ਪੰਜਾਬ ਦਿੱਲੀ ਦੇ ਗਲੇ ਦੀ ਹੱਡੀ ਬਣ ਗਿਆ ਹੋਇਆ।
ਪਹਿਲਾਂ ਵੀ ਬਣਦਾ ਰਿਹਾ। ਕਈ ਵਾਰ ਬਣਿਆ। ਵਾਰ ਵਾਰ ਬਣਿਆ। ਪਿਛੇ ਦੀ ਛੱਡੋ ਹਾਲੇ ਕਲ
ਬਣਿਆ 84 ਵੇਲੇ। ਗੱਲ
ਜਿੱਤਾਂ ਹਾਰਾਂ ਦੀ ਨਹੀਂ ਹੁੰਦੀ ਨਾ ਕੁੱਟੇ ਜਾਣ ਦੀ। ਮਾੜਾ ਕੁੱਟਿਆ
ਈ ਜਾਊ, ਪਰ ਗੱਲ ਤਾਂ ਹੌਂਸਲੇ ਦੀ ਹੁੰਦੀ ਕਿ ਬੰਦਾ ਲੜ ਕੀਹਦੇ ਨਾਲ ਰਿਹਾ। ਹੇਠਾਂ ਪੈ ਕੇ
ਛਿੱਤਰ ਖਾਣ ਨਾਲੋਂ ਲੜ ਤਾਂ ਰਿਹਾ ਨਾ। ਹੱਥ ਜੋੜ ਕੇ ਕੁੱਟ ਖਾਣ ਨਾਲੋਂ ਤਾਂ ਬੰਦਾ ਲੜ ਕੇ
ਖਾ ਲਏ। ਜਦ ਅਗਲੇ ਮਿਥਿਆ ਹੀ ਹੈ ਕਿ ਕੁੱਟਣਾ ਤਾਂ ਫਿਰ ਕੁੱਟ ਵੀ ਤਾਂ ਮਰਦਾਂ ਤਰਾਂ ਖਾਓ,
ਨਾ ਕਿ ਪੈਰੀਂ ਡਿੱਗ ਕੇ। ਪੈਰੀਂ ਡਿਗਣ ਦੀਆਂ ਸਲਾਹਾਂ ਯਾਣੀ ਅਗਲੇ ਨੂੰ ਤਾਨਾਸ਼ਾਹਾ ਕਹਿਕੇ
ਤੋਤਿਆਂ ਨਾਲ ਦਿਲ ਪਰਚਾਵੇ ਕਰਨ ਵਾਲੇ ਬੁਜ਼ਦਿਲ ਕੀ ਜਾਨਣ ਗੈਰਤਮੰਦ ਕੌਮ ਕਿਸ ਬਲਾਅ ਨੂੰ
ਕਹਿੰਦੇ। ਯਾਦ ਰਹੇ ਪੰਜਾਬ ਨੇ ਗਦਾਰਾਂ ਕਰਕੇ ਜੇ ਕੁੱਟ ਖਾਧੀ
ਵੀ ਤਾਂ ਹੱਥ ਜੋੜ ਕੇ ਨਹੀਂ, ਲੜਕੇ।
ਹੌਂਸਲੇ ਤੇ ਜ਼ੁੱਅਰਤਾਂ ਈ ਇਤਿਹਾਸ ਬਣਦੀਆਂ ਬੁਜਦਿਲ ਤਾਂ
ਤਾਨਾਸ਼ਾਹੀ ਦੇ ਡਰਾਵੇ ਦੇ ਕੇ ਪਿਛੇ ਮੁੜ ਆਓਣ ਦੀਆਂ ਸਲਾਹਾਂ ਹੀ ਦੇ ਸਕਦੇ ਨੇ ਕਿ ਸਿਰ
ਵਰਤੋ ਮਾਰੇ ਜਾਓਂਗੇ।
ਪੰਜਾਬ ਨੇ ਨਾਲ ਲੱਗਦੇ ਦੂਜੇ ਸੂਬੇ ਵੀ ਉਕਸਾ ਲਏ ਨੇ।
ਪੰਜਾਬ ਵੰਨੀ ਦੇਖ ਓਹ ਵੀ ਦਿੱਲੀ ਆ ਧਮਕੇ। ਪੰਜਾਬ ਅਬਦਾਲੀਆਂ ਵੇਲੇ ਵੀ ਅੱਜ ਵੀ ਧਕੇ
