Khalsa News homepage

 

 Share on Facebook

Main News Page

ਸ੍ਰੀ ਚੰਦ ਬਨਾਮ ਨੰਦ ਸਿੰਘ ਨਾਨਕਸਰ
ਮਹਾਰਾਜ ਦੀ ਕ੍ਰਿਪਾ
-: ਗੁਰਦੇਵ ਸਿੰਘ ਸੱਧੇਵਾਲੀਆ 21.01.2011

ਬਾਬਾ ਫੌਜਾ ਸਿੰਘਦਾ ਬੱਚਪਨ ਦਾ ਮਿੱਤਰ ਸੀ ਪੰਜਾਬ। ਬਾਬਾ ਅਕਸਰ ਉਸ ਨੂੰ ਫੋਨ ਕਰਦਾ ਰਹਿੰਦਾ। ਜਦ ਵੀ ਬਾਬੇ ਉਸ ਨੂੰ ਫੋਨ ਕਰਨ ਵੇਲੇ ਹਾਲ-ਹਵਾਲ ਪੁੱਛਣਾ ਤਾਂ ਉਸ ਕਹਿਣਾ, ‘ਮਹਾਰਾਜ ਦੀ ਕ੍ਰਿਪਾ’।

ਦਰਅਸਲ ਬਾਬੇ ਨੂੰ ਬੜੇ ਚਿਰ ਬਾਅਦ ਪਤਾ ਲੱਗਾ ਕਿ ਉਸ ਦਾ ‘ਮਹਾਰਾਜ’ ਪਹਿਲਾਂ ਵਾਲਾ ਨਹੀਂ ਸੀ ਰਿਹਾ, ਉਹ ਕੰਨ ‘ਚ ਫੂਕ ਵਾਲਿਆਂ ਦੇ ਟੇਟੇ ਚੜ੍ਹ ਗਿਆ ਹੋਇਆ ਸੀ। ਪਹਿਲਾਂ ਜਿਥੇ ਉਹ ਮਹਾਰਾਜ ਗੁਰੂ ਸਾਹਿਬਾਨਾਂ ਲਈ ਸੰਬੋਧਨ ਹੁੰਦਾ ਸੀ ਹੁਣ ਉਸ ਦਾ ‘ਮਹਾਰਾਜ’ ਬਿਆਸ ਜਾ ਬੈਠਾ ਸੀ।

ਕਮਜੋਰ ਬੰਦੇ ਪਰ ਕਾਹਨੂੰ ਕਿਤੇ ਇੱਕ ਥਾਂ ਟਿੱਕਦੇ ਹਨ। ਕਈ ਚਿਰ ਬਾਅਦ ਉਸ ਦਾ ‘ਮਹਾਰਾਜ’ ‘ਬਾਬਾ ਜੀ ਦੀ ਕ੍ਰਿਪਾ’ ਵਿੱਚ ਬਦਲ ਗਿਆ! ਬਾਬੇ ਨੇ ਗੱਲ ਗੌਲੀ ਨਾ।

ਬਾਬਾ ਜਦ ਪੰਜਾਬ ਗਿਆ ਤਾਂ ਉਸ ਨੂੰ ਬਦਲੇ ਹੋਏ ਲਫਜਾਂ ਦੀ ਸਮਝ ਆਈ, ਜਦ ਉਹ ਉਸਦੀ ਸ਼ਹਿਰ ਵਿਖੇ ਪਾਈ ਹੋਈ ਆਲੀਸ਼ਾਨ ਕੋਠੀ ਗਿਆ। ਉਸ ਨੇ ਹੁਣ ਕੇਵਲ ਗੁਰੂ ਨਾਨਕ ਜੀ ਦੀ ਮੂਰਤੀ ਹੀ ਨਹੀਂ ਸੀ ਲਾਈ, ਬਲਕਿ ਬਕਾਇਦਾ ਇੱਕ ‘ਆਸਣ’ ਲਾ ਕੇ ਗੁਰੂ ਜੀ ਨੂੰ ‘ਪ੍ਰਤੱਖ’ ਬੈਠਾਇਆ ਹੋਇਆ ਸੀ, ਤੇ ਨਾਲ ਇੱਕ ਦੂਜਾ ‘ਆਸਣ’ ਬਾਬਾ ਨੰਦ ਸਿੰਘ ਦਾ ਲਾਇਆ ਹੋਇਆ ਸੀ। ਉਸ ਕਮਰੇ ਵਿੱਚ ਕੋਈ ਨਹੀਂ ਸੀ ਜਾ ਸਕਦਾ, ਕੇਵਲ ਪ੍ਰਰੀਵਾਰ ਵਾਲੇ ਜਾਂ ਬੱਚੇ ਮੂਰਤੀਆਂ ਨੂੰ ਮੱਥਾ ਟੇਕਣ ਹੀ ਜਾਂਦੇ ਸਨ।

