Khalsa News homepage

 

 Share on Facebook

Main News Page

ਕਾਤਲ ਵੀ ਮੁਨਸਫ ਵੀ ?
-: ਗੁਰਦੇਵ ਸਿੰਘ ਸੱਧੇਵਾਲੀਆ  02.02.2021
#KhalsaNews #Gurdev_Singh #Sadhewalia #Punjab #FarmersProtest #SikhLivesMatter #DeepSidhu #LakhaSidhana

ਧੁੱਸ ਦਈ ਆਓਂਦੇ ਟਰੱਕ ਮੂਹਰੇ 100 ਬੰਦਾ ਵੀ ਖੜ ਜਾਏ ਤਾਂ ਦਰੜ ਕੇ ਲੰਘ ਜਾਊ, ਪਰ ਅੰਦਰ ਬੈਠੇ ਬੰਦੇ ਦੇ ਪੈਰ ਦਾ ਥੋੜਾ ਜਿੰਨਾ ਭਾਰ ਵੀ ਬਰੇਕ ਲਾ ਕੇ ਟਰੱਕ ਦੀਆਂ ਚੀਕਾਂ ਕਢਾ ਕੇ ਰੱਖ ਦਿੰਦਾ।

ਰਾਜਨੀਤੀ ਦੇ ਵਿੱਚਲਾ ਅਤੇ ਬਾਹਰਲਾ ਫਰਕ ਇਓਂ ਹੀ ਹੈ। ਬਾਹਰ ਹਜਾਰਾਂ ਲੱਖਾਂ ਦੀ ਨਹੀਂ ਸੁਣਦੀ, ਪਰ ਹਕੂਮਤ ਦੇ ਅੰਦਰ ਬੈਠਾ ਥੋੜਾ ਪੈਰ ਦਬੇ 'ਤੇ ਈ ਬਾਜੀ ਉਲਟ ਦਿੰਦਾ।

ਪੰਜਾਬ ਹਮੇਸ਼ਾਂ ਬਾਹਰੋਂ ਜੋਰ ਲਾ ਕੇ ਅਪਣੀ ਤਾਕਤ ਜਾਇਆ ਕਰਦਾ ਆ ਰਿਹਾ, ਪਰ ਅੰਦਰ ਵੜਨ ਦੀ ਵਾਰੀ ਵੇਲੇ ਸਾਰੀ ਤਾਕਤ ਕਾਂਗਰਸੀ ਕਾਲੀ ਨੂੰ ਦੇ ਦਿੰਦਾ ਰਿਹਾ ਜਿੰਨਾ ਪੰਜਾਬ ਦੇ ਪਾਣੀਆਂ ਦੇ ਦਰਿਆ ਤੱਕ ਵੇਚ ਖਾਧੇ ਅਤੇ ਪੰਜਾਬ ਦੀਆਂ ਦੋ ਪੀਹੜੀਆਂ ਗਰਕ ਕਰ ਮਾਰੀਆਂ। ਇੱਕ ਗੋਲੀਆਂ ਨਾਲ ਦੂਜੀ ਟੀਕਿਆਂ ਨਾਲ।

