Khalsa News homepage

 

 Share on Facebook

Main News Page

ਮਾਰਕਸਵਾਦ ਬਨਾਮ ਰਾਸ਼ਟਰਵਾਦ
-: ਗੁਰਦੇਵ ਸਿੰਘ ਸੱਧੇਵਾਲੀਆ
 03.03.2021
#KhalsaNews #Marxist #Rashtarvaad #Comrade

ਮਾਰਕਸਵਾਦ ਮੁੱਢਲੇ ਰੂਪ ਵਿੱਚ ਲੋਕਾਂ ਦੀ, ਆਮ ਲੋਕਾਂ ਦੀ, ਕਿਰਤੀ ਲੋਕਾਂ ਦੀ ਗੱਲ ਕਰਦਾ ਅਤੇ ਓਨਾ ਨਾਲ ਖੜੋਂਦਾ। ਪਰ ਰਾਸ਼ਟਰਵਾਦ ਕਾਰਪੋਰੇਟ ਦੀ ਗੱਲ ਕਰਦਾ ਉਸ ਦਾ ਸੰਦ ਬਣਦਾ ਅਤੇ ਅਮੀਰ ਦੇ ਡੰਡੇ ਰਾਹੀਂ ਰਾਜਨੀਤੀ ਦੀ ਪੌੜੀ ਚੜਦਾ।

ਮਾਰਕਸਵਾਦ ਅਤੇ ਰਾਸ਼ਟਰਵਾਦ ਦੋਨੋ ਪੂਰਬ-ਪਛਮ ਤਰਾਂ ਤਿੱਖੀ ਤਰਾਂ ਆਪਾ ਵਿਰੋਧੀ। ਦਿਸ਼ਾ ਈ ਉਲਟ, ਪੂਰੀ ਤਰਾਂ ਉਲਟ। ਗੋਲ ਮੋਲ ਮੋੜ ਹੋਵੇ ਤਾਂ ਸੰਭਾਵਨਾ ਹੋ ਸਕਦੀ ਕਿ ਸ਼ਾਇਦ ਕਿਤੇ ਅਗੇ ਜਾ ਕੇ ਰਸਤੇ ਮਿਲ ਜਾਣ ਪਰ ਇਥੇ ਤਾਂ ਦੂਰੀ ਹੀ ਦੂਰੀ।

ਹਿੰਦੋਸਤਾਨ ਦਾ ਰਾਸ਼ਟਰਵਾਦ ਧਰਮ ਦੀ ਯਾਣੀ ਕੱਟੜਵਾਦਤਾ ਦੀ ਬੁਨਿਆਦ ਉਪਰ ਖੜਾ ਜਦ ਕਿ ਮਾਰਕਸਵਾਦ ਧਰਮ ਨੂੰ ਹੀ ਰੱਦ ਕਰਦਾ ਕਟੜਵਾਦਤਾ ਤਾਂ ਕਿਥੋਂ ਆਉਣੀ?

ਰਾਸ਼ਟਰਵਾਦ ਦਾ ਝੰਡਾ ਖੂਨ ਪੀਣੀਆਂ ਜੋਕਾਂ ਹੱਥ ਹੈ ਜਦ ਕਿ ਵਿੱਚਰਧਾਰਾ ਦੇ ਪਖੋਂ ਮਾਰਕਸਵਾਦ ਇਸ ਦੇ ਵਿਰੋਧ ਵਿੱਚ ਖੜਾ ਅਤੇ ਇਨਾਂ ਜੋਕਾਂ ਖਿਲਾਫ ਲੜਨ ਦੀ ਗਲ ਕਰਦਾ। ਪਰ ਜੇ ਮਾਰਕਸਵਾਦ ਅਤੇ ਰਾਸ਼ਟਰਵਾਦ ਦੀਆਂ ਦੋਨੋਂ ਧਰਾਵਾਂ ਇੱਕ ਦਿਸ਼ਾ ਵਿੱਚ ਵਹਿਣ ਲਗ ਜਾਣ ਤਾਂ ਕਹਾਣੀ ਸ਼ੱਕੀ ਹੈ। ਮਾਰਕਸਵਾਦ ਸ਼ੱਕੀ ਜਾਂ ਰਾਸ਼ਟਰਵਾਦ। ਦੋਨਾਂ ਵਾਦਾਂ ਦਾ ਜਦ ਮੇਲ ਹੀ ਕੋਈ ਨਾ ਸੀ ਤਾਂ ਇਹ ਇਕੱਠੇ ਕਿਵੇਂ। ਇਕ ਮਿਆਨ ਦੋ ਤਲਵਾਰਾਂ ਕਿਵੇਂ?

