Share on Facebook

Main News Page

ਇਕਬਾਲ ਰਾਮੂੰਵਾਲੀਆ ਦੇ ਮਰਨ 'ਤੇ...
-: ਗੁਰਦੇਵ ਸਿੰਘ ਸੱਧੇਵਾਲੀਆ

ਇਹ ਵਿਸ਼ਾ ਸ਼ਾਇਦ ਮੈਂ ਨਾ ਛੂੰਹਦਾ ਜੇ ਕਿਤੇ ਕੁਝ ਪੰਜਾਬੀ ਮੀਡੀਏ ਨੂੰ ਮੈਂ ਸਿਰੇ ਦਾ ਭੰਡਪੁਣਾ ਕਰਦਾ ਨਾ ਸੁਣਦਾ। ਮੈਂ ਗੱਲ ਕਰਦਾਂ ਇਕਬਾਲ ਰਾਮੂੰਵਾਲੀਆ ਦੀ ਜੋ ਇਸ ਫਾਨੀ ਦੁਨੀਆਂ ਤੋਂ ਕੂਚ ਕਰ ਗਿਆ ਹੈ।

ਉਂਝ ਤੁਹਾਨੂੰ ਬਹੁਤੇ ਪੰਜਾਬੀ ਮੀਡੀਏ 'ਤੇ ਤਰਸ ਹੀ ਕਰਨਾ ਬਣਦਾ ਹੈ ਜਿਹੜਾ ਜਾਂ ਤਾਂ ਸਿਰੇ ਦਾ ਭੰਡ ਜਾਂ ਬਿਨਾ ਜਾਣੇ ਦੂਜਿਆਂ ਨੂੰ ਬੋਲਦਾ ਸੁਣ ਕੇ ਉਵੇਂ ਮਗਰ ਹੋ ਲੈਂਦਾ ਅਤੇ ਚਾਪਲੂਸੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਂਦਾ।

ਇਵੇਂ ਇੱਕ ਵਾਰੀ ਇਨ੍ਹਾਂ ਨੂੰ ਮੈਂ ਜਗਦੇਵ ਸਿਉਂ ਜੱਸੋਵਾਲ ਵੇਲੇ ਕਰਦਿਆਂ ਸੁਣਿਆਂ ਸੀ। ਕਿਤੇ ਵੈਣ ਪਾਏ ਇਨ੍ਹੀਂ? ਪੰਜਾਬੀ ਦਾ ਬਾਬਾ ਬੋਹੜ? ਪੰਜਾਬ ਦੇ ਸਭਿਆਚਾਰ ਦਾ ਥੰਮ੍ਹ? ਤੇ ਪਤਾ ਨਹੀਂ ਕੀ ਕੀ! ਬਿਨਾ ਇਹ ਗੱਲ ਸਮਝੇ ਕਿ ਆਹ ਜੋ ਲੰਡਰ ਗਾਇਕਾਂ ਦੀਆਂ ਹੇੜਾਂ ਪੰਜਾਬ ਵਿੱਚ ਗੰਦ ਘੋਲ ਰਹੀਆਂ ਹਨ ਇਸ ਦੀ ਸ਼ੁਰੂਆਤ ਜੱਸੋਵਾਲ ਨੇ ਸਭਿਆਚਾਰ ਪ੍ਰੋਗਰਾਮਾਂ ਦੇ ਨਾਂ ਹੇਠ ਕੀਤੀ ਸੀ!

ਚਲੋ ਗੱਲ ਹੋਰ ਪਾਸੇ ਚਲੇ ਗਈ। ਇਕਬਾਲ ਰਾਮੂੰਵਾਲੀਅੇ ਕੁਝ ਚੰਗੀਆਂ ਗੱਲਾਂ ਵੀ ਕੀਤੀਆਂ ਸਨ। ਉਸ ਦਾ ਕੈਂਸਰ ਬਾਰੇ ਇੱਕ ਬੜਾ ਪਾਏਦਾਰ ਲੇਖ ਸੀ ਜਿਹੜਾ ਮੈਂ ਖ਼ਬਰਦਾਰ ਵਿਚ ਵੀ ਲਾਇਆ ਸੀ, ਪਰ ਜਦ ਤੁਸੀਂ ਧਰਮ ਦੇ ਨਾਂ 'ਤੇ ਕੱਟੜਵਾਦਤਾ ਨੂੰ ਨਿੰਦਦੇ ਪਰ ਉਹੀ ਪੱਟੀ ਖੁਦ ਤੁਹਾਡੀਆਂ ਵੀ ਅੱਖਾਂ ਉਪਰ ਬੰਨੀ ਦਿੱਸਦੀ ਤਾਂ ਸਵਾਲ ਤਾਂ ਉੱਠਣਗੇ ਹੀ।