ਵਿਰੁੱਧ ਅਗਵਾਈ ਕਰਦਾ ਤੇ ਅੱਜ ਵੀ ਕੀਤੀ।
ਦਿੱਲੀ ਦੇ ਕਿੰਗਰੇ ਢਾਹੁਣ ਵਾਲਾ ਪੰਜਾਬ
ਦਿੱਲੀ ਦੇ ਬੈਰੀਅਰ ਢਾਹ ਆਇਆ ਹੈ ਤੇ ਦਿੱਲੀ ਦੀ
ਹੱਦ 'ਤੇ ਮੋਰਚੇ
ਗੱਡੀ ਖੜਾ ਹੈ।
ਅਬਦਾਲੀ ਦੇ ਦਿੱਲੀ ਨਾਮਜ਼ਦ ਕੀਤੇ ਨਜੀਬਓਦੌਲਾ ਨਾਲ ਸਿੰਘਾਂ ਦਾ ਕਈ ਵਾਰ ਲੋਹਾ ਖੜਕਿਆ।
ਖਾਸ ਕਰ ਜਦ ਸਿੰਘ ਰਾਜਪੂਤ ਸੂਰਜਮਲ ਦੇ ਮੁੰਡੇ ਜਵਾਹਰ ਸਿੰਘ ਦੀ ਮਦਦੇ ਜਾਂਦੇ ਰਹੇ।
ਅਖੀਰ ਵੇਲੇ ਨਜੀਬਓਦੌਲਾ ਪੱਗ ਜਦ ਮੁੰਡੇ ਅਪਣੇ ਜਾਬਿਤਾ ਖਾਨ ਦੇ ਸਿਰ 'ਤੇ ਰੱਖਣ ਲੱਗਾ
ਤਾਂ ਨਾਲ ਖਾਸ ਹਦਾਇਤ ਪਤਾ ਕੀ ਕੀਤੀ?
ਜਿਵੇਂ ਕਿਵੇਂ ਮਰਜ਼ੀ ਕਰ ਪਰ ਇਨਾ ਖਾਲਸਿਆਂ ਨਾਲ ਨਾ ਵਿਗਾੜੀਂ ਇਨੀ ਤੈਨੂੰ ਟਿਕਣ ਨਹੀਂ
ਦੇਣਾ।
ਮਰਾਠਿਆਂ ਅਤੇ ਸ਼ਾਹ ਆਲਮ ਵਰਗਿਆਂ ਰਲ ਕੇ ਜਦ ਜਾਬਿਤਾ ਖਾਨ ਨੂੰ
ਦਿੱਲੀਓਂ ਕੱਢ ਦਿਤਾ ਤਾਂ ਓਹ
ਦੌੜ ਕੇ ਸਭ ਤੋਂ ਪਹਿਲਾਂ ਪਤਾ ਕਿਥੇ ਗਿਆ? ਸਿੰਘਾਂ ਕੋਲੇ।
ਜਾਬਿਤਾ ਖਾਨ ਦੇ ਵਿਰੁਧ ਹੋਈਆਂ ਚਾਰ ਲੜਾਈਆਂ ਵਿੱਚ ਸਿੰਘਾਂ ਲੋਹਾ ਖੜਕਾਇਆ, ਪਰ ਚਲ ਕੇ
ਆਏ ਬੰਦੇ ਦੀ ਪਿਠ ਨਹੀਂ ਲੱਗਣ ਦਿੱਤੀ, ਜਦ ਕਿ ਪਤਾ ਸੀ ਕਿ ਦੁਸ਼ਮਣੀ ਮਰਾਠਿਆਂ ਤੇ ਸ਼ਾਹ
ਆਲਮ ਨਾਲ ਪੈਣੀ ਤੇ ਪਈ ਵੀ।
ਸਿੰਘਾਂ ਕਾਰਨ ਸਿੱਧੀ ਲੜਾਈ ਵਿੱਚ ਜਾਬਿਤਾ ਖਾਨ ਜਦ ਕਾਬੂ ਨਾ
ਸੀ ਆ ਰਿਹਾ ਤਾਂ ਆਖਰ ਖਰੀਦੋ-ਫਰੋਸਤ ਵਿਚ ਜਾਬਿਤਾ ਖਾਨ ਦੇ ਸਭ ਸਾਥੀ ਜਦ ਵਿੱਕ ਗਏ
