Share on Facebook

Main News Page

ਘਾਹ ਖਾਣਾ ਸ਼ੇਰ...?
-: ਗੁਰਦੇਵ ਸਿੰਘ ਸੱਧੇਵਾਲੀਆ

ਸਿੱਖ ਮਸਲਿਆਂ 'ਤੇ ਗੱਲ ਕਰਦਾ ਬਾਬਾ ਫੌਜਾ ਸਿੰਘ ਦਾ ਇਕ ਮਿੱਤਰ ਉਸ ਨੂੰ ਅੱਜ ਦੇ ਸਿੱਖ ਵਰਤਾਰੇ ਬਾਰੇ ਪੁੱਛਦਾ ਹੈ ਕਿ ਸਿੱਖ ਦਾ ਅੱਜ ਦਾ ਵਰਤਾਰਾ ਦੇਹਧਾਰੀ ਸਾਧ ਨੂੰ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਕਿੰਨਾ ਅਰਥਾਂ ਵਿਚ ਲੈਂਦਾ ਹੈ।

ਕਿੰਨਾ ਅਰਥਾਂ ਵਿਚ ਦਾ ਮੱਤਲਬ? ਗੱਲ ਬਾਬੇ ਦੇ ਸਮਝ ਨਾ ਆਈ।

ਮਤਲਬ ਇਹ ਕਿ ਇੱਕ ਪਾਸੇ ਦੇਹ ਧਾਰੀ ਸਾਧ ਅਤੇ ਦੂਜੇ ਸ੍ਰੀ ਗੁਰੂ ਗਰੰਥ ਸਾਹਿਬ, ਇਸ ਬਾਰੇ ਬਹੁਗਿਣਤੀ ਸਿੱਖ ਦਾ ਕੀ ਵਰਤਾਰਾ ਹੈ?

ਗੁਰਬਾਣੀ ਰਾਹੀਂ ਆਖਾਂ ਜਾਂ ਤੇਰੀ ਭਾਸ਼ਾ ਵਿੱਚ?

ਮੇਰੀ ਸੌਖੀ ਰਹੇਗੀ, ਸਿਰ ਉਪਰ ਜ਼ੋਰ ਨਾ ਦੇਣਾ ਪਵੇਗਾ!

ਦੇਹਧਾਰੀ ਸਾਧ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਪ੍ਰਤੀ ਸਿੱਖ ਦਾ ਵਰਤਾਰਾ ਇੰਝ ਹੈ ਕਿ ਦੇਹਧਾਰੀ ਨੇੜਿਓਂ ਸਿੱਖ ਇੰਝ ਲੰਘਦਾ ਜਿਵੇਂ 'ਸਟਾਪ ਸਾਇਨ' Stop sign ਹੋਵੇ, ਤਾਂ ਸ੍ਰੀ ਗੁਰੂ ਗਰੰਥ ਸਾਹਿਬ ਨੇੜਿਓਂ ਜਿਵੇਂ 'ਯੀਲਡ ਸਾਇਨ.. Yield Sign?

ਮਤਲਬ ?

ਮਤਲਬ ਕਿ ਦੇਹਧਾਰੀ ਲਈ ਪੂਰਾ ਰੁੱਕ ਕੇ, ਆਲੇ-ਦੁਆਲੇ ਦੇਖ ਕੇ, ਬਰੇਕਾਂ ਲਾ ਕੇ ਪਰ ਸ਼੍ਰੀ ਗੁਰੂ ਜੀ ਲਈ ਕਈ ਵਾਰ ਤਾਂ ਦੇਖਦਾ ਹੀ ਨਹੀਂ ਜੇ ਦੇਖਦਾ ਮਾੜਾ ਜਿਹਾ ਬਰੇਕ 'ਤੇ ਪੈਰ ਰੱਖਕੇ ਐਵੇਂ 'ਫਾਰਮਿਲਟੀ' ਜਿਹੀ ਕਰਕੇ, ਰੁੱਖਾ ਜਿਹਾ ਸਿਰ ਨਿਵਾ ਕੇ!

ਬਾਬਾ ਹੋਰ ਵਿਸਥਾਰ ਕਰ?

