Share on Facebook

Main News Page

ਜੂਨ '੮੪ ਦੇ ਸ਼ਹੀਦਾਂ ਦਾ ਅਪਮਾਨ !!
-: ਗੁਰਦੇਵ ਸਿੰਘ ਸੱਧੇਵਾਲੀਆ 

ਜੂਨ ਫਿਰ ਆ ਗਈ ਹੈ। ਹਰੇਕ ਸਾਲ ਆਉਂਦੀ ਹੈ। ਹਰੇਕ ਸਾਲ ਮੇਰੀ ਕੌਮ ਦੇ ਸ਼ਹੀਦ ਵਿੱਕਦੇ ਹਨ। ਕਿਉਂਕਿ ਮੇਰੀ ਕੌਮ ਦੇ ਮੋਢੀਆਂ ਨੇ ਸ਼ਹੀਦਾਂ ਨੂੰ ਬਾਖੂਬ ਵੇਚਿਆ ਹੈ। ਹਰੇਕ ਥਾਂ ਵੇਚਦੇ ਹਨ। ਪੰਜਾਬ ਵਿਚ ਵੀ ਅਤੇ ਬਾਹਰ ਵੀ। ਪੰਜਾਬ ਵਾਲੇ ਹੁਣ ਉਨ੍ਹਾਂ ਦੀ 'ਯਾਦ' ਬਣਾ ਹਟੇ ਹਨ। ਯਾਦ ਜਾਂ ਇੱਕ ਹੋਰ ਆਮਦਨ ਦਾ ਸਾਧਨ ਗੁਰਦੁਆਰਾ? ਪਰ ਬਣਾਈ ਦੇਖੋ ਕਿਨ? ਜੀਹਨਾ ਸ਼ਹੀਦ ਕਰਵਾਏ? ਮੱਕੜ -ਧੁੰਮੇ ਹੋਰਾਂ ਹੀ ਬਣਵਾਈ! ਯਾਨੀ ਬਾਦਲ ਕੇ? ਕਿਹੜੇ ਬਾਦਲਕੇ? ਜਿਹੜੇ ਚਿੱਠੀਆਂ ਪਾ ਕੇ ਦਿੱਲੀ ਨੂੰ ਸੱਦਦੇ ਰਹੇ ਨੇ ਕਿ ਟੈਂਕ ਲੈ ਕੇ ਆ?

ਬਾਹਰ ਵਾਲਿਆਂ ਕਿਹੜਾ ਘੱਟ ਵੇਚਿਆ। ਇਨਾਂ ਜਿਆਦਾ ਵੇਚ ਕੇ ਖਾਧਾ ਹੈ ਕਿ ਆਮ ਲੁਕਾਈ ਨੂੰ ਜਾਪਣ ਲੱਗ ਪਿਆ ਕਿ ਸ਼ਹੀਦ ਹੋਏ ਭਰਾ ਇਨ੍ਹਾਂ ਦੇ ਹੀ ਕੁਝ ਲੱਗਦੇ ਹੋਣੇ ਨੇ। ਇਸੇ ਲਈ ਆਮ ਲੁਕਾਈ ਦਾ ਮੇਰੀ ਕੌਮ ਦੇ ਸ਼ਹੀਦਾਂ ਨਾਲੋਂ ਵਾਹ-ਵਾਸਤਾ ਟੁੱਟ ਗਿਆ ਹੈ। ਕੁਝ ਲੋਕ ਨੇ ਜਿਹੜੇ ਜਦ ਉਨ੍ਹਾਂ ਦੇ ਹੱਕ ਵਿਚ ਆ ਕੇ ਬੋਲਦੇ ਹਨ ਤਾਂ ਲੋਕਾਂ ਨੂੰ ਨਾ ਚਾਹੁਣ ਦੇ ਬਾਵਜੂਦ ਵੀ ਇਹ ਸੋਚਣਾ ਪੈਂਦਾ ਹੈ ਕਿ ਸ਼ਹੀਦ ਹੋਣ ਵਾਲੇ ਸਾਡੇ ਕੁਝ ਲੱਗਦੇ ਵੀ ਸਨ? ਕਿਉਂਕਿ ਜੇ ਇਨ੍ਹਾਂ ਦੇ ਕੁਝ ਲੱਗਦੇ ਹਨ ਤਾਂ ਉਹ ਕਿਹੋ ਜਿਹੇ ਹੋਣਗੇ? ਮੇਰੇ ਵੇਚਣ ਨੇ ਮੇਰੀ ਕੌਮ ਦੇ ਸਾਂਝੇ ਸ਼ਹੀਦਾਂ ਨੂੰ ਇੱਕ ਸੀਮਤ ਦਾਇਰੇ ਵਿਚ ਕੈਦ ਕਰ ਕੇ ਰੱਖ ਦਿੱਤਾ ਹੈ ਕਿ ਉਹ ਇਨ੍ਹਾ ਦੇ ਹੀ ਕੁਝ ਹੋਣੇ ਨੇ। ਸੀਮਤ ਇੰਨਾ ਕਿ ਹੁਣ ਉਨ੍ਹਾਂ ਲਈ ਸਾਲ ਬਾਅਦ ਇੱਕ ਅਖੰਡ ਪਾਠ ਅਤੇ ਅਰਦਾਸ! ਇਨਾ ਕੁ ਵੀ ਹੁਣ ਸ਼ਰਮੋ-ਕੁਸ਼ਰਮੀ ਕਰਦੇ ਨੇ। ਲੋਕਾਚਾਰੀ। ਹੁਣ ਵਿੱਕਦੇ ਨਹੀਂ ਨਾ। ਕਿਉਂਕਿ ਪਹਿਲਾਂ ਬਹੁਤ ਜਿਆਦਾ ਵੇਚ ਚੁੱਕੇ ਨੇ। ਵਪਾਰੀ ਨੇ ਤਾਂ ਮਾਰਕਿਟ ਦੇਖਣੀ ਏ ਬਈ।

