Khalsa News homepage

 

 Share on Facebook

Main News Page

ਚੰਗਾ ਮਨੁੱਖ ਮਾੜਾ ਮਨੁੱਖ
-: ਗੁਰਦੇਵ ਸਿੰਘ ਸੱਧੇਵਾਲੀਆ
 10.03.2021
#KhalsaNews #GurdevSingh #Sadhewalia #Positive #Negative #People

ਮੇਰੇ ਅੰਦਰ ਦੋ ਮਨੁੱਖ ਨੇ ਚੰਗਾ ਅਤੇ ਮਾੜਾ ਯਾਣੀ ਨੈਗੇਟਿਵ ਅਤੇ ਪਾਜਿਟਿਵ। ਜਿਹੜਾ ਤਗੜਾ ਹੋਊ ਓਹ ਦੂਜੇ ਨੂੰ ਦੱਬ ਲਊ। ਇਹ ਮੇਰੇ ਉਪਰ, ਮੇਰੀ ਸੰਗਤ ਉਪਰ, ਮੇਰੇ ਵਿਚਾਰਾਂ ਉਪਰ ਨਿਰਭਰ ਕਰਦਾ ਕਿ ਮੈਂ ਚੰਗੇ ਨੂੰ ਹੱਲਾਸ਼ੇਰੀ ਦੇ ਕੇ ਰੱਖਦਾਂ ਜਾਂ ਮਾੜੇ ਨੂੰ, ਮੇਰਾ ਚੰਗਾ ਮਨੁੱਖ ਤਗੜਾ ਜਾਂ ਮਾੜਾ, ਮੇਰਾ ਨੈਗੇਟਿਵ ਮਨੁੱਖ ਹਾਵੀ ਜਾਂ ਪਾਜਿਟਿਵ।

ਮੇਰੇ ਸਾਹਵੇਂ ਔਰਤ ਬੈਠੀ ਜੇ ਮੇਰਾ ਮਾੜਾ ਮਨੁੱਖ ਤਗੜਾ ਹੋਊ ਤਾਂ ਓਹ ਔਰਤ ਸੜਕ ਤੇ ਤੁਰੀ ਜਾਂਦੀ ਅੱਗ, ਪੁਰਜਾ ਜਾਂ ਪਟਾਕਾ ਹੋ ਸਕਦੀ ਪਰ ਜੇ ਮੇਰਾ ਚੰਗਾ ਮਨੁੱਖ ਜਿਓਂਦਾ ਹੋਊ ਤਾਂ ਓਸ ਔਰਤ ਵਿਚੋਂ ਇਕ ਪਵਿੱਤਰ ਰਿਸ਼ਤਾ ਜਨਮ ਲਊ। ਓਹ ਮੇਰੀ ਭੈਣ ਵੀ ਹੋ ਸਕਦੀ ਧੀ ਵੀ ਯਾਣੀ ਮੇਰੀ ਅਪਣੀ।

ਖਾਲਸਾ ਜੀ ਦਾ ਚੰਗਾ ਮਨੁੱਖ ਇਥੇ ਤੱਕ ਹਾਵੀ ਸੀ ਕਿ ਓਹ ਬਿਗਾਨੀ ਔਰਤ ਖਾਤਰ ਸਿਰ ਤੱਕ ਲੁਹਾ ਜਾਂਦੇ ਸਨ ਅਤੇ ਖੂੰਖਾਰ ਭੇੜੀਆਂ ਨਾਲ ਭਿੜ ਜਾਂਦੇ ਸਨ। ਉਨ੍ਹਾਂ ਅੰਦਰਲਾ ਚੰਗਾ ਮਨੁੱਖ ਇਸ ਕਦਰ ਲਬਾਲਬ ਉਛਾਲੇ ਮਾਰਦਾ ਸੀ ਕਿ ਓਹ ਜਾਨਾ ਤੇ ਖੇਡ ਕੇ ਉਨ੍ਹਾਂ ਨੂੰ ਬਚਾਉਂਦੇ ਹੀ ਨਾ ਸਨ ਬਲਕਿ ਬਕਾਇਦਾ ਘਰੀਂ ਛਡ ਕੇ ਆਓਂਦੇ ਸਨ। ਅਲਵਿਦਾ ਅਲਵਿਦਾ ਇਲਾਕਿਆ ਸ਼ਹਿਰਾਂ ਵਿਚ ਜਾ ਕੇ ਛਡਣਾ ਉਨ੍ਹਾਂ ਦੇ ਅੱਤ ਦੇ ਚੰਗੇ ਮਨੁੱਖ ਹੋਣ ਦਾ ਸਬੂਤ ਸੀ ਅਤੇ ਇਕ ਔਰਤ ਪਿਛੇ ਕਸੂਰ ਦੀਆਂ ਗੜੀਆਂ ਨੂੰ ਜਾ ਪੈਣਾ ਉਨ੍ਹਾਂ ਦੇ ਇਖਲਾਕ ਦੀ ਇੰਤਹਾ ਸੀ।