ਵਿਸਥਾਰ? ਚਲ ਤੂੰ ਟਰੱਕ ਚਲਾਉਂਨਾ ਤੈਨੂੰ ਤੇਰੀ ਭਾਸ਼ਾ ਵਿਚ ਹੀ ਦੱਸਨਾ।

ਦੇਹਧਾਰੀ ਲਈ ਇੰਝ ਜਿਵੇਂ ਟਰੱਕ ਵਾਲਾ ਭਰਾ 'ਸਕੇਲ' ਦੀਆਂ 'ਫਲੈਸ਼ਰ ਲਾਇਟਾਂ' ਲਾਗੋਂ ਲੰਘਦਾ, ਪੂਰੀ ਟੈਂਸ਼ਨ! ਸੀਟ ਬੈਲਟ ਲੱਗੀ! ਦਿੱਲ ਧੜਕਦਾ ਕਿ ਕੋਈ ਅੱਵਗਿਆ ਨਾ ਹੋਵੇ! ਸਾਰੇ ਟੱਬਰ ਨੇ ਗੋਡਿਆਂ ਤੱਕ ਮਿੰਟਾਂ ਟੰਗੀਆਂ ਹੁੰਦੀਆਂ ਤੇ ਬਿਨਾ ਮੱਤਲਬੋਂ ਹੀ ਮੁੜਕੋ-ਮੁੜਕੀ ਹੋਈ ਫਿਰਨਗੇ। ਬੂਹਿਓ ਬਾਹਰ ਤੱਕ ਚਿੱਟੀਆਂ ਚਾਦਰਾਂ ਵਿਛਾਈਆਂ ਹੁੰਦੀਆਂ ਕਿ ਸਾਧ ਦੇ ਖਰੌੜੇ ਨਾ ਗੰਦੇ ਹੋਣ। ਪਰ ਸ੍ਰੀ ਗੁਰੂ ਜੀ ਲਈ ਇੰਝ ਜਿਵੇਂ 'ਸਕੇਲ' ਦੀਆਂ ਬੁੱਝੀਆਂ ਲਾਇਟਾਂ ਨੇੜਿਓਂ? ਮਾੜਾ ਜਿਹਾ ਦੇਖਕੇ ਕਿ ਸ਼ੁਕਰ ਏ ਬੰਦ ਪਿਆ ਕਿਤੇ ਰੋਕ ਨਹੀਂ ਲਿਆ। ਹਾਲੇ ਪੰਜ ਪਉੜੀਆਂ ਵੀ ਪੂਰੀਆਂ ਨਹੀਂ ਹੁੰਦੀਆਂ ਜਪੁ ਜੀ ਦੀਆਂ ਤੇ ਇਹ ਕੜਾਹ ਦਾ ਗੱਫਾ ਲੈ ਕੇ ਜਿਉਂ ਭੱਜਦਾ ਕਿ ਮਾਰੇ ਜਾਣਾ ਸੀ ਜੇ ਕਿਤੇ ਬਾਬਾ ਜੀ ਫੜ ਕੇ ਬਿਠਾ ਲੈਂਦੇ। ਤੇ ਫਿਰ 'ਰਾਮ ਗਇਓ, ਰਾਵਣ ਗਇਓ' ਵਾਲੇ ਦਿਨ ਹੀ ਵੜਦਾ ਕੋਟ-ਟਾਈ ਲਾ ਕੇ! ਬਾਕੀ ਦਿਨ ਭਾਈ ਵਿਚਾਰੇ ਦਾ ਪਾਸੇ ਮਾਰ ਮਾਰ ਅਤੇ ਨਿੰਦਰਾਈਆਂ ਅੱਖਾਂ ਪਾੜ ਪਾੜ ਬੁਰਾ ਹਾਲ ਹੋ ਜਾਂਦਾ।

ਬਾਬਾ ਫੌਜਾ ਸਿੰਘ ਕਹਿੰਦਾ ਚਲ ਤੈਨੂੰ ਇਕ ਕਹਾਣੀ ਸੁਣਾਉਂਦਾ ਗੱਲ ਹੋਰ ਤੇਰੇ ਸਪੱਸ਼ਟ ਹੋ ਜਾਏ।

ਕਹਿੰਦੇ ਮਰਾਸੀ ਦਾ ਮੁੰਡਾ ਸਕੂਲੇ ਨਵਾਂ ਆਇਆ ਹਾਣੀਆਂ ਦੀ ਢਾਣੀ ਵਿਚ ਖੇਡ ਰਿਹਾ ਸੀ। ਮੁੰਡੇ ਉਸ ਨੂੰ ਕਹਿਣ ਲੱਗੇ ਤੇਰੀ ਜਾਤ ਕੀ ਏ। ਉਹ ਕਹਿੰਦਾ ਕੱਲ ਨੂੰ ਦੱਸੂੰ ਬੀਬੀ ਨੂੰ ਪੁੱਛਕੇ।

