Share on Facebook

Main News Page

ਸਵਰਗਾਂ ਦੇ ਰਾਹ
-: ਗੁਰਦੇਵ ਸਿੰਘ ਸੱਧੇਵਾਲੀਆ
06 Jun 2018

ਸਵਰਗ ਦਰਅਸਲ ਕਿਸ ਨੂੰ ਨਹੀਂ ਚਾਹੀਦਾ। ਘੱਟੋ-ਘੱਟ ਇਥੇ ਭੁੱਖ ਨਾਲ ਘੁੱਲ ਰਹੇ ਗਰੀਬ ਨੂੰ ਤਾਂ ਜਰੂਰ ਚਾਹੀਦਾ। ਜਿਸ ਦਾ ਇਥੇ ਨਰਕ ਬਣਿਆ ਪਿਆ, ਖਾਣ ਨੂੰ ਰੋਟੀ ਨਹੀਂ ਉਸ ਦੀ ਤਾਂ ਇਹ ਤੀਬਰ ਇੱਛਾ ਹੈ ਕਿ ਚਲੋ ਅੱਗੇ ਜਾ ਕੇ ਸਹੀਂ।ਸਵਰਗਾਂ ਦੇ ਰਾਹ ਪੈਣ ਲਈ ਉਹ ਫਿਰ ਇਥੇ ਦੇ ਜੀਵਨ ਨੂੰ ਨਰਕ ਵਿਚ ਸੁੱਟਦਾ ਹੈ। ਅਪਣੀ ਦੇਹ ਉਪਰ ਜੁਲਮ ਕਰਦਾ ਹੈ। ਭੁੱਖਾ ਰਹਿਣ ਤੋਂ ਲੈ ਕੇ ਤਸੀਹੇ ਦੇਣ ਤੱਕ। ਇਹ ਦਰਅਸਲ ਪੁੱਠਾ ਗੇੜਾ ਸੀ ਜਿਹੜਾ ਉਹ ਕਿਸੇ ਨੂੰ ਤਾਂ ਦੇ ਨਾ ਸਕਿਆ ਉਸ ਅਪਣੇ ਆਪ ਨੂੰ ਹੀ ਦੇ ਲਿਆ। ਉਹ ਇਥੇ ਦਾ ਸਵਰਗ ਧਨਾਢ ਅਤੇ ਲੁਟੇਰਿਆਂ ਤੋਂ ਤਾਂ ਖੋਹ ਨਾ ਸਕਿਆ ਉਸ ਅਗਲੇ ਸਵਰਗ ਦਾ ਰਾਹ ਚੁਣ ਲਿਆ। ਉਹ ਕਿਸੇ ਜੁਲਮ ਕਰਨ ਵਾਲੇ ਨਾਲ ਤਾਂ ਲੜ ਨਾ ਸਕਿਆ ਉਸ ਅਪਣੇ ਉਪਰ ਹੀ ਜੁਲਮ ਕਰਨਾ ਸ਼ੁਰੂ ਕਰ ਦਿੱਤਾ। ਚਲੋ ਕਿਸੇ ਤੇ ਨਾ ਸਹੀਂ ਅਪਣੇ ਉਪਰ ਤਾਂ ਕਰ ਹੀ ਸਕਦਾਂ ਨਾ। ਅਪਣੇ ਉਪਰ ਕਰਨੋਂ ਥੋੜੋਂ ਕਿਸੇ ਰੋਕਣਾ!