ਦੂਜੇ ਪਾਸਿਓਂ ਜਦ ਕੋਈ ਹਵਾ ਪੰਜਾਬ ਦੇ ਹੱਕ ਵਿੱਚ ਚਲਣ ਲਗੀ ਤਾਂ ਮਾਨ, ਪੰਨੂੰ, ਦਾਦੂਵਾਲ, ਕਾਹਨ ਸਿੰਘ ਵਾਲਾ ਵਰਗੀਆਂ ਹਕੂਮਤਾਂ ਦੀਆਂ 'ਬੀ ਫੌਜਾਂ' ਨੇ ਆਣ ਮੋਰਚੇ ਮੱਲੇ ਅਤੇ ਉਲਟਦੇ ਤਖਤਿਆਂ ਅਗੇ ਮੋਢਾ ਡਾਹ ਕੇ ਖੜ ਗਏ ਅਤੇ ਕਿਸੇ ਵੀ ਲਹਿਰ ਨੂੰ ਖਦੇੜਣ ਲਈ ਖਾਲਿਸਤਾਨ ਦਾ ਬੇਮੌਕਾ ਰਾਗ ਅਲਾਪ ਕੇ ਭੀੜਾਂ ਖਿੰਡਾ ਕੇ ਔਹ ਮਾਰੀਆਂ। ਬਰਗਾੜੀ ਦੀ ਬਣੀ ਲਹਿਰ ਇਨਾਂ ਦੇ ਢਿਡਾਂ ਵਿੱਚ ਗਈ ਅਤੇ ਸਰਬੱਤ ਖਾਲਸੇ ਵਿੱਚ ਜਾ ਕੇ ਦਮ ਤੋੜ ਗਈ। ਕਿਸਾਨੀ ਲਹਿਰ ਵਿੱਚ ਕਾਮਰੇਡਾਂ ਦਾ ਸੱਚ ਸਾਹਵੇਂ ਦਿਸ ਰਿਹਾ ਸੀ ਕਿ ਭਜਣ ਦੇ ਰਾਹ ਲਭੇ ਜਾ ਰਹੇ ਨੇ। ਇਨਾ ਦੇ ਮੋਦੀ ਉਪਰ ਦੀ ਲੰਘਾਏ ਟਰੈਕਟਰਾਂ ਦੀ ਕੁਲ ਜਿੰਮੇਵਾਰੀ ਅਮਰੀਕਾ ਬੈਠੇ ਪੰਨੂੰ ਨੇ ਸਿਖਾਂ ਦੇ ਸਿਰ ਪਾ ਕੇ ਫਿਹਲਰ ਲੀਡਰਸ਼ਿੱਪ ਨੂੰ ਬਰੀ ਕਰ ਦਿਤਾ ਅਤੇ ਲੜਾਈ ਦਾ ਕੁਲ ਨਿਚੋੜ ਹੁਣ ਲਖਾ ਦੀਪ ਹੀ ਰਹਿ ਗਏ ਬਾਕੀ ਮੁੱਦੇ ਖਤਮ। ਇਨ ਬਿਨ ਅਜਿਹੀ ਹੀ ਹਰਕਤ ਮਿਸਟਰ ਗੁਰਪਤਵੰਤ ਪੰਨੂੰ ਨੇ ਕਰਤਾਰਪੁਰ ਲਾਂਘੇ ਵੇਲੇ ਕੀਤੀ ਸੀ ਯਾਣੀ ਐਨ ਮੌਕੇ 'ਤੇ ਭਖੀ ਲੜਾਈ ਦਾ ਮੁਹਾਣ ਮੋੜਨਾ।

ਦਿੱਲੀ ਵਿੱਚਲੀ ਕਿਸਾਨੀ ਜੰਗ ਵਿੱਚ ਸੁਖਬੀਰ ਬਾਦਲ ਦੀ ਸਿਰੋਪੇ ਲੈ ਕੇ ਆਓਂਣ ਦੀ ਆਮਦ ਇਸ ਗਲ ਵੰਨੀ ਇਸ਼ਾਰਾ ਹੈ ਕਿ ਇਹ ਜੰਗ ਹੁਣ ਆਖਰੀ ਪੜਾਅ 'ਤੇ ਹੈ ਕਿਓਂਕਿ ਜਿਥੇ ਵੀ ਇਹ ਮਨਹੂਸ ਪ੍ਰਛਾਵੇਂ ਪਏ ਨੇ ਤੌੜੇ ਮੂਧੇ ਵੱਜ ਗਏ।

