Khalsa News homepage

 

 Share on Facebook

Main News Page

ਜੱਟ ਦਲਿਤ-ਅਮੀਰ ਗਰੀਬ
-: ਗੁਰਦੇਵ ਸਿੰਘ ਸੱਧੇਵਾਲੀਆ  22.10.2020
#KhalsaNews #GurdevSinghSadhewalia #Jatt #Dalit #Jesus

ਜਾਤਾਂ ਦੋ ਈ ਬਾਕੀ ਤਾਂ ਐਵੇਂ ਭਾਰ ਈ ਹੈ.. ਜੱਟ ਦਲਿਤ ਜਾਂ ਤਖਾਣ ਨਾਈ ਕੋਈ ਵੀ ਮੋਢਿਆਂ 'ਤੇ ਚੁਕੀ ਫਿਰੇ।

ਜਾਤੀ ਸੂਚਕ ਨਾਂ ਵਰਤਣ ਦੀ ਪਹਿਲਾਂ ਈ ਮਾਫੀ ਚਾਹਾਂਗਾ। ਕੇਵਲ ਗਲ ਸਪਸ਼ਟ ਕਰਨ ਲਈ ਤਾਂ ਕਿ ਮੈਨੂੰ ਵਾਰ ਵਾਰ ਅਖੌਤੀ ਯਾਣੀ ਸੋ ਕਾਲਡ ਨਾ ਵਰਤਣਾ ਪਏ।

ਮੇਰਾ ਬੜਾ ਪਿਆਰਾ ਮਿਤਰ ਗੁਰਸਿੱਖ ਬੰਦਾ, ਰਹਿਤ ਵਾਲਾ ਸਿੰਘ। ਪਰਿਵਾਰਕ ਆਉਣ ਜਾਣ ਚਿਰਾਂ ਦਾ ਪਰ ਮੈਨੂੰ ਪਤਾ ਉਸ ਸਮੇਂ ਲਗਾ ਕਿ ਉਹ ਚਮਾਰ ਹੈ ਜਦ ਵਿਆਨਾ ਵਾਲਾ ਕਾਂਡ ਹੋਇਆ। ਪਰ ਪਤਾ ਲਗਣ ਬਾਅਦ ਮੈਨੂੰ ਜਾਂ ਉਸ ਨੂੰ ਕਦੇ ਮਹਿਸੂਸ ਨਹੀਂ ਹੋਇਆ ਕਿ ਸਾਡੇ ਵਿਚ ਕੋਈ ਫਰਕ ਪਿਆ ਜਾਂ ਤਬਦੀਲੀ ਆਈ।

ਉਸ ਗਲ ਸੁਣਾਈ ਬੂਟਾ ਸਿੰਘ ਸ਼ਾਇਦ ਚਮਾਰ ਜਾਂ ਮਜਬੀ। ਉਸ ਦਾ ਭਾਣਜਾ ਜੋਗਿੰਦਰ ਮਾਨ। ਯਾਦ ਰਹੇ ਮਾਨ, ਗਿਲ ਜਾਂ ਭਟੀ ਜਾਂ ਸਹੋਤਾ ਜੱਟਾਂ ਵਿਚ ਵੀ ਨੇ ਦੂਜਿਆਂ ਵਿੱਚ ਵੀ।

ਮਾਨ ਦੇ ਪਿੰਡੋਂ ਕੋਈ ਜੱਟ ਨੇ ਕੋਈ ਕੰਮ ਕਢਾਓਂਣ ਖਾਤਰ ਜੋਗਿੰਦਰ ਤੋਂ ਚਿਠੀ ਲੈਣੀ ਸੀ। ਜੋਗਿੰਦਰ ਸਿੰਘ ਨੇ ਫਗਵਾੜੇ ਕੋਠੀ ਮੂਹਰੇ ਸ਼ੌਂਕ ਵਜੋਂ ਪੰਜ ਚਾਰ ਬਾਂਦਰ ਰਖੇ ਹੋਏ ਸਨ ਤੇ ਜੱਟ ਸਾਹਬ ਹੁਰੀਂ ਕੋਠੀ ਵੜਨ ਤੋਂ ਪਹਿਲਾਂ ਬਾਂਦਰਾਂ ਨੂੰ ਮੱਥਾ ਟੇਕੀ ਜਾਣ।