ਕੋਈ ਕਿਸੇ ਧਰਮ ਨੂੰ ਮੰਨਦਾ ਜਾਂ ਨਹੀਂ ਮੰਨਦਾ ਕਿਸੇ ਨੂੰ ਕੀ ਫਰਕ ਪੈਂਦਾ। ਮੇਰੇ ਕਈ ਮਿੱਤਰ ਹਨ ਜੋ ਨਹੀਂ ਮੰਨਦੇ ਇਹ ਉਨ੍ਹਾਂ ਦਾ ਅਪਣਾ ਵਿਸ਼ਾ ਹੈ। ਪਰ ਜਿਹੜੀ ਕੱਟੜਵਾਦਤਾ ਧਰਮ ਨੂੰ ਮੰਨਣ ਦੇ ਨਾਂ 'ਤੇ ਹੋਵੇਗੀ ਉਹੀ ਜੇ ਨਾ ਮੰਨਣ ਦੇ ਨਾਂ 'ਤੇ ਹੈ ਤਾਂ ਫਰਕ ਕੀ ਹੋਇਆ? ਰਾਮੂੰਵਾਲੀਆ ਵੀ ਉਨ੍ਹਾਂ ਕੱਟੜਵਾਦੀਆਂ ਵਿਚੋਂ ਇੱਕ ਸੀ ਜਿਸਦੇ ਜ਼ਿਹਨ ਵਿਚ ਧਰਮ ਜਾਂ ਧਰਮ ਨੂੰ ਮੰਨਣ ਵਾਲਿਆਂ ਲਈ ਕੱਟੜਵਾਦਤਾ ਕੁੱਟ ਕੁੱਟ ਕੇ ਭਰੀ ਹੋਈ ਸੀ। ਉਸ ਦੀ ਨਫਰਤ ਦੀ ਇੰਤਹਾ ਸੀ ਜਦ ਉਹ ਸਾਰੇ ਗੁਰਦੁਆਰਿਆਂ ਨੂੰ ਵਿਭਚਾਰ ਦੇ ਅੱਡੇ ਕਹਿ ਜਾਂਦਾ ਹੈ!!

'ਵੱਟ ਦ ਜੱਜ ਵੁੱਡੰਟ ਸੀ' ਨਾਵਲ ਵਿਚ ਰਾਮੂੰਵਾਲੀਆ ਅਪਣੇ ਅੰਦਰਲੀ ਇਸ ਜ਼ਹਿਰ ਦਾ ਰੱਜ ਕੇ ਮੁਜ਼ਾਹਰਾ ਕਰਦਾ ਜਦ ਉਹ 'ਇੰਡੀਅਨ ਏਅਰਲਾਈਨ' ਵਿਚਲੇ ਹਾਦਸੇ ਵਿਚ ਕੋਈ ਵੀ ਸਬੂਤ ਪੇਸ਼ ਨਾ ਹੋ ਸਕਣ ਤੇ ਕੈਨੇਡਾ ਸਰਕਾਰ ਤਾਂ ਸਿੱਖਾਂ ਨੂੰ ਛੱਡ ਰਹੀ ਹੈ, ਪਰ ਇਕਬਾਲ ਉਨ੍ਹਾਂ ਨੂੰ ਫਾਹੇ ਲਾਉਣ ਦੀ ਗੱਲ ਕਰਦਾ ਹੈ!