ਬਾਬੇ ਫੌਜਾ ਸਿੰਘ ਨੇ ਜਦ ਉਸ ਦਾ ਇਹ ਤਮਾਸ਼ਾ ਜਿਹਾ ਕੀਤਾ ਦੇਖਿਆ ਤਾਂ ਬਾਬੇ ਕੋਲੋਂ ਰਹਿ ਨਾ ਹੋਇਆ ਤਾਂ ਬਾਬਾ ਕਹਿਣ ਲੱਗਾ ਕਿ ਹੋਰ ਤਾਂ ਸਭ ਠੀਕ ਹੈ, ਪਰ ਇੱਕ ਆਹ ਗੁਰੂ ਨਾਨਕ ਸਾਹਿਬ ਵਾਲੀ ਮੂਰਤੀ ਤੈਂ ਗਲਤ ਲਾਈ ਹੋਈ ਹੈ ਇਥੇ ਸ੍ਰੀ ਚੰਦ ਦੀ ਚਾਹੀਦੀ ਸੀ।

ਉਸ ਵਿੱਚ ਵੀ ਕੀ ਹਰਜ ਹੈ ਉਹ ਗੁਰੂ ਸਾਹਿਬ ਦਾ ਮਹਾਨ ਸਪੁੱਤਰ ਸੀ ਪਰ ਤੇਰਾ ਕਹਿਣ ਤੋਂ ਮੱਤਲਬ?

ਕਿਉਂਕਿ ਸ੍ਰੀ ਚੰਦ ਤੇਰੇ ਇਸ ਬਾਬਾ ਜੀ ਨਾਲ ਮੇਲ ਬਹੁਤ ਖਾਂਦਾ ਸੀ।

ਉਹ ਕਿਵੇਂ? ਉਸ ਆਪਣੀ ਤਲਖੀ ਮਹਿਮਾਨ ਸਮਝ ਕੇ ਦਬਾ ਲਈ।

ਕਹਿੰਦੇ ਨੇ ਸ੍ਰੀ ਚੰਦ ਗੁਰੂ ਦੇ ਹਰੇਕ ਕੰਮ ਦੇ ਵਿਰੁਧ ਹੀ ਰਿਹਾ।

ਉਹ ਤਾਂ ਨਾ ਬੋਲਿਆ ਉਸ ਦੀ ਪਤਨੀ ਬੋਲ ਪਈ।

ਭਾਜੀ! ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਉਹ ਗੁਰੂ ਜੀ ਦਾ ਸਪੁੱਤਰ ਸੀ?

ਸਪੁੱਤਰ ਕੀਹਨੂੰ ਕਹਿੰਦੇ?

ਜਿਹੜਾ ਬਾਪ ਦੇ ਆਖੇ ਲਗੇ।

ਤੇ ਸ੍ਰੀ ਚੰਦ ਕੀ ਲਗਿਆ?

ਕਿਵੇਂ ਨਹੀਂ?

