Share on Facebook

Main News Page

ਪੰਜਾਬ ਦੇ ਸਭਿਆਚਾਰ ਦੇ ਵਾਰਸ ਕੌਣ ?
-: ਗੁਰਦੇਵ ਸਿੰਘ ਸੱਧੇਵਾਲੀਆ

ਲੋੜ ਵਾਲੇ ਸੰਦਾਂ ਨੂੰ ਸਭਿਆਚਾਰ ਕਹੀ ਜਾਣਾ ਤਾਂ ਪੁੱਜ ਕੇ ਮੂਰਖਤਾ ਹੈ ਤੁਹਾਡੇ ਆਹ ਬਾਹਲੇ, ਮੀਡੀਏ ਵਾਲੇ ਹੋਸ਼ੇ, ਚਰਖੇ, ਮਧਾਣੀਆਂ, ਹਲ-ਪੰਜਾਲੀਆਂ ਜਾਂ ਮੂਸਲਾਂ ਗੀਰਿਆਂ ਨੂੰ ਹੀ ਪੰਜਾਬ ਦਾ ਸਭਿਆਚਾਰ ਕਹੀ ਜਾਂਦੇ ਹਨ। ਚਲੋ ਇਹ ਕਿਤੇ ਫਿਰ ਸਹੀ।

ਦੋ ਤਰ੍ਹਾਂ ਨਾਲ ਪੰਜਾਬ ਦੇ ਸਭਿਆਚਾਰ ਉਪਰ ਧਾਵਾ ਹੋਇਆ ਹੈ, ਜਿਸ ਨਾਲ ਤੀਜਾ ਪੱਖ ਹਨੇਰੇ ਵਿਚ ਕਰ ਦਿੱਤਾ ਗਿਆ ਹੈ ਬਲਕਿ ਤੀਜੇ ਉਪਰ ਪਰਦਾ ਕਰਨ ਲਈ ਹੀ ਇਹ ਦੋ ਬੰਦੇ ਪੰਜਾਬ ਦੇ ਮੰਚ ਉਪਰ ਸਭਿਆਚਾਰ ਬਣਾ ਕੇ ਪਰੋਸੇ ਗਏ ਹਨ। ਪਹਿਲਾਂ ਦੋਹਾਂ ਦੀ ਤੇ ਫਿਰ ਤੀਜੇ ਦੀ ਗੱਲ ਕਰਦੇ ਹਾਂ। ਤਿੰਨਾ ਦੀਆਂ ਦੋ ਦੋ ਕਹਾਣੀਆਂ!

ਮਿਰਜਾ! ਸਕੇ ਮਾਮਿਆਂ ਦੇ ਰਿਹਾ ਤੇ ਉਨ੍ਹਾਂ ਦੀ ਕੁੜੀ ਨਾਲ ਹੀ ਮੂੰਹ ਕਾਲਾ? ਤੇ ਐਨ ਨਿਕਾਹ ਮੌਕੇ ਕੁੜੀ ਭਜਾ ਕੇ ਦੌੜ ਗਿਆ! ਬਾਕੀ ਕਹਾਣੀ ਤੁਹਾਨੂੰ ਪਤੈ ਪਰ ਉਨਾ ਜੋਰ ਮਿਰਜੇ ਦਾ ਮਰਨ ਤੇ ਨਹੀਂ ਲੱਗਾ ਹੋਣਾ ਜਿੰਨਾ ਤੁਹਾਡੀ ਗਾਉਂਣ ਵਾਲੀ ਮੰਡੀਰ ਦਾ ਉਸ ਨੂੰ ਗਾਉਂਣ ਤੇ ਲੱਗਦਾ! ਇੱਕ ਕਹਾਣੀ।

