Share on Facebook

Main News Page

ਕੁਹਾੜਾ + ਦਸਤਾ
-: ਗੁਰਦੇਵ ਸਿੰਘ ਸੱਧੇਵਾਲੀਆ
14 Aug 2018

ਪ੍ਰਚਲਤ ਕਹਾਣੀ ਹੈ ਕਿ ਮਰਾਸਣ ਦਾ ਮੁੰਡਾ ਕਹਿੰਦਾ ਮਾਂ ਜਦ ਅਪਣੇ ਪਿੰਡ ਵਾਲਾ ਨੰਬਰਦਾਰ ਮਰ ਗਿਆ ਤਾਂ ਅਗਲਾ ਕੌਣ ਹੋਊ? ਫਿਰ ਕਹਿੰਦਾ ਅਗਲਾ, ਫਿਰ ਅਗਲਾ ਤਾਂ ਮਾਂ ਅੱਕ ਕੇ ਕਹਿੰਦੀ ਪੁੱਤ ਭਵੇਂ ਸਾਰਾ ਪਿੰਡ ਮਰ ਜਾਏ ਪਰ ਤੈਨੂੰ ਨੰਦਰਦਾਰੀ ਨਹੀਂ ਮਿਲਣੀ।

੧੫ ਅਗਸਤ ਨੂੰ ਬਾਹਲੇ ਸਿੱਖਾਂ, ਜਿਹੜੇ ੮੪ ਵੇਲੇ ਦੇ ਛਿੱਤਰ ਖਾਧੇ ਭੁੱਲ ਗਏ, ਉਨੀ ਤਿਰੰਗਾ ਫੜਕੇ ਐਵੇਂ ਈ ਭੰਗੜੇ ਪਾਈ ਜਾਣੇ ਬਿਨਾ ਜਾਣੇ ਕਿ ਭਵੇਂ ਸਾਰਾ ਮੁਲਖ ਉੱਜੜ ਜਾਏ, ਤੁਹਾਨੂੰ ਨੰਬਰਦਾਰੀ ਨਹੀਂ ਮਿਲਣੀ!

ਨੰਬਰਦਾਰੀ ਮਿਲੀ ਤਾਂ ਹੋਈ? ਇਹ ਬਹਿਸ ਇੱਕ ਵੇਰਾਂ ਇੱਕ ਸਥਾਨਕ ਰੇਡੀਓ ਉਪਰ ਚਲ ਰਹੀ ਸੀ। ਪ੍ਰਧਾਨ ਮੰਤਰੀ ਸਿੱਖਾਂ ਦਾ, ਫੌਜ ਦਾ ਵੱਡਾ ਜਰਨੈਲ ਸਿੱਖਾਂ ਦਾ, ਵੱਡੇ ਤਗੜੇ ਅਹੁਦਿਆਂ ਤੇ ਸਿੱਖ, ਰਾਸ਼ਟਰਪਤੀ ਸਿੱਖਾਂ ਦਾ ਰਹਿ ਚੁੱਕਾ ਯਾਣੀ ਸਿਖਰ ਦੇ ਅਹੁਦੇ ਤਾਂ ਇਨ੍ਹਾਂ ਦੀ ਮੁਸ਼ਕਲ ਕੀ ਕਿ ਇਹ ਹਾਲੇ ਵੀ ਮੁਲਖ ਤੋਂ ਸਤੁੰਸ਼ਟ ਨਾ? ਕਿਹੜੀ ਨੰਬਰਦਾਰੀ ਚਾਹੀਦੀ ਹੋਰ ਇਨ੍ਹਾਂ ਨੂੰ?

