Share on Facebook

Main News Page

ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ ?
-: ਗੁਰਦੇਵ ਸਿੰਘ ਸੱਧੇਵਾਲੀਆ
06 July 2018

ਨਾ ! ਨਾ ! ਹਰੇਕ ਲੱਲੂ ਦੀਆਂ ਨਹੀਂ। ਉਸ ਲਈ ਪਿੱਛਲੇ 100 ਸਾਲ ਦਾ ਤੱਪ ਚਾਹੀਦਾ। ਪਿਛਲੇ ਜਨਮ ਦਾ ਕੋਈ ਅਵਤਾਰ! ਗੁਰੂ ਸਾਹਿਬ ਨੂੰ ਪ੍ਰਸ਼ਾਦਾ ਛਕਾਉਂਣ ਵਰਗੀ ਕਮਾਈ! ਕਮਾਈ? ਹਾਂਅ ਪੂਰੇ 100 ਸਾਲ ਦੀ। ਇਕ ਵੀ ਘੱਟ ਨਾ? ਯਾਣੀ ਵੱਡੀ, ਤਗੜੀ, ਅਸਮਾਨ ਛੋਂਹਦੀ ਗੱਪ ਮਾਰਨ ਦਾ ਹੌਸਲਾ!

ਮੇਰੇ ਵਰਗੇ ਲੱਲੂ ਦੇ ਕਹੇ ਤਾਂ ਰਬ ਮੀਂਹ ਤੋਂ ਰੁੱਸ ਗਿਆ। ਤਰਸ ਗਏ ਅਸੀਂ ਪਾਣੀ ਲਈ। ਅੱਜ ਜਾ ਕੇ ਪਿਆ ਕਿਤੇ। ਸਾਡੀ ਫਸਲ ਮਾਰੀ ਚਲੀ ਸੀ ਬਿਨਾ ਪਾਣੀਓਂ।

ਮੇਰੇ ਨਾਲ 100 ਦੇ ਤੱਪ ਦੀ ਗੱਪ ਜੋੜ ਕੇ ਦੇਖੋ ਤਾਂ ਹਜਾਰਾਂ ਲੱਲੂਆਂ ਗੜਵੀਆਂ ਨਾਲ ਹੀ ਮੇਰੀ ਫਸਲ ਸਿੰਝ ਦੇਣੀ ਸੀ। ਹੜ ਲਿਆ ਦਿੰਦੇ ਪਾਣੀ ਦਾ। ਪਾਣੀ ਦਾ? ਦੁੱਧ ਕਹਿੰਦਾ ਤਾਂ ਦੁੱਧ ਦਾ? ਪਰ ਕਲੱਲੀ ਮਾਰਨ ਦੀ ਵੀ ਤਾਂ ਕਲਾ ਹੋਵੇ।

ਮੇਰਾ ਇੱਕ ਮਿੱਤਰ ਜਾਂਦਾ ਆਉਂਦਾ ਰਿਹਾ ਬੁਲੰਦੇ। ਉਸ ਗੱਲ ਸੁਣਾਈ। ਠਾਠ ਦੀ ਉਪਰਲੇ ਸਿਰੇ ਦੀ ਗੁੰਮਟੀ ਬਣ ਰਹੀ ਸੀ। ਬਣ ਕੀ ਬਣ ਹੀ ਗਈ ਸੀ। ਚਲੋ ਕ੍ਰੋੜਾਂ ਨਹੀਂ ਲੱਖਾਂ ਤਾਂ ਲੱਗਾ ਹੀ ਹੋਵੇਗਾ। ਬਣੀ ਹੋਈ ਗੁੰਮਟੀ 'ਤੇ ਬਾਬੇ ਕਹਿੰਦੇ ਢਾਹ ਦਿਓ ਗੁਰੂ ਸਾਹਬ ਦਾ ਹੁਕਮ ਹੈ?? ਹੁਣ ਇਸ ਕਵੱਲੀ ਨੂੰ ਕੌਣ ਆਖੇ ਇਉਂ ਨਹੀਂ ਤੇ ਇੰਝ ਕਰ? ਸਵਾਲ? ਬਾਬਾ ਜੀ ਨੂੰ? ਹਜ਼ਾਰਾਂ ਗਾਈਆਂ ਵੱਢਣ ਵਰਗਾ ਪਾਪ? ਇਨਾ ਪਾਪ ਕਿਹੜਾ ਸਿਰ ਲਵੇ? ਤੇ ਅਗਲਿਆਂ ਸਮਾਂ ਕਿਹੜਾ ਲਾਇਆ ਢਾਹ ਕੇ ਅਓ ਮਾਰੀ।

