ਫਿਲਮਾਂ
ਵਾਲੇ ਬਾਹੂਬਲੀ ਦੀ 'ਫੀਲਿੰਗ' ਲੈ ਰਹੇ ਪਿਪਲੀ ਵਾਲੇ ਨੀਲਧਾਰੀਏ ਵੰਨੀ ਦੇਖ ਗੱਲ ਯਾਦ ਆਈ
ਕਿ ਜਦ ਅਸੀਂ ਪਿੱਛਲਿਓਂ ਪਿੱਛਲੇ ਸਾਲ ਫਾਰਮ ਵਿਚ ਆਏ ਤਾਂ ਪੂਰੀ 'ਲੈਂਡ' ਇਨੀ
ਘਾਹੋ ਘਾਹੀ ਕਿ ਬੰਦਾ ਤੁਰਦਾ ਮਸੀਂ ਦਿੱਸੇ! ਅਸੀਂ ਵੱਡਾ ਟਰੈਕਟਰ ਲਿਆਕੇ ਮਗਰ 'ਪਲਾਓ'
ਯਾਣੀ ਉਲਟਾਵੇਂ ਹਲ ਸੁੱਟੇ ਤਾਂ ਉਨ੍ਹੀ ਕਰ ਹੇਠਲੀ ਉਤੇ ਦਿੱਤੀ। ਬਾਅਦ ਜਦ ਤਵੀਆਂ-ਹਲ ਫੇਰੇ
ਤਾਂ ਵਾਹਣ ਵਿਚ ਲੇਟਣ ਨੂੰ ਦਿੱਲ ਕਰੇ!
ਹੋਇਆ ਕੀ ਸੀ ਕਿ ਬੰਦੇ ਅਪਣੇ ਸਨ, ਘਰ 'ਤੇ ਸਾਰਾ ਜੋਰ ਲਾਈ ਗਏ ਜਮੀਨ ਛੇੜੀ ਹੀ ਨਾ ਤਾਂ
ਗੁਆਂਢੀ ਗੋਰਾ ਉਥੇ ਘੋੜਿਆਂ ਵਾਲਾ ਘਾਹ ਬੀਜੀ ਬੈਠਾ ਸੀ ਜਿਸ ਕਾਰਨ ਸਾਲ ਦਰ ਸਾਲ ਉਥੇ ਘਾਹ
ਹੀ ਸੀ। ਸਾਲਾਂ ਬੱਧੀ ਉੱਗੀ ਗਿਆ ਘਾਹ ਹਲਾਂ ਦੇ ਪੈਰ ਕਿਥੇ ਲੱਗਣ ਦਊ।
ਨੀਲਧਾਰੀਏ, ਸੌਦੇ, ਭੰਨਿਆਰੀਏ,
ਆਸੂਤੋਸ਼ੀਏ, ਨਰਕਧਾਰੀਏ, ਰਾਧਾਸੁਆਮੀਏ, ਨਾਨਕਸਰੀਏ, ਰਾੜੇ ਰਤਵਾੜੇ, ਮਸਤੂਵਾਣੀਏ, ਰੰਗੀਲੇ,
ਚਮਕੀਲੇ, ਜਗਾਧਰੀ, ਸੋਢੀਏ ਇਹ ਘੋੜਿਆਂ ਵਾਲਾ ਘਾਹ ਤੁਹਾਡੀ ਜਮੀਨ ਵਿਚ ਕਿਉਂ ਉੱਗਿਆ ਤੇ
ਪੀਹੜੀ ਦਰ ਪੀਹੜੀ ਉਗਦਾ ਆ ਰਿਹਾ। ਹੁਣ ਤੁਸੀਂ ਪੋਲੇ ਵਾਹਣ ਵਿੱਚ ਫੇਰਨ ਵਾਲੀਆਂ ਹੱਲਾਂ
ਚੁੱਕੀ ਫਿਰਦੇ?
