ਅੰਬਾਨੀਆਂ,
ਅਡਾਨੀਆਂ, ਬਾਦਲਾਂ ਕੈਪਟਨਾਂ ਮੂਹਰੇ ਰੱਬ ਆ ਜਾਏ ਕਿ ਬੰਦੇ ਬਣ ਜਾਓ ਕਿਓਂ ਲੋਕਾਂ ਦਾ ਲਹੂ
ਪੀਂਨੇ ਓਂ ਜੋਕੜੋ ਤਾਂ ਅੰਬਾਨੀ ਪਤਾ ਕੀ ਕਹੂ?
ਖੜ ਇਕ ਮਿੰਟ ਮਾਰਕਿਟ ਰੇਟ ਪੁਛ ਲੈਣ ਦੇਹ ਤੇਰਾ!!
ਬੰਦੇ ਦੀ ਪਹਿਲੀ ਲੋੜ ਕੁੱਲੀ, ਗੁੱਲੀ
ਅਤੇ ਜੁੱਲੀ। ਸਿਰ 'ਤੇ ਛੱਤ, ਸੌਣ ਲਈ ਬਿਸਤਰਾ ਅਤੇ ਢਿਡ ਤੂੜਨ ਗੋਚਰੀ ਜਦ ਰੋਟੀ
ਦਾ ਮਸਲਾ ਹਲ ਹੁੰਦਾ ਤਾਂ ਬੰਦੇ ਦੀ ਹਵਸ ਦੀ ਗਡੀ ਫਿਰ ਦੂਜਾ ਗੇਅਰ ਫੜਦੀ। ਓਥੇ ਸ਼ੁਰੂ
ਹੁੰਦੀ ਚੂਹਾ ਦੌੜ। ਹੋਰ ਤੇਜ, ਹੋਰ ਦੌੜ ਫਿਰ ਹਾਈਵੇਅ 'ਤੇ 120 ਦੀ ਸਪੀਡ ਤੇ ਜਾਂਦੀ ਗਡੀ
ਵੀ ਖੜੋਤੀ ਜਾਪੀ ਜਾਊ ਬੰਦੇ ਨੂੰ। 80-90 ਤੇ ਤੁਰਿਆ ਜਾਂਦਾ ਤਾਂ ਬੰਦਾ ਈ ਓ ਨਹੀਂ ਜਾਪਦਾ।
ਘੰਟੇ ਵਿਚ ਗੱਡੇ-ਟਾਂਗੇ ਤੇ 2-4 ਕਿਲੋਮੀਟਰ ਕਢਣ ਵਾਲਾ ਜਹਾਜ ਰਾਕਟ
ਬਣਾ ਕੇ ਵੀ ਸ਼ਾਂਤ ਨਾ ਹਾਲੇ ਹੋਰ ਤੇਜ ਹੋਣ ਦੀਆਂ ਸਕੀਮਾਂ ਲਾਈ ਫਿਰਦਾ।
ਹਵਸ ਦੀ ਕੋਈ
ਮੰਜਲ ਨਾ, ਕੋਈ ਪੜਾਅ ਨਾ, ਕੋਈ ਅੰਤ ਨਾ।
ਰੋਜ ਦਾ ਲੱਖ ਰੁਪਏ ਦਾ ਚਾਹ ਦਾ ਕੱਪ ਪੀਣ ਵਾਲੀ ਅੰਬਾਨੀ ਦੀ ਔਰਤ
ਹਾਲੇ ਵੀ ਲੱਭਦੀ ਫਿਰ ਰਹੀ ਹੋਵੇਗੀ ਕਿ ਇਸ ਤੋਂ ਚੰਗੀ ਚਾਹ ਨਹੀਂ ਹੈ ਕੋਈ? ਉਸ ਕਦੇ ਨਾ
ਸੋਚਿਆ ਹੋਵੇਗਾ ਕਿ ਮੇਰੇ ਇਕ ਚਾਹ ਦੇ ਕਪ ਵਿਚ ਕਿੰਨੇ ਭੁਖੇ ਢਿੱਡ ਸੌਣ ਵਾਲੇ ਗਰੀਬਾਂ