ਰਾਂਝਾ - ਸਿਰੇ ਦਾ ਨਿਕੰਮਾ ਤੇ ਵਿਹਲੜ। ਇਨਾ ਨਿਕੰਮਾ ਕਿ ਘਰ ਦਿਆਂ ਟਿੰਡ ਫਹੁੜੀ ਚੁੱਕ ਕੇ ਬਾਹਰ ਮਾਰੀ ਯਾਣੀ ਰਾਂਝਾ! ਜਿਸ ਜਿੰਮੀਦਾਰ ਦੀਆਂ ਮੱਝਾਂ ਚਾਰਦਾ ਸੀ ਉਸ ਦੀ ਕੁੜੀ ਨਾਲ ਇਸ਼ਕ। ਵਿਸਥਾਰ ਦੀ ਲੋੜ ਨਹੀਂ, ਪਰ ਤੁਹਾਡੇ ਲੇਖਕ ਤੇ ਗਾਉਂਣ ਵਾਲੇ ਕਹਿੰਦੇ ਅਸੀਂ ਮਾਂ ਨੂੰ ਜੰਮੇ ਹੀ ਕਦ ਜੇ ਇਸ ਲੰਡਰ ਜਿਹੇ ਇਸ਼ਕ ਨੂੰ ਅਸੀਂ ਪੰਜਾਬ ਦੇ ਸਿਰ ਵਿਚ ਤੁੰਨ ਤੁੰਨ ਨਾ ਵਾੜਿਆ, ਇਨ੍ਹਾਂ ਨੂੰ ਹੀਰੋ ਨਾ ਸਾਬਤ ਕੀਤਾ। ਪਰ ਬਾਵਜੂਦ ਇਸ ਦੇ ਚਾਹੁੰਦਾ ਕੋਈ ਨਹੀਂ ਕਿ ਉਸ ਦੇ ਖੁਦ ਦੇ ਘਰ ਹੀਰ ਜੰਮੇ! ਕਹਾਣੀ ਦੋ ਸੀ ਇਹ।

ਦੂਜਾ ਪੱਖ। ਕਹਿੰਦੇ ਬਾਬਾ ਜੀ ਸਿਮਰਨਾ ਫੜੀ ਨਾਮ ਜਪਦੇ ਟਹਿਲ ਰਹੇ ਸਨ ਕਿ ਲੰਗਰ ਵਿਚਲੇ ਦੇਗਚੇ ਵਿਚੋਂ ਦਾਲ ਉਬਲਦੀ ਦਿੱਸ ਪਈ। ਮਾਂ ਦੇ ਪੁੱਤ ਨੇ ਕੜਛਾ ਨਹੀਂ ਲੱਭਾ ਪੂਰੀ ਦੀ ਪੂਰੀ ਬਾਂਹ ਹੀ ਦੇਗੇ ਵਿਚ ਘਸੋੜ ਮਾਰੀ! ਇਨਾ ਮਹਾਨ ਕਾਰਨਾਮਾ ਧੰਨ ਤਾਂ ਕਹਿਣਾ ਬਣਦਾ ਬਈ! ਨਹੀਂ?

ਦੂਜੀ ਕਹਾਣੀ- ਮਾਇਆਂ ਬਾਬਾ ਜੀ ਦੇ ਮਗਰ ਪੈ ਗਈ। ਮਾਇਆ ਪਿੱਛੇ ਪਿੱਛੇ ਬਾਬਾ ਜੀ ਅਗੇ ਅਗੇ। ਤੇ ਸਾਹੋ ਸਾਹੀ ਹੋਏ ਬਾਬਾ ਜੀ ਸਮੇਤ ਮੌਜਿਆਂ ਛੱਪੜ ਵਿਚ ਜਾ ਵੜੇ। ਮਾਇਆ ਬਾਹਰ ਬਾਹਾਂ ਟੰਗੀ ਖੜੀ ਕਿ ਨਿਕਲ ਬਾਹਰ ਤੇ ਬਾਬਾ ਜੀ ਦੇ ਸਿਆਲੀ ਦਿਨ ਹੋਣ ਕਾਰਨ ਅੰਦਰ ਬੁੱਲ ਨੀਲੇ ਹੋਈ ਜਾਂਣ! ਉਂਝ ਮਾਇਆ ਥੋੜੀ ਹੋਰ ਦਲੇਰੀ ਕਰਦੀ ਤਾਂ ਛੱਪੜ 'ਚ ਵੜ ਧੌਣੋਂ ਫੜ ਫੜ ਗੋਤੇ ਦਿੰਦੀ ਪਰ ਉਹ ਆਮ ਪਾਰਟੀ ਵਾਲਿਆਂ ਵਾਂਗ ਬਾਹਰ ਹੀ ਧਰਨੇ ਤੇ ਬੈਠੀ ਰਹੀ ਤੇ ਆਖਰ ਕਈ ਦਿਨ ਤੇ ਰਾਤਾਂ 'ਬਾਬਾ ਜੀ' ਨੂੰ ਜੇਤੂ ਕਰਾਰ ਦੇ ਕੇ ਆਪੇ ਹੀ ਧਰਨਾ ਚੁੱਕ ਗਈ। ਯਾਣੀ ਛੱਪੜ 'ਚ ਵੜੀ ਫਿਰਨ ਵਾਲਾ ਜੇਤੂ ਤੇ ਬਾਹਰ ਲਲਕਾਰੇ ਮਾਰਨ ਵਾਲੀ ਹਾਰੀ ਹੋਈ?

