Khalsa News homepage

 

 Share on Facebook

Main News Page

ਖੁੰਡੀਆਂ ਕਲਮਾਂ ਦੀ ਦਾਸਤਾਨ
-: ਗੁਰਦੇਵ ਸਿੰਘ ਸੱਧੇਵਾਲੀਆ  30.10.2020
#KhalsaNews #GurdevSinghSadhewalia #Comrades #Russia #Lenin #Paash #SantSinghSekhon #GurbakhshSingh #Gursharan

ਖੁੰਡੀ ਕਲਮ ਕਦੇ ਸਿੱਧੇ ਤੇ ਸਾਫ ਲਫਜ ਨਹੀਂ ਲਿਖ ਸਕਦੀ, ਬਲਕਿ ਕਾਗਜ ਦਾ ਪਿੰਡਾ ਵੀ ਪਾੜ ਸੁਟਦੀ ਹੈ, ਅੱਖਰਾਂ ਨੂੰ ਵੀ ਲਹੂ ਲੁਹਾਨ ਕਰ ਦਿੰਦੀ ਹੈ।

ਔਰਤ ਦੀ ਮੰਡੀ ਤਰਾਂ ਕਲਮਾਂ ਦੀ ਵੀ ਮੰਡੀ ਲਗਦੀ ਹੈ। ਜਿੰਨੀ ਸੋਹਣੀ ਔਰਤ ਓਨੀ ਕੀਮਤ ਤਰਾਂ ਜਿੰਨੀ ਕਲਮ ਦਾ ਨਾਮ ਓਨੀ ਬੋਲੀ ਵਡੀ।

1917 ਦੇ ਰੂਸ ਦੇ ਇਨਕਲਾਬ ਨੇ ਜਿਥੇ ਦੁਨੀਆਂ ਭਰ ਨੂੰ ਪ੍ਰਭਾਵਤ ਕੀਤਾ ਓਥੇ ਅਪਣੀ ਗਲ ਨੂੰ ਵੱਡੇ ਪੱਧਰ 'ਤੇ ਪ੍ਰਚਾਰਨ ਲਈ ਰੂਸ ਵਾਲਿਆਂ ਵੱਡੀਆਂ ਨੀਲਾਮੀਆਂ ਦਾ ਪ੍ਰਬੰਧ ਕੀਤਾ ਜਿਥੇ ਕਲਮਾਂ ਦੀਆਂ ਬੋਲੀਆਂ ਲਗੀਆਂ ਤੇ ਉਸ ਮੰਡੀਆਂ ਵਿੱਚ ਪੰਜਾਬ ਦੇ ਕਾਮਰੇਡ ਵੀ ਵਧ ਚੱੜ੍ਹ ਕੇ ਵਿਕੇ, ਬੋਲੀਆਂ ਲਾ ਲਾ ਕੇ ਵਿਕੇ, ਜਿੰਨੇ ਵਡੇ ਓਨਾ ਮਹਿੰਗੇ ਵਿਕੇ।

ਰੂਸ ਦੇ ਓਸ ਇਨਕਲਾਬ ਨੇ ਪੂਰੇ ਸੰਸਾਰ ਉਪਰ ਅਸਰ ਛਡਿਆ। ਨੌਜਵਾਨੀ ਨੂੰ ਜਾਪਿਆ ਕਾਮਰੇਡ ਬਣਿਆਂ ਸਾਰੇ ਮਸਲਿਆਂ ਦਾ ਹਲ ਨਿਕਲ ਆਓਂਦਾ ਹੈ ਤੇ ਕਾਮਰੇਡ ਬਣਕੇ ਸਾਰੀ ਦੁਨੀਆਂ ਹਿਲਾਈ ਜਾ ਸਕਦੀ ਹੈ। ਪੰਜਾਬ ਵਿਚ ਓਹ ਦੌਰ ਵੀ ਰਿਹਾ ਜਦ ਬੀੜੀ ਦਾ ਫਰਾਟਾ ਮਾਰ ਕੇ ਖੁਦ ਨੂੰ ਕਾਮਰੇਡ ਜਾਂ ਸਾਥੀ ਕਹਾਓਂਣਾ ਮਾਣ ਵਾਲੀ ਗਲ ਸਮਝੀ ਜਾਂਦੀ ਸੀ ਅਤੇ ਕਾਮਰੇਡੀ ਦੀ ਪਓੜੀ ਦਾ ਪਹਿਲਾ ਡੰਡਾ ਚੜਨ ਲਈ ਬੱਤੀ ਦੇ ਧੂੰਏ ਵਿਚਦੀ ਲੰਘਣ ਵਰਗੀ 'ਕੁਰਬਾਨੀ' ਦੇਣ ਵਾਲੇ ਨੂੰ 'ਡਿਗਰੀ ਪਾਸ' ਕਾਮਰੇਡ ਸਮਝਿਆ ਜਾਣ ਲਗਾ ਸੀ।