ਆਮ ਬੰਦੇ ਲਈ ਦਲੀਲ ਵੱਡੀ ਹੈ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਮੁਗਲਾਂ ਵੇਲੇ ਹਿੰਦੂ ਸਿਖਰ ਦੇ ਅਹੁਦਿਆਂ 'ਤੇ ਰਿਹਾ। ਬੀਰਬਲ, ਚੰਦੂ, ਸੁੱਚਾ ਨੰਦ, ਲੱਖਪਤ, ਜੱਸਪਤ, ਵੱਡੇ ਰਾਜ ਘਰਾਣੇ, ਸਭ ਦੀ ਮੁਗਲਾਂ ਨਾਲ ਇੱਕ ਸੁਰ! ਪਰ ਮੁਗਲ ਫਿਰ ਵੀ ਹਿੰਦੂ ਦੇ ਮੂੰਹ ਤੇ ਥੁੱਕਦਾ ਰਿਹਾ, ਕੁੱਟਦਾ ਰਿਹਾ, ਉਸ ਦਾ ਜਨੇਊ ਲਾਹੁੰਦਾ ਰਿਹਾ, ਉਸ ਦੀ ਗਾਂ ਉਪਰ ਟੈਕਸ ਲਾਉਂਦਾ ਰਿਹਾ ਅਤੇ ਉਸ ਦੀ ਜਿੰਦਗੀ ਨਰਕ ਕਰ ਛੱਡੀ ਉਸ ਜੁਲਮ ਕਰ ਕਰ। ਪਰ ਉਹ ਉੱਚੇ ਅਹੁਦਿਆਂ ਵਾਲੇ? ਨੰਬਰਦਾਰੀਆਂ ਵਾਲੇ? ਚੇਤੇ ਰਹੇ ਕਿ ਜੰਗਲ ਵੱਢਣ ਲਈ ਕੁਹਾੜੇ ਦਾ ਦਸਤਾ ਜੰਗਲ ਵਿਚੋਂ ਹੀ ਲੈਣਾ ਪੈਂਦਾ ਹੈ। ਤੁਸੀਂ ਦਸਤਿਆਂ ਦੇ ਅਹੁਦਿਆਂ ਨੂੰ ਅਜਾਦੀ ਕਹਿੰਨੇ?

ਖੁਦ ਮੁਗਲਾਂ ਅਤੇ ਅੰਗਰੇਜਾਂ ਦੇ ਦਸਤੇ ਰਹਿ ਚੁੱਕਿਆਂ ਨੂੰ ਪਤੈ ਦਸਤਾ ਕੀ ਹੁੰਦਾ, ਇਹ ਵੀ ਕਿ ਦੁਨੀਆਂ ਦੀਆਂ ਹਕੂਮਤਾਂ ਦਸਤੇ ਵਰਤਦੀਆਂ ਆਈਆਂ। ਦਸਤੇ ਤੋਂ ਬਿਨਾ ਕੁਹਾੜਾ ਚਲ ਹੀ ਨਹੀਂ ਸਕਦਾ। ਬੇਕਾਰ ਬਿਨਾ ਦਸਤੇ ਕੁਹਾੜਾ। ਅੰਗਰੇਜਾਂ ਦਾ ਵੱਡਾ ਦਸਤਾ ਗਾਂਧੀ ਨਹੀਂ ਸੀ? ਜਿਥੇ ਵੱਡੀ ਬਗਾਵਤ ਉੱਠਣ ਦੀ ਸੰਭਾਵਨਾ ਹੁੰਦੀ ਗਾਂਧੀ ਮੂਹਰੇ! ਜਿਥੇ ਗੱਲ ਅੰਗਰੇਜਾਂ ਦੇ ਵਿਰੁਧ ਜਾਂਦੀ ਗਾਂਧੀ ਮੂਹਰੇ! ਗਾਂਧੀ ਜਿੰਨਾ ਵੱਡਾ ਦਸਤਾ ਕਿਹੜਾ ਸੀ ਅੰਗਰੇਜਾਂ ਦਾ, ਪਰ ਇਤਿਹਾਸ ਵਾਲਿਆਂ ਉਸ ਦਾ ਵੀ ਮਿਥਹਾਸ ਕਰ ਮਾਰਿਆ ਯਾਣੀ ਦਸਤੇ ਨੂੰ ਹੀ ਰਾਸ਼ਟਰ ਦਾ ਬਾਪੂ?