ਇਹ ਦੋ ਦੋ ਕਹਾਣੀਆਂ ਕਹਿ ਕੇ ਕੇਵਲ ਵੰਨਗੀ ਦਿੱਤੀ ਕਿ ਪੰਜਾਬ ਦੇ ਸਭਿਆਚਾਰ ਦੇ ਏਹ ਦੋ ਅਹਿਮ ਥੰਮ ਸਿਰਜ ਦਿੱਤੇ ਗਏ ਹਨ ਇੱਕ ਸਮਾਜਕ ਦੂਜਾ ਧਾਰਮਿਕ।

ਹੁਣ ਗੱਲ ਕਰਦੇਂ ਤੀਜੇ ਦੀ।

ਦੋ ਰਾਹੀ ਜੰਗਲ ਵਿਚੀਂ ਤੁਰੇ ਜਾਣ। ਸਰਕੜਾ ਹਿੱਲਿਆ। ਇੱਕ ਕਹਿੰਦਾ ਮੈਨੂੰ ਜਾਪਿਆ ਇਥੇ ਕੋਈ ਸਿੱਖ ਲੁੱਕਿਆ ਦੂਜਾ ਕਹਿੰਦਾ ਸਿੱਖ ਖਤਮ ਨੇ ਹੁਣ ਡਰਨ ਦੀ ਲੋੜ ਨਹੀਂ ਉਂਝ ਵੀ ਸਿੱਖ ਲੁੱਕਦਾ ਨਹੀਂ। ਗੱਲ ਹਿੱਕ ਚੀਰ ਗਈ। ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਨੂਰਦੀਨ ਦੀ ਸਰ੍ਹਾਂ ਕੋਲੇ ਬਰਛੇ ਗੱਡ ਖੜ ਗਏ। ਕਹਾਣੀ ਲੰਮੀ ਹੈ ਪਰ ਉਥੇ ਡਾਂਗ ਖੜਕੀ ਕਿਤੇ। ਮੁਕਾਬਲਾ ਦੋਂਹ ਤੇ ਅੱਸੀਆਂ ਦਾ ਸੀ। ਦੋ-ਦੋ, ਪੰਜ-ਪੰਜ ਫਿਰ ਇੱਕਠੇ ਹੀ ਪੈ ਨਿਕਲੇ। ਲਾਸ਼ਾਂ ਵਿਸ਼ੀਆਂ, ਪਰ ਗਿਣਤੀ ਬੜੀ ਅਜੀਬ?

ਦੂਜੀ ਕਹਾਣੀ- ਇਸ ਤੋਂ ਕੇਵਲ ਬਾਈ ਸਾਲ ਬਾਅਦ। ਅਬਦਾਲੀ ਦਾ ਪੰਜਵਾਂ ਕਿ ਛੇਵਾਂ ਹਮਲਾ। ਕੁੱਪ ਕਹੀੜੇ ਦੇ ਮੈਦਾਨ ਵਿਚ ੫੦ ਹਜਾਰ ਸਿੱਖ ਇੱਕ ਦਿਨ ਵਿਚ ਵੱਢਿਆ ਅਬਦਾਲੀ ਨੇ। ਇਸ ਨੂੰ ਕਹਿੰਦੇ ਵੱਡਾ ਘੱਲੁਘਾਰਾ।

