Share on Facebook

Main News Page

ਖ਼ਾਲਸਾ ਦਿਵਸ ਨੂੰ ਸਮਰਪਿਤ ਸਿੱਖ ਹੈਰੀਟੇਜ ਮੰਥ ਦੇ ਪ੍ਰੋਗਰਾਮ ਵੱਡੇ ਸਵਾਲ ਛੱਡ ਗਏ ?
-: ਅਦਾਰਾ ਖ਼ਬਰਦਾਰ
05 May 2018

ਪੰਜਾਬ ਵਿਚਲੇ ਅੱਜ ਦੇ ਨਸ਼ਿਆਂ ਦੇ ਦਰਿਆ ਵਿੱਚ ਰੁੜ ਰਹੀ ਪੰਜਾਬ ਦੀ ਜਵਾਨੀ ਬਾਰੇ ਜਦ ਕੋਈ ਚਿੰਤਕ ਸੋਚਦਾ ਹੈ ਤਾਂ ਰਾਜਨੀਤਕਾਂ ਤੋਂ ਬਿਨਾ ਇੱਕ ਉਂਗਲ ਲੱਚਰ ਗਾਇਕਾਂ ਉਪਰ ਵੀ ਉੱਠਦੀ ਹੈ, ਜਿੰਨਾ ਨਸ਼ਿਆਂ ਦੇ ਵਗਦੇ ਦਰਿਆ ਵਿਚ ਹਿੱਸਾ ਤਾਂ ਪਾਇਆ ਹੀ ਪਾਇਆ, ਬਲਕਿ ਰਫਲਾਂ ਬੰਦੂਕਾਂ ਫੜਕੇ ਗੈਂਗਵਾਦ ਨੂੰ ਵੀ ਭਰਵਾਂ ਬੜਾਵਾ ਦਿੱਤਾ ਜਿਸ ਦੀ ਬਦੌਲਤ ਪੰਜਾਬ ਦੀ ਜਵਾਨੀ ਅੱਜ ਆਪਸ ਵਿਚੀਂ ਭਿੜ ਭਿੜ ਮਰ ਰਹੀ ਹੈ ਜਾਂ ਜੇਹਲੀਂ ਜਾ ਰਹੀ ਹੈ।

ਸਭ ਤੋਂ ਹੈਰਾਨੀ ਉਸ ਸਮੇਂ ਹੁੰਦੀ ਹੈ ਕਿ ਪੰਜਾਬ ਵਾਲੀ ਉਲਝੀ ਤਾਣੀ ਤਾਂ ਹਾਲੇ ਸੁਲਝੀ ਨਹੀਂ, ਪਰ ਬਾਹਰ ਵਾਲੇ ਸਿੱਖ ਰਾਜਨੀਤਕਾਂ ਵਲੋਂ ਇੱਕ ਨਵੀਂ ਪਿਰਤ ਪਾਈ ਜਾ ਰਹੀ ਹੈ ਜਿਸ ਵਿਚ ਪੰਜਾਬ ਵਰਗੇ ਹੀ ਮੁੱਤੀਆਂ ਦੀ ਬਜਾਇ ਦੁਮਾਲਿਆਂ ਵਾਲੇ 'ਅੰਗਰੇਜੀ ਚਮਕੀਲੇ' ਖਾਲਸਾ ਦਿਵਸ ਵਰਗੇ ਇਤਿਹਸਾਕ ਦਿਨਾ ਤੇ 'ਆਨਰ' ਕੀਤੇ ਜਾ ਰਹੇ ਹਨ ਉਹ ਵੀ 'ਸਿੱਖ ਹੈਰੀਟੇਜ ਮੰਥ' ਦੇ ਨਾਂ 'ਤੇ?