ਘਰ ਜਾ ਕੇ ਮਾਂ ਨੂੰ ਕਹਿੰਦਾ ਕਿ ਬੀਬੀ ਅਪਣੀ ਜਾਤ ਕੀ ਏ। ਮਾਂ ਕਹਿਣ ਲੱਗੀ ਪੁੱਤਰ ਪਹਿਲਾਂ ਮੈਂ ਜੁਲਾਹੇ ਦੇ ਵਿਆਹੀ ਸੀ ਉਸ ਨਾ ਰੱਖੀ, ਫਿਰ ਦਰਜੀ ਲੈ ਗਿਆ, ਉਹ ਮਾੜਾ ਸੀ, ਉਸ ਕੋਲੋਂ ਖੋਹ ਕੇ ਸਈਯਦ ਲੈ ਗਿਆ! ਇਥੋਂ ਤੱਕ ਤਾਂ ਪਤਾ ਅਗੇ ਰੱਬ ਦੀ ਮਰਜੀ।

ਮੁੰਡਾ ਹਾਣੀਆਂ ਨੂੰ ਕਹਿੰਦਾ ਕਿ ਜਾਤ ਕਵਿਤਾ ਵਿਚ ਸੁਣਨੀ ਕਿ ਵਾਰਤਕ ਵਿੱਚ? ਉਹ ਕਹਿੰਦੇ ਕਵਿਤਾ ਹੀ ਆਉਂਣ ਦੇਹ।
ਉਹ ਕਹਿੰਦਾ ਲਓ ਸੁਣੋ ਫਿਰ।

'ਪਹਿਲਾਂ ਥੇ ਹਮ ਨੀਮ ਜੁਲਾਹੇ, ਫਿਰ ਬਣ ਗਏ ਹਮ ਦਰਜੀ।
ਘਿਸਰ ਘੁਸਰ ਕੇ ਸਈਯਦ ਬਣਕੇ, ਅਗੋਂ ਰੱਬ ਦੀ ਮਰਜੀ।


ਗੁਰੂ ਦੇ ਸਿੰਘ ਦੀ ਜਾਤ ਹੁਣ ਅਨੰਦਪੁਰ ਵਾਸੀ ਵਾਲੀ ਨਹੀਂ ਰਹੀ, ਜਿਹੜਾ ਮਰਜੀ ਘਿਸਰ ਘੁਸਰ ਕੇ ਇਸ ਨੂੰ ਉਂਗਲ ਲਾ ਕੇ ਲੈ ਜਾਂਦਾ। ਸੌਦਾ ਲਾ ਲਏ, ਰਾਧਾ ਸ਼ਾਮ ਲਾ ਲਏ, ਨਰਕਧਾਰੀ, ਆਸੂਤੋਸ਼, ਭੰਨਿਆਰਾ, ਨਾਨਕਸਰੀਆ, ਰਾੜਾ, ਰਤਵਾੜਾ! ਦੱਸੋ ਕਿਸ ਅੱਗੇ ਲੰਮਾ ਪਾਉਂਣਾ!!

ਭਾਈ ਮਤੀ ਦਾਸ ਨੂੰ ਜਦ ਆਰੇ ਹੇਠ ਚੀਰਨ ਲੱਗੇ ਤਾਂ ਜਲਾਦ ਪੁੱਛਦਾ ਮਤੀ ਦਾਸ ਕੋਈ ਆਖਰੀ ਇੱਛਾ?