ਪੰਜਾਬ ਵਿੱਚਲੇ ਕਾਮਰੇਡ ਇਸੇ ਕਾਰਨ ਹਮੇਸ਼ਾਂ ਸ਼ੱਕੀ ਰਹੇ ਕਿ ਇੱਕ ਅਪਣੀ ਪੂਛ ਮਾਰਕਸਵਾਦ ਨਾਲ ਬੰਨੀ ਫਿਰਦਾ ਜਦ ਕਿ ਦੂਜੇ ਮਗਰ ਰਾਸ਼ਟਰਵਾਦ ਦਾ ਛੱਜ ਬੰਨਿਆ ਹੋਇਆ ਇਹ ਈਸਟ ਵੈਸਟ ਦੀ ਮੁਹੱਬਤਾਂ ਦੀ ਪੀਂਘ ਕਿਵੇਂ? ਕੱਲ ਤੱਕ ਰਾਸ਼ਟਰਵਾਦ ਦਾ ਭਗੌੜਾ ਮਾਰਕਸਵਾਦ ਅੱਜ ਪਲੋਸਿਆ ਜਾਣ ਵਾਲਾ ਬਲੂੰਗਾ ਕਿਵੇਂ ਜਿਹੜਾ ਸੱਚ ਤੋਂ ਅਖਾਂ ਮੀਚੀ ਰਾਸ਼ਟਰਵਾਦ ਦੀ ਗੋਦ ਬੈਠਾ ਘੁਰਰ ਘੁਰਰ ਕਰ ਰਿਹਾ ਹੈ। ਰਾਸ਼ਟਰਵਾਦ ਦੇ ਅਰਥ ਤਾਂ ਸਪੱਸ਼ਟ ਹਨ ਤਾਂ ਕਿਆ ਫਿਰ ਮਾਰਕਸਵਾਦ ਦੇ ਅਰਥ ਬਦਲ ਲਏ ਗਏ ਹਨ?

ਕਿਸੇ ਮਿਹਣਿਓਂ ਮਿਹਣੀ ਹੋਣਾ ਹੋਵੇ ਤਾਂ ਕੋਈ ਨਵਾਂ ਨਵਾਂ ਬਣਿਆ ਸਾਥੀ ਹੋ ਸਕਦਾ ਹੈ ਪਰ ਪੰਜਾਬ ਵਿੱਚਲੇ ਕਾਮਰੇਡਾਂ ਦਾ ਇਤਿਹਾਸ ਕਰੀਬਨ ਹੀ ਰਾਸ਼ਟਰਵਾਦ ਦੇ ਹੱਕ ਵਿੱਚ ਭੁਗਤਦਾ ਰਿਹਾ ਹੈ। 84 ਤੋਂ ਪਹਿਲਾਂ ਵੀ, ਵੇਲੇ ਵੀ ਤੇ ਹੁਣ ਤੱਕ ਵੀ। ਇਨਾਂ ਗਲਾਂ ਦੀ ਸਰਦਾਰ ਅਜਮੇਰ ਸਿੰਘ ਨੇ ਬਹੁਤ ਗਹਿਰੀ ਚੀਰ ਫਾੜ ਕੀਤੀ ਇਕ ਵਾਰ ਤੁਹਾਨੂੰ ਸਾਨੂੰ ਉਸ ਦੀ 'ਸਿੱਖਾਂ ਦੀ ਸਿਧਾਂਤਕ ਘੇਰਾਬੰਦੀ' ਕਿਤਾਬ ਪੜ ਲੈਣੀ ਬਣਦੀ।