ਖੈਰ ਜੋਗਿੰਦਰ ਸਿੰਘ ਨੇ ਆਪਣਾ ਪੇਂਡੂ ਜਾਣ ਚੰਗੀ ਆਓ ਭਗਤ ਕੀਤੀ ਅਤੇ ਜਦ ਜੱਟ ਹੁਰੀਂ ਤੁਰਨ ਲਗੇ ਤਾਂ ਮਾਨ ਹਸ ਕੇ ਕਹਿੰਦਾ ਜੱਟ ਸਿਆਂ ਪਿੰਡ ਤਾਂ ਸਾਨੂੰ ਚੂਹੜੇ ਚਮਾਰ ਕਹਿਕੇ ਨਕੇ ਨਹੀਂ ਚਾਹੜਦੇ ਇਥੇ ਮੇਰੇ ਬਾਦਰਾਂ ਨੂੰ ਈ ਮਥਾ ਟੇਕੀ ਫਿਰਦਾ ਸੀ।

ਬੂਟਾ ਸਿੰਘ ਨਾਨਕਸਰੀਆਂ ਦਾ ਬੜਾ ਸ਼ਰਧਾਲੂ ਸੀ। ਉਹ ਜਦ ਜਗਰਾਓਂ ਵਾਲੇ ਵੱਡੇ ਠਾਠ ਜਾਂਦਾ ਸੀ ਤਾਂ ਗੱਡੀ ਦੀ ਬਾਰੀ ਖੋਹਲਣ ਤੋਂ ਈ ਉਸ ਦੀ ਸੇਵਾ ਸ਼ੁਰੂ ਹੋ ਜਾਂਦੀ ਸੀ । ਤੁੜਕੇ ਰੈਤੇ ਕਮਰਿਆਂ ਵਿੱਚ। ਪਰ ਹਰ ਪੂਰਨਮਾਸ਼ੀ 'ਤੇ ਖੰਡੇ ਦੀ ਪਾਹੁਲ ਵੇਲੇ ਨਾਨਕਸਰੀਏ ਦਲਿਤਾਂ ਦੇ ਬਾਟੇ ਅੱਡ ਕਰ ਦਿੰਦੇ ਸਨ! ਇਸ ਗਲੇ ਜਦ ਇਕ ਵਾਰੀ ਅਸੀਂ ਅੰਮ੍ਰਿਤ ਛਕਾਉਣ ਦੇ ਮੋਹਰੀ ਬਾਬੇ ਗੇਜਾ ਸਿਓਂ ਨਾਲ ਜਦ ਬਹਿਸੇ ਤਾਂ ਉਹ ਇਕੋ ਗਲ 'ਤੇ ਅੜੀ ਗਿਆ ਕਿ ਵੱਡੇ ਬਾਬਾ ਜੀ ਕਹਿੰਦੇ ਹੁੰਦੇ ਸਨ ਇਨ੍ਹਾਂ ਦੇ ਪਿਛਲੇ ਜਨਮਾਂ ਦੇ ਕਰਮਾ ਕਰਕੇ ਇਓਂ ਹੁੰਦਾ ਇਨਾਂ ਨਾਲ ਜਦਕਿ ਬਾਬਾ ਗੇਜਾ ਸਿਓਂ ਖੁਦ ਆਖਿਆ ਜਾਂਦਾ ਨਾਈ ਸੀ।