ਤਾਂ ਸਿੰਘਾਂ ਫਿਰ ਵੀ ਉਸ ਨੂੰ ਅਪਣੀ ਪਨਾਹ ਵਿੱਚ ਲਈ ਰਖਿਆ ਤੇ ਆਖਰ ਸਿੰਘਾਂ ਦੇ
ਕਿਰਦਾਰ ਤੋਂ ਪ੍ਰਭਾਵਿਤ ਹੋ ਕੇ ਜਾਬਿਤਾ ਖਾਂ ਰੁਹੇਲਾ ਸਿੰਘ ਸੱਜ ਕੇ ਹਿੰਮਤ ਸਿੰਘ ਹੋ
ਗਿਆ।
ਐਮਰਜੈਂਸੀ ਵੇਲੇ ਪੰਜਾਬ ਦੀ ਕੋਈ ਲੜਾਈ ਨਾ ਸੀ, ਪਰ ਇੰਦਰਾ ਦੇ ਧੱਕੇ ਦੇ ਵਿਰੁਧ ਪੰਜਾਬ
ਜਾ ਖੜਿਆ। ਜਦ ਕਿ ਪੰਜਾਬ ਜਾਣਦਾ ਸੀ ਦੁਸ਼ਮਣੀ ਹੈਂਕੜਬਾਜ ਇੰਦਰਾ ਨਾਲ ਪੈਣੀ।
ਕਸ਼ਮੀਰ ਦੇ ਲੋਕਾਂ ਦੀ ਜਾਨ ਤੇ ਆਈ ਤਾਂ ਕਸ਼ਮੀਰੀ ਕੁੜੀਆਂ ਨੂੰ
ਕੋਲੋਂ ਟਿਕਟਾਂ ਖਰਚ ਖੁਦ ਘਰੀਂ ਪਹੁੰਚਾ ਕੇ ਆਇਆ ਪੰਜਾਬ ਜਦ ਕਿ ਪਤਾ ਸੀ ਦੁਸ਼ਮਣੀ ਮੋਦੀ
ਨਾਲ ਪੈਣੀ।
ਰਾਜਸਥਾਨ ਦੇ ਕਿਸਾਨਾਂ ਦਾ ਲੀਡਰ ਬੋਲ
ਰਿਹਾ ਸੀ ਓਏ ਤੁਸੀਂ ਇਨਾ ਨੂੰ ਖਾਲਿਸਤਾਨੀ ਕਹਿੰਨੇ ਓਂ? ਜੇ ਇਵੇਂ ਦੇ ਲੋਕ ਖਾਲਿਸਤਾਨੀ
ਨੇ ਤਾਂ ਮੈਂਨੂੰ ਮਾਣ ਕਿ ਮੈਂ ਵੀ ਖਾਲਿਸਤਾਨੀ ਆਂ। ਬੇਸ਼ਕ ਓਸ ਵਿਚਾਰੇ ਨੂੰ ਪਤਾ ਨਾ ਸੀ
ਕਿ ਖਾਲਿਸਤਾਨੀ ਹੋਣਾ ਕੋਈ ਗਾਹਲ ਨਹੀਂ।
ਜਦੋਂ ਦੀ ਕਥਿਤ ਆਜ਼ਾਦੀ ਆਈ ਪੰਜਾਬ ਨੂੰ ਬਾਕੀ ਸੂਬਿਆਂ ਨਾਲ ਕਦੇ 'ਇੰਟਰੌਡਿਊਸ' ਹੋਣ ਦਾ
ਮੌਕਾ ਹੀ ਨਾ ਸੀ ਮਿਲਿਆ, ਪਰ ਅਜ ਜਦ ਬਾਕੀ ਸੂਬਿਆਂ ਪੰਜਾਬ ਨੂੰ ਨੇੜਿਓਂ ਦੇਖਿਆਂ ਤਾਂ
ਬੰਦੇ ਅਸ਼ ਅਸ਼ ਕਰ ਉਠੇ ਕਿ ਇਨਾ ਫਰਾਖਦਿਲ ਪੰਜਾਬ? ਦੁਸ਼ਮਣਾ ਨੂੰ ਵੀ ਅਵਾਜਾਂ ਮਾਰ ਮਾਰ