ਇਨੀ ਗਿਣਤੀ ਦੇ ਪਾਠ, ਚੁਪਹਿਰਾ ਪਾਠ, ਦੁਪਹਿਰਾ ਪਾਠ, ਸੰਪਟ-ਮਹਾਂ ਸੰਪਟ ਪਾਠ, ਇਨੀ ਗਿਣਤੀ
ਪਾਠ, ਇਉਂ ਖੜੋ ਕੇ ਪਾਠ, ਇਉਂ ਲੰਮਾ ਪੈ ਪੈ ਪਾਠ, ਪੁੱਠਾ ਸਿੱਧਾ ਹੋ ਹੋ ਪਾਠ, ਪਤਾ ਨਹੀਂ
ਕੀ ਕੀ ਪਾਠ। ਪਾਠ ਯਾਣੀ ਸਬਕ! ਪਰ ਸਬਕ ਕੀ? ਬਾਬਾ ਜੀ ਕਿੱਲੀ ਨਾ ਕੇਸ ਬੰਨੀ ਫਿਰਦੇ, ਬਾਬਾ
ਜੀ ਠਰੇ ਪਾਣੀ ਵਿਚ ਖੜੋਤੇ ਕੰਬੀ ਜਾਂਦੇ, ਬਾਬਾ ਜੀ ਦੇ ਪ੍ਰਸ਼ਾਦੇ ਪੱਕੇ, ਬਾਬਾ ਜੀ ਦੀ
ਸ਼ੇਰ ਰਾਖੀ ਕਰਦੇ, ਬਾਬਾ ਜੀ ਮਾਇਆ ਨੂੰ ਵਾਹਣੀ ਪਾਈ ਫਿਰਦੇ? ਬਾਬਾ ਜੀਆਂ ਨੇ ਦਾਲ ਵਾਲੇ
ਦੇਗਚੇ ਵਿਚ ਬਾਂਹ ਪਾ ਦਿੱਤੀ? ਇਹ ਸਾਰਾ ਕੁਝ ਮੈਂ ਸਦੀਆਂ ਤੋਂ ਉਗਣ ਦਿੱਤਾ? ਚੰਗੀ ਭਲੀ
ਫਸਲ ਮਰਵਾ ਲਈ। ਘਾਹ ਹੇਠਾਂ ਦਿੱਸਦੀ ਹੀ ਨਾ! ਨੀਲਧਾਰੀਆ ਕਿਤੇ
ਇੱਕ ਦਿਨ ਵਿਚ ਜੰਮ ਪਿਆ?
ਇਸ ਘਾਹ ਵਿਚ ਹੁਣ ਉਲਟਾਵੇਂ ਹੱਲ ਫੇਰੋ ਜੇ ਇਸ ਦੀਆਂ ਜੜ੍ਹਾਂ
ਪੁੱਟਣੀਆਂ। ਯਾਣੀ ਖਾਲਸਾ ਜੀ ਦੇ ਇਤਿਹਾਸ ਵਿਚ ਇਨਾ ਕੁਝ ਪਿਆ ਕਿ ਇਹ ਹੇਠਲੀ ਉੱਤੇ
ਕਰਨ ਦੀ ਸਮਰਥਾ ਰੱਖਦਾ।
5 ਫਰਵਰੀ ਦੀ ਹੀ ਗੱਲ ਲੈ ਲਓ। ਵੱਡਾ ਘੱਲੂਘਾਰਾ ਹੋਇਆ ਪੰਜ ਫਰਵਰੀ ਨੂੰ। ਪੰਝੀ ਤੋਂ ਤੀਹ
ਹਜਾਰ ਬੰਦਾ, ਬਜੁਰਗ, ਬੱਚਾ ਵੱਢਿਆ ਅਬਦਾਲੀ ਨੇ ਇੱਕੇ ਦਿਨ ਸਿੱਖਾਂ ਦਾ। ਅਬਦਾਲੀ ਖੁਸ਼ ਕਿ
ਹੁਣ ਇਹ ਨਸਲਾਂ ਤੱਕ ਨਾ ਉੱਠੇ ਪਰ ਪੰਜ ਮਹੀਨਿਆਂ ਬਾਅਦ ਅਬਦਾਲੀ ਜਾ ਢਾਹਿਆ? ਅਪਣੇ ਹਥਿਆਰ
ਤੋਪਾਂ ਵੀ ਛੱਡ ਦੌੜ ਗਿਆ ਤੇ ਸਿੱਧਾ ਲਹੌਰ ਜਾ ਕੇ ਹੌਕਣੀਂ ਹਟੀ ਉਸ ਦੀ।
ਪਰ ਇੱਕ ਸਾਲ ਪਹਿਲਾਂ। ਪਾਣੀਪਤ ਦੀ ਦੁਨੀਆਂ ਮਸ਼ਹੂਰ ਲੜਾਈ। ਦੋ ਲੱਖ ਮਰਹੱਟਾ ਇੱਕ ਪਾਸੇ
ਤੇ ਅਬਦਾਲੀ ਦੀਆਂ ਫੌਜਾਂ ਇੱਕ ਪਾਸੇ। ਮਰਹੱਟੇ ਜੁੱਤੀਆਂ ਲਾਹ ਲਾਹ ਦੌੜੇ ਮੈਦਾਨ ਵਿਚੋਂ
ਤੇ ਮੁੜ ਜਿੰਦਗੀ ਭਰ ਉਨੀ੍ਹ ਅਬਦਾਲੀ ਨਾਲ ਪੰਗਾ ਨਹੀਂ ਲਿਆ! ਪੰਗਾ ਕੀ ਅਬਦਾਲੀ ਹਾਲੇ
ਕਾਬਲੋਂ ਹੀ ਤੁਰਦਾ ਸੀ ਤਾਂ ਮਰਹੱਟੇ ਪਾਏ ਘੇਰੇ ਤੋੜ ਜਾਂਦੇ ਸਨ?