ਯਾਦ ਰਹੇ ਕਿ ਅਪ੍ਰੈਲ ਦਾ ਮਹੀਨਾ ਗੁਰੂ ਬਾਜਾਂ ਵਾਲੇ ਵਲੋਂ ਖਾਲਸਾ ਪੰਥ ਦੀ ਸਿਰਜਨਾ ਕੀਤੀ ਗਈ ਸੀ ਅਤੇ ਇਸ ਮਹੀਨੇ ਦੀਆਂ ਚੜ੍ਹਤਾਂ ਨੂੰ ਦੁਨੀਆਂ ਭਰ ਵਿਚ ਸਿੱਖ ਕੌਮ ਬੜੀ ਸ਼ਾਨੋ ਸੌਕਤ ਨਾਲ ਮਨਾਉਂਦੀ ਆ ਰਹੀ ਹੈ। ਸਿੱਖ ਵਸੋਂ ਨੂੰ ਮੁੱਖ ਰੱਖਦਿਆਂ ਕੈਨੇਡਾ ਸਰਕਾਰ ਤਰਫੋਂ ਅਪ੍ਰੈਲ ਮਹੀਨੇ ਨੂੰ ਫੈਡਰਲ, ਪ੍ਰੋਵਿੰਸ਼ਲ ਅਤੇ ਸਿਟੀ ਪੱਧਰ 'ਤੇ 'ਸਿੱਖ ਹੈਰੀਟੇਜ ਮੰਥ' ਵਜੋਂ ਐਲਾਨਿਆ ਹੋਇਆ ਹੈ, ਜਿਸ ਵਿਚ ਸਰਕਾਰ ਵਲੋਂ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਫੰਡਿੰਗ ਤੋਂ ਇਲਾਵਾ ਵੱਖ ਵੱਖ ਤਰੀਕੇ ਸਹਿਜੋਗ ਵੀ ਕੀਤਾ ਜਾਂਦਾ ਹੈ।

ਅਸੀਂ ਗੱਲ ਕਰਾਂਗੇ ਕੇਵਲ ਬ੍ਰੈਮਪਟਨ ਸ਼ਹਿਰ ਦੀ ਜਿਥੇ ਸਿੱਖ ਹੈਰੀਟੇਜ ਮੰਥ ਉਪਰ ਅਜਿਹੇ ਲੋਕਾਂ ਨੂੰ 'ਆਨਰ' ਕੀਤਾ ਗਿਆ ਅਤੇ ਜਾਂਦਾ ਰਿਹਾ ਹੈ ਕਿ ਸਿੱਖ ਹੈਰੀਟੇਜ ਮੰਥ ਦੇ ਫੰਕਸ਼ਨ ਖਾਲਸਾ ਦਿਵਸ ਨੂੰ ਸਮਰਪਤ ਹੋਣ ਦੀ ਬਜਾਇ ਰਾਜਨੀਤਕ ਅਖਾੜੇ ਜਾਂ ਪੰਜਾਬ ਦੇ ਸੋ ਕਾਲ ਸਭਿਆਚਾਰਕ ਮੇਲਿਆਂ ਜਿਹੇ ਬਣ ਕੇ ਰਹਿ ਗਏ ਹਨ, ਜਿਥੇ ਖਾਲਸਾ ਪੰਥ ਨੂੰ ਸਮਰਪਤ ਲੋਕਾਂ ਨੂੰ ਨਹੀਂ ਬਲਕਿ ਚਮਕੀਲਾ ਟੋਨ 'ਤੇ ਗਾਉਂਣ ਵਜਾਉਂਣ ਵਰਗਿਆਂ ਨੂੰ 'ਆਨਰ' ਕੀਤਾ ਜਾਂਦਾ ਹੈ ਜੋ ਕਿ ਇਸ ਦਿਨ ਨਾਲ ਵੱਡਾ ਮਖੌਲ ਹੈ।