ਯਾਦ ਰਹੇ ਕਿ ਇਸ ਤੋਂ ਇੱਕ ਸਾਲ ਪਹਿਲਾਂ ਅਬਦਾਲੀ ਦੇ ਪੰਜਵੇਂ ਹਮਲੇ ਵੇਲੇ ਪਾਣੀਪੱਤ ਦੀ ਦੁਨੀਆਂ ਦੀ ਮਸ਼ਹੂਰ ਲੜਾਈ ਹੁੰਦੀ ਮਰਹੱਟਿਆਂ ਨਾਲ ਅਬਦਾਲੀ ਦੀ। ਦੋ ਲੱਖ ਮਰਹੱਟਾ ਇੱਕ ਪਾਸੇ ਤੇ ਅਬਦਾਲੀ ਦੀਆਂ ਫੌਜਾਂ ਇੱਕ ਪਾਸੇ। ਇਸ ਘੋਰ ਜੰਗ ਵਿਚ ਮੌਜੇ ਲਾਹ ਕੇ ਦੌੜੇ ਮਰਹੱਟੇ ਅਬਦਾਲੀ ਅੱਗੇ?

ਉਧਰ ਸੁਣੋ! ੫੦ ਹਜਾਰ ਬੰਦਾ ਕਤਲ ਕਰਵਾ ਕੇ ਕੇਵਲ ਤਿੰਨ ਮਹੀਨਿਆਂ ਬਾਅਦ ਲਹੌਰ ਬੈਠੇ ਅਬਦਾਲੀ ਨੂੰ ਸਿੱਖ ਫਿਰ ਵੰਗਾਰਦੇ ਕਿ ਅਬਦਾਲੀ! ਉਸ ਸਮੇ ਬੱਚੇ, ਮਾਈਆਂ, ਬਜ਼ੁਰਗ ਸਾਡੇ ਨਾਲ ਸਨ ਪਰ ਆ ਹੁਣ ਆਪਾਂ ਹੱਥ ਸਿੱਧੇ ਕਰੀਏ।

ਦੋ ਲੱਖ ਮਰਹੱਟਿਆਂ ਨੂੰ ਵਾਹਣੇ ਪਾਉਣ ਵਾਲਾ ਪਾਣੀਪੱਤ ਦੀ ਮਸ਼ਹੂਰ ਲੜਾਈ ਦਾ ਜੇਤੂ, ਤਿੰਨ ਮਹੀਨੇ ਪਹਿਲਾਂ ੫੦ ਹਜਾਰ ਸਿੱਖਾਂ ਦਾ ਬੰਦਾ ਵੱਢਣ ਵਾਲਾ ਅਬਦਾਲੀ? ਤੇ ਉਹ ਕਹਿੰਦੇ ਆ ਹੱਥ ਸਿੱਧੇ ਕਰੀਏ? ਅੰਮ੍ਰਿਤਸਰ ਨੇੜੇ ਦੀ ਉਸ ਸਿੱਧੀ ਲੜਾਈ ਵਿਚ ਅਬਦਾਲੀ ਜੁੱਤੀਆਂ ਛੱਡ ਛੱਡ ਦੌੜਿਆ ਤੇ ਲਹੌਰ ਦੇ ਕਿਲੇ ਵਿਚ ਵਾੜਨ ਤੱਕ ਸਿੱਖਾਂ ਉਸ ਦਾ ਪਿੱਛਾ ਨਹੀਂ ਛੱਡਿਆ?

ਪੰਜਾਬ ਦੇ ਸਭਿਆਚਾਰ ਦੇ ਵਾਰਸ ਤੇ ਹੀਰੋ ਕੌਣ ਹੋਏ ?

ਲੋਕਾਂ ਦੀਆਂ ਕੁੜੀਆਂ ਭਜਾਉਂਣ ਵਾਲੇ, ਛੱਪੜਾਂ 'ਚ ਵੜਨ ਜਾਂ ਭੋਰਿਆਂ 'ਚ ਦੜਨ ਵਾਲੇ ਜਾਂ ਅਬਦਾਲੀਆਂ ਨਾਦਰਾਂ ਨਾਲ ਦਸਤਪੰਜੇ ਲੈਣ ਵਾਲੇ ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top