ਬਾਬਾ ਜੀ ਨੇ ਜੋਗੀਆਂ ਦੇ ਸਿਰਾਂ ਚੋਂ ਸਵਾਹ ਕੱਢੀ, ਪਰ ਉਹੀ ਸਵਾਹ ਚੁੱਕ ਕੇ ਸ੍ਰੀ ਚੰਦ ਨੇ ਅਪਣੇ ਸਿਰ ਪਾ ਲਈ।
ਬਾਬਾ ਜੀ ਨੇ ਕਿਹਾ ਮੇਰਾ ਹੁਕਮ ਮੰਨਣ ਵਾਲਾ ਸਿੱਖ ਗ੍ਰਹਿਸਤੀ ਜੀਵਨ ਵਿੱਚ ਰਹੇਗਾ, 
ਪਰ ਸ੍ਰੀ ਚੰਦ ਨੇ ਕਿਹਾ ਬਾਪੂ ਮੈਂ ਨਹੀਂ ਮੰਨਦਾ ਤੇਰੀ, ਮੈਂ ਤਾਂ ਇੰਝ ਹੀ ਛੜਾ-ਛਾਂਟ ਹੀ ਚਲਾਂਗਾ।
ਬਾਬਾ ਜੀ ਨੇ ਕਿਹਾ ਮੇਰਾ ਸਿੱਖ ਕਿਰਤੀ ਹੋਵੇਗਾ, 
ਪਰ ਸ੍ਰੀ ਚੰਦ ਨੇ ਕਿਹਾ ਕਿ ਮੈਂ ਵਿਹਲੜ ਨਿਖੱਟੂ ਰਹਿਣ ‘ਚ ਯਕੀਨ ਰੱਖਦਾ ਹਾਂ, ਸੋ ਮੈਂ ਨਹੀਂ ਮੰਨਦਾ ਬਾਪੂ ਤੇਰੀ।
ਬਾਬਾ ਜੀ ਨੇ ਕਿਹਾ ਆਮ ਮਨੁੱਖਾਂ ਵਾਗੂੰ ਰਹਿ, 
ਪਰ ਉਸ ਕਿਹਾ ਬਾਪੂ ਮੈਂ ਤੇਰੇ ਸਾਹਵੇਂ ਲੰਗੋਟੀ ਪਾ ਕੇ ਨੰਗ ਫਿਰਾਗਾਂ ਤੂੰ ਲਾ ਜੋਰ ਆਪਣਾ।
ਬਾਬਾ ਜੀ ਨੇ ਕਿਹਾ ਸਿੱਖ ਸੋਹਣਾ ਜੂੜਾ ਰੱਖੇ, ਕੇਸ ਸਾਫ ਸੁਥਰੇ ਰੱਖੇ, ਸਿਰ 'ਤੇ ਦਸਤਾਰ ਸਜਾਵੇ, ਇਹ ਮਨੁੱਖ ਦੀ ਸ਼ਾਨ ਦਾ ਪ੍ਰਤੀਕ ਹੈ, 
ਪਰ ਸ੍ਰੀ ਚੰਦ ਕਹਿਣ ਲਗਾ ਬਾਪੂ ਮੈਂ ਜਟਾਂ ਰੱਖ ਕੇ ਸਿਰ ‘ਚ ਸਵਾਹ ਪਾ ਕੇ ਜੂਆਂ ਪਵਾਈ ਫਿਰਦਾ ਹੀ ਚੰਗਾ, ਹਾਂ ਮੈਨੂੰ ਤੇਰੀ ਸ਼ਾਨ ਨਹੀਂ ਚਾਹੀਦੀ।

ਤੇ ਸੱਤਾ ਬਲਵੰਡੇ ਨੂੰ ਕਹਿਣਾ ਪਿਆ ਕਿ ਇਹਨਾ ਪੁੱਤਰਾਂ ਗੁਰੂ ਦਾ ਕਿਹਾ ਕੌਲ ਨਹੀਂ ਪਾਲਿਆ ਯਾਨੀ ਬੱਚਨ ਨਹੀਂ ਮੰਨਿਆ ਤੇ ਆਕੀ ਤੇ ਦਿਲਾਂ ਦੇ ਖੋਟੇ ਤੇ ਬੇਈਮਾਨ ਹੋ ਕੇ ਫਿਰਦੇ ਰਹੇ।

ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍‍ ਮੁਰਟੀਐ ॥  (ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ) ਪੰਨਾਂ 967

ਕੀ ਗੁਰਬਾਣੀ ‘ਚ ਇਹ ਹੈ?

ਪਤਨੀ ਉਸ ਦੀ ਹੈਰਾਨ ਹੋ ਰਹੀ ਸੀ ਜਿਵੇਂ ਬਾਬਾ ਉਸ ਨੂੰ ਕਿਸੇ ਪ੍ਰਲੋਕ ਦੀਆਂ ਬਾਤਾਂ ਸੁਣਾ ਰਿਹਾ ਹੋਵੇ।

ਪਰ ਯਾਰ ਬਾਬਾ ਨੰਦ ਸਿੰਘ ਦਾ ਕੀ ਮੇਲ ਸ੍ਰੀ ਚੰਦ ਨਾਲ? ਬਾਬੇ ਦਾ ਮਿੱਤਰ ਹੁਣ ਅਪਣੇ ‘ਬਾਬੇ’ ਨੂੰ ਤਾਂ ਘੱਟੋ-ਘੱਟ ਬਚਾਉਂਣਾ ਚਾਹੁੰਦਾ ਸੀ।

