰਤਾਰਾ ਸੀ ਜਿਸ ਅਜਿਹੇ ਪਹਾੜਾਂ ਦੇ ਜਿਗਰਿਆਂ ਵਰਗੇ ਮਨੁੱਖ ਪੈਦਾ ਕੀਤੇ।

ਚਮਕੌਰ ਦੀ ਗੜੀ ਵਿੱਚ ਘਿਰੇ ਚਾਲੀਆਂ ਵਿੱਚੋਂ ਇਕ ਨੇ ਵੀ ਕਿਹਾ ਹੋਵੇ, ਸਕੇ ਪੁਤਾਂ ਈ ਕਿਹਾ ਹੋਵੇ ਕਿ ਬਾਪੂ ਲੜਨਾ ਈ ਤਾਂ ਕਿਤੇ ਹੋਰ ਚਾਅ ਲਾਹ ਲਾਂ ਗੇ ਇਥੇ ਕਿਓਂ ਘੇਰ ਕੇ ਮਰਵਾਓਂਣ ਲਗਾਂ। ਇਹ ਕਾਹਦੀ ਜੰਗ ਹੋਈ, ਕੋਈ ਮਾੜਾ ਮੋਟਾ ਈ ਤਾਲ ਮੇਲ? ਇਹ ਕਰਾਮਾਤ ਨਹੀਂ ਗੁਰੂ ਦੀ ਵਰਤ ਰਹੀ ਕਲਾ ਸੀ ਬੰਦਿਆਂ ਵਿੱਚ ਕਿ ਗੁਰੂ ਨੇ ਕਹਿ ਦਿਤਾ ਤਾਂ ਅਜ ਸਿਰ ਲੱਗਣਗੇ ਹੀ ਲੱਗਣਗੇ।

ਸਾਓਂਣ ਦੇ ਅੰਨੇ ਤਰਾਂ ਹਰੇਕ ਗਲੇ ਬ੍ਰਾਹਮਣ ਦੀਆਂ ਟੰਗਾਂ ਧੂਹੀ ਫਿਰਨ ਦੀ ਬਿਮਾਰੀ ਪਤਾ ਨਹੀਂ ਕਿਥੋਂ ਸਹੇੜ ਲਈ ਅਸਾਂ ਕਿ ਗੁਰੂ ਦੇ ਵਰਤਾਰੇ ਨੂੰ ਵੀ ਬ੍ਰਾਹਮਣ ਦੀ ਧੋਤੀ ਨਾਲ ਜਾ ੜੁੰਗਿਆ।

ਦਿਲੀ ਵਿੱਚਲੇ ਵਰਤਾਰੇ ਨੂੰ ਵੀ ਜੇ ਕਿਸੇ ਗੁਰੂ ਦੀ ਵਰਤਦੀ ਕਲਾ ਕਹਿ ਦਿਤਾ ਤਾਂ ਨਵੇਂ ਬਣੇ ਨਮਾਜੀਆਂ ਲਾਲ ਭੂੰਡੀਆਂ ਤੋਂ ਤਰਬਕ ਢੂੰਗਾ ਉਚਾ ਕਰ ਕਰ ਬਾਗਾਂ ਦਿਤੀਆਂ ਕਿ ਪਰਮਾਤਮਾ ਦੀ ਵਰਤੀ ਕਲਾ ਬ੍ਰਾਹਮਣਵਾਦ ਹੈ।

ਕਲਾ ਵਰਤੀ ਤਾਂ ਹੈ। ਪੰਜਾਬ ਦਾ ਲੋਹਾ ਕੁਲ ਸੰਸਾਰ ਨੇ ਮੰਨਿਆਂ ਨਹੀਂ? ਕੀਤਾ ਲੋਕਾਂ ਈ, ਕਰਨਾ ਲੋਕਾਂ ਈ ਪਰ ਲੋਕ ਤਾਂ ਯੂਪੀ, ਬਿਹਾਰ, ਰਾਜਸਥਾਨ ਤੋਂ ਵੀ ਸਨ ਪਰ ਪੰਜਾਬ ਕਿਓਂ ਉਪਰ ਦੀ ਵਗਿਆ ਕਿਓਂਕਿ ਪੰਜਾਬ ਦੀ ਰੂਹ ਵਿੱਚ ਗੁਰੂ ਦੀ ਕਲਾ ਵਰਤਦੀ ਹੈ , ਪੰਜਾਬ ਵਸਦਾ ਈ ਗੁਰਾਂ ਦੇ ਨਾਂ ਏ, ਪੰਜਾਬ ਮਰ ਜਾਏਗਾ ਜੇ ਇਸ ਵਿੱਚੋਂ ਗੁਰਾਂ ਦੀ ਨਦਰ ਮਨਫੀ ਕਰ ਦਿਓ। ਪੰਜਾਬ ਨੂੰ ਜਿਥੇ ਮਰਜੀ ਡਾਹ ਦਿਓ, ਜਿਥੇ ਮਰਜੀ ਸਿਰ ਲਾ ਦਿਓ ਇਸਦੇ ਪਰ ਜੇ ਇਸ ਵਿੱਚੋਂ ਗੁਰਾਂ ਦੀ ਨਦਰ ਮਨਫੀ ਕਰਨ ਦੀ ਕੋਸ਼ਿਸ਼ ਕਰੋਂਗੇ ਤਾਂ ਇਸ ਸ਼ਰਤ ਉਪਰ ਇਹ ਅਪਣੇ ਨਫੇ ਨੁਕਸਾਨਾਂ ਦੀ ਪਰਵਾਹ ਨਾ ਕਰ ਗਿਆ।
ਦੁਨੀਆਂ ਦੇ ਲੋਕਾਂ ਨੂੰ ਵੀ ਪਤਾ ਲਗ ਗਿਆ ਕਿ ਦੁਨੀਆਂ ਦੇ ਕਿਸੇ ਕੋਨੇ ਫਸ ਜਾਓਂ ਜੇ ਗੁਰਦੁਆਰਾ ਕਿਤੇ ਦਿਸ ਜਾਏ ਤਾਂ ਸਮਝ ਲਿਓ ਘਰੇ ਪਹੁੰਚ ਗਏ।