ਪੰਜਾਬ ਵਿਚਲੇ ਕਾਮਰੇਡਾਂ ਦਾ ਈਮਾਨ, ਧਰਮ, ਦੀਨ, ਮੱਕਾ ਸਭ ਰੂਸ ਤੋਂ ਸ਼ੁਰੂ ਹੋ ਕੇ ਰੂਸ ਤਕ ਹੀ ਖਤਮ ਹੋ ਜਾਂਦਾ ਸੀ। ਰੂਸ ਦੇ ਇੰਦਰਾ ਗਾਂਧੀ ਨਾਲ ਸਬੰਧ ਚੰਗੇ ਹੋਣ ਕਾਰਨ ਰੂਸ ਦੀ ਸ਼ਰਧਾ ਵਿਚ ਅੰਨੇ ਕਾਮਰੇਡ ਇੰਦਰਾ ਗਾਂਧੀ ਦੀ ਐਮਰਜੈਂਸੀ ਦੇ ਵੀ ਹੱਕ ਵਿਚ ਜਾ ਖੜੋਏ ਅਤੇ ਇੰਦਰਾ ਵਲੋਂ ਦਰਬਾਰ ਸਾਹਬ ਉਪਰ ਚਾਹੜੇ ਫੌਜਾਂ ਦੇ ਕਟਕਾਂ ਨੂੰ ਵੀ ਪੰਜਾਬ ਦੇ ਕਾਮਰੇਡਾਂ ਜੀਓ ਆਏ ਆਖਿਆ!

ਥਰਡ ਕਲਾਸ ਕਾਮਰੇਡ ਤਾਂ ਝੋਲੇ ਚੁਕੀ ਜਜਬਾਤੀ ਹੋਏ ਜੁਤੀਆਂ ਈ ਤੋੜਦੇ ਰਹੇ ਜਦ ਕਿ ਕਾਮਰੇਡ ਹੋਣ ਦੇ ਅਸਲੀ ਬੁੱਲੇ ਤਾਂ ਉਪਰਲੇ ਕਾਮਰੇਡਾਂ ਲੁਟੇ। ਜੀਹਨਾ ਰੂਸੀ ਕਿਤਾਬਾਂ, ਰਸਾਲੇ, ਸਹਿਤ, ਛਪਾਈ ਕਢਾਈ ਰਾਹੀਂ ਹਥ ਤਾਂ ਰੰਗੇ ਹੀ ਰੰਗੇ ਬਲਕਿ ਮੁਫਤੀਆਂ ਰੂਸੀ ਸੈਰਾਂ ਦੇ ਨਜਾਰੇ ਵੀ ਲਏ।

ਸੈਰਾਂ ਦੇ ਮੁਫਤੇ ਮੁਰਗੇ, ਸ਼ਰਾਬਾਂ, ਰੂਸ ਵਲੋਂ ਮੁਹਈਆ ਕੀਤੀਆਂ ਜਾਦੀਆਂ ਰਹੀਆਂ ਚਿਟੀਆਂ ਮਾਈਆਂ ਅਤੇ ਵੋਦਕਾ ਦੇ ਪਿਆਲੇ ਵਿਚ ਡੁਬ ਕੇ ਰਹਿ ਗਿਆ ਕਾਮਰੇਡਾਂ ਦਾ ਈਮਾਨ ਜੀਹਨਾ ਪੰਜਾਬ ਦੇ ਹਰ ਮਸਲੇ ਤੇ ਪੰਜਾਬ ਨਾਲ ਦਗਾ ਤਾਂ ਕਮਾਇਆ ਹੀ ਕਮਾਇਆ ਬਲਕਿ ਖਾਲਸਾ ਜੀ ਦੇ ਖੂਨ ਨਾਲ ਲਿਖੇ ਗਏ ਅਣਖੀਲੇ ਇਤਹਾਸ ਉਪਰ ਵੀ ਦਿਲ ਖੋਹਲ ਕੇ ਕਾਲਖ ਪੋਚੀ।