ਰਾਸ਼ਟਰਵਾਦ ਦੇ ਹੱਕ ਵਿੱਚ ਕਿਸੇ ਮਾਰਕਸਵਾਦੀਏ ਦਾ ਭੁਗਤਣਾ ਬੇਈਮਾਨੀ ਹੈ, ਗੱਦਾਰੀ ਹੈ ਓਸ ਵਿਚਾਰਧਾਰਾ ਨਾਲ ਧਰੋਹ ਹੈ ਜਿਸ ਉਪਰ ਓਹ ਮਾਣ ਕਰਦਾ ਹੈ।

ਸਿੱਖਾਂ ਵਿੱਚੋਂ ਜਦ ਕੋਈ ਰਾਸ਼ਟਰਵਾਦੀਆ ਹੁੰਦਾ ਹੈ ਤਾਂ ਆਮ ਲੋਕ ਦਿਲ ਖੋਹਲ ਕੇ ਉਸ ਦੀ ਅਲੋਚਨਾ ਕਰਦੇ ਹਨ ਪਰ ਕਿਆ ਕਾਮਰੇਡਾਂ ਵਿੱਚ ਇਹ ਵਰਤਾਰਾ ਕਿਸੇ ਦੇਖਿਆ?

ਮੈਂ ਜਦ ਅਪਣੇ ਪਿੰਡਿਆਂ ਉਪਰ ਸਰਕਾਰੀ ਜਬਰ ਦੀ ਗਲ ਕਰਨ ਲਗਦਾਂ ਤਾਂ ਪੰਜਾਬ ਦਾ ਕਾਮਰੇਡ ਓਸ ਸਮਿਆਂ ਵਿੱਚ ਮਾਰੇ ਗਏ ਹਿੰਦੂ ਕੱਢ ਲਿਆਓਂਦਾ, ਪਰ ਜਦ ਮੈਂ ਕਿਸੇ ਜਾਂਚ ਏਜੰਸੀ ਦੀ ਗਲ ਕੀਤੀ ਅਤੇ ਲੋਕ ਕਮਿਸ਼ਨ ਬਣਾਇਆ ਤਾਂ ਕਾਮਰੇਡ ਦਿਆਲ ਜਾਂ ਬਾਕੀ ਕਾਮਰੇਡਾਂ ਹਨੂੰਮਾਨ ਤਰਾਂ ਅਪਣੀ ਪੂਛ ਨੂੰ ਅੱਗ ਲਾ ਲਈ।

ਮੈਂ ਜਦ ਇਧਰ ਉਧਰ ਲੀਹੋਂ ਉਤਰਨ ਲਗਦਾਂ ਤਾਂ ਕਨੂੰਨ ਦਾ ਰੌਲਾ ਪੈ ਜਾਂਦਾ, ਪਰ ਜਦ ਕੇ ਪੀ ਗਿੱਲ ਵਰਗੇ ਬੁੱਚੜਾਂ ਦੀ ਗੱਲ ਆਓਂਦੀ ਤਾਂ ਸਤਪਾਲ ਡਾਂਗ ਜਾਂ ਜਗਜੀਤ ਅਨੰਦ ਵਰਗੇ ਕਾਮਰੇਡ ਗਿੱਲ ਵਰਗੇ ਜਰਵਾਣੇ ਨਾਲ ਖੜੇ ਦਿੱਸਦੇ।

ਮੈਂ ਨਹੀਂ ਕਹਿੰਦਾ ਸਾਰੇ ਕਾਮਰੇਡ ਮਾੜੇ ਪਰ ਮਾੜੇ ਜਦ ਮਾਰਕਸਵਾਦ ਦੀ ਤਖਤੀ ਲਮਕਾਈ ਰਾਸ਼ਟਰਵਾਦ ਦੇ ਪੈਰਾਂ ਵਿੱਚ ਬੈਠੇ ਦਿਸਦੇ ਤਾਂ ਚੰਗਾ ਤਬਕਾ ਚੁੱਪ ਕਿਓਂ ਰਹਿੰਦਾ ਕਿ ਇਹ ਲੋਕ ਮਾਰਕਸਵਾਦ ਨੂੰ ਬਦਨਾਮ ਕਰ ਰਹੇ ਨੇ।

ਨਵੇਂ ਬਣੇ ਸਾਥੀ ਬੜਾ ਕਰੰਟ ਮਾਰਦੇ ਕਿ ਕਾਮਰੇਡ ਹੋਣਾ ਕਿਆ ਮਾੜਾ? ਕਾਮਰੇਡ ਮਾੜੇ ਨੇ?

