ਦਿੱਲ ਨਹੀਂ ਸੀ ਕਰਦਾ ਕਿ ਇਸ ਵਿਸ਼ੇ 'ਤੇ ਕੁੱਝ ਲਿਖਾਂ, ਕੁੱਝ ਕਹਾਂ,
ਪਰ ਜਦ ਮੈਨੂੰ ਸਿਗਰਟਾਂ ਦੀਆਂ ਡੱਬੀਆਂ, ਕੁੱਕੜਾਂ ਦੀਆਂ
ਹੱਡੀਆਂ, ਉੱਲੀ ਲੱਗੇ ਬਰਗਰ, ਸ਼ਾਹੀ ਪਨੀਰਾਂ ਦੀਆਂ ਮੱਖੀਆਂ ਭਿਣਕਦੀਆਂ ਪਲੇਟਾਂ, ਕੋਕ ਤੇ
ਜੂਸਾਂ ਦੇ ਗੰਦੇ ਕੈਨ ਦਸਤਾਨੇ ਪਾ ਕੇ ਖੁਦ ਚੁੱਕਣੇ ਪਏ ਤਾਂ ਮਨ ਕੀਤਾ ਕਿ ਅਪਣੇ ਪੰਜਾਬ
ਤੋਂ ਆਏ ਵਿਦਿਆਰਥੀਆਂ ਨਾਲ ਦੋ ਗੱਲਾਂ ਕਰ ਹੀ ਲਵਾਂ ਸ਼ਾਇਦ ਉਨ੍ਹਾਂ ਦੇ ਹਿੱਤ ਵਿਚ ਹੀ ਹੋਣ।
ਤੇ ਉਨ੍ਹਾਂ ਵਿਚੋਂ ਕੁਝ ਚੰਗੇ ਬੱਚੇ ਮਾੜਿਆਂ ਨਾਲ ਬਦਨਾਮ ਹੋਣੋਂ ਬੱਚ ਜਾਣ।
ਘਰ
ਦੀ ਸਫਾਈ ਦੀ ਵੀ ਛੱਡੋ ਉਹ ਤਾਂ ਹੋ ਗਈ ਪਰ ਪਰੇਸ਼ਾਨ ਕਰਨ ਵਾਲੀ ਗੱਲ ਇਹ ਸੀ ਕਿ ਇਹ 'ਨਿਆਣੇ'
ਮੱਖੀਆਂ ਅਤੇ ਮੱਛਰਾਂ ਦੀਆਂ ਭਿਣਕਦੀਆਂ ਹੇੜਾਂ ਵਿਚ ਰਹਿੰਦੇ, ਬਹਿੰਦੇ ਅਤੇ ਸੌਂਦੇ ਕਿਵੇਂ
ਰਹੇ ਹੋਣਗੇ? ਮੈਂ ਗੱਲ ਰਿਹਾਂ ਉਸ ਘਰ ਦੀ ਜਿਹੜਾ ਤਿੰਨ ਮਹੀਨੇ ਪਹਿਲਾਂ ਮੈਂ ੬
ਕੁ 'ਸਟੂਡੈਂਟਸ' ਨੂੰ ਕਿਰਾਏ 'ਤੇ ਦਿੱਤਾ ਸੀ।
ਇਸ ਗੱਲ ਨੂੰ ਸਭ ਉਹ ਲੋਕ ਜਾਣਦੇ ਨੇ ਜਿਹੜੇ ਉਸ ਸੜਕ ਤੋਂ ਰੋਜ਼ਾਨਾ ਸੈਰ ਕਰਨ ਜਾਂਦੇ ਰਹੇ
ਹਨ, ਘਰ ਕਿਉਂਕਿ ਖੁਲੀ੍ ਥਾਂ ਵਿਚ ਹੋਣ ਕਾਰਨ ਉਸ ਦੇ ਫਰੰਟ ਉਪਰ ਨਿਕਲਿਆ ਜਲੂਸ ਹਰੇਕ
ਤੁਰਦੇ ਫਿਰਦੇ ਨੂੰ ਦਿੱਸਦਾ ਰਿਹਾ ਹੈ। ਪਰ ਜੇ ਤੁਸੀਂ ਕਿਤੇ ਪਿੱਛੇ ਯਾਰਡ ਵਿਚ ਜਾ ਕੇ
ਫੂਕੀਆਂ ਜਾਂਦੀਆਂ ਸਿਗਰਟਾਂ ਦੇਖਦੇ ਤੇ ਬੀਅਰਾਂ ਦੀਆਂ ਬੋਤਲਾਂ! ਪ੍ਰੇਸ਼ਾਨ ਕਰਨ ਵਾਲੀ ਗੱਲ
ਇਹ ਵੀ ਹੈ ਕਿ ਇਹ ਨਿਆਣੇ ਪੰਜਾਬ ਤੋਂ ਹਨ ਤੇ ਬਹੁ ਗਿਣਤੀ ਪੰਜਾਬੀ ਯਾਣੀ ਸਿੱਖ ਭਾਈਚਾਰੇ
ਨਾਲ ਸਬੰਧਤ! ਯਾਣੀ ਤੁਹਾਡੀ ਕੌਮ ਦਾ ਭਵਿੱਖ?