ਮੇਲ ਕਿਉਂ ਨਹੀਂ? ਚਲ ਮੇਲ ਕਰ ਲੈਂਦੇ ਆਂ। ਜੋ ਬਚਨ ਗੁਰੂ ਦੇ ਸ੍ਰੀ ਚੰਦ ਲਈ ਸਨ, ਉਹੀ ਬਾਬੇ ਨੰਦ ਸਿੰਘ ਲਈ ਕੀ ਨਹੀਂ ਸਨ?

- ਜੇ ਗੁਰੂ ਨੇ ਸ੍ਰੀ ਚੰਦ ਨੂੰ ਨਕਾਰਿਆ, ਤਾਂ ਤੇਰੇ ਬਾਬੇ ਦੇ ਬਿਨਾ ਕਿਰਤ ਕਰਕੇ ਤਿਆਰ ਕੀਤੇ ਥਾਲ ਕਿਵੇਂ ਛੱਕਦੇ ਰਹੇ?
- ਗੁਰੂ ਨੇ ਜੇ ਕਿਹਾ ਸਿੱਖ ਗ੍ਰਹਿਸੀ ਹੋਵੇ, ਪਰ ਬਾਬੇ ਨੇ ਕਿਹਾ ਬਾਬਾ ਮੈਂ ਤੇਰੀ ਗ੍ਰਿਸਤੀ ਚੋਂ ਕੀ ਲੈਂਣਾ, ਆਪਾਂ ਛੜੇ-ਛਾਂਟ ਹੀ ਭਲੇ, ਨਾ ਹਿੰਗ ਲੱਗੇ ਨਾ ਫੜਕੜੀ ਰੰਗ ਚੋਖਾ।
- ਗੁਰੂ ਨੇ ਆਪ ਹਲ ਵਾਹ ਕੇ ਕਰਤਾਰਪੁਰ ਲੰਗਰ ਪ੍ਰਥਾ ਚਲਾਈ, ਪਰ ਤੇਰੇ ਬਾਬੇ ਕਿਹਾ ਕਿਹੜਾ ਲੰਗਰ? ਤੂੰ ਲੰਗਰ ਕਹਿੰਨਾ ਮੈਂ ਇਥੇ ਅੱਗ ਵੀ ਨਹੀਂ ਬਲਣ ਦੇਣੀ।
- ਗੁਰੂ ਨੇ ਕਿਹਾ ਸਿੱਖ ਕ੍ਰਿਤੀ ਹੋਵੇ ਪਰ ਬਾਬਿਆਂ ਕਿਹਾ ਕਿ ਬਾਬਾ ਤੇਰੇ ਵਾਂਗ ਕਿਹੜਾ ਹੱਲ ਦਾ ਮੁੰਨਾ ਫੜੀ ਤਤਾ-ਠੱਠਾ ਕਰੇ, ਤੇ ਸੜਦੀ ਦੁਪਹਿਰ ਝੋਨੇ ਚੋਂ ਲਿੱਧਣ ਕੱਢਦਾ ਜੋਕਾਂ ਲਵਾਵੇ, ਫਿਰਦੇ ਬਥੇਰੇ ਕਮਲੇ ਪੱਕੀਆਂ ਭੇਜਣ ਵਾਲੇ ਤੂੰ ਕਿਰਤ ਆਪਣੀ ਅਪਣੇ ਕੋਲੇ ਰੱਖ।
- ਗੁਰੂ ਨੇ ਕਿਹਾ ਬੇਜਾਨ ਮੂਰਤੀਆਂ ਪੂਜਣ ਵਾਲਾ ਹਿੰਦੂ ਅੰਨਾ ਤੇ ਮੁਗਧ ਗਵਾਰ ਹੈ, ਪਰ ਬਾਬਿਆਂ ਕਿਹਾ ਬਾਬਾ ਮੈਂ ਤੇਰੇ ਹੀ ਵੱਡੇ ਵੱਡੇ ਮੂਰਤੇ ਨਾ ਸਜਾਏ ਤਾਂ ਆਖੀਂ।
- ਗੁਰੂ ਨੇ ਕਿਹਾ ਮੂਰਤੀਆਂ ਨੂੰ ਭੋਗ ਲਵਾਉਂਣ ਵਾਲੇ ਠੱਗੀ ਮਾਰਦੇ ਲੋਕਾਂ ਨਾਲ ਯਾਨੀ ਮੁੜ ਆਪ ਖਾ ਜਾਂਦੇ, ਪਰ ਮੂਰਤੀ ਦੇ ਮੁੱਖ ਛਾਰ ਮੱਤਲਬ ਸਵਾਹ ਹੀ ਪੈਂਦੀ ਹੈ, ਪਰ ਤੇਰੇ ਬਾਬੇ ਕਿਹਾ ਪੈਂਦੀ ਤੇ ਪਈ ਜਾਵੇ ਪਰ ਮੈਂ ਤੇਰੀ ਹੀ ਮੂਰਤੀ ਨੂੰ ਭੋਗ ਲਵਾਵਾਂਗਾ ਤੇ ਤੁੜਕਿਆਂ ਵਾਲਾ ਥਾਲ ਆਪ ਛਕਾਂਗਾ।
- ਗੁਰੂਆਂ ਕਿਹਾ ਸਿੱਖੀ ਦੇ ਨਿਸ਼ਾਨ ਝੁੱਲਣਗੇ ਦੂਰੋਂ ਅਵਾਜਾਂ ਪੈਣਗੀਆਂ ਕਿ ਔਹ ਮੇਰੇ ਗੁਰੂ ਦਾ ਦਰ ਹੈ ਨਾਲੇ ਨਿਸ਼ਾਨ ਜਿਉਂਦੀਆਂ ਕੌਮਾਂ ਦੀਆਂ ਨਿਸ਼ਾਨੀਆਂ ਹੋਇਆ ਕਰਦੀਆਂ। ਪਰ ਮਿੱਤਰਾ! ਤੇਰੇ ਬਾਬੇ ਕਿਹਾ ਮੈਂ ਨਹੀਂ ਲਾਉਂਦਾ ਤੇਰੇ ਨਿਸ਼ਾਨ ਮੈਂ ਬਿਨਾ ਨਿਸ਼ਾਨਾ ਹੀ ਚੰਗਾ, ਤੂੰ ਨਿਸ਼ਾਨ ਕਹਿੰਨਾ ਮੈਂ ਤੇਰੇ ਨਾਂ ਤੇ ਆਪਣੀ ਮੜ੍ਹੀ ਵੀ ਨਾ ਬਣਨ ਦੇਵਾਂ ਮੈਂ ਅਪਣੇ ਡੇਰੇ ਦਾ ਨਾਮ ਵੀ ਗੁਰਦੁਆਰਾ ਨਹੀਂ ਬਲਕਿ ਠਾਠ ਰੱਖਾਂਗਾ ਠਾਠ।

