ਉੱਡ
ਤੁਰਿਆ ਨਾ ਪੰਜਾਬਾਂ ਤੁਸੀਂ ਤਾਂ ਮਖੌਲ ਕੀਤਾ ਸੀ ਕਿ ਪੰਜਾਬ ਉੱਡਤਾ ਹੋ ਗਿਆ, ਪਰ
ਇਹ ਤਾਂ ਦਿੱਲੀ ਵੰਨੀ ਉੱਡ ਪਿਆ। ਜਾਨ ਹੈ ਪੰਜਾਬ ਦੇ ਖੰਭਾਂ ਵਿੱਚ। ਤੁਸੀਂ ਤਾਂ ਉੱਡਤਾ ਈ
ਕਰਨਾ ਚਾਹੁੰਦੇ ਸੀ, ਪੱਕਾ ਈ ਉੱਡਤਾ, ਪਰ ਇਹ ਤਾਂ ਹੋਰ ਈ ਪਾਸੇ ਉੱਡ ਪਏ।
ਉੱਡਤਾ ਕਰਨ ਲਈ ਇੱਕ ਪੀਹੜੀ ਗੋਲੀਆਂ ਵਿੱਚ ਦੀ ਕੱਢਤੀ। ਝੂਠੇ
ਮੁਕਾਬਲਿਆਂ ਵਿਚ ਖਪਾ ਮਾਰੀ। ਦੂਜੀ ਨਸ਼ਿਆਂ ਦੇ ਦਰਿਆ ਵਿੱਚ ਡੋਬ ਸੁੱਟੀ ਪਰ
ਲਗਾਤਾਰ ਦੋ ਨਸਲਾਂ ਮਰਵਾ ਕੇ ਵੀ ਪੰਜਾਬ ਫਿਰ ਉੱਡ ਪਿਆ। ਹਕੂਮਤਾਂ ਖੰਭ ਕੁਤਰਦੀਆਂ ਇਹ
10-20-30 ਸਾਲ ਬਾਅਦ ਫਿਰ ਉੱਡ ਤੁਰਦੇ ਨੇ। ਉੱਡਤਾ ਪੰਜਾਬ ਕਹਿਣ ਵਾਲਿਆਂ ਨੂੰ ਜਾਪਿਆ
ਪੰਜਾਬ ਸ਼ਾਇਦ ਵਾਕਿਆ ਈ ਉੱਡਤਾ ਹੋ ਗਿਆ, ਜਿਵੇਂ ਇਹ ਕੋਈ ਤੋਤਾ ਫੁਰਰ, ਚਿੜੀ ਫੁਰਰ ਹੁੰਦੀ।
ਖਾਲਸਾ ਰਾਜ ਜਾਣ ਤੋਂ ਬਾਅਦ ਕੌਮ ਇਨਾ ਬੇਦਿਲ ਹੋ ਚੁਕੀ ਸੀ
ਕਿ ਕਿਸੇ ਅੰਗਰੇਜ ਨੇ ਲਿਖਿਆ ਕਿ ਸਿੱਖਾਂ ਦੀਆਂ ਅਗਲੀਆਂ ਨਸਲਾਂ ਹੁਣ ਕੋਟਾਂ ਦੀਆਂ
ਜੇਬਾਂ ਵਿੱਚ ਹੱਥ ਪਾਈ ਕਿਸੇ ਮਿਊਜ਼ੀਅਮ ਵਿੱਚ ਖੜ ਕੇ ਈ ਦੇਖਿਆ ਕਰਨਗੀਆਂ ਕਿ ਸਾਡੇ ਵਡੇਰੇ
ਇਓਂ ਦੇ ਪੱਗਾਂ ਦਾਹੜੀਆਂ ਵਾਲੇ ਹੁੰਦੇ ਸਨ।
ਪਰ ਜਿਓਂ ਈ ਸਿੰਘ ਸਭਾ ਲਹਿਰ ਚਲੀ ਪੰਜਾਬ ਦਿਨਾ 'ਚ ਈ ਉੱਡ ਤੁਰਿਆ।
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਪਰੰਤ ਕੋਈ 10 ਸਾਲ ਪੰਜਾਬ ਵਿੱਚ ਖਮੋਸ਼ੀ ਦਾ ਆਲਮ
ਰਿਹਾ। ਬਾਦਸ਼ਾਹੀ ਤਖਤ ਦੀ ਟੀਸੀ ਤੋਂ ਹੇਠਾਂ ਡਿੱਗੇ ਸਿੱਖ ਅਪਣਾ ਬਹਾਦਰ ਜਰਨੈਲ ਵੀ ਗਵਾ
ਚੁਕੇ ਸਨ। ਇਸ ਗਹਿਰੇ ਸਦਮੇ ਦੀ ਚੁੱਪ ਭਾਈ ਤਾਰਾ ਸਿੰਘ ਵਾਂ ਦੀ ਸ਼ਹਾਦਤ ਨੇ ਤੋੜ ਕੇ ਔਹ
ਮਾਰੀ ਤੇ ਖਾਲਸੇ ਅਜਿਹੇ ਉਡੇ ਕਿ ਤਲਵਾਰ ਮੁੜ ਮਿਆਨ ਨਹੀਂ ਪਾਈ ਜਿੰਨਾ ਚਿਰ ਅਬਦਾਲੀ ਵਦਾਲੀ
ਉੱਡਾ ਨਹੀਂ ਦਿਤੇ।
ਉੱਡਤਾ ਪੰਜਾਬ ਬਣਾਓਂਣ ਵਾਲਿਆਂ ਨੂੰ ਸ਼ਾਇਦ ਜਾਪਿਆ ਹੋਵੇ
ਕਿ ਇਸ ਉੱਡਤੇ ਪੰਜਾਬ ਦੀ ਕੋਈ ਆਖਰੀ ਯਾਦ ਓ ਈ ਸਾਂਭ ਲਈਏ ਕਿ ਕਿਵੇਂ ਉੱਡਿਆ ਸੀ,
ਪਰ ਓਹ ਚੁਮਟਾ ਜਿਹਾ ਦਿਸਿਆ ਈ ਓ ਨਹੀਂ ਕਿਤੇ ਕਿ ਪੰਜਾਬ ਨੂੰ ਉਡਦਾ ਦੇਖਣ ਈ ਆ ਜਾਂਦਾ ਕਿ
ਪੰਜਾਬ ਇਓਂ ਉਡਦਾ ਹੈ। ਨਹੀਂ?