ਬੋਤਲਾਂ ਤੋਂ ਗੱਲ ਯਾਦ ਆਈ। ਮੈਂ ਤੇ ਮੇਰਾ ਬੇਟਾ ਜਦ
ਟਰਾਲੀ ਭਰ ਕੇ ਕੂੜੇ ਦੀ ਸੁੱਟਣ ਗਏ ਤਾਂ ਉਸ ਵਿਚ ਦੋ ਬੋਰੇ ਬੀਅਰਾਂ ਦੀਆਂ ਬੋਤਲਾਂ ਦੇ ਵੀ
ਸਨ। ਬੋਰਾ ਚੁੱਕ ਕੇ ਸੁੱਟਣ ਵੇਲੇ ਜਦ ਬੋਤਲਾਂ ਦੇ ਸਿਰ ਆਪਸ ਵਿਚੀਂ ਵੱਜੇ ਤਾਂ 'ਛੈਣੇ'
ਤਾਂ ਖੜਕਨੇ ਹੀ ਸਨ ਤਾਂ ਮੇਰੇ ਨਾਲ ਵੈਨ ਵਿਚੋਂ ਇੱਕ ਪੰਜਾਬੀ ਭਾਈ ਅਪਣਾ ਗਾਰਗੇਜ ਸੁੱਟ
ਰਿਹਾ ਮੇਰੇ ਵੰਨੀ ਦੇਖ ਮੁਸਕਰਾ ਪਿਆ! ਕਾਲੀ ਦਸਤਾਰ ਬੰਨੀ ਹੋਣ ਕਾਰਨ ਉਸ ਨੂੰ ਜਾਪਿਆ ਕਿ
ਇਹ 'ਸਿੰਘ ਜੀ' ਦੇ ਹੀ ਕਾਰਨਾਮੇ ਹੋਣਗੇ ਭਲਾ? ਮੈ ਵੀ ਤਾੜ ਗਿਆ ਕਿ ਉਹ ਕੀ ਕਹਿ ਰਿਹਾ
ਹੈ। ਆਖਰ ਮੈਨੂੰ ਬਹਾਨੇ ਨਾਲ ਉਸ ਦਾ ਸ਼ੰਕਾ ਦੂਰ ਕਰਨਾ ਹੀ ਪਿਆ ਤੇ ਪੁੱਛਿਆ ਕਿ ਤੈਂ ਕਦੇ
ਆਪਣੇ ਘਰੇ ਵਿਦਿਆਰਥੀ ਰੱਖੇ ਹਨ? ਉਹ ਫੱਟ ਬੋਲ ਪਿਆ ਕਿ ਮੈ ਵੀ ਸੋਚਾਂ ਇਨੀਆਂ ਬੀਅਰਾਂ....?