ਤੇ ਭਰਾ ਦੱਸ ਇਹਨਾਂ ‘ਪੂਜਯ ਮਹਾਂਪੁਰਖਾਂ’ ਦੀ ਮੂਰਤੀ ਕੀ ਸ੍ਰੀ ਚੰਦ ਨਾਲ ਨਹੀਂ ਫਿੱਟ ਬੈਠਦੀ?

ਉਨ੍ਹੀਂ ਬਾਬੇ ਨੂੰ ਕੇਵਲ ਚਾਹ ਪਿਆ ਕੇ ਦਫਾ ਕੀਤਾ, ਤੇ ਜਿੰਨਾ ਚਿਰ ਬਾਬਾ ਪੰਜਾਬ ਰਿਹਾ ਉਸ ਨਾ ਫੋਨ ਕੀਤਾ ਨਾ ਬਾਬੇ ਨੂੰ ਮਿਲਣ ਦਾ ਤੱਰਦਦ ਕੀਤਾ, ਪਰ ਪਤਾ ਲੱਗਾ ਕਿ ਮੂਰਤੀਆਂ ਉਸ ਸਾਰੀਆਂ ਹੀ ਚੁੱਕ ਦਿੱਤੀਆਂ, ਪਰ ਇਹ ਨਹੀਂ ਪਤਾ ਲੱਗ ਸਕਿਆ ਕਿ ਉਸ ਦਾ ਹੁਣ ਨਵਾਂ ‘ਮਹਾਰਾਜ’ ਕਿਹੜਾ ਸੀ!!


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top