ਬ੍ਰੈਂਪਟਨ ਸਿੱਟੀ ਵਲੋਂ ਇਨ੍ਹਾਂ ਪ੍ਰੋਗਰਾਮਾਂ ਦੇ ਪ੍ਰਬੰਧਕਾਂ ਵਿਚੋਂ ਸਿਟੀ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਦਾ ਨਾਮ ਖਾਸ ਤੌਰ 'ਤੇ ਵਰਣਨ ਜੋਗ ਹੈ ਜਿਸ ਵਲੋਂ ਇਨ੍ਹਾਂ ਸਮਾਗਮਾਂ ਵਿੱਚ 'ਆਨਰ' ਕਰਨ ਵਾਲੇ ਬੰਦਿਆਂ ਨੂੰ ਚੁਣਨ ਦੀ ਜਿੰਮੇਵਾਰੀ ਖਾਸ ਤੌਰ 'ਤੇ ਹੁੰਦੀ ਹੈ ਅਤੇ ਤੁਸੀਂ ਹੈਰਾਨ ਹੋਵੋਂਗੇ ਕਿ ਪਿੱਛਲੀ ਵਾਰੀ 'ਆਨਰ' ਹੋਏ ਲੋਕਾਂ ਵਿਚੋਂ ਕੈਨੇਡਾ ਦੇ ਚਿਰਾਂ ਤੋਂ ਟੀ.ਵੀ ਪ੍ਰੋਗਰਾਮ ਦੇ ਸੰਚਾਲਕ ਮਿਸਟਰ ਇਕਬਾਲ ਮਾਹਲ ਦਾ ਨਾਮ ਵੀ ਸ਼ਾਮਲ ਸੀ। ਇਕਬਾਲ ਮਾਹਲ ਹੁਰੀਂ ਕੀ ਕਰਦੇ ਜਾਂ ਨਹੀਂ ਇਸ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਪਰ ਸਵਾਲ ਉਸ ਸਮੇਂ ਉੱਠਣਗੇ ਜਦ 'ਮਾਹਲ ਪ੍ਰੋਡਕਸ਼ਨ' ਹੇਠ ਸੁਰਿੰਦਰ ਕੌਰ ਦੇ 'ਨੀਵੇਂ ਪੱਧਰ' ਦੇ ਗਾਣਿਆਂ ਦੀ ਸੀ.ਡੀ., ਰਿਲੀਜ਼ ਕਰਨ ਵਾਲੇ ਲੋਕਾਂ ਨੂੰ ਸਿੱਖ ਹੈਰੀਟੇਜ ਦੇ ਨਾਂ ਹੇਠ 'ਆਨਰ' ਕੀਤਾ ਜਾਂਦਾ ਰਹੇਗਾ ਅਤੇ ਇਸ ਸਵਾਲ ਵੀ ਬਰਕਰਾਰ ਰਹੇਗਾ, ਕਿ ਮਿਸਟਰ ਇਕਬਾਲ ਮਾਹਲ ਵਰਗਿਆਂ ਦਾ ਖਾਲਸਾ ਦਿਵਸ ਨੂੰ ਸਮਰਪਿਤ ਪ੍ਰੋਗਰਾਮਾਂ ਵਿੱਚ 'ਆਨਰ' ਕੀਤਾ ਜਾਣਾ ਕਿਵੇਂ ਵਾਜਬ ਹੈ?

ਉਸੇ ਲੜੀ ਵਿਚ ਇਸ ਵਾਰੀ ਸਿੱਖ ਹੈਰੀਟੇਜ ਦੇ ਨਾਂ ਹੇਠ 'ਆਨਰ' ਹੋਣ ਵਾਲੇ ਲੋਕਾਂ ਵਿਚੋਂ ਇੱਕ ਨਾਮ 'ਫਤਹਿ ਡੋ Fateh Doe' ਦਾ ਵੀ ਆਉਂਦਾ ਹੈ ਜਿਹੜਾ ਅੱਧ ਨੰਗੀਆਂ ਹਿਪੀ ਕੁੜੀਆਂ ਲੈ ਕੇ ਦੁਮਾਲਾ ਬੰਨੀ ਅਜਿਹਾ ਹੀ ਵਾਯਾਤ ਗਾਉਂਦਾ ਹੈ, ਜਿਸ ਨੂੰ ਤੁਸੀਂ ਪੰਜਾਬ ਦੇ ਜੈਜੀ ਬੈਂਸ ਜਾਂ ਹਨੀ ਵਰਗਿਆਂ ਤੋਂ ਕਿਵੇਂ ਵੀ ਘੱਟ ਨਹੀਂ ਕਹਿ ਸਕਦੇ। ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਕਿਸੇ ਦੇ ਕਥਾ ਕੀਰਤਨ ਕਰਨ ਤੇ ਪੰਥ ਨੂੰ ਖਤਰਾ ਕਹਿ ਕੇ ਅਸਮਾਨ ਸਿਰ 'ਤੇ ਚੁੱਕ ਲੈਣ ਵਾਲਿਆਂ ਨੂੰ ਅਜਿਹੇ ਬੰਦੇ ਕਿਉਂ ਨਹੀਂ ਦਿੱਸਦੇ ਜਿਹੜੇ ਗੁਰੂ ਦਾ ਬਾਣਾ ਸਿਰ 'ਤੇ ਰੱਖ ਕੇ ਅਜਿਹੀਆਂ ਵਾਹਿਯਾਤ ਹਰਕਤਾਂ ਕਰਦੇ ਹਨ ਅਤੇ ਖਾਲਸਾ ਦਿਵਸ ਵਰਗੇ ਦਿਨਾ ਤੇ 'ਆਨਰ' ਕੀਤੇ ਜਾਂਦੇ ਹਨ?