ਜੁਲਮ ਤਾਂ ਜੁਲਮ ਹੀ ਹੈ ਚਾਹੇ ਤੁਸੀਂ ਕਿਸੇ ਉਪਰ ਕਰੋਂ ਜਾਂ ਅਪਣੇ ਆਪ ਉਪਰ। ਜੇ ਦੂਜੇ ਵਿਚ ਰੱਬ ਹੈ ਤਾਂ ਮੇਰੇ ਵਿਚ ਵੀ ਤਾਂ ਹੈ ਨਾ।ਦੂਜੇ ਉਪਰ ਜੁਲਮ ਕਰਨਾ ਜੇ ਗੁਨਾਹ ਹੈ ਤਾਂ ਅਪਣੇ ਉਪਰ ਕਰਨਾ ਪੁੰਨ ਕਿਵੇਂ ਹੋਇਆ? ਪਰ ਲੁਕਾਈ ਨੇ ਅਜਿਹੇ ਜਾਲਮ ਲੋਕਾਂ ਨੂੰ ਮਹਾਂਪੁਰਖ, ਰੱਬ ਦੇ ਬੰਦੇ, ਸੰਤ, ਬ੍ਰਹਮਗਿਆਨੀ ਤੇ ਪਤਾ ਨਹੀਂ ਕੀ ਕੀ ਮੰਨ ਲਿਆ ਤੇ ਪੂਜਾ ਸ਼ੁਰੂ ਕਰ ਦਿੱਤੀ। 

ਤੇ ਕਹਾਣੀਆਂ ਉਨ੍ਹਾਂ ਦੀਆਂ? ਅਖੇ ਬਾਬਾ ਜੀ ਕਿਤੇ ਬੰਦਗੀ ਕਰਦੇ ਸਨ! ਸਾਰੀ ਸਾਰੀ ਰਾਤ ਕੇਸ ਕਿੱਲੀ ਨਾਲ ਬੰਨ ਕੇ ਭਗਤੀ। ਤੇ ਸਾਡੇ ਵਾਲੇ ਬਾਬਾ ਜੀ! ਉਹ ਠਰੇ ਪਾਣੀਆਂ ਵਿਚ ਇੱਕ ਲੱਤ ਖੜਕੇ! ਤੇ ਸਾਡੇ? ਉਹ ਤਾਂ ਭਾਈ ਮੜੀਆਂ ਵਿਚ ਜਾ ਕੇ ਜਿਉਂ ਸਮਾਧੀ ਲਾਉਂਦੇ। ਤੁਸੀਂ ਸਾਡੇ ਬਾਬਾ ਜੀ ਬਾਰੇ ਨਹੀਂ ਸੁਣਿਆ ਫਿਰ! ਉਹੀ ਲੋਪੋ ਵਾਲੇ ਬਾਬਾ ਜੀ! ਧੰਨ ਧੰਨ ਬਅਸ ਧੰਨ ਹੀ ਕਹਿਣਾ ਬਣਦਾ। ਬਾਹਰੋਂ ਦਰਵਾਜਾ ਪੱਕਾ ਬੰਦ! ਤੇ ਜਦ ਕਈ ਸਾਲਾਂ ਬਾਅਦ ਖੋਹਲਿਆ ਤਾਂ ਸਿਰ ਵਿਚ ਚਿੜੀਆਂ ਆਹਲਣੇ ਪਾਏ, ਦੇਹੀ ਉਪਰ ਭੂੰਡਾਂ ਖੱਖਰ ਬਣਾਏ! ਇੱਕ ਦਾਣਾ ਜਉਂ ਦਾ ਤੇ ਇੱਕ ਘੁੱਟ ਪਾਣੀ ਦੀ! ਉਹ ਵੀ ਪਤਾ ਕਿਉਂ ਛੱਕਦੇ ਸਨ ਕਿ ਗੁਰਬਾਣੀ ਕਹਿੰਦੀ ਏ ਨਾ ਕਿ ਅੰਨ ਨਹੀਂ ਛੱਡਣਾ! ਤੇ ਸਾਡੇ ਬਾਬਾ ਜੀ ਹੋਤੀ ਮਰਦਾਨ ਵਾਲੇ! ਆਹ!ਹਾ! ਹਾ! ੧੨੧ ਗਾਗਰਾਂ ਨਾਲ ਰੋਜ ਇਸ਼ਨਾਨ ਕਰਦੇ ਸਨ! ਪਰ ਕੌਣ ਪੁੱਛੇ ਕਾਹਦੇ ਲਈ?