ਇੱਕ ਦਿਨ ਮੈਂ ਅਪਣੇ ਬੇਟੇ ਨੂੰ ਕਿਹਾ ਕਿ ਆਪਾਂ 'ਬਾਰਬਰਕਿਊ' ਕਿਹੜਾ ਵਰਤਦੇਂ ਚਲ ਇਹ ਆਪਣੇ
ਨਿਆਣਿਆਂ ਵਰਗੇ ਨੇ ਇਨ੍ਹਾਂ ਨੂੰ ਦੇ ਆਉਂਦੇ 'ਵੀਕਐਂਡ' ਤੇ 'ਇਂਨਜੁਆਏ' ਕਰ ਲਿਆ ਕਰਨਗੇ।
ਅਸੀਂ ਉਹ ਰੱਖ ਕੀ ਆਂਦਾ ਕਿ ਜਦ ਅਗਲੀ ਵਾਰੀ ਅਸੀਂ ਟਰੈਕਟਰ ਲੈ ਕੇ ਘਾਹ ਕੱਟਣ ਗਏ ਤਾਂ ਉਥੇ
ਘਾਹ ਘੱਟ ਤੇ ਬੀਅਰ ਦੀਆਂ ਬੋਤਲਾਂ, ਕੁਕੜਾਂ ਦੀਆਂ ਹੱਡੀਆਂ ਅਤੇ ਪੀਜੇਆਂ ਦੇ ਉੱਡਦੇ ਫਿਰਦੇ
ਡੱਬੇ ਜਿਆਦਾ? ਜੋ ਕਿ ਘੱਟੋ ਘੱਟ ਤਿੰਨ ਹਫਤੇ ਉਥੇ ਹੀ ਰੁਲਦੇ ਰਹੇ।
ਉਪਰੋਂ ਪੈ ਗਿਆ ਮੀਂਹ ਤੇ ਜਦ ਤਿੰਨੀਂ ਹਫਤੀਂ ਮੈਂ ਚੁਕਾਏ ਤਾਂ
ਗਲੇ ਡੱਬਿਆਂ ਹੇਠੋਂ ਕਈ ਕਈ ਲੱਤਾਂ ਵਾਲੇ ਅਜਿਹੇ ਰੰਗ ਬਰੰਗੇ ਜੀਵ ਨਿਕਲੇ ਕਿ ਡਿਸਕਵਰੀ
ਵਾਲਿਆਂ ਨੂੰ ਸੱਦਿਆ ਜਾਂਦਾ ਤਾਂ ਇੱਕ ਪੂਰਾ 'ਐਪੀਸੋਡ' ਉਨ੍ਹਾਂ ਦਾ ਬਣ ਜਾਂਦਾ!
ਇਹ ਮੇਰੀ ਇਕੱਲੇ ਦੀ ਕਹਾਣੀ ਨਹੀਂ ਇਹੀ ਹਾਲ ਮੇਰੇ
ਇੱਕ ਘਰ ਛੱਡ ਕੇ ਨਾਲ ਵਾਲੇ ਗੁਆਂਢੀ ਯਾਣੀ ਚਰਨਜੀਤ ਬਰਾੜ ਜਾਂ ਉਸ ਦੇ ਕਲਾਂਇਟ ਦੇ ਘਰ ਦਾ
ਹੋਇਆ ਉਥੇ ਵੀ 'ਸਟੂਡੈਂਟਸ' ਸਨ! ਉਸ ੧੬ ਹਜਾਰ ਡਾਲਰ ਲਾਇਆ ਘਰ ਨੂੰ ਦੁਬਾਰਾ ਉਸ ਹਾਲਤ
ਵਿਚ ਲਿਆਉਂਣ ਲਈ।
ਘਰ ਖਾਲੀ ਹੋਣ 'ਤੇ ਜਦ ਮੈਂ ਸਫਾਈ ਕਰਾਉਂਣੀ ਚਾਹੀ ਤਾਂ ਤਿੰਨ ਬੀਬੀਆਂ ਸਫਾਈ ਵਾਲੀਆਂ ਇਹ
ਕਹਿ ਕੇ ਜਵਾਬ ਦੇ ਗਈਆਂ ਕਿ ਅਸੀਂ ਘਰ ਸਾਫ ਕਰਦੇਂ.......। ਤੇ ਆਖਰ ਇੱਕ ਬੀਬੀ ਮੰਨੀ
ਕੇਵਲ ਚੁੱਲਾ ਤੇ ਫਰਿਜ ਸਾਫ ਕਰਨ ਲਈ। ਛੇ ਘੰਟੇ ਉਸ ਲਾਏ ਕੇਵਲ ਚੁੱਲਾ ਤੇ ਫਰਿਜ਼?