ਹੋਣਾ ਤਾਂ ਕਦੇ ਮਸੰਦ ਵੀ ਮਾੜਾ ਨਾ ਸੀ ਪਰ ਹੁਣ ਤੁਸੀਂ ਕਿਸੇ ਨੂੰ ਮਸੰਦ ਕਹਿਕੇ ਦੇਖੋ। ਅਕਾਲੀ ਹੋਣਾ ਵੀ ਮਾਣ ਵਾਲੀ ਗਲ ਸੀ ਕਦੇ ਪਰ ਹੁਣ ਗਾਹਲ ਵਰਗਾ ਕਿਓਂ ਬਣ ਗਿਆ। ਸਾਥੀ ਹੋਣਾ ਕਿਸੇ ਸਮੇ ਮਾਣ ਵਾਲੀ ਗਲ ਸੀ ਪਰ ਹੁਣ ਕਿਸੇ ਨੂੰ ਕਾਮਰੇਡ ਕਹੋ ਤਾਂ ਅਗਲਾ ਲੜ ਪੈਂਦਾ ਕਿ ਇਹ ਇਲਜਾਮ ਲਾਇਆ ਜਾ ਰਿਹਾ।

ਕੋਈ ਲਫਜ ਜਦ ਇਲਜਾਮ ਬਣ ਜਾਏ ਤਾਂ ਸਮਝ ਲੈਣਾ ਇਸ ਨਾਮ ਹੇਠ ਕੋਈ ਚੰਗੇ ਕੰਮ ਨਹੀਂ ਹੋਏ। ਖਾਲਿਸਤਾਨ ਦੇ ਨਾਂ ਹੇਠ ਮਾੜੇ ਤਤਾਂ ਗਲਤ ਕੰਮ ਕੀਤੇ ਪਰ ਸਿੱਖਾਂ ਵਿੱਚ ਇਨੀ ਜੁਅਰਤ ਤਾਂ ਹੈ ਕਿ ਓਹ ਅਜਿਹੇ ਤਤਾਂ ਵਿਰੁੱਧ ਬੋਲੇ ਅਤੇ ਖੁੱਲ ਕੇ ਬੋਲੇ, ਹੁਣ ਵੀ ਬੋਲਦੇ ਨੇ। ਪਰ ਕਾਮਰੇਡਾਂ ਵਿੱਚ ਕਿਆ ਇਨੀ ਜੁਅਰਤ ਹੈ ਓਹ ਮਾੜੇ ਕਾਮਰੇਡਾਂ ਨੂੰ ਮਾੜੇ ਕਹਿ ਜਾਣ ਖਾਸ ਕਰ ਜਿੰਨਾ ਮਾਰਕਸਵਾਦ ਅਤੇ ਰਾਸ਼ਟਰਵਾਦ ਦਾ ਸਿਰ ਇਕੇ ਪੰਜਾਲੀ ਵਿੱਚ ਫਸਾ ਕੇ ਰੱਖ ਦਿਤਾ ਜਿਥੇ ਰਾਸ਼ਟਰਵਾਦ, ਮਾਰਕਸਵਾਦ ਵਿਚਾਰੇ ਨੂੰ ਵਾਹਣਾ ਵਿੱਚ ਧੂਹੀ ਫਿਰ ਰਿਹਾ ਅਤੇ ਬੇਪਛਾਣਾ ਮਾਰਕਸਵਾਦ ਛੁੱਟਣ ਦੀ ਬਜਾਇ ਮਾਰਕਸਵਾਦ ਦੀ ਵਿਆਖਿਆ ਈ ਉਲਟ ਕਰ ਬੈਠਾ ਹੋਇਆ ਪਰ ਧੜਿਆਂ ਤੋਂ ਅਲੱਗ ਥਲੱਗ ਹੋਣ ਡਰੋਂ ਕੋਈ ਚੰਗਾ ਕਾਮਰੇਡ ਬੋਲ ਵੀ ਨਹੀਂ ਰਿਹਾ। ਕਿ ਬੋਲ ਰਿਹਾ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top