ਇਹ ਵੀ ਕਿ ਜੇ ਅਜਿਹੇ ਲੋਕਾਂ ਨੂੰ ਇਉਂ ਖੁਲ੍ਹ ਮਿਲਦੀ ਰਹੀ ਕਿ ਉਹ ਦੁਮਾਲੇ ਬੰਨ ਕੇ ਜੋ ਮਰਜੀ ਗੰਦ ਪਾਈ ਜਾਣ ਤਾਂ ਉਹ ਦਿਨ ਦੂਰ ਨਹੀਂ ਜਦ ਸਿੱਖਾਂ ਦਾ ਏਮਜ 'ਦੁਮਾਲਾ ਕਲਟ' ਵਜੋਂ ਸਿਰਜਿਆ ਜਾ ਚੁੱਕਾ ਹੋਵੇਗਾ ਅਤੇ ਪਛਾਣ ਕਰਨੀ ਔਖੀ ਹੋਵੇਗੀ ਕਿ ਸਵਾ ਸਵਾ ਲੱਖ ਨਾਲ ਭਿੜ ਜਾਣ ਵਾਲੇ ਕੀ ਅਜਿਹੇ ਲੋਕਾਂ ਵਿਚੋਂ ਸਨ? ਜਾਂ ਕਿ ਸਿੱਖ ਭਾਈਚਾਰੇ ਨੇ ਸੋਚ ਲਿਆ ਹੋਇਆ ਕਿ ਦੁਮਾਲਾ ਬੰਨਣ ਬਾਅਦ ਸਾਰਾ ਲੱਚਰਖਾਨਾ ਮਾਫ ਹੋ ਜਾਂਦਾ ਹੈ? ਫਤਿਹ ਦੀਆਂ ਬਾਂਦਰ ਟਪੂਸੀਆਂ ਦੇ ਨਾਲ ਕੁਝ ਲਫਜਾਤ ਚੌਲਾਂ ਦੇ ਦਾਣੇ ਤਰ੍ਹਾਂ ਦੇਖ ਕੇ ਸਿੱਖ ਭਾਈਚਾਰਾ ਖੁਦ ਹੀ ਅੰਦਾਜਾ ਲਾ ਸਕਦਾ ਕਿ ਅਜਿਹੇ ਲੋਕਾਂ ਨੂੰ ਕੀ ਖਾਲਸਾ ਦਿਵਸ ਨੂੰ ਸਮਰਪਤ ਸਿੱਖ ਹੈਰੀਟੇਜ ਮੰਥ ਵਰਗੇ ਫੰਕਸ਼ਨਾਂ ਵਿੱਚ 'ਆਨਰ' ਕੀਤਾ ਜਾਣਾ ਚਾਹੀਦਾ ਹੈ?