ਜੋਗੀਆਂ-ਸਿੱਧਾਂ ਨੇ ਸਵਰਗ ਜਾਣ ਲਈ ਜਟਾਂ ਬਣਾ ਕੇ ਸਿਰ ਸਵਾਹ ਪਾ ਲਈ। ਗਰਮੀਆਂ ਵਿਚ ਧੂਣਾ ਤਪਾ ਲਿਆ ਤੇ ਯੱਖ ਠੰਡ ਵਿਚ ਪਹਾੜੀਂ ਚੜ ਬਰਫ ਵਿਚ ਜਾ ਬੈਠੇ। ਕੁਦਰਤ ਦੇ ਹਰੇਕ ਨਿਯਮ ਦੇ ਉਲਟ ਦੇਹ ਨੂੰ ਗਾਲ ਲਿਆ ਕਿ ਅੱਗੇ ਜਾ ਕੇ ਸਵਰਗ ਮਿਲ ਜਾਏ। 

ਇਹ ਸਵਰਗੀ ਸੁਪਨੇ ਕੇਵਲ ਹਿੰਦੋਸਤਾਨੀ ਸੰਤ ਹੀ ਨਹੀਂ ਸੀ ਲੈਂਦਾ, ਬਾਹਰ ਯੂਨਾਨ, ਮਿਸਰ, ਯੋਰਪ ਆਦਿ ਵਾਲੇ ਸੰਤ ਵੀ ਬੜਾ ਕੁਝ ਕਰਦੇ ਰਹੇ ਸਵਰਗ ਖਾਤਰ। ਈਸਾਈ ਪੁਜਾਰੀਆਂ ਸਵਰਗਾਂ ਦੇ ਸਰਟੀਫਿਕੇਟ ਇੰਝ ਵੇਚੇ ਜਿਵੇਂ ਬਲੈਕ ਵਿਚ ਕਿਸੇ ਹਿੰਦੀ ਫਿਲਮ ਦੀਆਂ ਟਿਕਟਾਂ ਵਿਕਦੀਆਂ। ਅੱਗੇ ਸਵਰਗ ਦੀਆਂ ਵੀ ਕਲਾਸਾਂ, ਪਹਿਲਾ, ਦੂਜਾ ਜਾਂ ਤੀਜੇ ਦਰਜੇ ਵਾਲੇ ਜਾਣਾ! ਤੇ ਲੁਕਾਈ ਨੇ ਉਹ 'ਬਲੈਕ ਟਿਕਟਾਂ' ਅੰਨ੍ਹੇ-ਵਾਹ ਖਰੀਦੀਆਂ! ਉਥੇ ਦੇ ਸੰਤ ਵੀ ਬੜੇ ਪੁੱਠੇ-ਸਿੱਧੇ ਹੋਏ ਸਵਰਗ ਲੋਕ ਜਾਣ ਲਈ। ਕਹਿੰਦੇ ਸੰਤ ਪਾਕੋਮਿਊਸ ਖੜ੍ਹੇ ਆਸਣ ਸੌਂਦਾ ਸੀ। ਮਾਰਕਿਊਸ ਇੱਕ ਛੱਪੜ ਵਿਚ ਰਹਿੰਦਾ ਸੀ ਤਾਂ ਜੋ ਮੱਛਰ ਉਸ ਦੇ ਲਹੂ ਨਾਲ ਪਲਦੇ ਰਹਿਣ। ਸੰਤ ਸਾਈਮਨ ਸਟਾਲਿਸਟਅਰਬ ਦੇ ਮਾਰੂਥਲ ਵਿਚ ਇੱਕ ਥੰਮ ਉਪਰ ੪੦ ਸਾਲ ਤੱਕ ਬੈਠਾ ਰਿਹਾ। ਸੰਤ ਐਨਤੈਨੀ ਨੇ ਅਪਣੀ ਸਾਰੀ ਜਾਇਦਾਦ ਵੇਚ ਕੇ ਖੈਰਾਤ ਵਿਚ ਦੇ ਦਿੱਤੀ ਤੇ ਮਿਸਰ ਦੇ ਥਲ ਵਿਚ ਰਹਿਣ ਲੱਗਾ ਅਤੇ ਵਾਲਾਂ ਦਾ ਬਣਿਆ ਚੋਲਾ ਪਹਿਨਦਾ ਸੀ ਕਿਉਂਕਿ ਉਹ ਸਰੀਰ ਨੂੰ ਲੜਦੇ ਸਨ। ਉਹ ਉਸ ਰੋਟੀ ਤੇ ਗੁਜਾਰਾ ਕਰਦਾ ਸੀ ਜੋ ਛੇ ਮਹੀਨਿਆਂ ਬਾਅਦ ਮਿਲਦੀ ਸੀ। ਇਹ ਸਭ ਅਗਲੇ ਜਨਮ ਦੀ ਤਿਆਰੀ ਹੋ ਰਹੀ ਸੀ ਯਾਨੀ ਸਵਰਗ ਦੀ?