ਮੇਰਾ ਮਾੜਾ ਮਨੁੱਖ ਉਸ ਸਮੇ ਤਗੜਾ ਹੋਊ ਜਦ ਚੰਗਾ ਲੜਨਾ ਈ ਛੱਡ ਜਾਊ। ਸਾਹਵੇਂ ਮੈਦਾਨ ਈ ਖਾਲੀ ਜਦ ਤਾਂ ਮਾੜੇ ਦਾ ਰਾਜ ਤਾਂ ਮੇਰੇ ਉਪਰ ਰਹੇਗਾ ਹੀ। ਆਪੋਜੀਸ਼ਨ ਹੀ ਕੋਈ ਨਹੀਂ ਜਦ ਤਾਂ ਦੂਜੀ ਪਾਰਟੀ ਗੁੰਡਾਗਰਦ ਤਾਂ ਹੋਏਗੀ ਹੀ ਨਾ।

ਖਾਲਸਾ ਸੋਇ ਜੋ ਕਰੇ ਨਿਤ ਜੰਗ ਦਾ ਹੋਰ ਅਰਥ ਕੀ ਏ ਕਿ ਸਾਹਵੇਂ ਲੜਨ ਵਾਲਾ ਨਾ ਲਭੇ ਤਾਂ ਕੰਧਾਂ ਵਿਚ ਕ੍ਰਿਪਾਨਾ ਮਾਰੀ ਜਾਓ? ਯਾਣੀ ਖੁਦ ਦੇ ਮਾੜੇ ਮਨੁੱਖ ਨਾਲ ਲੜਦੇ ਰਹਿਣਾ ਤਾਂ ਕਿ ਚੰਗਾ ਦਮ ਨਾ ਤੋੜ ਜਾਏ। ਚੰਗਾ ਹਾਰ ਨਾ ਜਾਏ, ਚੰਗਾ ਮਨੁੱਖ ਗੋਡੇ ਨਾ ਟੇਕ ਜਾਏ। ਜਿਸ ਦਿਨ ਮੇਰਾ ਚੰਗਾ ਮਨੁੱਖ ਗੋਡੇ ਟੇਕ ਗਿਆ ਮਾੜੇ ਨੇ ਓਸੇ ਦਿਨ ਗੋਡਿਆਂ ਭਾਰ ਕਰ ਲੈਣਾ ਮੈਨੂੰ ਅਤੇ ਮੋਦੀ ਕਿਆਂ ਤਰਾਂ ਮਨਆਈਆਂ ਕਰਨੋ ਫਿਰ ਨਾ ਮੈਂ ਰੋਕ ਸਕਿਆ।

ਜਿੰਦਗੀ ਦੇ ਛੋਟੇ ਛੋਟੇ ਕੰਮਾ ਵਿਚ ਵੀ ਨੈਗੇਟਿਵ ਮਨੁੱਖ ਨਾਲ ਲੜਦੇ ਰਹਿਣਾ ਮੇਰੇ ਜੀਵਨ ਨੂੰ ਸੁਖਾਵਾਂ ਬਣਾਓਂਣ ਵਿਚ ਸਹਾਇਕ ਹੁੰਦਾ ਹੈ ਅਤੇ ਮੈਨੂੰ ਚਿੰਤਾਵਾਂ ਅਤੇ ਚਿੰਤਾਵਾਂ ਵਿਚੋਂ ਪੈਦਾ ਹੋਣ ਵਾਲੇ ਰੋਗਾਂ ਤੋਂ ਬਚਾਓ ਰਖਦਾ ਹੈ। ਗੁਰੂ ਸਾਹਿਬਾਨ ਕੋਈ ਫੂਕਾਂ ਮਾਰ ਕੇ ਬੰਦੇ ਦਾ ਇਲਾਜ ਨਾ ਸਨ ਕਰਦੇ ਬਲਕਿ ਓਹ ਬੰਦੇ ਅੰਦਰਲੇ ਚੰਗੇ ਮਨੁੱਖ ਨੂੰ ਹੀ ਇਨਿਆ ਤਗੜਾ ਕਰ ਦਿੰਦੇ ਸਨ ਕਿ ਓਹ ਚਰਖੜੀਆਂ ਤੇ ਚੜੇ ਵੀ ਇਓਂ ਜਾਪਦੇ ਸਨ ਜਿਵੇਂ ਝੂਟੇ ਲੈ ਰਹੇ ਹੋਣ।