ਲੰਗਰ ਛਕਾਈ ਜਾਂਦਾ? ਦੂਜਿਆਂ ਮੁਕਾਬਲੇ ਛੋਟੀ ਜਿਹੀ ਸੂਬੀ ਹੋਣ ਦੇ ਬਾਵਜੂਦ ਬਾਕੀ ਸੂਬੇ
ਪੰਜਾਬ ਨੂੰ ਅਪਣਾ ਵਡਾ ਭਰਾ ਕਹਿ ਕੇ ਮਾਣ ਮਹਿਸੂਸ ਕਰ ਰਹੇ ਨੇ।
ਪੰਜਾਬ ਦੇ ਧੁਰ ਵਿੱਚ ਲਹਿ ਚੁਕੀ ਗੁਰਾਂ ਦੀ ਨਦਰ ਦੇ ਨਜ਼ਾਰੇ ਦੁਨੀਆਂ ਨੇ ਸੜਕਾਂ 'ਤੇ
ਮੋਰਚੇ ਗਡੀ ਬੈਠੇ ਪੰਜਾਬ ਵਿਚੋਂ ਸਪਸ਼ਟ ਦੇਖੇ ਨੇ। ਬਦਾਮਾਂ ਛੁਹਾਰਿਆਂ ਲੰਗਰਾਂ ਫਰੂਟਾਂ
ਦੀਆਂ ਲਗੀਆ ਸ਼ਹਿਬਰਾਂ ਨੂੰ ਦੇਖ
ਦਿੱਲੀ ਓ ਈ ਕਹਿ ਰਹੀ ਇਨਾ ਨੂੰ
funding ਕੌਣ ਕਰ ਰਿਹਾ?
ਜ਼ਕਰੀਆ ਮੋਮਨ ਖਾਂ ਨੂੰ ਕਹਿਦਾ ਮੋਮਨਾ ਤੂੰ ਕਹਿੰਨਾ ਸਿੰਘ ਛਡਿਆ ਕੋਈ ਨਹੀ ਪਰ ਫਿਰ ਵੀ
ਕੋਈ ਗੁੱਠ ਖੂੰਝਾ ਦੇਖ ਲੈ ਬਚ ਨਾ ਗਏ ਹੋਣ ਐਵੇਂ ਈ ਨਾ ਕਹੀਂ ਜਾਈਂ ਬੀਜ ਨਾਸ ਕਰ ਦਿਤਾ।
ਓਹੀ ਗਲ ਹੋਈ ਕੁਝ ਈ ਮਹੀਨਿਆਂ ਬਾਅਦ ਪਤਾ ਨਹੀਂ ਕਿਹੜੇ ਬੇਲਿਓਂ ਨਿਕਲ ਆਏ ਤੇ ਆ ਕੇ
ਲਾਹੌਰ ਦੇ ਦਰਵਾਜੇ ਨਾ ਖੜਕਾਉਣ ਲਗ ਗਏ!
ਕੁੱਝ ਚਿਰ ਦੀ ਗਲ ਹੈ ਪੰਜਾਬ ਗਿਆ ਮਿੱਤਰ ਆ ਕੇ ਕਹਿੰਦਾ ਪੰਜਾਬ ਵਿਚ ਤਾਂ ਰਹਿਣ ਈ ਓ ਕਖ
ਨਹੀ ਦਿਤਾ। ਇਓਂ ਜਾਪਦਾ ਜਿਵੇਂ ਸੁੰਝਾਂ ਹੋ ਗਿਆ ਹੋਵੇ ਪੰਜਾਬ। ਚੁੱਪਾਂ ਈ ਵਰਤ ਗਈਆਂ,
ਮਨ ਉਦਾਸ ਹੋ ਗਿਆ ਦੇਖ ਕੇ। ਅਜ ਓਹੀ ਕਹਿੰਦਾ ਆਹਾ ਕਿਧਰੋਂ ਨਿਕਲ ਆਏ
ਦਿੱਲੀ ਦੇ ਗਲ ਦੀ ਹੱਡੀ ਬਣਕੇ ਮੈਂ ਤਾਂ ਸੋਚਿਆ ਸੀ ਪੰਡੀਏ
ਵਾਲਾ ਅਜਗਰ ਨਿਗਲ ਗਿਆ!