'ਸਹੇਲੀ ਮੇਰੀ ਹੌਟ ਜਿਵੇਂ ਚੜਿਆ ਬੁਖਾਰ'। ਜਾਂ! ਸਵੇਰੇ ਉਠ ਕੇ ਮੈਂ ਵੈਰੀ ਵਾਲੀ ਪਾਠ ਕਰਾਂ, ਰਫਲ ਦੁਨਾਲੀ ਉਹਦਾ ਸਾਥ ਲਵਾਂ'। ਜਾਂ! ਚਕਵੇਂ ਨੇ ਯਾਰ ਮੇਰੇ ਸਹੇਲੀ ਵੀ ਏ ਚੱਕਵੀਂ' ਅਤੇ ਉਸ ਦੇ 'ਗੈਂਗ ਗੈਂਗ' ਵਾਲੇ ਗਾਣੇ? ਇੱਕ ਕਲਾਕਾਰ ਹੋਣ ਨਾਤੇ ਉਸ ਨੂੰ ਆਜ਼ਾਦੀ ਹੈ ਜੋ ਮਰਜੀ ਝੱਖ ਮਾਰੇ, ਪਰ ਇਹ ਸਵਾਲ ਜਿਉਂ ਦਾ ਤਿਉਂ ਰਹੇਗਾ ਕਿ ਖਾਲਸਾ ਦਿਵਸ ਨੂੰ ਸਮਰਪਤ ਸਿੱਖ ਹੈਰੀਟੇਜ ਮੰਥ ਨਾਲ ਉਸ ਦਾ ਸਬੰਧ ਕੀ?

ਇਸ ਸਬੰਧੀ ਜਾਣਕਾਰੀ ਲੈਣ ਲਈ ਖ਼ਬਰਦਾਰ ਵਲੋਂ ਗੁਰਪ੍ਰੀਤ ਹੋਰਾਂ ਨੂੰ ਕਈ ਵਾਰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਅਤੇ ਫੋਨ ਤੋਂ ਇਲਾਵਾ ਛੱਡੇ ਗਏ ਮੈਸਿਜ ਦਾ ਵੀ ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਆਇਆ ਸਿਵਾਏ ਉਨ੍ਹਾਂ ਦੇ ਦਫਤਰੋਂ ਫੋਨ ਆਉਂਣ ਦੇ ਕਿ ਘੰਟੇ ਤੱਕ ਵਾਪਸ ਕਾਲ ਕਰਨਗੇ! ਇਸ ਸਬੰਧੀ ਬ੍ਰੈਮਪਟਨ ਦੇ ਹੀ ਇੱਕ ਪੱਤਰਕਾਰ ਨੇ ਫਤਿਹ ਦੋ ਦੇ 'ਆਨਰ' ਕਰਨ ਤੇ ਸਵਾਲ ਕੀਤਾ ਤਾਂ ਜਵਾਬ ਬੜਾ ਹੈਰਾਨ ਕਰਨ ਦੇਣ ਵਾਲਾ ਸੀ ਕਿ ਹੋਰ ਅਸੀਂ ਗੁਰਦੁਆਰਿਆਂ ਦੇ ਰਾਗੀਆਂ ਢਾਢੀਆਂ ਨੂੰ ਸਨਮਾਨਤ ਕਰੀਏ? ਇਸ ਦਾ ਮੱਤਲਬ ਕੀਰਤੀਨਏ ਜਾਂ ਢਾਡੀ ਕੀ ਇਨ੍ਹਾਂ ਲੋਕਾਂ ਦੀ 'ਫਕਿੰਗ ਸ਼ਕਿੰਗ' ਅਤੇ 'ਭੀੜੀ ਲੰਮਾ' ਵਾਲਿਆਂ ਨਾਲੋਂ ਵੀ ਗਏ ਗੁਜਰੇ ਹਨ? ਕੀ ਸਾਰੇ ਸ਼ਹਿਰ ਵਿਚ ਸਿੱਖਾਂ ਵਿਚ ਕੋਈ ਜੋਗ ਬੰਦਾ ਹੀ ਨਹੀਂ ਲੱਭਾ ਮਿਸਟਰ ਗੁਰਪ੍ਰੀਤ ਹੋਰਾਂ ਨੂੰ?