ਉਹ ਨਹਿਰਾਂ, ਰੋਹੀਆਂ ਤੇ ਕੋਹ ਕੋਹ ਕੇ ਮਾਰੇ ਗਿਆਂ ਦੀ ਗੱਲ, ਅਤੇ ਕਸ਼ਮੀਰ ਵਿਚ ਬੇਦੋਸ਼ੇ ਨੌਜਵਾਨ ਕੋਹੇ ਗਿਆਂ ਦੀ ਗੱਲ ਨਹੀਂ ਕਰਦਾ, ਬਲਕਿ ਪੰਜਾਬ ਵਿਚਲੇ ਹਿੰਦੂਆਂ ਅਤੇ ਕਸ਼ਮੀਰੀ ਬ੍ਰਾਹਮਣਾਂ ਨੂੰ ਇਨਸਾਫ ਨਾ ਮਿਲਣ ਦਾ ਹੇਰਵਾ ਜਿਤਾਉਂਦਾ ਹੈ।

ਕੱਟੜ ਕਾਮਰੇਡਾਂ ਦੇ ਦਿੱਲੀ ਸਿਸਟਮ ਦੇ ਚੂਚੇ ਹੋਣ ਵਾਂਗ ਇਕਬਾਲ ਵੀ ਉਸੇ ਲਾਇਨ ਵਿੱਚ ਲੱਗਾ ਨਜ਼ਰ ਆਉਂਦਾ, ਜਦ ਉਹ ਕੈਨੇਡਾ ਅਤੇ ਹਿੰਦੋਸਤਾਨ ਦੀ ਜੁਡੀਸ਼ਰੀ ਨੂੰ ਇੱਕੋ ਰੱਸੇ ਬੰਨਦਾ ਹੋਇਆ ਆਪਣੀ ਦੇਸ਼ ਭਗਤੀ ਦਾ ਮੁਜ਼ਾਹਰਾ ਕਰਦਾ ਹੈ। ਇਸ ਬਾਰੇ ਤਾਂ ਇਨ੍ਹਾਂ ਹੀ ਕਿਹਾ ਜਾ ਸਕਦਾ ਕਿ, 'ਕਿਥੇ ਰਾਮ ਰਾਮ ਤੇ ਕਿਥੇ ਟੈਂ ਟੈਂ'? ਪਰ ਇਕਬਾਲ ਦੀਆਂ 'ਦੇਸ਼ ਭਗਤੀ' ਦੀਆਂ ਐਨਕਾਂ ਇਸ ਨੂੰ ਦੇਖ ਨਹੀਂ ਸਨ ਪਾ ਰਹੀਆਂ।

ਰਾਮੂੰਵਾਲੀਆ ਬਾਰੇ ਰਜਿੰਦਰ ਸਿੰਘ ਰਾਹੀ ਹੋਰਾਂ ਇੱਕ ਲੰਮਾ ਲੇਖ ਲਿਖਿਆ ਸੀ ਜਦ ਰਾਮੂੰਵਾਲੀਆ ਨੂੰ ਕਾਮਾਗਾਟਾ ਮਾਰੂ ਦੀ ਯਾਦਗਰ ਬਣਾਉਂਣ ਸਮੇਂ ਕੈਨੇਡਾ ਸਰਕਾਰ ਵਲੋਂ ਸਿੱਖਾਂ ਦਾ ਨੁਮਾਇੰਦਾ ਹੋਣ ਵਜੋਂ ਲਿਆ ਗਿਆ ਸੀ। ਸ੍ਰ. ਰਾਹੀ ਨੇ ਸਵਾਲ ਉਠਾਇਆ ਸੀ ਕਿ ਰਾਮੂੰਵਾਲੀਆ ਸਿੱਖਾਂ ਵਲੋਂ ਨੁੰਮਾਇਦਾ ਕਿਵੇਂ ਹੋ ਸਕਦਾ ਤੇ ਰਾਹੀ ਨੇ ਉਸ ਲੇਖ ਵਿਚ ਰਾਮੂੰਵਾਲੀਆ ਦੇ ਨਾਵਲ ਦੀ ਚੀਰ ਫਾੜ ਕਰਦਿਆਂ ਸਿੱਖਾਂ ਪ੍ਰਤੀ ਰਾਮੂੰਵਾਲੀਆ ਦੀ ਅੰਦਰਲੀ ਜ਼ਹਿਰ ਦੇ ਦਰਸ਼ਨ ਕਰਾਏ ਸਨ। ਸਵਾਲ ਇਹ ਸੀ ਕਿ ਜਦ ਉਹ ਸਿੱਖਾਂ ਪ੍ਰਤੀ ਜ਼ਹਿਰ ਲਈ ਫਿਰਦਾ ਹੈ, ਤਾਂ ਉਸ ਨੇ ਸਿੱਖਾਂ ਦਾ ਨੁੰਮਾਇਦਾ ਹੋਣਾ ਪ੍ਰਵਾਨ ਕਿਵੇਂ ਕੀਤਾ? ਜਦ ਕਿ ਉਹ ਦੂਜੇ ਪਾਸੇ ਉਸੇ ਕਾਮਾਗਾਟਾ ਮਾਰੂ ਦੇ ਭਾਈ ਗੁਰਦਿੱਤ ਸਿੰਘ ਬਾਰੇ ਆਪਣੇ ਇੱਕ ਮਿੱਤਰ ਜਸਵੰਤ ਖੱਟਕੜ ਨੂੰ ਲਿਖੀ ਚਿੱਠੀ ਵਿਚ ਲਿਖਦਾ ਹੈ ਕਿ 'ਗੁਰਦਿੱਤ ਸਿਉਂ ਵਰਗਾ ਵਪਾਰੀ ਖਾਹ-ਮਖਾਹ ਦੇਸ਼ ਭਗਤੀ ਦਾ ਚੋਲਾ ਪਾਈ ਫਿਰਦਾ ਸੀ'!

