ਸਾਢੇ
ਤਿੰਨ ਹੱਥ ਧਰਤੀ ਤੇਰੀ...
ਰਾਖਹੁ ਕੰਧ ਉਸਾਰਹੁ ਨੀਵਾਂ ॥
ਸਾਢੇ ਤੀਨਿ ਹਾਥ ਤੇਰੀ ਸੀਵਾਂ ॥ ਭਗਤ ਰਵਿਦਾਸ ਜੀ
ਪੰਨਾਂ 659
ਪਰਛਾਵਾਂ ਦੇਖ ਬਿਲੀ ਊਠ ਦੇ ਸ਼ਿਕਾਰ ਨੂੰ ਨਿਕਲ ਤੁਰੀ ਪਰ ਜਦ ਫਿਰ
ਤੁਰ ਕੇ ਵਾਪਸ ਆਈ ਤਾਂ ਦੇਖਿਆ ਔਕਾਤ ਤਾਂ ਚੂਹੇ ਜਿੰਨੀ ਓ ਈ ਸੀ।
ਬੰਦੇ ਨੂੰ ਜਾਪਦਾ ਓਹ ਸਾਰੀ ਧਰਤੀ ਚਰ ਸਕਦਾ, ਪਰ ਜਦ ਜਿੰਦਗੀ ਦੀ
ਸ਼ਾਮ ਪਈ ਤਾਂ ਦੇਖਿਆ ਗਲ ਤਾਂ ਤਿੰਨ ਹੱਥ ਦੀ ਓ ਈ ਸੀ। ਤਿੰਨ ਹੱਥ ਧਰਤੀ ਦੇਣ ਲਗੇ ਵੀ
ਨਿਆਣੇ ਲੜ ਪੈਂਦੇ ਕਿ ਬੁੜਾ ਮੇਰਾ ਕਿਤੇ ਕਲੇ ਦਾ ਸੀ? ਲਿਆ ਰੱਖ ਅਧਾ ਖਰਚ ਫੂਕੇ ਦਾ ਅਤੇ
ਸਵਾਹ ਉਸ ਦੀ ਚੁਕਣੀ ਓ ਈ ਭੁਲ ਜਾਂਦੇ।
ਸਾਲ ਕੁ ਬਾਅਦ ਜਦ ਫਿਊਨਰਲ ਵਾਲੇ ਫੋਨ ਕਰਦੇ ਕਿ ਭਾਈ ਬਾਬਾ ਅਪਣਾ
ਤਾਂ ਕਿਸੇ ਬਿਲੇ ਲਾ ਦਿਓ ਤਾਂ ਬੰਦਾ ਕਹਿੰਦਾ ਹੈਂਅ! ਵਡਾ ਭਾਈ ਲੈ ਕੇ ਨਹੀਂ ਗਿਆ? ਬੰਦਾ
ਪੁਛੇ ਜੇ ਤੂੰ ਨਹੀਂ ਲੈਣ ਗਿਆ ਵਡੇ ਭਾਈ ਦੀ ਕੀ ਵੇਲਣੇ ਬਾਂਹ ਆਈ ਸੀ ਕਿ ਓਹ ਬਾਬੇ ਦਾ
ਕੁਜਾ ਚੁਕੀ ਤੁਰਿਆ ਫਿਰੇ।
ਅਦਾਨੀ, ਅੰਬਾਨੀ, ਗਦਾਫੀ, ਬਿਲ ਗੇਟਸ ਪਤਾ ਨਹੀਂ
ਕਿੰਨੀਆਂ ਬਿੱਲੀਆਂ ਊਠ ਦੇ ਸ਼ਿਕਾਰ ਨੂੰ ਨਿਕਲ ਤੁਰੀਆਂ ਹੋਈਆਂ ਬਿਨਾ ਇਹ ਗੱਲ ਜਾਣੇ ਕਿ
ਆਖਰ ਗੱਲ ਚੂਹੇ ਤੇ ਹੀ ਨਿਬੜਨੀ ਯਾਣੀ ਸਾਢੇ ਤਿੰਨ ਹੱਥ ਧਰਤੀ 'ਤੇ।
ਮਾਇਆ ਦਾ ਵਰਤਾਰਾ ਪਰ ਬੰਦੇ ਨੂੰ ਸੋਚਣ ਦਾ ਮੌਕਾ ਈ ਕਦ ਦਿੰਦਾ ਕਿ
ਧਰਤੀ ਰਹਿਣ ਲਈ ਹੈ ਮੱਲਣ ਲਈ ਨਹੀਂ।
ਸੰਸਾਰ ਦੀਆਂ ਵਡੀਆਂ ਜੰਗਾਂ ਦਾ ਜਨਮ ਧਰਤੀ ਮਲਣ ਵਿਚੋਂ ਹੀ ਹੋਇਆ
ਰਹਿਣ ਲਈ ਤਾਂ ਧਰਤੀ ਹਰੇਕ ਕੋਲੇ ਹੁੰਦੀ। ਚਾਹੀਦੀ ਦੀ ਵੀ ਕਿੰਨੀ ਕੁ ਹੁੰਦੀ, ਆਟੇ ਨਾਲ
ਜਿਆਦਾ ਪਿਆਰ ਹੋਊ ਯਾਣੀ ਲਾਸ਼ ਵਡੀ ਹੋਊ ਤਾਂ ਬਾਬਾ ਜੀ ਅਪਣੇ ਕਹਿੰਦੇ 'ਘਣੀ ਤਾਂ ਪੌਣੇ
ਚਾਰ' ਇਦੋਂ ਵਧ ਤਾਂ ਹੋਣੋਂ ਰਿਹਾ।