ਮੁੱਦਿਆਂ ਨਾਲੋਂ ਹੁਣ ਪੰਜਾਬ ਨੂੰ ਅਪਣੇ ਨਿਆਣੇ ਬਚਾਓਂਣ ਵੰਨੀ ਵੀ ਸੋਚਣ ਲਗਣਾ ਚਾਹੀਦਾ ਜਿਹੜੇ ਪੁਲਿਸ ਨੇ ਪੰਜਾਬ ਵਿੱਚੋਂ ਚੁਕਣੇ ਸ਼ੁਰੂ ਕਰ ਦਿਤੇ ਹਨ ਕਿਓਂਕਿ ਲੀਡਰ ਤਾਂ ਝੱਗਾ ਝਾੜ ਚੁਕੇ ਕਿ ਇਹ ਸਾਡੇ ਨਹੀਂ। ਬਦਲ ਦਸ ਰਹੇ ਨੇ ਕਿ ਪੰਜਾਬ ਉਪਰ ਫਿਰ ਤੋਂ ਗੋਲੀਆਂ ਦੀ ਬਾਰਸ਼ ਹੋਣ ਦੇ ਅਸਾਰ ਹਨ ਜਿਹੜੇ ਦਿਲੀ ਪਹੁੰਚਣ ਤੋਂ ਵੀ ਪਹਿਲਾਂ ਹੋ ਜਾਣੀ ਸੀ ਪਰ ਬਾਕੀ ਸੂਬੇ ਰਲ ਗਏ ਕਰਕੇ ਬਚ ਗਏ। ਯਾਦ ਰਹੇ ਕਿ ਦਿਲੀ ਦੀ ਗੋਲੀ ਉਪਰ ਸਭ ਤੋਂ ਪਹਿਲਾ ਤੇ ਪਕਾ ਨਾਮ ਓਨੀ ਪੰਜਾਬ ਦਾ ਲਿਖ ਰਖਿਆ ਹੈ ਕਿਓਂਕਿ ਤੁਸੀਂ ਬਾਗੀ ਸੁਭਾ ਦੇ ਹੋਂ ਅਤੇ ਰੜਕਦੇ।

ਅੱਗ ਲਾ ਕੇ ਡਬੂ ਕੰਧ ਤੇ ਵਾਲਾ ਇਤਿਹਾਸ ਫਿਰ ਤੋਂ ਰਿਪੀਟ ਹੋਣ ਜਾ ਰਿਹਾ ਹੈ। ਫਰਕ ਇਨਾ ਕਿ 84 ਵੇਲੇ ਕਾਲੀਏ ਸਨ ਇਸ ਵਾਰੀ ਕਾਮਰੇਡ।

ਅੱਗ ਲਾ ਕੇ ਓਸ ਸਮੇ ਕਾਲੀਏ ਜੇ ਕੰਧ 'ਤੇ ਸਨ ਇਸ ਵਾਰੀ ਕਾਮਰੇਡ ਹੋਣਗੇ ਜਿਹੜੇ ਕੁਟੇ ਜਾਣ ਵਾਲਿਆਂ ਤੋਂ ਪਾਸਾ ਵਟ ਚੁਕੇ ਹਨ ਕਿ ਓਹ ਹੋਰ ਹਨ ਅਸੀਂ ਬੀਬੇ ਪੁਤ ਹੋਰ। ਓਸ ਸਮੇ ਕਾਲੀਆਂ ਕੋਲੇ ਭੱਜਣ ਦਾ ਬਹਾਨਾ ਗਰਮਦਲੀਏ ਸੀ ਹੁਣ ਓਵੇਂ ਦਾ ਹੀ ਬਹਾਨਾ ਕਾਮਰੇਡਾਂ ਕੋਲੇ ਹੈ।

ਮਰਜੀਵੜੇ ਭਰਤੀ ਕਰਕੇ ਦਿਲੀ ਲੁੱਟ ਲੈਣ ਵਰਗੀਆਂ ਤਤੀਆਂ ਗਲਾਂ ਜੇ ਓਸ ਸਮੇਂ (ਅ)ਕਾਲੀਆਂ ਕੀਤੀਆਂ ਸਨ, ਤਾਂ ਇਸ ਵਾਰੀ ਮੋਦੀ ਉਪਰ ਟਰੈਕਟਰ ਕਾਮਰੇਡਾਂ ਚਾਹੜੇ ਹਨ।

ਰਾਜਨੀਤੀ ਵਾਲੇ ਪਾਸਿਓਂ ਭੋਲਾ ਪੰਜਾਬ ਇਨਾ ਅਕਲੋਂ ਪੈਦਲ ਕਿ ਅਪਣੇ ਹਜਾਰਾਂ ਜਵਾਨ ਪੁਤ ਮਰਵਾ ਕੇ ਫਿਰ ਓਨਾ ਦੀ ਹੀ ਕੁਰਸੀ ਹੇਠ ਮੋਢਾ ਦਈ ਤੁਰਿਆ ਆਓਂਦਾ, ਜੀਹਨੀ ਮਾਰੇ, ਅਤੇ ਜੀਹਨਾ ਮਾਰਨ ਲਈ ਸੱਦੇ ਭੇਜੇ ਯਾਣੀ ਕਾਲੀ ਕਾਂਗਰਸੀ। ਪਾਣੀਆਂ ਤੋਂ ਲੈ ਕੇ ਲਹੂਆਂ ਤੱਕ ਵੇਚ ਜਾਣ ਵਾਲੀਆਂ ਇਨਾ ਦੋਹਾਂ ਬੁਚੜ ਪਾਰਟੀਆਂ ਤੋਂ ਪੰਜਾਬ ਅਪਣਾ ਖਹਿੜਾ ਨਹੀਂ ਛੁਡਵਾ ਸਕਿਆ।