ਪੁਰਾਣੇ ਬਜੁਰਗ ਵੱਡੀਆਂ ਘਟਨਾਵਾਂ, ਵੱਡੇ ਫੱਟਾਂ ਨੂੰ ਵੀ ਹੁਕਮ ਕਹਿਕੇ ਇਓਂ ਝਲ ਜਾਂਦੇ ਸਨ ਜਿਵੇ ਹੋਇਆ ਹੀ ਕੁਝ ਨਹੀਂ ਹੁੰਦਾ ਕਿਓਂਕਿ ਉਨ੍ਹਾਂ ਦਾ ਪਾਜਿਟਿਵ ਮਨੁੱਖ ਤਗੜਾ ਹੁੰਦਾ ਸੀ।

ਥੋੜੇ ਦਿਨਾ ਦੀ ਗਲ ਹੈ ਅਸੀਂ ਫਾਰਮ ਵੇਚਿਆ, ਮਾਰਕਿਟ ਇਨੀ ਤਰਥੱਲੀ ਵਾਲੀ ਟਰੰਟੋ ਦੀ ਕਿ ਰੋਜ ਕੀਮਤਾਂ ਬਦਲਦੀਆਂ। ਥੋੜੀ ਦੂਰ ਏਕੜ ਦੀ ਲਾਟ ਵਾਲਾ ਨਵਾਂ ਘਰ ਸਾਢੇ ਤਿੰਨ ਮਿਲੀਅਨ ਦਾ ਲਗਿਆ ਜਦ ਕਿ ਅਸੀਂ ਦੋ ਤਿੰਨ ਹਫਤੇ ਪਹਿਲਾਂ 25 ਏਕੜ ਵਾਲਾ 48 ਦਾ ਵੇਚਿਆ। ਬੇਟਾ ਮੇਰਾ ਕਹਿੰਦਾ ਪਾਪਾ ਆਪਾਂ ਬਹੁਤ ਸਸਤਾ ਨਹੀਂ ਵੇਚ ਦਿਤਾ? ਮੈਂ ਕਿਹਾ ਪੁੱਤਰ ਆਪਾਂ ਤਾਂ ਬਹੁਤ ਜਿਆਦਾ ਮਹਿੰਗਾ ਵੇਚਿਆ ਤਾਂ ਕਹਿੰਦਾ ਕਿਵੇਂ? ਮੈਂ ਕਿਹਾ ਲਿਆ ਕਿੰਨੇ ਦਾ ਸੀ?

ਇਹ ਤੁਹਾਡੇ ਤੇ ਨਿਰਭਰ ਹੈ ਕਿ ਇਕੇ ਗਲ ਨੂੰ ਤੁਸੀਂ ਨੈਗੇਟਿਵ ਲੈਨੇ ਜਾਂ ਪਾਜਿਟਿਵ। Negativity ਮੈਨੂੰ ਹਓਕੇ ਵੰਨੀ ਖੜੂ ਕਿ ਘਾਟਾ ਪੈ ਗਿਆ ਪਰ Positivity ਮਨੁੱਖ ਕਹੂ ਕਮਲਿਆ ਹੋਰ ਵੰਝ ਤੇ ਚੜਨਾ ਈ ਯਾਣੀ ਸ਼ੁਕਰ ਵੰਨੀ।

ਬੰਦੇ ਅੰਦਰਲਾ ਮਾੜਾ ਮਨੁੱਖ ਓਸ ਸਮੇ ਡੌਲੇ ਦਿਖਾ ਰਿਹਾ ਹੁੰਦਾ ਯਾਣੀ ਪੂਰੇ ਜੋਰ ਅਤੇ ਜੋਬਨ ਤੇ ਹੁੰਦਾ ਜਦ ਬੰਦਾ ਖੁਦ ਦੀ ਖੁਸ਼ੀ ਤੇ ਸੰਤੁਸ਼ਟ ਹੋਣ ਦੀ ਬਜਾਇ ਦੂਜੇ ਦੀ ਖੁਸ਼ੀ ਤੇ ਸੋਗ ਮਨਾ ਰਿਹਾ ਹੁੰਦਾ।

ਇਸ ਤੋਂ ਪਹਿਲਾਂ ਕਿ ਮੇਰੇ ਅੰਦਰਲਾ ਚੰਗਾ ਮਨੁੱਖ ਦਮ ਹੀ ਤੋੜ ਜਾਏ ਇਸ ਨੂੰ ਬਚਾ ਲੈਣਾ ਹੀ ਮੇਰੇ ਅਤੇ ਬਾਕੀ ਮਨੁੱਖਤਾ ਦੇ ਭਲੇ ਹਿਤ ਹੈ। ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top