ਮੈਨੂੰ ਜਾਪਦਾ ਅਪਣੇ ਇਲਾਕਿਆਂ ਵਿਚ ਬਾਬੇ ਦਰਬਾਰ, ਕੀਰਤਨ ਦਰਬਾਰ, ਚੁਪਹਿਰੇ, ਦੁਪਹਿਰੇ
ਦਰਬਾਰਾਂ ਦੀ ਬਜਾਇ ਢਾਡੀ ਦਰਬਾਰ ਕਰਾਉਂਣੇ ਸਮੇ ਦੀ ਲੋੜ ਹੈ। ਰੱਬ ਨੂੰ ਬਥੇਰਾ ਵਾਹਣੇ ਪਾ
ਲਿਆ ਕਿ ਕਿਹੜਾ ਕੀਹਦਾ ਰੱਬ ਤੇ ਕਿਵੇਂ ਦਾ ਰੱਬ। ਹੁਣ ਜਿਆਦਾ ਲੋੜ ਕਿ ਪਹਿਲਾਂ ਇਨ੍ਹਾਂ
ਤੋਂ ਬੱਚ ਜਾਈਏ? ਰੱਬ ਦੀਆਂ ਕਿਸਮਾਂ ਦੀ ਵਿਆਖਿਆ ਫਿਰ ਹੋ ਜੂ
ਪਹਿਲਾਂ ਅਪਣਾ ਮਾਸ ਬਚਾ ਲੈਣਾ ਸਮੇ ਦੀ ਮੁੱਖ ਲੋੜ ਹੈ ਨਹੀਂ ਤਾਂ ਬੋਧੀ ਜੈਨੀਆਂ ਵਾਲੀ
ਹੋਣੀ ਤਾਂ ਸਾਡੇ ਸਿਰ ਵੀ ਕੂਕ ਹੀ ਰਹੀ।
ਜਿਸ ਕੌਮ ਦੀ ਪੀਹੜੀ ਨੂੰ ਬੰਦਾ ਸਿੰਘ ਬਹਾਦਰ ਦਾ ਹੀ ਪਤਾ ਨਹੀਂ
ਰਿਹਾ ਉਹ ਪਿੱਪਲੀ ਵਾਲੇ ਵਰਗੇ ਮਗਰ ਹੀ ਪੀਪਲੀਆਂ ਨਾ ਵਜਾਊ ਤਾਂ ਕੀ ਕਰੂ। ਉਹ
ਇਤਿਹਾਸਕ ਦਿਨਾ ਦਾ ਮੇਲਾ ਨਾ ਬਣਾਊ ਤਾਂ ਕੀ ਕਰੂ। ਉਹ ਮਰਿਆਂ ਸਾਧਾਂ ਦੀਆਂ ਲਾਸ਼ਾਂ ਮਗਰ
ਵੈਣ ਨਾ ਪਾਊ ਤਾਂ ਕੀ ਕਰੂ ?
ਸਿੱਖ ਇਤਿਹਾਸ ਲੋਕਾਂ ਦੇ ਖਾਸ ਕਰ ਨੌਜਵਾਨ ਪੀਹੜੀ ਦੇ ਸਿਰਾਂ ਤੱਕ ਸਫਰ ਕਿਵੇਂ ਕਰੇ, ਇਹ
ਸਭ ਤੋਂ ਜਿਆਦਾ ਸਮੇ ਦੀ ਮੁੱਖ ਲੋੜ ਹੈ ਨਹੀਂ ਤਾਂ ਅੱਜ ਪਿਪਲੀ ਮਾਫੀ ਮੰਗ ਜਾਊ ਕੱਲ ਨੂੰ
ਹੋਰ ਖੜਾ। ਤੁਸੀਂ ਸੌਦੇ ਮਰਗ ਪਏ ਸੀ ਕਿਆ ਸੌਦਾ ਜੇਹਲ ਜਾਣ ਨਾਲ ਮਸਲੇ ਖਤਮ? ਨਾਂ! ਉਨ੍ਹਾਂ
ਕੋਲੇ ਲਾਈਨਾ ਲੱਗੀਆਂ ਪਈਆਂ ਸੌਦਿਆਂ ਦੀਆਂ। ਨਹੀਂ?