ਦੀਆਂ ਆਹਾਂ ਨੇ ਤੇ ਮੇਰੇ ਇਸ ਇਕ ਕੱਪ ਚਾਹ ਦੀ ਕੀਮਤ ਤੇ ਕਿੰਨੇ ਸੈਂਕੜੇ ਗਰੀਬਾਂ ਦਾ
ਚੁੱਲਾ ਬਲ ਸਕਦਾ ਸੀ।
ਯਾਦ ਰਹੇ ਹਵਸ ਸਭ ਤੋਂ ਪਹਿਲਾਂ ਮਾਰਦੀ ਹੀ ਬੰਦੇ ਦੇ ਅੰਦਰਲਾ ਬੰਦਾ
ਹੈ। ਹਵਸ ਦੀਆਂ ਜੜਾਂ ਲਗਦੀਆਂ ਹੀ ਓਥੇ ਜਿਥੋਂ ਪਹਿਲਾਂ ਬੰਦਾ ਪੁਟ ਕੇ ਬਾਹਰ ਸੁਟਿਆ ਗਿਆ
ਹੁੰਦਾ। ਹਵਸ ਪਲਦੀ ਹੀ ਲਾਸ਼ ਉਪਰ ਹੈ ਜਿਓਂਦੇ ਬੰਦੇ ਵਿਚ ਉਸ ਦੀ ਜੜ ਹੀ ਨਹੀਂ ਲਗਦੀ।
ਅੰਬਾਨੀਆਂ, ਅਡਾਨੀਆਂ, ਬਿਲ ਗੇਟਾਂ ਜਾਂ ਬਾਦਲਾਂ, ਕੈਪਟਨਾਂ ਦੇ ਸ਼ਾਹੀ ਠਾਠ ਦੇਖ ਸਾਨੂੰ
ਤੁਹਾਨੂੰ ਜਾਪਦਾ ਹੋਵੇਗਾ ਕਿ ਕਿਆ ਸ਼ਾਹੀ ਠਾਠ ਨੇ ਪਰ ਕਾਸ਼ ਕਿਤੇ ਬੰਦਾ ਇਨਾ ਦੀਆਂ ਗਲੀਆਂ
ਸੜੀਆਂ ਲਾਸ਼ਾਂ ਦੇਖ ਸਕਦਾ ਹੁੰਦਾ।
ਹਵਸ ਜਦ ਬੰਦੇ ਨੂੰ ਗਲਾਵਿਓਂ ਫੜਦੀ ਹੈ
ਤਾਂ ਓਹ ਫਿਰ ਅਪਣਾ ਗਲਾਵਾਂ ਮੋਕਲਾ ਕਰਨ ਖਾਤਰ ਅਪਣੇ ਦੁਆਲੇ ਦੇ ਗਲਾਵੇਂ ਫੜਦਾ
ਹੈ। ਲੋਕਾਂ ਦੇ ਪੈਸਿਆਂ ਉਪਰ, ਗਰੀਬ ਦੀ ਰੋਟੀ ਉਪਰ ਅਪਣੀ ਅਮੀਰ ਹੋਣ ਦੀ ਹਵਸ ਦਾ ਮੰਜਾ
ਡਾਹੁਣ ਬਾਰੇ ਸੋਚਣ ਲੱਗਦਾ ਹੈ। ਮਿੱਤਰ , ਦੋਸਤ, ਭੈਣ, ਭਰਾ ਮਾਂ, ਪੇ ਸਭ ਨੂੰ ਛਕ ਜਾਣ
ਵਾਲੀ ਬਿਰਤੀ ਦਾ ਗੁਲਾਮ ਹੋਣ ਲਗਦਾ ਹੈ।
ਦਲੀਲ ਪਤਾ ਕੀ ਹੁੰਦੀ ? ਪੈਸੇ ਅਗੇ ਸਭ ਦੁਨੀਆਂ ਝੁਕਦੀ, ਪੈਸਾ ਸਭ
ਪਾਪ ਧੋ ਦਿੰਦਾ ਬੰਦੇ ਦੇ, ਬੰਦੇ ਕੋਲੇ ਇਕ ਈ ਚੀਜ ਚਾਹੀਦੀ ਤੇ ਓਹ ਬਸ ਪੈਸਾ। ਪਰ ਜੇ ਇਓਂ