'ਪਰ ਹੋਰ ਕੋਈ ਬੋਲਦਾ ਵੀ ਤਾਂ ਨਹੀਂ ਇਨ੍ਹਾਂ ਤੋਂ ਬਿਨਾ'। ਵਪਾਰੀਆਂ ਦਾ ਇੱਕ ਗੜਵਈ ਕਹਿ ਰਿਹਾ ਸੀ।

ਭਰਾ ਇਹੋ ਗੱਲ ਸਾਡੇ ਸਮਝਣ ਖੁਣੋ ਰਹਿ ਗਈ ਕਿ ਲੋਕ ਬੋਲਣੋਂ ਕਿਉਂ ਹੱਟ ਗਏ। ਕਿਉਂਕਿ ਇਹ ਇਨਾ ਜਿਆਦਾ ਬੋਲ ਗਏ ਕਿ ਲੋਕਾਂ ਸਮਝਿਆ ਇਹ ਕੋਈ ਅਪਣੀ ਹੀ ਗੱਲ ਕਰ ਰਹੇ ਨੇ। ਹੋਰ ਦਾ ਤਾਂ ਪਤਾ ਨਹੀਂ ਪਰ ਟਰੰਟੋ ਦੇ ਗਿਣੇ-ਮਿੱਥੇ ਪੰਜ-ਸੱਤ-ਦੱਸ ਲੋਕ ਜਦ ਜੂਨ ਚੁਰਾਸੀ ਦੇ ਸ਼ਹੀਦਾਂ ਬਾਰੇ ਬੋਲਦੇ ਲੋਕ ਸੁਣ ਲੈਂਦੇ ਹਨ, ਤਾਂ ਬਹੁਤੇ ਰੇਡੀਓ ਬੰਦ ਕਰ ਲੈਂਦੇ ਹਨ। ਇਹ ਮੈਂ ਖੁਦ ਕਈਆਂ ਕੋਲੋਂ ਸੁਣਿਆਂ ਕਿ ਉਹ ਇੰਝ ਕਰਦੇ ਨੇ। ਤੁਸੀਂ ਕਾਜੂ, ਬਦਾਮ, ਪਿਸਤਾ ਸਿਲਵਰ ਦੇ ਕੌਲ਼ੇ ਵਿਚ ਪਾ ਕੇ ਪਰੋਸ ਦਿਓ? ਅਜਾਦੀ ਜਾਂ ਸ਼ਹੀਦ ਕੌਮ ਦਾ ਹੱਕ ਅਤੇ ਮਾਣ ਹੈ, ਪਰ ਇਸ ਮਾਣ ਨੂੰ ਇਸ ਫਖਰ ਨੂੰ ਜਦ ਮਾੜੇ ਲੋਕ 'ਹਾਈਜੈਕ' ਕਰ ਜਾਂਦੇ ਹਨ, ਤਾਂ ਲੋਕਾਂ ਵਿਚੋਂ ਵਿਸਵਾਸ਼ ਉੱਠ ਜਾਂਦਾ ਹੈ। ਹਰੇਕ ਦੁਨੀਆਂ ਦੇ ਇਤਿਹਾਸ ਵਿਚ ਇੰਝ ਹੀ ਹੁੰਦਾ ਹੈ, ਪਰ ਸਿਆਣੀਆਂ ਕੌਮਾਂ ਮਾੜੇ ਅਨਸਰਾਂ ਨੂੰ ਅਪਣੇ ਸ਼ਹੀਦਾਂ ਤੋਂ ਇੰਝ ਦੂਰ ਰੱਖਦੀਆਂ ਹਨ ਜਿਵੇਂ ਦੁੱਧ ਤੋਂ ਬਿੱਲੀ। ਬੇਖਬਰ ਕੌਮਾਂ ਦਾ ਦੁੱਧ ਵਪਾਰੀ ਬਿੱਲੇ ਚੱਟ ਜਾਂਦੇ ਹਨ ਤੇ ਉਹ ਮੁੜ ਖਾਲੀ ਕਾਹੜਨੀਆਂ ਪਿੱਛੇ ਜੁੰਡਿਓ-ਜੁੰਡੀ ਹੋਏ ਰਹਿੰਦੇ ਹਨ ਜਿਵੇਂ ਅਸੀਂ?