ਹੇਠਾਂ ਬੇਸਮਿੰਟ ਵਿਚ ਜੇ ਕੋਈ ਭਰਾ ਮੱਖੀਆਂ ਦੇਖ ਸਕਦਾ ਹੁੰਦਾ ਤੇ ਕਿਚਨ ਵਿਚ ਮੱਛਰ! ਤੁਸੀਂ
ਮੂੰਹ ਬੰਨੇ ਬਿਨਾ ਘਰ ਵਿੱਚ ਵੜ ਨਹੀਂ ਸੀ ਸਕਦੇ ਇਸ ਗੱਲ ਦੀਆਂ ਗਵਾਹ ਸਫਾਈ ਕਰਨ ਆਈਆਂ ਤੇ
ਮੁੜ ਜਵਾਬ ਦੇ ਗਈਆਂ ਬੀਬੀਆਂ ਵੀ ਹਨ।
ਸਭ ਤੋਂ ਜਿਆਦਾ ਜ਼ਲੀਲ ਮੈਨੂੰ ਇੱਕ ਗੋਰੀ ਅੱਗੇ ਹੋਣਾ ਪਿਆ। ਤੇ ਸ਼ਾਇਦ ਉਹ ਪਲ ਮੈਂ ਕਦੇ ਨਾ
ਭੁੱਲਾਂ। ਜਦ ਮੈਂ 'ਸਟੂਡੈਂਟਸ' ਨੂੰ ਕਹਿ ਦਿੱਤਾ ਕਿ ਭਾਈ ਤੁਸੀਂ ਅਗਲਾ ਪ੍ਰਬੰਧ ਕਰੋ ਤਾਂ
ਨਵੇ ਕਿਰਾਏਦਾਰ ਲਈ ਅਸੀਂ ਐਡ ਪਾ ਦਿੱਤੀ ਨਾਲ ਲਿਖ ਦਿੱਤਾ ਕਿ ਕੁੱਤਾ-ਬਿੱਲੀ-ਸਿਗਰਟ ਵਾਲੇ
ਆਪਣਾ ਸਮਾਂ ਖਰਾਬ ਨਾ ਕਰਨ। ਪਰ ਇੱਕ ਗੋਰੀ ਕੁੱਤਾ ਕੁੱਛੜ ਚੁੱਕੀ ਘਰ ਦੇਖਣ ਆਣ ਵੜੀ। ਮੈਂ
ਕਿਹਾ ਕਿ ਅਸੀਂ ਕੁੱਤਾ ਬਿੱਲੀ ਲਿਖਿਆ ਹੋਇਆ ਕਿ ਨਹੀਂ, ਤਾਂ ਉਹ ਘਰ ਦੇਖਕੇ ਪਤਾ ਕੀ
ਕਹਿੰਦੀ?
ਮਿਸਟਰ ਸਿੰਘ ਜਿਵੇਂ ਦਾ ਤੇਰੇ ਘਰ ਵਿਚ
ਲੋਕ ਰਹਿ ਰਹੇ ਹਨ ਇਨ੍ਹਾਂ ਨਾਲੋਂ ਮੇਰਾ ਕੁੱਤਾ ਕਿਤੇ ਵੱਧ ਟਰੇਂਡ ਹੈ??
