Khalsa News homepage

 

 Share on Facebook

Main News Page

ਇਸੁ ਧਰਤੀ ਮਹਿ ਤੇਰੀ ਸਿਕਦਾਰੀ
-: ਗੁਰਦੇਵ ਸਿੰਘ ਸੱਧੇਵਾਲੀਆ
05.03.2021
#KhalsaNews #Mankind #Earth #Destruction

ਪਰ ਜੇ "ਅਵਰ ਜੋਨਿ ਤੇਰੀ ਪਨਿਹਾਰੀ॥" ਤਾਂ ਇਸ ਦਾ ਇਹ ਮੱਤਲਬ ਤਾਂ ਕਦੇ ਨਾ ਸੀ ਕਿ ਤੂੰ ਓਨਾ ਦੀ ਖੱਲ ਲਾਹ ਕੇ ਈ ਪੁੜਿਆਂ ਹੇਠ ਰਖ ਲਏਂ, ਓਨਾ ਦੇ ਦੰਦ ਕੱਢਕੇ ਗਲ ਵਿਚ ਪਾ ਲਏਂ, ਓਨਾ ਦੀ ਜਿਓਂਦਿਆਂ ਦੀ ਚਰਬੀ ਕਢ ਕੇ ਮੂੰਹ ਸੋਹਣਾ ਕਰ ਲਏਂ, ਓਨਾਂ ਦੀ ਚਮੜੀ ਉਧੇੜ ਕੇ ਪਰਸ ਲਮਕਾਈ ਫਿਰੇਂ ਗਲ ਵਿੱਚ।

ਕਿਸੇ ਜੂਨੀ ਦਾ ਢਿੱਡ ਇਨਾ ਵੱਡਾ ਨਾ ਸੀ ਜਿੰਨਾ ਮਾਨਵ ਦਾ ਜਿਹੜਾ ਸਾਰੀ ਧਰਤੀ ਚਰ ਕੇ ਵੀ ਨਾ ਭਰੇ। ਜੰਗਲਾਂ ਤੋਂ ਲੈਕੇ ਜਾਨਵਰਾਂ ਤਕ ਬੰਦੇ ਦੇ ਰਹਿਮੋ ਕਰਮ ਤੇ ਹੋ ਕੇ ਰਹਿ ਗਏ। ਅੰਨੀ ਤਾਕਤ ਹਾਸਲ ਕਰਨ ਨੇ ਬੰਦੇ ਨੂੰ ਇਨਾ ਅੰਨਾ ਕਰ ਦਿਤਾ ਕਿ ਓਹ ਬਾਕੀ ਦਾ ਦਿਸਦਾ ਬ੍ਰਹਿਮੰਡ ਵੀ ਨਿਗਲ ਜਾਣਾ ਚਾਹੁੰਦਾ, ਚੰਨ ਤਾਰੇ ਵੀ ਖਾ ਜਾਣਾ ਚਾਹੁੰਦਾ। ਸਾਰੀਆਂ ਜਾਤੀਆਂ ਨੇ ਰਲ਼ ਕੇ ਧਰਤੀ ਦੀ ਇਨੀ ਤਬਾਹੀ ਨਹੀਂ ਕੀਤੀ ਜਿੰਨੀ ਇਕੱਲੇ ਮਾਣਸ ਨੇ।

ਡੈਨਾਸੋਰ ਵਰਗੇ ਭਿਆਨਕ ਜੀਵ ਕਰੀਬਨ 12 ਕਰੋੜ ਸਾਲ ਸਾਡੀ ਧਰਤੀ ਤੇ ਰਹੇ, ਪਰ ਓਨਾ ਧਰਤੀ ਨੂੰ ਇਓਂ ਨਾ ਚਰਿਆ ਸੀ ਜਿਵੇਂ ਮਾਣਸ ਨੇ। ਮਾਣਸ ਨੂੰ ਹਾਲੇ ਇਸ ਧਰਤੀ ਉਪਰ ਦੋ ਲੱਖ ਸਾਲ ਹੀ ਹੋਏ ਹੋਣਗੇ ਪਰ ਪੂਰਾ ਮੁਹਾਂਦਰਾ ਹੀ ਵਿਗਾੜ ਕੇ ਰੱਖ ਦਿੱਤਾ ਇਸਨੇ ਧਰਤੀ ਦਾ ?

ਪ੍ਰਮਾਣੂੰ, ਜ਼ਹਿਰੀਲੀਆ ਵਾਛੜਾਂ, ਕੈਮੀਕਲ, ਮਾਰੂ ਹਥਿਆਰ, ਖਾਦਾਂ, ਗੈਸਾਂ, ਧੂੰਆਂ, ਤੇਲ, ਪਲਾਸਟਿਕ ਤੇ ਪਤਾ ਨਹੀਂ ਕੀ ਕੀ ਖੇਹ ਸਵਾਹ ਧਰਤੀ ਉਪਰ ਧੂੜ ਦਿਤੀ ਗਈ ਮਾਣਸ ਵਲੋਂ ਕਿ ਖੁਦ ਹੀ ਸਾਹ ਲੈਣ ਲਈ ਹੁਣ ਨਕਲੀ ਆਕਸੀਜਨ ਲੱਭਣੀ ਪੈ ਰਹੀ ਹੈ।