ਮੋਦੀ ਦੀ ਦਹਿਸ਼ਤ ਪਰ ਪੰਜਾਬ ਵਾਲੇ ਮੁਸੀਬਤ ਵਿੱਚ ਫਸੀਆਂ ਕਸ਼ਮੀਰੀ ਕੁੜੀਆਂ ਨੂੰ ਪਲਿਓਂ ਟਿਕਟਾਂ ਲਾ ਕੇ ਘਰੀਂ ਪਹੁੰਚਾ ਕੇ ਆਏ ਇਹ ਸਿਧਾ ਹਿਕ ਵਿੱਚ ਵਜਣਾ ਸੀ ਮੋਦੀ ਕਿਆਂ ਦੇ। ਦਿਲੀਂ ਦੀਆ ਸੜਕਾਂ ਤੇ ਪੰਜਾਬ ਨੇ ਲਾ ਬਹਾਰਾਂ ਛਡੀਆਂ। ਪੀ ਆਈ ਜੀ ਹਸਪਤਾਲ ਮੂਹਰੇ ਰੋਜਾਨਾ ਵਰਤਾਏ ਜਾਂਦੇ ਲੰਗਰਾਂ ਵਿੱਚ ਕਿਸੇ ਨੂੰ ਨਹੀਂ ਪੁਛਿਆ ਜਾਂਦਾ ਕਿਹੜਾ ਪਿੰਡ, ਸ਼ਹਿਰ ਜਾਂ ਮਜ਼੍ਹਬ। 50-60 ਹਜਾਰ ਬੰਦਾ ਬੰਗਲਾ ਸਾਹਿਬ ਅਜ ਵੀ ਲੰਗਰ ਛਕਦਾ ਕਿਸੇ ਤੋਂ ਜਾਤ ਨਹੀਂ ਪੁਛ ਹੁੰਦੀ ਇਹ ਸਭ ਗੁਰੂ ਦੀ ਵਰਤ ਰਹੀ ਕਲਾ ਨਹੀਂ?

ਯਾਦ ਰਹੇ ਜਦੋਂ ਮੈਂ ਕਹਿੰਨਾ ਮੈਂ ਕੀਤਾ ਫਿਰ ਮੈਂ ਇਕੱਲਾ ਰਹਿ ਜਾਨਾ ਪਰ ਜਦ ਮੈਂ ਕਹਿੰਨਾ ਕਿ ਨਹੀਂ ਇਹ ਸਭ ਗੁਰੂ ਦੀ ਕਲਾ ਵਰਤੀ ਤਾਂ ਫਿਰ ਮੈਂ ਕਲਾ ਨਹੀਂ ਰਹਿੰਦਾ ਮੇਰਾ ਕਾਫਲਾ ਵਡਾ ਹੁੰਦਾ ਅਤੇ ਓਹ ਵਡਾ ਕਾਫਲਾ ਪਹਾੜਾਂ ਨਾਲ ਵੀ ਮਥੇ ਲਾ ਸੁਟਦਾ ਅਤੇ ਅਬਦਾਲੀ ਨਾਦਰ ਵਰਗੇ ਪਹਾੜ ਮੁਢੋਂ ਉਖੇੜ ਮਾਰਦਾ। ਪਰ ਗੁਰੂ ਦੀ ਵਰਤਦੀ ਕਲਾ ਮੈਨੂੰ ਓਦੋਂ ਦਿਸਣ ਲਗਦੀ ਜਦ ਮੇਰੀ ਖੁਦ ਦੀ ਕਲਾ ਦਾ ਕਲੇਸ਼ ਮੁਕਦਾ ਨਹੀਂ ਤਾਂ ਬੰਦਾ ਮੈਂ ਮੈਂ ਈ ਕਰਦਾ ਮਰ ਜਾਂਦਾ ਸਾਰੀ ਉਮਰ ਕਿ ਮੈਂ ਕੀਤਾ ਪਰ ਕੀਤਾ ਕੁਝ ਵੀ ਨਹੀਂ ਹੁੰਦਾ। ਕਿ ਹੁੰਦਾ ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top