ਹਾਂਅ! ਮੇਰੀਆਂ ਦੋ ਆਖਰੀ ਇਛਾਵਾਂ ਹਨ ਜਲਾਦ ਭਾਈ, ਇਕ ਤਾਂ ਮੇਰੇ ਸਿਰ ਉਪਰ ਚੀਰ ਵੀਗਾਂ ਨਾ ਕਰੀਂ ਤੇ ਦੂਜਾ ਆਰੇ ਦਾ ਮੂੰਹ ਮੇਰੇ ਗੁਰੂ ਵਲ ਕਰ ਦੇਹ ਤਾਂ ਕਿ ਮੈਂ ਅਪਣੇ ਆਖਰੀ ਸਾਹਾਂ ਤੱਕ ਅਪਣੇ ਗੁਰੂ ਨੂੰ ਤੱਕਦਾ ਰਹਾਂ। ਤੇ ਜਦ ਤਿੱਖੇ ਆਰੇ ਨੇ ਸਿਰ ਵਿਚੋਂ ਬੋਟੀਆਂ ਧੂਹ ਧੂਹ ਕੇ ਬਾਹਰ ਸੁੱਟਣੀਆਂ ਸ਼ੁਰੂ ਕੀਤੀਆਂ ਅਤੇ ਲਹੂ ਦੀਆਂ ਘਰਾਲਾਂ ਮੁੱਖ ਨੂੰ ਰੰਗਦੀਆਂ ਪੈਰਾਂ ਵੰਨੀ ਵਹਿਣ ਲੱਗੀਆਂ ਤਾਂ ਭਾਈ ਸਾਹਬ ਬਜਾਇ ਸੀਅ ਕਰਨ ਦੇ, ਇਸ ਗੱਲੇ ਹੀ ਧੰਨ ਹੋਈ ਜਾ ਰਹੇ ਹਨ ਕਿ ਸ਼ੁਕਰ ਏ ਮੇਰੇ ਆਖਰੀ ਪ੍ਰਾਣ ਮੇਰੇ ਗੁਰੂ ਦੇ ਸਾਹਵੇਂ ਨਿਕਲ ਰਹੇ ਹਨ।

ਸ਼ੇਰ ਨੂੰ ਸ਼ਿਕਾਰੀ ਕਹਿੰਦਾ ਕਿ ਦੇਖ ਬਾਈ ਸ਼ੇਰਾ ਹੁਣ ਤੂੰ ਆ ਗਿਆਂ ਮੇਰੇ ਕਾਬੂ ਕਈ ਵਾਰੀ ਤੈਨੂੰ ਘਾਹ ਨਾਲ ਵੀ ਗੁਜ਼ਾਰਾ ਕਰਨਾ ਪੈ ਸਕਦਾ। ਸ਼ੇਰ ਕਹਿੰਦਾ ਜਦ ਘਾਹ ਮੇਰੀ ਖੁਰਾਕ ਹੀ ਨਹੀਂ, ਤਾਂ ਇਹ ਸਵਾਲ ਕਿਵੇਂ ਉੱਠਿਆ ਕਿ ਮੈਨੂੰ ਘਾਹ ਖਾਣਾ ਪੈ ਸਕਦਾ। ਸ਼ਿਕਾਰੀ ਕਹਿੰਦਾ ਨਾ ਖਾਹ ਭੁੱਖਾ ਮਰੇਂਗਾ ਇੱਕੀ ਕੁੱਲਾਂ ਡੁੱਬ ਜਾਣਗੀਆਂ। ਨਰਕਾਂ ਵਿੱਚ ਸੜੇਂਗਾ। ਟੱਬਰ ਮਰ ਜੂ ਬਿਮਾਰੀਆਂ ਨਾਲ! ਨੌ ਨਿੱਧਾਂ ਤੇ ਅਠਾਰਾਂ ਸਿੱਧਾਂ ਨੇੜਿਓਂ ਨਹੀਂ ਲੰਘਣੀਆਂ। ਦੱਸ ਖਾਣਾ ਕਿ ਨਹੀਂ ਘਾਹ?