ਧਰਤੀ ਨੂੰ ਸੁਹਣੀ ਯਾਣੀ ਹੁਣ ਵਾਲੇ ਰੂਪ ਵਿਚ ਕਰਨ ਵਾਲੀ ਕੁਦਰਤ ਦੀ ਕਰੀਬਨ ਸਾਢੇ ਚਾਰ ਪੰਜ ਅਰਬ ਸਾਲ ਦੀ ਘਾਲਣਾ ਨੂੰ ਬੰਦੇ ਨੇ 50-70 ਸਾਲਾਂ ਵਿਚ ਹੀ ਤਬਾਹੀ ਕਿਨਾਰੇ ਲਿਆ ਖੜਾ ਕੀਤਾ ਹੈ।

ਯਾਦ ਰਹੇ ਧਰਤੀ ਨੇ ਇਨੇ ਹੀ ਸਾਲ ਯਾਣੀ 4-5 ਅਰਬ ਸਾਲ ਹਾਲੇ ਕਿਤੇ ਨਹੀਂ ਜਾਣਾ, ਪਰ ਮਾਨਵ ਜਾਤੀ ਡੈਨਾਸੈਰ ਤਰਾਂ 12 ਕਰੋੜ ਨਹੀਂ ਤਾਂ ਘੱਟੋ ਘੱਟ 12 ਲੱਖ ਸਾਲ ਤਾਂ ਕੱਢ ਲੈਂਦੀ। ਪਰ ਹਲਾਤ ਹੋਰ ਈ ਕਿਸੇ ਪਾਸੇ ਇਸ਼ਾਰਾ ਕਰ ਰਹੇ ਲਗਦੇ ਨੇ ਕਿ ਇਹ 12 ਹਜਾਰ ਸਾਲ ਵੀ ਹੋਰ ਪੂਰੇ ਨਹੀਂ ਕਰਨ ਲੱਗਾ।

ਧਰਤੀ ਉਪਰਲੀ ਮਨੁੱਖ ਦੀ ਸਰਦਾਰੀ ਜਾਪਦਾ ਨਹੀਂ ਇਸ ਕੋਲੋਂ ਹਜਮ ਹੋਈ ਜਿਹੜਾ ਇਹ 2 ਲੱਖ ਸਾਲ ਵਿਚ ਹੀ ਮੌਤ ਦਾ ਦਰਵਾਜਾ ਖੜਕਾਓਂਣ ਵੰਨੀ ਹੋ ਤੁਰਿਆ।

ਬਜੁਰਗਾਂ ਕਿਹਾ ਧਰਤੀ ਮਾਂ ਹੈ, ਪਾਣੀ ਪਿਤਾ ਹੈ । ਸਰਦਾਰਾ ਇਸ ਦਾ ਆਦਰ ਕਰੀਂ, ਇਸ ਨੂੰ ਬਰਬਾਦ ਨਾ ਕਰੀਂ। ਪਰ ਇਸ ਨੇ ਧਰਤੀ ਅਤੇ ਪਾਣੀ ਦੋਨੋਂ ਈ ਪਲੀਤ ਕਰ ਮਾਰੇ।

ਪਾਣੀ ਦੀ ਦੁਵਰਤੋਂ ਪੰਜਾਬ ਵਾਲੇ ਹੀ ਨਹੀਂ ਕਰਦੇ ਅਪਣੇ ਨਿਆਣੇ ਸਵੇਰੇ ਕਿਤੇ ਬੁਰਸ਼ ਕਰਦੇ ਹੀ ਦੇਖ ਲਵੋ ਤਾਂ। ਬੰਦੇ ਦੇ ਨਾਹੁਣ ਗੋਚਰਾ ਪਾਣੀ ਤਾਂ ਓਹ ਬੁਰਸ਼ ਕਰਦੇ ਹੀ ਬਰਬਾਦ ਕਰ ਮਾਰਦੇ ਹਨ ਅਤੇ ਮੂੰਹ ਮੁੰਨਣ ਲਗਿਆਂ 'ਸਿਆਣਿਆਂ' ਦਾ ਹਾਲ?

ਮਾਨਵ ਜਾਤੀ ਇਨੀ ਹੌਲੀ ਅਤੇ ਹਲਕੀ ਸਾਬਤ ਹੋਵੇਗੀ, ਇਸ ਗਲੇ ਤਾਂ ਇਸ ਦੋ ਟੰਗੇ ਮਾਨਵ ਨੂੰ ਪੈਦਾ ਕਰਨ ਵਾਲਾ ਵੀ ਹੈਰਾਨ ਹੁੰਦਾ ਹੋਵੇਗਾ ਕਿ ਆਹਾ ਕੀ ਪੈਦਾ ਕਰ ਬੈਠਾ।

ਬਾਬਾ ਜੀ ਅਪਣੇ ਕਹਿੰਦੇ ਜੇ "ਅਵਰ ਜੋਨਿ ਤੇਰੀ ਪਨਿਹਾਰੀ॥" ਹੈ ਤਾਂ ਇਨਾ ਧੱਕਾ ਵੀ ਤਾਂ ਨਾ ਕਰ ਕਿ ਰੱਬ ਸੱਚੇ ਨੂੰ ਸਫ ਤੇਰੀ ਛੇਤੀ ਵਲੇਟਣੀ ਪੈ ਜਾਏ। ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top