ਇਕਬਾਲ ਆਪਣੇ ਭਰਾ ਬਲਵੰਤ ਰਾਮੂੰਵਾਲੀਆ ਬਾਰੇ ਉਦੋਂ ਬੋਲਿਆ ਜਦ ਖੁਦ ਨਾਲ ਧੱਕਾ ਹੋਇਆ, ਪਰ ੮੪ ਵੇਲੇ ਦੇ ਤੱਤਿਆਂ ਸਮਿਆਂ ਵਿਚ ਇਕਬਾਲ ਨੇ ਆਪਣੇ ਭਰਾ ਬਾਰੇ ਜੁਬਾਨ ਤੱਕ ਨਹੀਂ ਖੋਲੀ ਅਤੇ ਟਰੰਟੋ ਵਿਚ ਬਲਵੰਤ ਦੀਆਂ ਮਹਿਫਲਾਂ ਲਵਾਉਂਣ ਵਿੱਚ ਮੋਹਰੀ ਰਿਹਾ, ਜਦ ਕਿ ਉਸ ਨੂੰ ਪਤਾ ਸੀ ਕਿ ਬਲਵੰਤ ਵੀ ਉਨ੍ਹਾਂ ਜੁੰਡਲੀਆਂ ਵਿੱਚ ਸ਼ਾਮਲ ਸੀ, ਜਿਨ੍ਹਾਂ ਦੇ ਦਿੱਲੀ ਨਾਲ ਅੱਖ-ਮੁਟੱਕੇ ਚਲ ਰਹੇ ਸਨ ਅਤੇ ਦਰਬਾਰ ਸਾਹਬ ਉਪਰ ਹੋਏ ਕਤਲੇਆਮ ਲਈ ਦਿੱਲੀ ਨੂੰ 'ਲਵ ਲੈਟਰ' ਲਿਖਦੇ ਰਹੇ ਸਨ। ਇਹ ਵੀ ਕਿ ਬਲਵੰਤ ਦੀਆਂ ਉਹੀ ਗੱਲਾਂ ਦੇ ਖੁਲਾਸੇ ਇਕਬਾਲ ਹੁਣ ਕਰਦਾ ਰਿਹੈ, ਜਿਹੜੀਆਂ ਉਸ ਨੂੰ ਪਹਿਲਾਂ ਹੀ ਪਤਾ ਸੀ। ਇਹ ਕਿਹੋ ਜਿਹਾ ਸੱਚ ਸੀ, ਜਿਹੜਾ ਕੇਵਲ ਉਦੋਂ ਹੀ ਬੋਲਿਆ ਜਾਂਦਾ ਜਦ ਖੁਦ ਦੇ..... ਮਿਰਚਾਂ ਲੱਗਦੀਆਂ?