ਯਾਦ ਰਹੇ ਕਿ ਫਤਿਹ ਵਰਗਿਆਂ ਨੂੰ 'ਆਨਰ' ਵਾਲੇ ਉਸ ਸਮਾਗਮ ਦਾ ਮੁੱਖ ਮਹਿਮਾਨ ਐਂਨ ਡੀ ਪੀ ਪਾਰਟੀ ਦਾ ਲੀਡਰ ਜਗਮੀਤ ਸਿੰਘ ਸੀ! ਕੀ ਜਗਮੀਤ ਸਿੰਘ ਫਤਹਿ ਵਰਗਿਆਂ ਨੂੰ ਜਾਣਦਾ ਨਹੀਂ ਸੀ? ਕੀ ਪੰਜਾਬ ਤੋਂ ਇਲਾਵਾ ਬਾਹਰ ਵੀ ਇਸ ਲੱਚਰ ਗਾਇਕੀ ਨੂੰ ਹਵਾ ਨਹੀਂ ਦੇ ਰਹੇ ਸਾਡੇ ਲੀਡਰ? ਕੀ ਪੰਜਾਬ ਵਿਚਲੀ ਇਸ ਹਵਾ ਨੇ ਗੈਂਗਵਾਦ ਅਤੇ ਨਸ਼ਿਆਂ ਵਿਚ ਗਰਕ ਕਰਕੇ ਮਾਵਾਂ ਦੇ ਪੁੱਤ ਸਿਵਿਆਂ ਵੰਨੀ ਨਹੀਂ ਤੋਰੇ?

ਯਾਦ ਰਹੇ ਕਿ ਇਸ ਪੀੜਾ ਨੂੰ ਨੇੜਿਓੋਂ ਦੇਖਣ ਵਾਲੇ ਸਿੱਖ ਚਿੰਤਕਾਂ ਜਗਮੀਤ ਸਿੰਘ ਦੇ ਵਿਆਹ ਵੇਲੇ ਜੈਜੀ ਬੈਂਸ ਵਰਗਿਆਂ ਦੀ ਸ਼ਮੂਲੀਅਤ ਅਤੇ ਭੰਗੜਿਆਂ ਦਾ ਵੀ ਬੁਰਾ ਮਨਾਇਆ ਸੀ ਪਰ ਬਹੁਤਾ ਭਾਈਚਾਰਾ ਕੁਝ ਲੋਕਾਂ ਦੀ ਗੁੰਡਾਗਰਦੀ ਤੋਂ ਡਰਦਾ ਚੁੱਪ ਰਿਹਾ ਸੀ?

ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਜੇ ਜੀ ਬੈਂਸ ਜਾਂ ਹਨੀ ਵਰਗੇ ਉਨ੍ਹਾਂ ਉਪਰਲੇ ਗਾਇਕਾਂ ਵਿਚੋਂ ਖਾਸ ਹਨ ਜੀਹਨਾ ਪੰਜਾਬ ਦੀਆਂ ਫਿਜਾਵਾਂ ਵਿਚ ਰੱਜ ਕੇ ਗੰਦ ਘੋਲਿਆ ਅਤੇ ਰਫਲਾਂ ਫੜੀ ਗਾਣੇ ਗਾ ਕੇ ਪੰਜਾਬ ਦੀ ਜਵਾਨੀ ਨੂੰ ਧੱਕੇ ਮਾਰ ਮਾਰ ਗੈਂਗਵਾਦ ਵੰਨੀ ਤੋਰਿਆ!

ਜਗਮੀਤ ਸਿੰਘ ਜਾਂ ਗੁਰਪ੍ਰੀਤ ਢਿੱਲੋਂ ਵਰਗੇ ਸਿੱਖਾਂ ਦੀਆਂ ਵੋਟਾਂ ਨਾਲ ਲੀਡਰ ਬਣੇ ਹਨ ਉਹ ਕੋਈ ਰੱਬ ਨਹੀਂ ਹਨ ਕਿ ਲੋਕ ਉਨ੍ਹਾਂ ਦੀ ਕਿਸੇ ਗਲਤੀ ਤੇ ਸਵਾਲ ਨਹੀਂ ਕਰ ਸਕਦੇ ਖਾਸ ਕਰ ਉਸ ਸਮੇ ਜਦੋਂ ਵੋਟਾਂ ਉਨ੍ਹਾਂ ਨੂੰ ਸਿੱਖ ਦਿਖ ਕਰਕੇ ਮਿਲੀਆਂ ਹੋਣ ਤਾਂ ਲੋਕਾਂ ਨੂੰ ਉਨ੍ਹਾਂ ਤੋਂ ਖਾਸ ਉਮੀਦਾਂ ਅਤੇ ਸਿੱਖਾਂ ਵਰਗੇ ਕਿਰਦਾਰ ਦੀ ਆਸ ਕਿਉਂ ਨਹੀਂ ਹੋ ਸਕਦੀ?