ਪਰ ਇੱਕ ਗੱਲ ਆਹਾ ਦਸਤਿਆਂ ਦੀ ਸਮਝ ਨਹੀਂ ਆਈ ਕਿ ਪੰਜਾਬ ਦੇ ਕਾਮਰੇਡ ਇੱਕ ਬੰਨੇ ਭਗਤ ਸਿੰਘ ਦੇ ਯਾਰ ਦੂਜੇ ਗਾਂਧੀ ਦੀ ਬੱਕਰੀ ਦੇ ਭਗਤ? ਯਾਣੀ ਗਾਂਧੀ ਵਾਲੇ ਸਿਸਟਮ ਦੇ ਮੋਹਰੇ? ਪੱਕੇ ਦੇਸ਼ ਭਗਤ? ਜਦ ਕਿ ਪਤੈ ਕਿ ਏਹਾ ਅਜਾਦੀ ਵਜਾਦੀ ਕੋਈ ਨਹੀਂ ਬਲਕਿ ਸਮਝੌਤਾ ਸੀ। ਅਜਾਦੀ ਲੈਣ ਵਾਲੇ ਤਾਂ ਪਹਿਲਾਂ ਹੀ ਫਾਹੇ ਟੰਗ ਮਾਰੇ ਸਨ ਬਾਕੀ ਤਾਂ ਸਮਝੌਤਾ ਹੀ ਬਚਦਾ ਸੀ? ਗਾਂਧੀ ਨਾਲ ਅੰਗਰੇਜਾਂ ਦਾ ਹੋਰ ਕੀ ਹੋ ਸਕਦਾ ਸੀ? ਲੋਕ ਵਿਚਾਰੇ ਝੁੱਗਾ ਚੌੜ ਕਰਾ ਬੈਠੇ ਕਿ ਅੰਗਰੇਜ ਚਲੇ ਗਏ?

ਥੋੜਾ ਪਿੱਛੇ ਜਾਓ। ਅਬਦਾਲੀ ਜਾਪਦਾ ਸੀ ਲੁੱਟ ਕੇ ਕਾਬਲ ਮੁੜ ਜਾਂਦਾ ਹੈ, ਪਰ ਉਹ ਮੁੜਿਆ ਹੀ ਕਦ ਸੀ। ਇਥੇ ਦੇ ਹੀ ਚਾਪਲੂਸ ਤਖਤ 'ਤੇ ਬਿਠਾ ਜਾਂਦਾ ਸੀ। ਯਾਣੀ ਜੰਗਲ ਵਿਚੋਂ ਹੀ ਵੱਢੇ ਦਸਤੇ! ਐਵੇਂ ਜਾਪੀ ਜਾਂਦਾ ਅੰਗਰੇਜ ਮੁਲਖ ਛੱਡ ਗਿਆ। ਗਾਂਧੀ ਨਹਿਰੂ ਵਰਗਿਆਂ ਦੇ ਹੁੰਦੇ ਅੰਗਰੇਜ ਦੀ ਉਥੇ ਬੈਠੇ ਰਹਿਣ ਦੀ ਕੀ ਤੁੱਕ ਸੀ ? ਕੌਣ ਕਹਿੰਦਾ ੧੫ ਅਗੱਸਤ ਨੂੰ ਹਿੰਦੋਸਤਾਨ ਆਜ਼ਾਦ ਹੋਇਆ? ਤੇ ਕਿੰਨੇ ਲੋਕ ਸੋਚਦੇ ਕਿ ਕਾਸ਼ ਅੱਜ ਅੰਗਰੇਜ ਹੀ ਹੁੰਦਾ ਘੱਟੋ ਘੱਟ ਜਿੰਦਗੀ ਇਨੀ ਬਦਤਰ ਤਾਂ ਨਾ ਹੁੰਦੀ। ਤੇ ਤੁਹਾਨੂੰ ਕੀ ਜਾਪਦਾ ਹੁੰਦੀ?

ਤਿਰੰਗਾ ਚੁੱਕੀ ਫਿਰਨ ਵਾਲੇ ਘੱਟੋ ਘੱਟ ਪੰਜਾਬ ਵਾਲਿਆਂ ਦਾ ਤਾਂ ਸੋਚਣਾ ਬਣਦਾ ਹੈ ਕਿ ਤਿਰੰਗੇ ਦੇ ਰੰਗ ਜੇ ਇਨੇ ਹੀ ਜਾਨਦਾਰ ਹੁੰਦੇ, ਤਾਂ ਸਾਨੂੰ ਪੁੱਠੇ ਸਿੱਧੇ ਤਰੀਕੇ ਅੱਜ ਅੰਗਰੇਜਾਂ ਮਗਰ ਹੀ ਦੌੜਨ ਦੀ ਲੋੜ ਕਿਉਂ ਪੈਂਦੀ, ਜਿੰਨ੍ਹਾਂ ਨੂੰ ਅਸੀਂ ਕਹਿੰਨੇ ਕੱਢ ਦਿੱਤੇ ਅੰਗਰੇਜ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top