ਸਿੱਖ ਵੀ ਨਿਗਲਿਆ ਗਿਆ ਵਿਚ ਕੁਲਬੀਰ ਸਿੰਘ ਕੌੜਾ ਨੇ ਗੱਲ ਸੁਣਾਈ ਕਾਰ ਸੇਵੀਆਂ ਬਾਬਿਆਂ ਦੇ ਲੈਂਟਰ ਪਾਉਂਣ ਵਾਲੀ। ਰੇਤਾ ਦਾ ਟਰੱਕ ਲੇਟ ਹੋ ਗਿਆ। ਬਾਬਿਆਂ ਦੇ ਪੈਰਾਂ ਹੇਠ ਚੰਗਾੜੇ ਨਿਕਲਣ। ਕਹਿੰਦੇ ਕਿਹੜੀ ਰੇਤਾ? ਕੀ ਕਰਨੀ ਰੇਤਾ! ਯਾਣੀ ਰੇਤਾ ਬਿਨਾ ਹੀ ਲੈਂਟਰ? ਹੁਕਮ ਹੈ ਸੀਮਿੰਟ ਹੀ ਚਲਣ ਦਿਓ ਗੁਰੂ ਸਾਹਬ ਭਲੀ ਕਰਨਗੇ!

ਭਲੀ ਕਰਨਗੇ ਜਾਂ ਮੱਥੇ ਹੱਥ ਮਾਰਨਗੇ ਕਿ ਸਿੱਖਾਂ ਮੇਰਿਆਂ ਵਿਚ ਆਹ ਕੀ ਜੱਬਲ ਬੂਟੀ ਪੈਦਾ ਹੋ ਗਈ ਸਾਰੀ ਫਸਲ ਹੀ ਖਾ ਗਈ?

ਸਾਨੂੰ ਫਾਰਮ ਵਿਚ ਸਬਜੀਆਂ ਦਾ ਝੱਲ ਕੁੱਦਿਆ ਕਿ ਚਲੋ ਬਾਹਰ ਵਾ ਹਰੇ ਮੁੜਕਾ ਛੁੜਕਾ ਹੀ ਨਿਕਲ ਜਿਆ ਕਰੂ। ਕੁਝ ਮਿੱਤਰਾਂ ਚੁਕ ਚੁਕਾ ਕੇ 'ਔਰਗੈਨਿਕ' ਸਬਜੀਆਂ ਦੇ 'ਕੰਡਿਆਲੇ ਰਾਹੇ' ਤੋਰ ਦਿੱਤਾ। ਮਗੂੜੀਆਂ ਮਾਰ ਮਾਰ ਬਾਹਾਂ ਰਹਿ ਗਈਆਂ ਪਰ ਕੰਡਿਆਂ ਵਾਲੀ ਮੌਹਲੀ ਸਾਡੇ ਕਾਬੂ ਹੀ ਨਾ ਆਈ। ਜਿੰਨਾ ਚਿਰ ਅਗਲੇ ਕੀਲੇ ਦੀ ਵਾਰੀ ਆਉਂਣੀ ਉਸ ਪਹਿਲੇ ਬੂਟਿਆਂ ਦੀ ਧੌਣ ਨੱਪ ਕੱਢਣੀ।