ਸ਼ੇਰ ਨੂੰ ਇੱਕ ਭੇਡੂ ਆ ਕੇ ਕਹਿੰਦਾ ਹੈ ਸ਼ੇਰ ਜੀ ਮਹਾਰਾਜ, ਰਾਧਾ ਸੁਆਮੀਆਂ ਦਾ ਗੁਰੂ ਕੰਨ ਵਿੱਚ ਫੂਕ ਮਾਰ ਕੇ ਇੱਕੀ ਕੁਲਾਂ ਹੀ ਬੰਨੇ ਲਾ ਦਿੰਦਾ ਤੇ ਨਾਲੇ ਮਰਨ ਲਗੇ 'ਤੇ ਖੁਦ ਲੈਣ ਆਉਂਦਾ। ਜਿੰਦਗੀ ਦੇ ਸਾਰੇ ਕਸ਼ਟ ਹਰੇ ਜਾਂਦੇ, ਦੁੱਧ ਪੁੱਤ ਦਾ ਅੰਤ ਨਹੀਂ ਰਹਿੰਦਾ।

ਸ਼ੇਰ ਕਹਿੰਦਾ ਹੱਛਾ? ਚਲੋ ਇਹ ਘਾਹ ਵੀ ਖਾ ਕੇ ਵੇਖ ਲੈਂਦੇ ਹਾਂ, ਚਾਰ ਦਿਨ ਜਿੰਦਗੀ ਦੇ ਸੌਖੇ ਹੋ ਜਾਣਗੇ ਨਾਲੇ ਮਰਨ ਲੱਗਿਆਂ ਅਗੋਂ ਲੈਣ ਆਊ?

ਇੱਕ ਹੋਰ ਆਉਂਦਾ ਹੈ। ਸ਼ੇਰ ਜੀ ਕਿਤੇ ਤਪੱਸਿਆ ਕੀਤੀ ਬਾਬਾ ਨੰਦ ਸਿੰਘ ਜੀ ਨੇ। ਨਾਨਕਸਰ ਦੇ ਉਪਰੋਂ ਤਾਂ ਉੱਡਦਾ ਪੰਛੀ ਵੀ ਲੰਘ ਜਾਏ ਤਾਂ ਸਿੱਧਾ ਸਵਰਗ। ਐਨ ਧੁਰ? ਗੱਡੀ ਕਿਤੇ ਨਹੀਂ ਰੁੱਕਦੀ ਰਸਤੇ ਵਿਚ! ਬਾਬਾ ਜੀ ਦਾ ਤਾਂ ਪਿੱਛਾ ਧੋਣ ਵਾਲਾ ਨਲਕਾ ਹੀ ਸਿਰ ਛੂਹਾਇਆਂ ਬੰਦੇ ਦੇ ਕੁਆੜ ਖੋਹਲ ਦਿੰਦਾ! ਤੇ ਜੁੱਤੀਆਂ? ਬਾਬਾ ਜੀ ਕਿਹਾ ਕਰਦੇ ਸਨ ਇਥੋਂ ਦੇ ਤਾਂ ਕੁੱਤੇ ਵੀ ਦਰਗਾਹ ਵਿਚ ਜਾਣਗੇ ਤੇ ਕਹਿੰਦੇ ਨੇ ਬਾਬਾ ਜੀ ਦੇ ਬਾਬਾ ਜੀ ਨੇ 'ਉਪਰ' ਬਹੁਤ ਕੁੱਤੇ ਰੱਖੇ ਹੋਏ ਨੇ। ਦਰਗਾਹੇ ਨਾਲ ਹੀ ਲੈ ਗਏ ਸਨ! ਰਾਖੀ ਦਾ ਵੀ ਕੋਈ ਡਰ ਨਹੀਂ! ਹਾਂਅ?

ਤੇ ਸ਼ੇਰ ਜੀ ਠਾਠ ਦਾ ਹਰਾ ਹਰਾ ਘਾਹ ਚਰਨ ਤੁਰ ਪਏ। ਮਾਅਰ ਬਰਸੀਆਂ ਤੇ ਟਰਾਲੀਆਂ-ਟਰੱਕਾਂ ਦਾ ਸ਼ੁਮਾਰ ਨਹੀਂ। ਦੇਹ ਧੱਕੇ ਤੇ ਧੱਕੇ! ਇੱਕ ਦੂਏ ਦੇ ਉਪਰੋਂ ਦੀ ਹੋ ਹੋ ਬਾਬਿਆਂ ਦੇ ਆਸਣਾਂ, ਗੱਦਿਆਂ ਤੇ ਕੁਰਸੀਆਂ ਅੱਗੇ ਕਿਤੇ ਕੌਡੇ ਹੁੰਦੇ? ਇਹ ਭੀੜਾਂ ਨੇ ਅਨੰਦਪੁਰ ਵਾਸੀਆਂ ਦੀਆਂ! ਇਹ ਨੇ ਗੁਰੂ ਬਾਜਾਂ ਵਾਲੇ ਨੂੰ ਸਿਰ ਦੇਣ ਵਾਲੇ! ਯਾਨੀ ਵਾਸੀ ਅਨੰਦਪੁਰ ਦਾ ਤੁਰ ਪਿਆ ਠਾਠਾਂ ਦੇ ਹਰੇ ਘਾਹ ਚਰਨ?