ਪ੍ਰਗਤੀਵਾਦ ਦੀਆਂ ਚੋਰ ਮੋਰੀਆਂ ਰਾਹੀਂ ਪਾਸ਼ ਵਰਗੇ ਲੰਡਰ ਜਿਹੇ ਕਵੀ ਵੀ ਸਿਰਮੌਰ ਹੋ ਗਏ ਅਤੇ ਕੋਠਿਆਂ ਦੀਆਂ ਕਹਾਣੀਆਂ ਲਿਖਣ ਵਾਲੇ "ਸੜਕਨਾਮੇ" ਵਰਗੇ ਸੜਕਛਾਪ ਵੀ ਪੁਰਸਤਕਾਰ ਵਿਜੇਤਾ ਹੋ ਨਿਬੜੇ।

ਰੂਸ ਨੇ ਅਪਣੇਂ ਇਨਕਲਾਬ ਦੀ ਗੱਡੀ ਰਿਹੜਨ ਖਾਤਰ ਬੇਹਦ ਸਰਮਾਇਆ ਰੋਹੜਿਆ ਅਤੇ ਕਹਿੰਦੀਆਂ ਕਹਾਓਂਦੀਆਂ ਕਲਮਾਂ ਨੂੰ ਅਪਣੇ ਕੋਠੇ ਤੇ ਨਚਾਇਆ ਜਿਸ ਵਿਚ ਪੰਜਾਬ ਦੇ ਕਾਮਰੇਡਾਂ ਦੀਆਂ ਕਲਮਾ ਵੀ ਖੁੰਡੀਆਂ ਹੀ ਨਹੀਂ ਬਲਕਿ ਰੰਡੀਆਂ ਵੀ ਕੀਤੀਆਂ!

ਰੂਸ ਦੇ ਭੂਏ ਕੀਤੇ ਪੰਜਾਬ ਦੇ ਕਾਮਰੇਡਾਂ ਪੰਜਾਬ ਦੇ ਵਾਜਬ ਮਸਲਿਆਂ ਉਪਰ ਕੇਵਲ ਨਾਂਹ ਪੱਖੀ ਰਵਈਆ ਹੀ ਨਹੀ ਅਪਣਾਈ ਰਖਿਆ ਬਲਕਿ ਪੰਜਾਬ ਦੇ ਗੈਰਤਮੰਦ ਖਾਲਸਾ ਜੀ ਦੇ ਇਤਿਹਾਸ ਦਾ ਵੀ ਚੀਰ ਹਰਣ ਕੀਤਾ ਅਤੇ ਨਫਰਤ ਦੀ ਹਦ ਤਕ ਘਟੀਆ ਰੁਖ ਅਪਣਾਇਆ।

ਜਿਸ ਵਿਚ ਸੜਕਨਾਮਾ ਜਾਂ ਪਾਸ਼ ਵਰਗੇ ਥਰਡ ਕਲਾਸ ਲੇਖਕ ਤਾਂ ਹੈਨ ਹੀ ਸਨ ਬਲਕਿ ਸੰਤ ਸਿੰਘ ਸੇਖੋ, ਪ੍ਰੀਤ ਲੜੀ ਗੁਰਬਖਸ਼ ਸਿੰਘ, ਨਾਟਕਕਾਰ ਗੁਰਸ਼ਰਨ ਸਿੰਘ ਵਰਗੇ ਵੀ ਸ਼ਾਮਲ ਰਹੇ।

ਸਤਪਾਲ ਡਾਂਗ ਅਤੇ ਜਗਜੀਤ ਅਨੰਦ ਵਰਗੇ ਜਨੂੰਨੀ ਦੇਸ਼ ਭਗਤ ਕਾਮਰੇਡਾਂ ਪੰਜਾਬ ਦੇ ਆਹੂ ਲਾਹੁਣ ਵਾਲੇ ਕੇ ਪੀ ਗਿਲ ਵਰਗੇ ਬੁੱਚੜਾਂ ਨੂੰ ਅਪਣੀਆਂ ਖੁੰਡੀਆਂ ਕਲਮਾਂ ਨਾਲ ਹੀਰੋ ਬਣਾ ਕੇ ਪੇਸ਼ ਕੀਤਾ।