ਤੁਸੀਂ ਇੱਕ ਸੰਤ ਦੀ ਧੌਣ ਨੱਪਦੇਂ ਦੂਜਾ ਪਹਿਲਾਂ ਹੀ ਤੁਹਾਡੀ ਨੱਪੀ ਖੜਾ ਹੁੰਦਾ। ਆਹ ਪੂਰੀਆਂ ਗਰਮੀਆਂ 'ਜ੍ਹੇਬ ਕੱਤਰਿਆਂ' ਨਾਲ ਜਹਾਜ ਭਰੇ ਆਉਂਦੇ ਜਿਹੜੇ ਤੁਹਾਡੇ 'ਅੋਵਰਟਾਇਮਾਂ' ਤੇ ਵਿੱਤੋਂ ਵੱਧ ਲਾਏ ਟਰੱਕਾਂ ਦੇ ਗੇੜਿਆਂ ਦੀ ਕਮਾਈ ਛਾਂਗ ਕੇ ਅਗਾਂਹ ਜਾਂਦੇ। ਰੱਬ ਦੇ ਨਾਂ ਦੀ ਕੈਂਚੀ ਉਨ੍ਹਾਂ ਕੋਲੇ ਇਨੀ ਤਿੱਖੀ ਕੇ ਜ੍ਹੇਬ ਨੂੰ ਲਗਦੀ ਵੀ ਕਿਹੜਾ, ਜ੍ਹੇਬ ਤੁਹਾਡੀ ਸਮੇਤ ਕੁੜਤੇ ਕੁਤਰ ਜਾਂਦੀ।

ਕਈ ਵਾਰ ਤਾਂ ਸਾਨੂੰ ਅਪਣੀਆਂ ਹੀ ਕਵੱਲੀਆਂ 'ਤੇ ਹੈਰਾਨ ਹੋਣ ਨੂੰ ਜੀਅ ਕਰਦਾ। ਉਹੀ ਲੋਕ ਅੱਜ ਚਿੱਟਿਆਂ ਜ੍ਹੇਬ ਕੱਤਰਿਆਂ ਦੇ ਨੱਕ ਮੱਥਾ ਰਗੜ ਰਹੇ ਹੁੰਦੇ, ਪਿੰਟਾਂ ਟੰਗੀ ਸਾਹੋ ਸਾਹੀ ਹੋਏ ਪਏ ਹੁੰਦੇ, ਉਹੀ ਕੱਲ ਜੇ ਜੀ ਬੀ ਤੇ ਬੱਬੂ ਮਾਨ ਜਾਂ ਹੋਰ ਮੰਡੀਰ ਦੇ ਮੂਹਰੇ ਹੋ ਹੋ ਬਾਂਦਰ ਕੀਲਾ ਖੇਡ ਰਹੇ ਹੁੰਦੇ? ਉਹੀ 'ਸਿਆਣੇ' ਕੱਲ ਲੱਚਰਾਂ ਵਿਰੁਧ ਝੰਡੇ ਚੁੱਕੀ ਫਿਰਦੇ ਹੁੰਦੇ ਉਹੀ ਅਗਲੇ ਦਿਨ ਅਲਹਾਮ ਕਰ ਰਹੇ ਹੁੰਦੇ ਕਿ ਜੇ ਜੇ ਬੀ ਵਰਗਾ ਜਿਉਣਾ ਮੌੜ ਫਿਰ ਥੋੜੋਂ ਜੰਮਣਾ! ਉਹੀ ਮਾਈਆਂ ਅੱਜ ਸਿਰ ਤੇ ਚੁੰਨੀ ਦਾ ਝੁੰਬਲ ਬਾਟਾ ਮਾਰੀ ਅੱਖਾਂ ਮੂੰਦੀ ਬਾਬਿਆਂ ਦੇ ਚਰਨ ਪਵਾ ਦੇਵੀਆਂ ਬਣੀਆਂ ਖੜੀਆਂ ਹੁੰਦੀਆਂ ਉਹੀ ਕੱਲ ਤੀਆਂ ਦੇ ਮੇਲਿਆਂ ਵਿਚ ਸਭ ਤੋਂ ਮੂਹਰੇ ਦੂਹਰੀਆਂ ਹੋ ਹੋ ਡਿੱਗ ਰਹੀਆਂ ਹੁੰਦੀਆਂ! ਬੰਦੇ ਨੂੰ ਸਮਝ ਨਹੀਂ ਆਉਂਦੀ ਹੁੰਦੀ ਕਿ ਕੱਲ ਵਾਲੀ ਭਗਤਣੀ ਮਾਈ ਤੇ ਅੱਜ ਵਾਲੀ ਵਿਚ ਇਨਾ ਵੱਡਾ 'ਇਨਕਲਾਬ' ਕਿਵੇਂ?

