Khalsa News homepage

 

 Share on Facebook

Main News Page

ਸਿਰੁ ਨੀਂਵਾਂ ਕਰਿ ਦੇਖੁ
-: ਗੁਰਦੇਵ ਸਿੰਘ ਸੱਧੇਵਾਲੀਆ
30.01.2020

ਸਿਰ ਹੀ ਤਾਂ ਨੀਵਾਂ ਨਹੀਂ ਹੁੰਦਾ! ਧੌਣ ਹੀ ਤਾਂ ਆਕੜੀ ਰਹਿੰਦੀ! ਧੋਣ ਵਾਲਾ ਕੀਲਾ ਹੀ ਤਾਂ ਪੁੱਟ ਨਹੀਂ ਹੁੰਦਾ ਬੰਦੇ ਤੋਂ ਸਾਰੀ ਉਮਰ। ਮਰਨ ਤੱਕ ਵੀ ਨਾ! ਆਖਰੀ ਦਮ ਤੱਕ!

ਆਪਨੜੇ ਗਿਰੀਵਾਨ ਮਹਿ ਸਿਰੁ ਨੀਂਵਾਂ ਕਰਿ ਦੇਖੁ ਸਿਰ ਨੀਵਾਂ ਹੋਊ ਤਾਂ ਅਪਣਾ ਗਿਰੇਵਾਨ ਦਿਸੂ। ਧੌਣ ਅਕੜਾ ਕੇ ਕਦੇ ਹੇਠਾਂ ਦੇਖਿਆ ਜਾ ਸਕਦਾ? ਕਦੇ ਧਨ ਮੇਰੀ ਧੋਣ ਅਕੜਾ ਦਿੰਦਾ ਕਦੇ ਧਰਮ! ਧਰਮ ਵਾਲਾ ਤਾਂ ਦੁਹਾਈਆਂ ਦੇ ਰਿਹਾ ਕਿ ਅਪਣੇ ਗਿਰੇਵਾਨ ਵੰਨੀ ਦੇਖ ਪਰ ਮੈਂ ਉਸ ਦੇ ਨਾਮ ਤੇ ਹੀ ਧੌਣ ਸਾਹਨੇ ਤਰ੍ਹਾਂ ਅਕੜਾ ਲਈ! ਦਵਾ ਨੂੰ ਹੀ ਬਿਮਾਰੀ ਬਣਾ ਲਿਆ? ਜਿਸ ਗੱਲ ਨੇ ਮੇਰਾ ਇਲਾਜ ਕਰਨਾ ਸੀ ਉਹੀ ਬਿਮਾਰੀ ਬਣ ਗਈ?

ਗਿਆਨ ਦਾ ਤਾਂ ਮੱਤਲਬ ਸੀ ਕਿ ਬੰਦਾ ਤੰਦਰੁਸਤ ਹੋਵੇ ਪਰ ਗਿਆਨ ਹੀ ਮੇਰਾ ਵੈਰੀ ਹੋ ਨਿਬੜਿਆ! ਗਿਆਨ ਨੇ ਰਾਹ ਦੱਸਣਾ ਸੀ ਯਾਣੀ ਚਾਨਣ ਪਰ ਗਿਆਨ ਹੀ ਹਨੇਰਾ ਬਣ ਗਿਆ? ਇਨਾ ਗਾਹੜਾ ਕਿ ਬੰਦੇ ਈ ਪੈਰਾਂ ਹੇਠ ਮਿੱਧੀ ਜਾਂਨਾ? ਬੰਦਾ ਈ ਦਿੱਸਣੋ ਹਟ ਗਿਆ। ਸਿਰੀ ਚੰਦ ਨੂੰ ਈ ਕੁੜੀ ਬਣਾ ਧਰਿਆ ! ਸਾਰੀ ਸ਼ਰਮ ਲਾਹ ਕੇ! ਇਨਾ ਹਨੇਰਾ ਵੀ ਕਰ ਦਿੰਦਾ ਗਿਆਨ?

ਸਿਰ ਇਨਾ ਉਚਾ ਵੀ ਆਖ ਕਿ ਹੇਠਾਂ ਧਰਤੀ ਹੀ ਦਿੱਸਣੋ ਹਟ ਗਈ! ਦਰਅਸਲ ਹੋਇਆ ਕੀ ਕਿ ਜਿਹੜਾ ਬੰਦਾ ਕੱਲ ਤੱਕ ਦਲੀਅੇ ਅਤੇ ਖਿਚੜੀ ਉਪਰ ਨਿਰਭਰ ਸੀ ਉਸ ਦੇ ਸਿੱਧਾ ਈ ਆਲੂਆਂ ਵਾਲੇ ਪਰੋਂਠੇ ਠੂਸ ਦਿੱਤੇ। ਨਾਲ ਲੱਪ ਮੱਖਣ ਦੀ ਤੇ ਕੌਲਾ ਦਹੀਂ ਦਾ। ਹੁਣ ਤੁਸੀਂ ਕਹਿੰਨੇ ਉਲਟੀਆਂ ਕਰੀ ਜਾਂਦਾ। ਉਲਟੀਆਂ ਨਾ ਕਰੂ ਤਾਂ ਕੀ ਕਰੂ? ਬੰਦੇ ਵਿਚਾਰੇ ਦੀਆਂ ਤਾਂ ਖੁਦ ਦੀਆਂ ਲੱਤਾਂ ਭਾਰ ਨਾ ਸੀ ਝਲਦੀਆਂ ਤੁਸੀਂ ਕਹੀ ਜਾਂਨੇ ਸਾਨੂੰ ਹਰੀ ਸਿੰਘ ਨਲੂਅੇ ਦੀ ਝਲਕ ਪੈਂਦੀ। ਬੰਦਾ ਮਰਵਾਉਂਣ ਵਾਲੀ ਗਲ ਹੋਈ ਨਾ ਗਰੀਬ!