ਹੋਣ ਲੱਗਦਾ ਹੁੰਦਾ, ਜੇ ਇਓਂ ਪਾਪ ਧੁਪਣ ਲਗਦੇ ਹੁੰਦੇ ਤਾਂ ਅਡਾਨੀਆਂ ਬਾਦਲਾਂ ਕੈਪਟਨਾਂ
ਜਾਂ ਦੁਨੀਆਂ ਦੇ ਹੋਰ ਅਮੀਰਾਂ ਨੂੰ ਲਾਹਨਤਾ ਨਾ ਪੈਂਦੀਆਂ ਅਤੇ ਦੁਨੀਆਂ ਦੇ ਬਹੁਤੇ ਅਮੀਰ
ਗਲ ਫਾਹੇ ਲੈ ਕੇ ਨਾ ਮਰਦੇ।
ਗੁਦਾਫੀ ਧੂਹ ਧੂਹ ਮਾਰਿਆ ਅਗਲਿਆਂ, ਬੁਸ਼ ਦਾ ਨਿਬੇੜਾ ਜੁਤੀਆਂ ਤੇ
ਜਾ ਕੇ ਮੁਕਿਆ, ਸਦਾਮ ਦੀ ਹਾਲਤ ਕੁਲ ਸੰਸਾਰ ਨੇ ਦੇਖੀ।
ਪ੍ਰਚਲਤ ਕਹਾਣੀ ਹੈ ਕੇਵਲ ਕਹਾਣੀ
ਕਿ ਰਾਜਾ ਫਕੀਰ ਦਾ ਭੀਖ ਮੰਗਣ ਵਾਲਾ ਲੋਟਾ ਭਰਨ ਲਈ ਬਜਿਦ ਹੋ ਗਿਆ ਅਤੇ ਸਾਰਾ ਰਾਜ ਲੋਟੇ
ਵਿਚ ਉਲੱਦ ਦਿਤਾ ਪਰ ਓਹ ਖਾਲੀ। ਰਾਜਾ ਕਹਿੰਦਾ ਫਕੀਰਾ ਨੰਗ ਹੋ ਗਿਆਂ ਹੁਣ ਤਾਂ ਮੈਂ ਪਰ
ਇਹ ਕਰਾਮਾਤ ਕੀ ਸੀ। ਫਕੀਰ ਕਹਿੰਦਾ ਕੋਈ ਕਰਾ ਵਰਾਮਾਤ ਨਹੀਂ ਇਹ ਲੋਟਾ ਈ ਬੰਦੇ ਦੀ ਖੋਪੜੀ
ਦਾ ਬਣਿਆ ਇਸ ਵਿਚ ਤਾਂ ਤੂੰ ਚਾਹੇ ਸਾਰੀ ਦੁਨੀਆਂ ਦਾ ਰਾਜ ਸਿਟ ਦੇਹ ਇਹ ਤਾਂ ਨਾ ਭਰੇ।
ਹਵਸ ਦੀ ਇੰਤਹਾ ਬੰਦਾ ਤਾਂ ਕੀ ਰੱਬ ਵੇਚ
ਸੁਟਦੀ ਹੈ। ਤੁਹਾਡੇ ਸਾਹਵੇਂ ਅੰਬਾਨੀ, ਅਡਾਨੀ ਵੇਚੀ ਤਾਂ ਬੈਠੇ ਕਿ ਧਰਤੀ ਦੀ
ਹਿਕ ਪਾੜਕੇ ਅੰਨ ਕਢ ਕੇ ਲੁਕਾਈ ਨੂੰ ਜੀਵਨ ਦਾਨ ਦੇਣ ਵਾਲੇ ਰੱਬੀ ਬੰਦੇ ਸੜਕਾਂ ਤੇ ਮਰ ਰਹੇ
ਨੇ, ਠਰ ਰਹੇ ਨੇ, ਮੀਂਹ ਵਿਚ ਭਿੱਜ ਰਹੇ ਨੇ ਪਰ ਇਨਾ ਹਵਸ ਦੇ ਬੰਦਿਆਂ ਨੂੰ ਹੈ ਕੋਈ
ਪ੍ਰਵਾਹ ਕਿਸੇ ਦੀ?