ਧਰਤੀ ਮਲਣ ਦੇ ਗੇੜ ਵਿਚ ਬੰਦਾ ਪੱਥਰੋ ਪੱਥਰੀ ਤੋਂ ਜਿਓਂ ਸ਼ੁਰੂ
ਹੋਇਆ ਫਿਰ ਡਾਂਗੋ ਡਾਗੀਂ ਫਿਰ ਤਲਵਾਰੋ ਤਲਵਾਰੀ ਤੇ ਆਖਰ ਬੰਬੋ ਬੰਬੀ ਯਾਣੀ ਬਰੂਦੋ ਬਰੂਦੀ
ਤਾਂ ਹੁਣ ਪਰਮਾਣੂੰਓ ਪ੍ਰਮਾਣੀ।
ਧਰਤੀ ਰਹਿਣ ਲਈ ਸੀ, ਪਰ ਮੱਲ ਸਕਣ ਦੇ ਗੇੜ ਵਿਚ
ਬੰਦੇ ਨੇ ਬੰਬਾਂ ਨਾਲ ਈ ਫੂਕ ਛਡੀ ਯਾਣੀ ਓਸੇ ਡਾਹਣ ਨੂੰ ਵੱਢਣ ਤੁਰ ਪਿਆ ਜਿਸ ਉਪਰ ਬੈਠਾ
ਹੋਇਆ ਸੀ।
ਧਰਤੀ ਉਪਰ ਕਹਿੰਦੇ ਇਨਾ ਬਰੂਦ ਇਕੱਠਾ ਕਰ ਲਿਆ ਬੰਦੇ ਨੇ ਕਿ ਇਸ
ਬਰੂਦ ਨਾਲ ਅਪਣੇ ਵਰਗੀਆਂ 7 ਧਰਤੀਆਂ ਹੋਰ ਫੂਕੀਆਂ ਜਾ ਸਕਦੀਆਂ। ਦੱਸ ਇਕੇ ਧਰਤੀ ਨੂੰ 7
ਵਾਰੀ ਫੂਕਣ ਦੀ ਕੀ ਲੋੜ ਪੈ ਗਈ ਸੀ ਕਿਆ ਇਕ ਵਾਰੀ ਫੂਕਣ ਜੋਗਾ ਪ੍ਰਮਾਣੂੰ ਬਣਾ ਲੈਣਾ ਕਾਫੀ
ਨਾ ਸੀ?
ਸਕੰਦਰ ਦੇ ਹਿੱਸੇ ਦੀ ਧਰਤੀ, ਚੰਗੇਜ, ਹਲਾਕੂ, ਗੌਰੀ, ਔਰੰਗਜ਼ੇਬ,
ਹਿਟਲਰ, ਬੁਸ਼, ਗਦਾਫੀ, ਅਡਾਨੀ, ਅੰਬਾਨੀ, ਮੋਦੀ, ਜੋਗੀ ਸੰਸਾਰ ਦੇ ਕੁਲ ਜਰਵਾਣੇ ਇਕੇ ਥਾਂ
ਲੰਮਾ ਪਾ ਦਿਓ, ਇਕ ਕਨਾਲ ਵੀ ਥਾਂ ਨਾ ਲਗੇ ਇਨ੍ਹਾਂ ਦੀਆਂ ਕਬਰਾਂ ਨੂੰ, ਪਰ ਇਹਨਾ ਸਭ
ਬਿੱਲੀਆਂ ਊਠ ਦੇ ਸ਼ਿਕਾਰ ਕਰਨ ਦੇ ਗੇੜ ਨਹੁੰਦਰਾਂ ਮਾਰ ਮਾਰ ਪੂਰੀ ਮਨੁੱਖਤਾ ਨੂੰ ਲਹੂ
ਲੁਹਾਨ ਕਰੀ ਛੱਡਿਆ।
ਗਲ ਇਓਂ ਨਹੀਂ ਕਿ ਸੰਸਾਰ ਉਪਰ ਭੁਖ ਨਾਲ ਮਰ ਰਹੇ
ਗਰੀਬ ਲਈ ਰਾਸ਼ਣ ਮੁਕ ਗਿਆ ਹੈ ਬਲਕਿ ਧਰਤੀ ਦੇ ਕਾਬਜਾਂ ਨੇ ਓਨਾ ਲਈ ਛਡਿਆ ਈ ਕੱਖ ਨਹੀਂ।
ਅਮੀਰ ਇਸ ਲਈ ਅਮੀਰ ਨਾ ਸੀ ਕਿ ਉਸ ਦੇ ਸਿੰਗ ਜਾਂ ਪੂਛ ਲਗੀ ਹੋਈ
ਸੀ, ਬਲਕਿ ਉਸ ਨੂੰ ਗਰੀਬ ਦੀ ਸੰਘੀ ਘੁਟਣੀ ਯਾਣੀ ਉਸ ਦੇ ਵੰਡੇ ਦੀ ਧਰਤੀ ਖੋਹਣੀ ਆ ਗਈ।
ਤੁਹਾਡੇ ਸਾਹਵੇਂ ਹਿੰਦੋਸਤਾਨ ਵਿਚ ਅੰਬਾਨੀ ਅਡਾਨੀ ਕੀ ਕਰ ਰਹੇ ਨੇ?
ਧਰਤੀ ਓ ਈ ਤਾਂ ਖੋਹ ਰਹੇ ਨੇ ਲੋਕਾਂ ਦੀ ਬਿਨਾ ਇਸ ਗਲ ਦਾ ਫਿਕਰ ਕੀਤੇ ਕਿ ਮੇਰੀ ਧਰਤੀ
ਤਾਂ ਕੇਵਲ ਸਾਢੇ ਤਿੰਨ ਹੱਥ ਹੀ ਹੈ। ਨਹੀਂ ?