ਯਾਦ ਰਹੇ ਕਿ ਮੈਂ ਆਪਣੇ ਲੋਕਾਂ ਜਾਂ
ਵਿਦਿਆਰਥੀਆਂ ਨੂੰ ਬਦਨਾਮ ਕਰਨ ਲਈ ਜਾਂ ਜ਼ਲੀਲ ਕਰਨ ਲਈ ਨਹੀਂ ਕਿਹ ਰਿਹਾ, ਮੈਂ
ਕਹਿੰਨਾ ਸਾਰੇ ਹੀ ਲੋਕ ਵਿਚੇ ਅਸੀਂ ਜੇ ਘਰਾਂ ਵਿਚ ਅਸੀਂ ਬਹੁਤੇ ਲਾਡਾਂ ਵਿਚ ਅਪਣੇ ਬੱਚਿਆਂ
ਨੂੰ ਰਹਿਣਾ ਬਹਿਣਾ ਨਹੀਂ ਸਿਖਾਉਂਦੇ ਤਾਂ ਉਹ ਅਗੇ ਜਾ ਕੇ ਇਉਂ ਕੁ ਦੀ ਬਦਨਾਮੀ ਦਾ ਕਾਰਨ
ਬਣਨਗੇ। ਜਿਹੜਾ ਬੱਚਾ ਉੱਠਦਿਆਂ ਸਾਰ ਅਪਣਾ ਬੈੱਡ ਸਿੱਧਾ ਕਰਕੇ
ਨਹੀਂ ਉੱਠਦਾ ਤੇ ਆਪਣੇ ਵਾਸ਼ਰੂਮ ਵਿਚ ਗੰਦ ਪਾ ਕੇ ਨਿਕਲਦਾ ਹੈ ਇਸ ਦਾ ਮੱਤਲਬ ਉਸ ਵਿਚ ਨਹੀਂ
ਉਸ ਦੇ ਮਾ ਬਾਪ ਵਿੱਚ ਨੁਕਸ ਹੈ। ਜੇ ਤੁਹਾਡੇ ਬੱਚਿਆਂ ਦੇ ਕਮਰਿਆਂ ਵਿਚ ਉਜੜੇ
ਮੇਲੇ ਵਰਗਾ ਮਹੌਲ ਰਹਿੰਦਾ ਹੈ ਤਾਂ ਸਾਨੂੰ ਬੱਚੇ ਪਾਲਣੇ ਨਹੀਂ ਆਉਂਦੇ ਕਿਉਂਕਿ ਅਸੀਂ ਸਿਖਾ
ਨਹੀਂ ਸਕੇ ਕਿ ਰਹਿਣ ਵਾਲੀ ਥਾਂ ਸਾਡੀ ਕਿਹੋ ਜਿਹੀ ਹੋਣੀ ਚਾਹੀਦੀ ਹੈ ਤੇ ਉਹ ਅਜਿਹੀਆਂ
ਕਹਾਣੀਆਂ ਨੂੰ ਜਨਮ ਦਿੰਦੇ ਰਹਿਣਗੇ। ਅਸੀਂ ਅਪਣੇ ਬੱਚਿਆਂ ਨੂੰ ਉਸ ਸਮੇਂ ਆਲਸੀ, ਨਿਕੰਮੇ
ਅਤੇ ਸੁਸਤ ਕਰਨ ਵਿਚ ਅਹਿਮ ਹਿੱਸਾ ਹੁੰਦੇ ਹਾਂ ਜਦ ਅਸੀਂ ਕਹਿ ਰਹੇ ਹੁੰਦੇ ਹਾਂ ਕਿ ਛੱਡੋ
ਜੀ ਸਾਰੀ ਉਮਰ ਇਨੀ ਕੰਮ ਹੀ ਕਰਨਾ ਹੈ! ਵਿਦਿਆਰਥੀਆਂ ਨੂੰ ਵੀ
ਚਾਹੀਦਾ ਕਿ ਜਿਥੇ ਉਹ ਰਹਿਕੇ ਆਉਂਣ ਲੋਕ ਯਾਦ ਕਰਨ ਤੇ ਅੱਗੇ ਵਾਲੇ ਘਰ ਦੇਣ ਲੱਗੇ ਪੁੱਛਣ
ਨਾ ਕਿ ਕਾਲ ਕਰਨ ਵਾਲਾ ਸਟੂਡੈਂਟਸ ਤੇ ਨਹੀਂ? ਇਹ ਵੀ ਕਿ ਉਨ੍ਹਾਂ ਵਿਚ ਚੰਗੇ
ਵਿਦਿਆਰਥੀ ਵਿਚਾਰੇ ਰੂੰਗੇ ਵਿਚ ਹੀ ਬਦਨਾਮ ਹੋਣੋਂ ਬੱਚ ਜਾਣ।
ਮਨੁੱਖ ਹੋਣ ਦੀ ਸਭ ਤੋਂ ਪਹਿਲੀ ਸ਼ਰਤ ਹੈ ਹੀ ਇਹ ਕਿ ਉਸ ਦਾ ਰਹਿਣ ਬਹਿਣ ਮਨੁੱਖਾਂ ਵਰਗਾ
ਹੋਵੇ ਤੇ ਘੱਟੋ ਘੱਟ ਇਹ ਸਿਆਣਪ ੧੮ ਕੁ ਸਾਲ ਤੋਂ ਬਾਅਦ ਤਾਂ ਆ ਹੀ ਜਾਣੀ ਚਾਹੀਦੀ ਹੈ!
ਕਿ ਨਹੀਂ?