ਇਹ ਤੱਪ ਸੀ ਜਾਂ ਜੁਲਮ? ਜੁਲਮ ਦੀ ਪਰਭਾਸ਼ਾ ਕੀ ਹੈ? ਕਤਲ ਕਰਨਾ ਤੇ ਆਤਮ-ਹੱਤਿਆ ਕਰਨੀ ਦੋਵੋਂ ਇੱਕੋ ਜਿੰਨੇ ਗੁਨਾਹ ਹਨ। ਪਰ ਆਤਮ-ਹੱਤਿਆ ਵਾਲੇ ਨੂੰ ਸਜਾ ਕੋਈ ਤਾਂ ਨਹੀਂ ਮਿਲ ਸਕਦੀ ਕਿ ਉਹ ਰਿਹਾ ਹੀ ਨਹੀਂ ਹੁੰਦਾ ਤਾਂ ਸਜਾ ਕਿਸ ਨੂੰ ਦੇਣੀ। ਅਪਣੇ ਘਰ ਨੂੰ ਸਰਵਗ ਵਰਗਾ ਬਣਾਉਂਣ ਲਈ ਦੂਜਿਆਂ ਦਾ ਲਹੂ ਨਿਚੋੜਨ ਵਾਲਾ ਅਤੇ ਅੱਗੇ ਜਾਕੇ ਸਵਰਗ ਦੀ ਤਾਕ ਵਿਚ ਅਪਣੇ ਸਰੀਰ ਦਾ ਲਹੂ ਦਾ ਨਿਚੋੜਨ ਵਾਲਾ, ਦੋਹੇਂ ਅਲੱਗ ਕਿਵੇਂ ਹੋਏ। ਇੱਕ ਦੂਜੇ ਦੇ ਢਿੱਡ ਤੇ ਲੱਤ ਮਾਰਦਾ ਹੈ ਦੂਜਾ ਖੁਦ ਅਪਣੇ ਹੀ ਢਿੱਡ ਪੁਰ ਲੱਤ ਮਾਰਦਾ ਹੈ। ਇੱਕ ਦੂਜੇ ਦੇ ਮੂੰਹੋਂ ਰੋਟੀ ਖੋਹਦਾ ਹੈ ਤਾਂ ਜਾਲਮ ਪਰ ਇੱਕ ਅਪਣੇ ਹੀ ਮੂੰਹੋਂ ਰੋਟੀ ਖੋਹਦਾ ਹੈ ਤਾਂ ਮਹਾਂਪੁਰਖ?

ਵੱਡਾ ਸਵਾਲ ਇਹ ਕਿ ਉਸ ਸਭ ਕੀਤਾ ਕਿਉਂ? ਸਵਰਗ ਖਾਤਰ ਹੀ ਨਾ? 