ਸਿੱਖ ਹੈਰੀਟੇਜ ਦੀ ਸਮੁੱਚੀ ਕਮੇਟੀ ਵੀ ਸਵਾਲਾਂ ਦੇ ਘੇਰੇ ਵਿਚ ਹੈ ਕਿ 'ਹੰਮਰ ਦ ਪੁਇਟ' ਵਰਗੇ ਲੱਚਰ ਗਾਇਕਾਂ ਨੂੰ ਜਿਹੜੇ ਦੁਮਾਲੇ ਬੰਨੀ ਅੱਧ ਨੰਗੀਆਂ ਕੁੜੀਆਂ ਨਾਲ ਹਿੱਪੀ ਗੋਰੇ-ਕਾਲਿਆਂ ਤਰ੍ਹਾਂ ਗਾ ਰਹੇ ਹਨ, ਦਾ ਖਾਲਸਾ ਦਿਵਸ ਨਾਲ ਕੀ ਸਬੰਧ ਹੈ ਕਿ ਉਨ੍ਹਾਂ ਨੂੰ ਅਪਣੀ 'ਵੈਬਸਾਈਟ' ਤੇ ਸਿੱਖਾਂ ਦੇ ਨਿਆਣਿਆਂ ਨਾਲ 'ਇੰਟਰੋਡਿਊਸ' ਕਰਾਉਂਣ ਦੀ ਗੱਲ ਕਹੀ ਜਾ ਰਹੀ ਹੈ? ਤੁਸੀਂ ਦੱਸਣਾ ਕੀ ਚਾਹੁੰਦੇ ਲੋਕਾਂ ਨੂੰ? ਇਸ ਨਾਲ ਖਾਲਸਾ ਦਿਵਸ ਦਾ ਸਬੰਧ ਕੀ? ਇਹ ਜਾਣ ਬੁਝ ਕੇ ਇੱਕ ਨਵਾ 'ਦੁਮਾਲਾ ਕਲਟ' ਨਹੀਂ ਉਭਾਰਿਆ ਜਾ ਰਿਹਾ ਜਿਸ ਨੂੰ ਸਿੱਖਾਂ ਦੇ ਨਿਆਣਿਆਂ ਦਾ ਰੋਲ ਮਾਡਲ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਅਜਿਹੇ 'ਕਲਟ' ਨੂੰ ਜਗਮੀਤ ਸਿੰਘ ਵਰਗੇ 'ਚੀਫ ਗੈਸਟ' ਬਣ ਕੇ ਉਤਸ਼ਾਹਤ ਕਰ ਰਹੇ ਹਨ?

ਏਥੇ ਇਹ ਵੀ ਚੇਤੇ ਰੱਖਣਾ ਬਣਦਾ ਹੈ ਕਿ ਪਿੱਛਲੇ ਸਮੇਂ ਵਿਚ ਦੁਨੀਆਂ ਪੱਧਰ 'ਤੇ ਮਨਾਏ ਗਏ 'ਜੋਗਾ ਡੇਅ' ਤੇ ਸਿੱਖਾਂ ਵਲੋਂ ਉਸ ਦੀ ਵਿਰੋਧਤਾ ਵਿਚ 'ਗਤਕਾ ਡੇਅ' ਮਨਾਇਆ ਗਿਆ ਸੀ ਪਰ ਹੈਰਾਨੀ ਦੀ ਗੱਲ ਕਿ ਇਸ ਵਾਰੀ ਖਾਲਸਾ ਦਿਵਸ ਦੇ ਸਿੱਖ ਹੈਰੀਟੇਜ ਮੰਥ ਤੇ ਕੁੰਡਲਨੀ ਜੋਗਾ ਕਿਥੋਂ ਆ ਵੜਿਆ? ਕੀ ਕੋਈ ਦੱਸ ਸਕਦਾ ਹੈ ਕਿ ਖਾਲਸਾ ਜੀ ਦੇ ਸਾਜਨਾ ਦਿਵਸ ਨਾਲ ਸਬੰਧਤ ਸਿੱਖ ਹੈਰੀਟੇਜ ਮੰਥ ਉਪਰ ਕੁੰਡਲਨੀ ਜੋਗਾ ਦਾ ਕੋਈ ਸਬੰਧ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top