ਤੁਹਾਡੀ ਉਭਰ ਰਹੀ ਲੀਡਰਸ਼ਿੱਪ ਦਾ ਓਨੀ ਜੰਮਦਿਆਂ ਈ ਗਲ ਵੱਢ ਸੁੱਟਿਆ ਹੈ। ਦੀਪ ਲਖਾ ਵਰਗਿਆਂ ਰਾਹੀਂ ਹਾਲੇ ਵੀ ਜੇ ਪੰਜਾਬ ਜਥੇਬੰਦ ਨਾ ਹੋਇਆ ਤਾਂ ਕੁਟ 84 ਨਾਲੋਂ ਵੀ ਜਿਆਦਾ ਪੈਣ ਦੇ ਅਸਾਰ ਨੇ ਕਿਓਂਕਿ ਰੂਲ ਕਰਨ ਵਾਲੀ ਪਾਰਟੀ ਇਸ ਵਾਰੀ ਸਿਰੇ ਦੀ ਤਾਨਾਸ਼ਾਹ ਹੈ।

ਲਖੇ ਜਾਂ ਦੀਪ ਸੰਬਧੀ ਕਾਮਰੇਡਾਂ ਕਾਲੀਆਂ ਕਾਂਗਰਸੀਆਂ ਸਭ ਨੇ ਅਪਣੇ ਅਪਣੇ ਬਖਤੌਰੇ ਵਰਗੇ ਪੁਰਾਣੇ ਟਾਊਟ ਮਾਂਜ ਪੋਚ ਕੇ ਪੁਰਾਣੀਆਂ ਗੁਠਾਂ ਵਿੱਚੋਂ ਕਢ ਲਏ ਨੇ। ਸਭ ਪੁਰਾਣਾ ਅਤੇ ਸੜ ਗਲ ਚੁਕਾ ਸਮਾਨ ਵੀ ਓਨੀ ਕਢ ਲਿਆ ਹੈ ਜਿਹੜਾ ਰਦੀ ਤਰਾਂ ਫੂਕ ਕੇ ਲੋਕਾਂ ਵਿੱਚ ਧੂੰਆਂ ਕਰ ਰਹੇ ਨੇ ਅਤੇ ਖੁਦ ਟਾਊਟ ਹੁੰਦੇ ਹੋਏ ਦੂਜਿਆਂ ਨੂੰ ਟਾਊਟ ਦਸ ਰਹੇ ਨੇ।

ਇੱਕ ਸਾਂਝੀ ਤੇ ਈਮਾਨਦਾਰ ਲੀਡਰਸ਼ਿੱਪ ਚੁਣ ਕੇ ਪੰਜਾਬ ਜੇ ਇੱਕਠਾ ਨਾ ਹੋਇਆ ਤਾਂ ਦੁਨੀਆਂ ਉਪਰ ਆਪਣੀ ਹੋਈ ਬੇਇੱਜਤੀ ਦਾ ਗੁਸਾ ਮੋਦੀ-ਸ਼ਾਹ ਕੇ ਪੰਜਾਬ ਉਪਰ ਕਢਣਗੇ ਅਤੇ ਅਸੀਂ ਅਪਣੇ ਨਿਆਣਿਆਂ ਨੂੰ ਬਚਾਓਣ ਖਾਤਰ ਫਿਰ ਤੋਂ ਓਨਾ ਹੀ ਬੇਗੈਰਤਾਂ ਯਾਣੀ ਕਾਲੀਆਂ ਕਾਮਰੇਡਾਂ ਦੇ ਤਰਲੇ ਕਰਨ ਲਈ ਮਜਬੂਰ ਹੋਵਾਂਗੇ ਜਿੰਨੀ ਇਸ ਮੌਤ ਦੇ ਖੂਹ ਵਿੱਚ ਸਾਨੂੰ ਉਤਾਰਿਆ ਅਤੇ ਉਤਾਰਦੇ ਰਹੇ। ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top