ਇਸ ਦਾ ਮੱਤਲਬ ਉਸ ਅੰਦਰ ਵੀ ਤਾਂ ਭੁੱਖ ਹੀ ਸੀ ਨਾ। ਕਿਸੇ ਅੰਦਰ ਪੁੱਤ-ਧੀਆਂ ਦੀ, ਕਿਸੇ ਧੰਨ ਦੀ ਤੇ ਕਿਸੇ ਸਵਰਗ ਦੀ? ਭੁੱਖ ਤਾਂ ਭੁੱਖ ਹੀ ਹੈ ਨਾ। ਲੋਭ ਤਾਂ ਲੋਭ ਹੀ ਹੈ ਚਾਹੇ ਸਵਰਗ ਦਾ ਹੀ ਕਿਉਂ ਨਾ ਹੋਵੇ। ਲੋਭੀ ਬੰਦਾ ਰੱਬ ਨੇੜੇ ਕਿਵੇਂ ਹੋਇਆ? ਲੋਭ ਬੰਦੇ ਨੂੰ ਜੀਵਨ ਦੇ ਨੇੜੇ ਆਉਂਣ ਹੀ ਨਹੀਂ ਦਿੰਦਾ। ਮਾਇਆ ਦਾ ਲੋਭੀ ਜੇ ਜੀਵਨ ਤੋਂ ਦੂਰ ਚਲਾ ਜਾਂਦਾ ਤਾਂ ਸਵਰਗ ਦਾ ਲੋਭੀ ਕਿਹੜਾ ਜੀਵਨ ਦੇ ਨੇੜੇ ਰਹਿੰਦਾ। ਇੱਕ ਲੋਭੀ ਅਪਣੇ ਸਿਰ ਨੂੰ ਤਾਉਂਦਾ ਹੈ ਦੂਜਾ ਅਪਣੀ ਦੇਹ ਨੂੰ ਤਾਉਂਦਾ ਹੈ। ਇੱਨ ਮਾਨਸਿਕ ਦੁੱਖ ਭੋਗਦਾ ਦੂਜਾ ਸਰੀਰਕ । ਦੋਵੇਂ ਲੋਭੀ ਤੇ ਦੋਵੇਂ ਦੁੱਖੀ। 

ਸੰਤ ਇਸੇ ਲੋਭ ਕਾਰਨ ਹੀ ਤਾਂ ਜੀਵਨ ਤੋਂ ਦੂਰ ਦੌੜਦਾ ਰਿਹਾ। ਬਾਬਾ ਜੀ ਅਪਣੇ ਤਾਂ ਕਹਿੰਦੇ ਕਿ ਲੋਭੀ ਦਾ ਵਿਸਾਹ ਨਹੀਂ ਕਰਨਾ ਪਰ ਮੈਂ ਲੋਭੀ ਦੇ ਪੈਰੀਂ ਪੈ ਗਿਆ? ਸੰਤ ਤਾਂ ਇਥੇ ਨਾਤਾ ਹੀ ਤੋੜੀ ਬੈਠਾ ਸਭ ਕੁਝ ਨਾਲੋਂ ਪਰ ਮੈਂ ਸੰਤ ਦੇ ਪੈਰ ਫੜੀ ਬੈਠਾ ਹਾਂ ਕਿ ਮੇਰੇ ਦੁੱਖ ਦੂਰ ਕਰ। ਜਿਸ ਬੰਦੇ ਨੇ ਅਪਣੇ ਸਾਰੇ ਸਬੰਧ ਹੀ ਧਰਤੀ ਨਾਲੋਂ ਤੋੜ ਲਏ ਉਹ ਮੇਰੇ ਧਰਤੀ ਉਪਰਲੇ ਮਸਲੇ ਹੱਲ ਕਿਵੇਂ ਕਰੇਗਾ? ਸੰਤ ਸਾਰੇ ਕੰਮ ਕੁਦਰਤ ਤੋਂ ਉਲਟ ਕਰ ਰਿਹਾ ਹੈ। ਜਿਉਂਣ ਤੋਂ ਲੈ ਕੇ ਮਰਨ ਤੱਕ ਉਹ ਕੁਦਰਤ ਦੇ ਵਿਰੁਧ ਚਲਦਾ ਰਿਹਾ ਤੇ ਜਿਹੜਾ ਕੁਦਰਤ ਦੇ ਹੀ ਵਿਰੁਧ ਉਹ ਕਾਦਰ ਦਾ ਕਿਵੇਂ ਹੋਇਆ? ਨੀਂਦ, ਭੁੱਖ, ਭੋਗ ਸਭ ਕੁਦਰਤੀ ਨਿਯਮ ਸਨ ਜਿੰਨਾ ਨਾਲ ਸੰਤ ਸਾਰੀ ਉਮਰ ਲੜਦਾ ਰਿਹਾ! 