ਪੰਜਾਬ ਵਿੱਚ ਦਲਿਤਾਂ ਨੂੰ ਦਲਿਤ ਹੋਣ ਕਾਰਨ ਸਰਕਾਰ ਵੰਨੀਓਂ ਕੁੱਝ ਖਾਸ ਸਹੂਲਤਾਂ ਤੇ ਭੱਤੇ ਮਿਲਦੇ ਹਨ। ਪਰ ਪੰਜਾਬ ਵਿੱਚ ਦਲਿਤਾਂ ਵੰਨੀ ਈਸਾਈ ਬਣਨ ਦਾ ਰੁਝਾਨ ਕਾਫੀ ਜੋਰ ਫੜ ਰਿਹਾ ਹੈ। ਕੁੱਝ ਦਲਿਤ ਜਦ ਈਸਾਈ ਬਣੇ ਤਾਂ ਓਨੀ ਚਾਅ ਚਾਅ ਵਿੱਚ ਅਪਣਾਂ ਨਾਮ ਵੀ ਬਦਲ ਕੇ "ਪੀਟਰ ਜੋਸਫ" ਰੱਖ ਲਿਆ। ਈਸਾਈ ਬਣਨ ਨਾਲ ਉਹ ਦਲਿਤਾਂ ਵਾਲੀ ਕੈਟਗਿਰੀ ਵਿਚੋਂ ਬਾਹਰ ਹੋ ਗਏ ਤਾਂ ਸਰਕਾਰ ਨੇ ਵਾਧੂ ਦੀਆਂ ਦਿੱਤੀਆਂ ਸਹੂਲਤਾਂ ਬੰਦ ਕਰ ਦਿਤੀਆਂ। ਜਦ ਪਤਾ ਲਗਾ ਕਿ ਇਹ ਨਾਮ ਬਦਲਣ ਵਾਲਾ ਚਾਅ ਤਾਂ ਮਹਿੰਗਾ ਪੈ ਗਿਆ ਤਾਂ ਚਲ ਕਚਹਿਰੀ ਕਿ ਭਰਾਵੋ ਪਹਿਲਾਂ ਵਾਲੇ "ਸਿੰਘ" ਨਾਲ ਈ ਜੀਸਸ ਮੰਨਾ ਲਾਂਗੇ ਸਿੱਧਾ ਜੀਸਸ ਤਾਂ ਲੈ ਬੈਠਾ ਸੀ।

ਬੰਦੇ ਦੀ ਜਾਤ ਉਹੀ ਜਿਹੜੀ ਉਸ ਦਾ ਮਸਲਾ ਹਲ ਕਰੇ ਚਾਹੇ ਜਟ ਹੋ ਕੇ ਜਾਂ ਦਲਿਤ ਰਹਿ ਕੇ।

ਜੱਟ ਮਾੜਾ ਤਾਂ ਦਲਿਤ ਧਕਾ ਕਰੂ, ਦਲਿਤ ਮਾੜਾ ਤਾਂ ਜਟ। ਬੂਟਾ ਸਿੰਘ ਤਾਕਤ ਦਾ ਪ੍ਰਤੀਕ ਸੀ ਜਾਤ ਕਿਸ ਪੁੱਛਣੀ ਸੀ। ਇਸ ਦਾ ਮਤਲਬ ਜਾਤ ਨਹੀਂ ਬਲਕਿ ਤਾਕਤ ਮਸਲਾ ਹੈ।

ਭਾਰਤ ਵਿੱਚ ਦਲਿਤ ਜਿੰਨੀ ਤਾਕਤ ਕਿਸੇ ਕੋਲ ਵੀ ਨਹੀਂ ਪਰ ਦਲਿਤ ਦੀ ਹਾਲਤ ਜੱਟ ਦੇ ਉਪਰ ਬੈਠੇ ਈ ਡਰੀ ਜਾਣ ਵਾਲੇ ਉਸ ਬਾਣੀਏ ਵਰਗੀ ਹੈ ਜਿਸ ਨੂੰ ਭਰੋਸਾ ਹੀ ਨਹੀਂ ਕਿ ਉਹ ਉਪਰ ਚੜੀ ਬੈਠਾ ਰਹਿ ਵੀ ਸਕਦਾ।