ਸਿੱਖਾਂ ਪ੍ਰਤੀ ਨਫਰਤ ਦੀ ਇੰਤਹਾ ਕਹੀ ਜਾ ਸਕਦੀ ਪੰਜਾਬ ਦੇ ਕਾਮਰੇਡਾਂ ਦੀ ਜਦ ਇਨੀ ਬੰਗਾਲ ਵਿਚ ਨਸਲਬਾੜੀਆਂ ਦਾ ਬੀਜ ਨਾਸ ਕਰਨ ਵਾਲੇ ਸਿਧਾਰਥ ਸ਼ੰਕਰ ਰੇਅ ਵਰਗੇ ਜਾਬਰਾਂ ਨਾਲ ਵੀ ਜਫੀਆਂ ਪਾਓਂਣੋ ਸ਼ਰਮ ਨਾ ਕੀਤੀ ਅਤੇ ਉਸ ਦੇ ਪੰਜਾਬ ਵਿਚ ਗਵਰਨਰ ਬਣਨ ਵੇਲੇ ਉਸ ਦੇ ਸੱਦੇ ਤੇ ਚੰਡੀਗੜ ਮਹਿਫਲਾਂ ਸਜਾਓਂਦੇ ਰਹੇ, ਉਸ ਦੀ ਹਾਜਰੀ ਭਰਦੇ ਰਹੇ ਅਤੇ ਉਸ ਦੀ ਮੁਫਤੀ ਪੀਤੀ ਸ਼ਰਾਬ ਨਾਲ ਰਾਜ ਭਵਨ ਦੇ ਕਲੀਨ ਲਿਬੇੜਦੇ ਫਿਰਦੇ ਰਹੇ।

84 ਦੌਰ ਵੇਲੇ ਪੰਜਾਬ ਜਿਥੇ ਅਪਣੇ ਹਕਾਂ ਖਾਤਰ ਸਿਰ ਧੜ ਦੀ ਲੜਾਈ ਲੜ ਰਿਹਾ ਸੀ ਉਥੇ ਇਹ ਓਨਾ ਨੂੰ ਰਾਖਸ਼, ਗੁੰਡੇ, ਬਦਮਾਸ਼, ਜਨੂੰਨੀ, ਹਿੰਸਾਵਾਦੀ, ਅੱਤਵਾਦੀ ਤੇ ਪਤਾ ਨਹੀ ਕਿਹੜੇ ਕਿਹੜੇ ਮੈਡਲ ਦਿੰਦੇ ਫਿਰਦੇ ਰਹੇ।

ਇਨਾ ਦਾ ਨਾਟਕਕਾਰ ਗੁਰਸ਼ਰਨ ਸਿੰਘ ਵਰਗਾ ਕਹਿ ਰਿਹਾ ਸੀ ਧਾਰਮਿਕ ਜਨੂੰਨੀ ਕਦੇ ਇਨਕਲਾਬੀ ਨਹੀਂ ਹੁੰਦਾ। ਇਨਾ ਦੀ ਵਿਰੋਧਤਾ ਫਲਸਫੇ ਨਾਲ ਵੀ ਅਤੇ ਹਥਿਆਰਾਂ ਨਾਲ ਵੀ ਹੋਵੇਗੀ। ਗੁਰਸ਼ਰਨ ਨੂੰ ਤਾਂ ਅਜੀਤ ਕੌਰ ਦੇ 'ਲਹੂ ਦੇ ਚੁਬੱਚੇ' ਵਾਲੀ ਕਹਾਣੀ ਵੀ ਹਜ਼ਮ ਨਾ ਸੀ ਹੋਈ ਤੇ ਕਾਮਰੇਡਾਂ ਦੇ ਜਜ਼ਬਾਤੀ ਪੋਸਟ ਕਹਿਣ ਤਰਾਂ ਜਜ਼ਬਾਤੀ ਕਹਾਣੀ ਕਹਿ ਕੇ ਉਸ ਦਾ ਮਖੌਲ ਉਡਾਓਂਦਾ ਰਿਹਾ।