ਮੌਹਲੀ ਦੇ ਕੰਡੇ ਸਾਡੇ ਕੱਦੂ-ਟਿੰਡਿਆਂ ਨੂੰ ਦੱਬੀ ਤੁਰੀ ਆਉਂਦੇ ਸਨ। ਬਾਹਰ ਗਰਮੀ ਅੰਤਾਂ ਦੀ ਸੀ। ਮੌਹਲੀ ਪੁੱਟਦਿਆਂ ਜਦ ਮੁੜਕਾ ਸਾਡਾ ਖੁੱਚਾਂ ਵਿਚਦੀ ਤਤੀਰੀਆਂ ਬੰਨਣ ਲੱਗਾ ਤਾਂ ਸੱਚ ਹੀ ਅਹਿਸਾਸ ਹੋਇਆ ਕਿ ਧਰਤੀ ਤੇ ਜੇ ਦੂਜਾ ਰੱਬ ਹੈ ਤਾਂ ਉਹ ਕਿਸਾਨ ਹੈ ਜਿਹੜਾ ਅਪਣਾ ਲਹੂ ਪਾਣੀ ਨਿਚੋੜ ਕੇ ਬਾਕੀਆਂ ਦੇ ਢਿੱਡ ਦੀ ਅੱਗ ਬੁਝਾਉਂਦਾ ਯਾਣੀ ਪਾਲਨਾ ਕਰਦਾ ਅਤੇ ਖੁਦ ਸੜਦਾ। ਪਰ ਪੰਜਾਬ ਵਿੱਚ ਉਸੇ ਰੱਬ ਵਰਗੇ ਕਿਸਾਨ ਦੇ ਪੁੱਤਰਾਂ ਨੂੰ ਸਰਕਾਰਾਂ, ਸਾਧਾਂ ਤੇ ਗਾਉਂਣ ਵਾਲੇ ਲੰਡਰਾਂ ਰਲ ਕੇ ਅਜਿਹੀ ਮੌਤੇ ਮਾਰਿਆ ਕਿ ਅੱਜ ਦਾ ਇਤਿਹਾਸ ਦਿੱਲ 'ਤੇ ਹੱਥ ਰੱਖ ਕੇ ਪੜਿਆ ਜਾਇਆ ਕਰੇਗਾ ਕਿ ਕੋਈ ਲੋਕ ਇਨੇ ਘ੍ਰਿਣਤ, ਕਮੀਨੇ ਅਤੇ ਬੇਹਯਾ ਕਿਵੇਂ ਹੋ ਸਕਦੇ ਜੀਹਨਾ ਅਪਣੀ ਹੀ ਧਰਤੀ ਦੇ ਜਾਇਆਂ ਨੂੰ ਹੱਥੀਂ ਜ਼ਹਿਰ ਦੇ ਦੇ ਮਾਰਿਆ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top