ਪਰ ਬਾਕੀ ਦੁਨੀਆਂ ਵਾਂਗ ਹੁਣ ਸੰਤ ਵੀ ਤਰੱਕੀ ਕਰ ਗਿਆ! ਉਸ ਦੇ ਜੀਵਨ ਨੇ ਵੀ ਪਲਟਾ ਮਾਰਿਆ। ਉਸ ਜਦ ਦੇਖਿਆ ਕਿ ਜਦ ਇਥੇ ਧਰਤੀ ਉਪਰ ਹੀ ਸਵਰਗ ਹੈ ਤਾਂ ਮੈ ਬਾਅਦ ਵਾਲੇ ਤੋਂ ਕੀ ਲੈਣਾ। ਤੁਸੀਂ ਪੁਰਾਣੇ ਅਤੇ ਨਵੇਂ ਸੰਤ ਵਿਚ ਵੱਡੀ ਤਬਦੀਲੀ ਵੇਖੋਂਗੇ। ਪੁਰਾਣਾ ਬਹੁਤਾ ਸੰਤ ਭੁੱਖ ਨੰਗ ਨਾਲ ਘੁਲਦਾ ਸੰਤ ਬਣਿਆ ਸੀ। ਉਸ ਦੀ ਭੁੱਖ ਨੰਗ ਵਿਚੋਂ ਲਾਲਚ ਪੈਦਾ ਹੋਇਆ ਸਵਰਗ ਦਾ ਕਿ ਚਲੋ ਇਥੇ ਨਹੀਂ ਅੱਗੇ ਹੀ ਸਹੀਂ। ਇਥੇ ਜਿਲਤ ਭਰੀ ਜਿੰਦਗੀ ਮਿਲੀ ਅਗੇ ਹੀ ਆਦਰ ਮਿਲ ਜਾਏ ਤੇ ਉਹ ਜਿਉਂ ਲੱਗਾ ਪੁੱਠਾ-ਸਿੱਧਾ ਲਮਕਣ!

ਪਰ ਨਵਾਂ ਸੰਤ? ਉਹ ਹੁਣ ਕੋਈ ਪੁੱਠਾ ਸਿੱਧਾ ਨਹੀਂ ਲਮਕਦਾ ਉਹ ਕਹਿੰਦਾ ਪੁੱਠਾ ਲਮਕਕੇ ਜਿਹੜਾ ਸਵਰਗ ਅੱਗੇ ਜਾ ਕੇ ਮਿਲਣਾ ਉਹ ਤਾਂ ਇਥੇ ਹੀ ਬਣਿਆ ਪਿਆ ਦਫਾ ਕਰੋ ਅੱਗੇ ਵਾਲੇ ਨੂੰ। ਤੁਸੀਂ ਹੁਣ ਵਾਲੇ ਸੰਤ ਨੂੰ ਕਦੇ ਕੇਸ ਕਿੱਲੀ ਨਾਲ ਬੰਨੇ ਸੁਣਿਆ? ਕਦੇ ਪੁੱਠਾ ਲਮਕਦਾ ਸੁਣਿਆ? ਕਦੇ ਭੁੱਖਾ ਰਹਿ ਕੇ ਦੇਹ ਨੂੰ ਦੁੱਖ ਦਿੰਦੇ ਸੁਣਿਆ? ਉਹ ਭੁੱਖਾ ਕਿਉਂ ਰਹੇ। ਛੇ ਛੇ ਕਾਉਂਲੀਆਂ ਵਾਲੇ ਚਮਕਦੇ ਥਾਲ ਉਸ ਲਈ ਲੱਗ ਕੇ ਆਉਂਦੇ ਹਨ। ਉਸ ਦੇ ਡੇਰੇ ਵਿਚ ਧਰਤੀ ਦੀ ਆਖਰੀ ਸਹੂਲਤ ਵਾਲੀ ਹਰੇਕ ਚੀਜ ਮੌਜੂਦ ਹੈ। ਬੇਸ਼ਕ ਉਹ ਸ਼ਾਦੀ ਨਹੀਂ ਕਰਦਾ ਪਰ ਉਸ ਕੋਲੇ ਸ਼ਾਦੀਆਂ ਵਾਲੀਆਂ ਸਹੂਲਤਾਂ ਮੌਜੂਦ ਹਨ। ਉਹ ਕਹਿੰਦਾ ਮੇਰੇ ਵਾਲੇ ਬਾਬਾ ਜੀ ਤਾਂ ਔਰਤ ਨੂੰ ਮੱਥੇ ਵੀ ਨਹੀਂ ਸਨ ਲਾਉਂਦੇ, ਪਰ ਖੁਦ ਉਹ ਔਰਤ ਦੇ ਸਿੱਧਾ ਮੱਥੇ ਵੱਜਦਾ ਹੈ?