ਗੁਰੂ ਸਾਹਿਬਾਨਾਂ ਪ੍ਰਤੀ ਅਪਮਾਨ ਜਨਕ ਟਿੱਪਣੀਆਂ, ਨੀਵੇਂ ਪੱਧਰ ਦੀ ਚੁਟਕਲੇਬਾਜੀ, ਗੁਰਬਾਣੀ ਦਾ ਮਖੌਲ ਉਡਾਓਂਣਾ, ਸਿੱਖ ਇਤਿਹਾਸ ਪ੍ਰਤੀ ਘਟੀਆ ਦੂਸ਼ਣਬਾਜ਼ੀ ਕਾਮਰੇਡਾਂ ਦੀਆਂ ਮਹਿਫਲਾਂ ਵਿੱਚ ਆਮ ਗਲ ਰਹੀ ਹੈ ਜਿਸ ਦੇ ਖੁਲਾਸੇ ਮੈਂ ਕਈ ਚਿਰ ਪਹਿਲਾਂ ਖਬਰਦਾਰ ਮੈਗਜੀਨ ਵਿੱਚ ਕੀਤੇ ਸਨ, ਜਿਸ ਨੂੰ ਲੈ ਕੇ ਇਹ ਕੋਟਾਂ ਵਕੀਲਾਂ ਦੇ ਦੌੜੇ ਸਨ, ਪਰ ਮੇਰਾ ਦਸਣ ਦਾ ਮਤਲਬ ਇਨਾ ਸੀ ਕਿ ਇਹ ਨਸਲਾਂ ਤੁਹਾਡੀਆਂ ਨਾ ਪੰਜਾਬ ਦੀਆਂ ਖੈਰਖਾਹ ਕਦੇ ਨਹੀਂ ਹੋ ਸਕਦੀਆਂ ਕਿਉਂਕਿ ਕੱਟੜਤਾ ਤਹਿਤ ਨਫਰਤ ਨਾਲ ਭਰਿਆ ਬੰਦਾ ਕਦੇ ਵਿਸਵਾਸ਼ ਜੋਗ ਨਹੀਂ ਹੁੰਦਾ ! ਕਿ ਹੁੰਦਾ?


ਟਿੱਪਣੀ: ਸ. ਗੁਰਦੇਵ ਸਿੰਘ ਸੱਧੇਵਾਲੀਆ ਜੀ ਦੀਆਂ ਲਿਖਤਾਂ ਹਮੇਸ਼ਾਂ ਦੀ ਤਰ੍ਹਾਂ ਦਿਲ ਟੁੰਬਵੀਆਂ ਅਤੇ ਦਿਲ ਦੀਆਂ ਗਹਿਰਾਈਆਂ ਤੋਂ ਲਿਖੀਆਂ ਹੁੰਦੀਆਂ ਹਨ। ਉਨ੍ਹਾਂ ਦਾ ਇਹ ਲੇਖ ਵੀ ਉਸੀ ਲੜ੍ਹੀ ਦਾ ਇੱਕ ਹਿੱਸਾ ਹੈ। ਉਨ੍ਹਾਂ ਦਾ ਇਸ ਲੇਖ ਵਿੱਚ ਇਹ ਕਥਨ ਕਿ "ਗੁਰੂ ਸਾਹਿਬਾਨਾਂ ਪ੍ਰਤੀ ਅਪਮਾਨ ਜਨਕ ਟਿੱਪਣੀਆਂ, ਨੀਵੇਂ ਪੱਧਰ ਦੀ ਚੁਟਕਲੇਬਾਜੀ, ਗੁਰਬਾਣੀ ਦਾ ਮਖੌਲ ਉਡਾਓਂਣਾ, ਸਿੱਖ ਇਤਿਹਾਸ ਪ੍ਰਤੀ ਘਟੀਆ ਦੂਸ਼ਣਬਾਜ਼ੀ ਕਾਮਰੇਡਾਂ ਦੀਆਂ ਮਹਿਫਲਾਂ ਵਿੱਚ ਆਮ ਗਲ ਰਹੀ ਹੈ ।" ਮੌਜੂਦਾ ਦੌਰ ਦੀ "ਰੂਸੀ ਕਤੀੜ" ਸਾਧ ਢੱਡਰੀਆਂਵਾਲੇ ਅਤੇ ਹਰਨੇਕ ਜੁੰਡਲੀ ਨਾਲ ਵੀ ਹੂਬਹੂ ਮਿਲਦਾ ਹੈ। - ਸੰਪਾਦਕ ਖ਼ਾਲਸਾ ਨਿਊਜ਼


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top