ਇਕਬਾਲ ਕੀ ਸੋਚ ਰੱਖਦਾ ਸੀ, ਉਸ ਨੂੰ ਮੁਬਾਰਕ, ਪਰ ਮੈਂ ਹੈਰਾਨ ਉਨ੍ਹਾਂ ਲੋਕਾਂ ਤੇ ਹਾਂ ਖਾਸ ਕਰ ਮੇਰੇ ਮਿੱਤਰ ਚਰਨਜੀਤ ਬਰਾੜ ਵਰਗਿਆਂ 'ਤੇ ਜਿਹੜੇ ਧਾਰਮਿਕ ਕੱਟੜਤਾ ਦਾ ਰੌਲਾ ਤਾਂ ਪਾਉਂਦੇ, ਪਰ ਅਜਿਹੇ ਕੱਟੜਵਾਦੀਆਂ ਨੂੰ 'ਮਹਾਂਪੁਰਖ' ਬਣਾ ਕੇ ਪੇਸ਼ ਕਰਦੇ ਹਨ।

ਉਸ ਦੇ ਮਰਨ ਉਪਰੰਤ ਸਾਡਾ ਇਹ ਵਿਸ਼ਾ ਛੇੜਨ ਦਾ ਕੋਈ ਮੱਕਸਦ ਨਹੀਂ ਸੀ, ਪਰ ਕੁਝ ਪੰਜਾਬੀ ਮੀਡੀਏ ਦੇ ਭੰਡਪੁਣੇ ਨੂੰ ਦੇਖ ਲੱਗਦਾ ਸੀ ਕਿ ਅਸੀਂ ਅੰਧਾਧੁੰਦ ਤਸਵੀਰ ਨੂੰ ਇੱਕ ਪਾਸੜ ਹੀ ਕਿਉਂ ਦੇਖਦੇ ਹਾਂ। ਬਾਕੀ ਇਕਬਾਲ ਦੇ ਜਿਉਂਦੇ ਜੀਅ ਹੀ ਰਜਿੰਦਰ ਸਿੰਘ ਰਾਹੀ ਹੁਰਾਂ ਦਾ ਇਨ੍ਹਾਂ ਬਾਰੇ ਉਹ ਆਰਟੀਕਲ ਖ਼ਬਰਦਾਰ ਵਿਚ ਲੱਗ ਚੁੱਕਾ ਸੀ, ਜਿਸ ਦਾ ਰਾਮੂਵਾਲੀਆ ਹੁਰਾਂ ਕੋਈ ਜਵਾਬ ਨਹੀਂ ਸੀ ਦਿੱਤਾ। ਪਰ ਫਿਰ ਵੀ ਕਿਸੇ ਨੂੰ ਸੋਚਣ ਦਾ ਪੂਰਾ ਹੱਕ ਹੈ ਕਿ ਇਹ ਸਵਾਲ ਖੁਣੀ ਇਕਬਾਲ ਦੇ ਮਰਨ ਉਪਰੰਤ ਹੀ ਉਠਾਏ ਜਾ ਰਹੇ ਹਨ?

ਇੱਕ ਹੋਰ ਹੈਰਾਨ ਕਰ ਦੇਣ ਵਾਲੀ ਗੱਲ ਜਿਹੜੀ ਮੈਂ ਉਕ ਗਿਆ ਕਿ 'ਫਿਊਨਰਲ' ਵੇਲੇ ਜਦ ਇਕਬਾਲ ਦੀ ਅਰਥੀ ਉੱਠੀ ਅੰਦਰ ਲਿਜਾਣ ਲਈ ਤਾਂ ਉਥੇ ਸਭ ਮਾਈਆਂ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਈਆਂ ਜਦ ਕਿ ਉਥੇ ਦਾ ਮਹੌਲ ਤੇ ਬੰਦੇ ਦੇਖ ਕੇ ਕਿਹਾ ਸਕਦਾ ਸੀ ਕਿ ਇਹ ਸਾਰਾ ਲਾਣਾ ਕਾਮਰੇਡਾਂ ਦਾ ਹੈ ਇਸ ਦਾ ਮੱਤਲਬ ਉਥੇ ਮਾਈਆਂ ਵੀ ਉਂਨ੍ਹਾਂ ਦੀਆਂ ਹੀ ਹੋਣਗੀਆਂ ਪਰ ਸਵਾਲ ਇਹ ਪੈਦਾ ਹੁੰਦਾ ਕਿ ਕਾਮਰੇਡ ਅਪਣੇ ਘਰਾਂ ਵਿਚੋਂ ਤਾਂ ਵਾਹਿਗੁਰੂ ਨੂੰ ਕੱਢ ਨਹੀਂ ਸਕੇ ਜਦ ਕਿ ਬਾਹਰ ਰੱਬ ਨੂੰ ਵਾਹਣੇ ਪਾਈ ਰੱਖਦੇ ਹਨ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top