ਇੱਕ ਹੋਰ ਆਇਆ। ਸ਼ੇਰ ਜੀ ਮਹਾਰਾਜ ਤੁਸੀਂ ਕਦੇ ਰਾੜਾ ਸਾਹਬ ਗਏਂ? ਆਹ ਹਾ ਹਾ। ਉਥੇ ਬਾਬਾ ਜੀ ਦੀ ਟੱਟੀ ਕਰਨ ਵਾਲੀ 'ਪਵਿੱਤਰ' ਟਾਇਲਟ ਰੱਖੀ ਹੋਈ ਬੰਦਾ ਧੰਨ ਹੋ ਜਾਂਦਾ ਉਸ ਨੂੰ ਸਿਰ ਛੁਹਾ ਕੇ। ਸਾਰੇ ਕੁਵਾੜ ਖੁੱਲ੍ਹ ਜਾਂਦੇ। ਦਸਵਾਂ ਦਵਾਰ ਤੋਂ ਵੀ ਕੋਈ ਉਪਰਲਾ ਦੁਵਾਰ ਹੈ ਸ਼ਾਇਦ ਗਿਆਰਵਾਂ ਕਿ ਬਾਰਵਾਂ ਉਸ ਦੇ ਫਾਟਕ ਤਾਂ ਹਨ ਹੀ 'ਅਲੈਕਟਰਾਨਿਕ'! ਤੁਹਾਨੂੰ ਦੇਖਦੇ ਹੀ ਦੋ ਹੋ ਜਾਂਦੇ ਹਨ। ਬੱਅਸ ਇਕ ਵਾਰ ਤੁਸੀਂ ਕਿਤੇ ਜਾ ਕੇ ਟਾਇਲਟ ਨੂੰ ਮੱਥਾ ਤਾਂ ਛੁਹਾਵੋ। ਤੇ ਸ਼ੇਰ ਜੀ?

ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਹਾਲੇ ਸ਼ੁਕਰ ਏ ਬੇਸ਼ਰਮਾ ਨੇ 'ਬਾਬੇ' ਦੇ ਗੋਹੇ ਦਾ ਬਾਲਟਾ ਨਹੀਂ ਭਰ ਕੇ ਰੱਖ ਲਿਆ ਨਹੀਂ ਤਾਂ

ਸ਼ੇਰ ਆਪਣਾ ਸ਼ੇਰ ਪੁਣਾਂ ਛੱਡ ਡੇਰਿਆਂ ਦਾ ਘਾਹ ਖਾਣ ਤੁਰ ਪਿਆ। ਉਸ ਵੇਲੇ ਤਾਂ ਅੱਤ ਹੀ ਹੋ ਨਿਬੜੀ ਜਦ ਅੰਮ੍ਰਤਿਸਰ ਵਾਲੇ ਗੱਧੇ ਇਸ ਨੂੰ ਕੁੰਭ ਦੇ ਮੇਲੇ ਤੇ ਗੰਗਾ ਦਾ ਘਾਹ ਚਰਨ ਲਈ, ਲਈ ਫਿਰਦੇ ਹਨ ਤੇ ਇਹ ਧੌਣ ਨੀਵੀਂ ਕਰਕੇ ਉਥੋਂ ਦੇ ਨਾਗਿਆਂ ਦੀ ਭੀੜ ਵਿੱਚ ਗੁਆਚ ਕੇ ਰਹਿ ਗਿਆ ਹੈ। ਇਸ ਸ਼ੇਰ ਨੂੰ ਹੁਣ ਜਿਥੇ ਮਰਜੀ ਘਾਹ ਚਰਨ ਲਿਜਾਇਆ ਜਾ ਸਕਦਾ ਹੈ ਇਹ ਤਿਆਰ ਹੈ। ਦੱਸੋ ਕਿਥੇ ਖੜਨਾ ਹੈ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top