ਦਰਅਸਲ ਪਦਾਰਥ ਦੇ ਇਸ ਜੁੱਗ ਨੇ ਸੰਤ ਦਾ ਦਰਵਾਜਾ ਵੀ ਜਾ ਖੜਕਾਇਆ ਕਿ ਸੰਤ ਜੀ ਨਿਕਲੋ ਬਾਹਰ ਭੋਰੇ ਚੋਂ। ਸਵਰਗ ਤਾਂ ਇਥੇ ਹੈ, ਬਹਾਰਾਂ ਲੱਗੀਆਂ ਪਈਆਂ ਤੁਸੀਂ ਕਿਹੜੇ ਸਵਰਗ ਲਈ ਤੱਪੀ ਜਾਂਨੇ ਭੱਠੀ ਵਿਚ। ਇਸ ਧਰਤੀ ਦੇ ਸਵਰਗ ਨੂੰ ਛੱਡ ਐਵੇਂ ਪੁੱਠੇ-ਸਿੱਧੇ ਹੋਈ ਜਾਂਨੇ। ਸੰਤ ਨੇ ਫਿਰ ਹੋਰ ਕਹਾਣੀ ਘੜੀ। ਉਹ ਕਹਿੰਦਾ ਦਰਅਸਲ ਪਹਿਲੇ ਯਾਨੀ ਵੱਡੇ ਬਾਬਾ ਜੀ ਦੀ ਕਮਾਈ ਹੀ ਇਨੀ ਸੀ ਕਿ ਉਹੀ ਕਈ ਜਨਮ ਨਹੀਂ ਮੁੱਕਣੀ। ਪਿੱਛਲੇ ੧੦੦-੧੦੦ ਸਾਲ ਦੀ ਕਮਾਈ ਦੀਆਂ ਗੱਪਾਂ ਘੜ ਮਾਰੀਆਂ! ਹੁਣ ਨਾ ੧੦੦ ਸਾਲ ਮੁੱਕੇ ਤੇ ਨਾ ਬਾਬਿਆਂ ਨੂੰ ਪੁੱਠਾ ਲਮਕਣਾ ਪਵੇ ਉਂਝ ਵੀ ਕਿਹੜਾ ਕਿਸੇ ਪਿੱਛਲੇ ਸੌ ਸਾਲ ਜਾ ਕੇ ਦੇਖਣਾ ਤੇ ਸੰਤ ਦਾ ਸਵਰਗ ਖਰਾ! ਹੁਣ ਉਹ ਅਗਲੇ ਸਵਰਗ ਦੇ ਲਾਰੇ ਉਪਰ ਨਹੀਂ ਜਿਉਂਦਾ ਬਲਕਿ ਇਥੇ ਦੇ ਸਵਰਗ ਨੂੰ ਭੋਗਦਾ, ਪਰ ਲੁਕਾਈ ਦੇ ਮੂੰਹ ਉਸ ਅਗਲੇ ਸਵਰਗ ਦਾ ਲਾਲੀਪਾਪ ਹੀ ਦੇ ਰੱਖਿਆ ਤਾਂ ਕਿ ਉਸ ਦੇ ਇਥੇ ਦੇ ਸਵਰਗ ਵਿਚ ਕੋਈ ਵਿਘਨ ਨਾ ਪਵੇ! 


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top