ਦਲਿਤ ਬੋਧੀ ਬਣ ਰਹੇ ਹਨ, ਈਸਾਈ ਬਣ ਰਹੇ ਹਨ, ਪਰ ਜੱਟਾਂ ਦੇ ਕੱਟੜ ਵਿਰੋਧੀ ਹੋਣ ਕਾਰਨ ਸਿੱਖੀ ਉਪਰ ਤਿੱਖੇ ਬਾਣ ਕੱਸਣ ਵਾਲੇ ਗੁਰਨਾਮ ਸਿੰਘ ਮੁਕਤਸਰ ਨੂੰ ਵੀ ਕਹਿਣਾ ਪਿਆ ਬ੍ਰਾਹਮਣ ਨਾਲ ਸਿੱਖ ਯਾਣੀ ਖਾਲਸਾ ਹੋ ਕੇ ਹੀ ਭਿੜਿਆ ਜਾ ਸਕਦਾ। ਜਦ ਮੈਂ ਜੱਟ ਵੰਨੀ ਦੇਖ ਸਿੱਖ ਹੋਣ ਦਾ ਪੈਮਾਨਾ ਤੈਅ ਕਰਾਂਗਾ ਤਾਂ ਮੈਨੂੰ ਈਸਾਈ ਜਾਂ ਬੋਧੀ ਹੀ ਬਣਨਾ ਪਵੇਗਾ ਜਿਸ ਨਾਲ ਮੇਰੇ ਮਨ ਨੂੰ ਬ੍ਰਾਹਮਣ ਤੋਂ ਸੁਰਖਰੂ ਹੋਣ ਦੀ ਤਸੱਲੀ ਤਾਂ ਮਿਲ ਸਕਦੀ ਪਰ ਭਿੜ ਹੋਣਾ ਔਖਾ ਹੈ।

ਇਤਿਹਾਸ ਦੇ ਵਾਕਫ ਜਾਣਦੇ ਹਨ ਕਿ ਤੱਕੜੀ ਤੋਲਣ ਵਾਲੇ ਤੇ ਘੋੜਾ ਹਿਣਕੇ ਤੇ ਸਹਿ ਜਾਣ ਵਾਲੇ ਜਦ ਖਾਲਸੇ ਵਿੱਚ ਸ਼ਾਮਲ ਹੋ ਕੇ ਵਾਪਸ ਪਿੰਡੀਂ ਮੁੜਦੇ ਸਨ ਤਾਂ ਦੂਜਿਆਂ ਨੂੰ ਪੁਛਦੇ ਸਨ ਕੋਈ ਮੁਗਲ ਸ਼ੁਗਲ ਤੰਗ ਤਾਂ ਨਹੀਂ ਕਰਦਾ?

ਇਹੀ ਕਾਰਨ ਸੀ ਕਿ ਗਾਂਧੀ, ਡਾਕਟਰ ਅੰਬੇਡਕਰ ਨੂੰ ਮੁਸਲਮਾਨ ਜਾਂ ਬੋਧੀ ਹੋਣਾ ਤਾਂ ਪਰਵਾਨ ਕਰ ਸਕਦਾ ਸੀ, ਪਰ ਸਿੱਖ ਨਹੀਂ। ਪਤਾ ਕਿਉਂ?

ਸਿੱਖ ਹੋਣ ਨਾਲ ਤਿੱਖੀ ਧਾਰ ਵਾਲਾ ਦਸ ਕਿਲੋ ਲੋਹਾ ਅਤੇ ਜੰਗਜੂ ਲਹੂ ਚੋਂਦਾ ਇਤਿਹਾਸ ਵੀ ਨਾਲ ਆਉਣਾ ਸੀ, ਜਿਹੜਾ ਗਾਂਧੀ ਕਿਆਂ ਦੇ ਹਲ਼ਕ ਵਿਚੋਂ ਕਦੇ ਉਤਰ ਨਾ ਪਾਉਂਦਾ। ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top