ਧਰਮੀ 'ਹੋਣਾ' ਵੀ ਹਜਮ ਕਰਨਾ ਸੌਖਾ ਕਿਤੇ ! ਅਗਲਾ ਸਵੇਰੇ ਦੋ ਵਜੇ ਉਠਦਾ ਪਰ ਤੁਸੀਂ ਕਲਯੁਗੀ ਜੀਵੋ ਦੱਸ ਵਜੇ ਵੀ…? ਨਰਕਾਂ ਨੂੰ ਨਹੀਂ ਜਾਵੋਂਗੇ ਤਾਂ ਹੋਰ ਕੀ? ਤੁਹਾਡੇ ਹੱਥਾਂ ਦਾ ਖਾ ਕੇ ਮੈਂ ਵੀ ਨਰਕਾਂ ਨੂੰ? ਉਹ ਜਥਾ, ਉਹ ਕਮੇਟੀ, ਉਹ ਬਾਬੇ, ਉਹ ਡੇਰੇ ਵਾਲੇ, ਮਰਿਯਾਦਾ ਈ ਕੋਈ ਨਹੀਂ? ਬਿਬੇਕੀ ਹੋਣਾ ਸੌਖਾ ਕਿਤੇ? ਇਧਰ ਆਓ ਜੇ ਲੋਹਾ ਨਾਂ ਭਿੜਨਾ ਲਾ ਤਾ? ਤੇ ਉਹ ਆਪੇ ਅਪਣਾ ਹੀ ਲੋਹਾ ਭਿੜਾਈ ਰੱਖਦੇ ਤੇ ਚਲੋ ਜੀ ਹੋ ਗਿਆ ਬਿਬੇਕ?

ਤੇ ਹੋਸ਼ੇ ਬੰਦੇ ਕੋਲੇ ਗਿਆਨ !!! ਉਸ ਤੋਂ ਵੀ ਵੱਧ ਖਤਰਨਾਕ ! ਇਨਾ ਘਾਤਕ ! ਗੱਡੇ ਹੇਠ ਕੁੱਤਾ ਤੁਰਿਆ ਜਾਂਦਾ, ਟਟਲਿਓਲੀ ਲੱਤਾਂ ਉਤਾਂਹ ਕਰਕੇ ਸੌਂਦੀ, ਡਿੱਗ ਕੇ ਦਿਖਾਵੇ ਅਸਮਾਨ!! ਕੋਹੜ ਕਿਰਲੀ ਸ਼ਤੀਰਾਂ ਨਾ ਜੱਫੇ ! ਆਵੇ ਕੋਈ ਇਧਰ, ਕਰੇ ਮੂੰਹ ਕੋਈ ਸਾਡੇ ਵਾਲੇ ਡੇਰੇ ਵੰਨੀ !

ਮੋਠਾਂ ਦੀ ਦਾਲ 'ਤੇ ਪਲਣ ਵਾਲੇ ਭਲਵਾਨ, ਤਾਜਾ ਤਾਜਾ ਡੇਰਿਆਂ ਦਾ ਦਲੀਆਂ ਖਾ ਕੇ ਆਏ, ਹੁਣ ਸਿਰ ਕਿਥੇ ਨੀਵਾਂ ਹੋ ਜੂ ! ਅਪਣਾ ਗਿਰੇਵਾਨ ਕਿਸਨੂੰ ਦਿਸੇ ।

ਧੌਣ ਨੂੰ ਵੀ ਪਤਾ ਕਿ ਪਿੱਛੇ ਕੀਲਾ ਕਿਸਦਾ? ਪਰ ਯਾਦ ਰਹੇ ਕਿ ਸਰਕਾਰੀ ਸਹਾਰਿਆਂ ਉਪਰ ਆਕੜਨ ਵਾਲੀਆਂ ਧੌਣਾਂ ਉਪਰ ਖੜੋਤੇ ਸਿਰ ਕਦੇ ਉਚੇ ਨਹੀਂ ਹੋਏ, ਕਿਉਂਕਿ ਸੱਚ ਦਾ ਅਤੇ ਸਰਕਾਰਾਂ ਦਾ ਕਦੀਮੋਂ ਵੈਰ ਤੇ ਆਸਰੇ ਲੈ ਕੇ ਬੋਲਿਆ ਗਿਆ ਸੱਚ ਕਦੇ ਸਾਰਥਕ ਨਹੀਂ, ਲੁਭਾਊ ਜਰੂਰ ਹੁੰਦਾ! ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top