ਤੋਪਾਂ ਅਗੇ ਹਿੱਕਾਂ ਡਾਹ ਕੇ ਲੜੇ ਜੂਨ ਚੁਰਾਸੀ ਦੇ ਸੂਰਬੀਰ। ਇਤਿਹਾਸ ਦਾ ਦੁਹਰਾ ਹੋਇਆ ਇਥੇ ਵੀ। ਕਾਜੀ ਨੂਰ ਮੁਹੰਮਦ ਦੁਸ਼ਮਣੀ ਹੋਣ ਦੇ ਬਾਵਜੂਦ ਵੀ ਸਿੰਘਾਂ ਦੀ ਬਹਾਦਰੀ ਦੀ ਸਿਫਤ ਕਰਨੋਂ ਨਹੀਂ ਰਹਿ ਸਕਿਆ। ਅਕਾਲ ਤਖਤ ਨੂੰ ਨੇਸਤੋ-ਨਬੂਦ ਕਰਨ ਵਾਲਿਆਂ ਦੀਆਂ ਮੂਹਰਲੀਆਂ ਸਫਾ ਦਾ ਜਰਨਲ ਕੁਲਦੀਪ ਬਰਾੜ ਖਾੜਕੂਆਂ ਨੂੰ ਅਤਵਾਦੀ, ਉਗਰਵਾਦੀ ਕਹਿਣ ਦੇ ਬਾਵਜੂਦ ਉਨ੍ਹਾਂ ਨੂੰ ਬਹਾਦਰ ਕਹਿਣੋ ਨਾ ਰਹਿ ਸਕਿਆ। ਉਹ ਤਾਂ ਇਥੋਂ ਤੱਕ ਵੀ ਇਕਬਾਲ ਕਰ ਗਿਆ ਕਿ ਹਮਲੇ ਵੇਲੇ ਉਸ ਨੂੰ ਲੱਗੀਆਂ ਟੱਟੀਆਂ ਚੰਡੀਗੜ ਜਾ ਕੇ ਹਟੀਆਂ। ਬਹਾਨਾ ਚਾਹੇ ਉਸ ਕੋਈ ਵੀ ਲਾਇਆ। ਉਸ ਦੀ ਪੂਰੀ ਕਿਤਾਬ ਪੜ੍ਹਕੇ ਸਾਨੂੰ ਪਤਾ ਲੱਗਦਾ ਦੁਸ਼ਮਣ ਵੀ ਮੇਰੀ ਕੌਮ ਦੇ ਸ਼ਹੀਦਾਂ ਦਾ ਲੋਹਾ ਮੰਨਣੋ ਨਹੀਂ ਰਹਿ ਸਕੇ।

ਉਹ ਕਹਿੰਦਾ ਮੈਂ ਬੇਝਿਝਕ ਇਹ ਗੱਲ ਲਿਖ ਰਿਹਾ ਹਾਂ ਕਿ ਇੱਕ ਵਾਰੀ ਤਾਂ ਸਾਨੂੰ ਇੰਝ ਜਾਪਿਆ ਜਿਵੇਂ ਬਗਿਆੜ ਨੇ ਸ਼ੇਰ ਦੇ ਮੂੰਹ ਹੱਥ ਪਾ ਲਿਆ ਹੋਵੇ। ਸਾਡੀ ਫੌਜ ਨੂੰ ਵੀ ਪਾਕਿਸਤਾਨ ਦੀ ਵੱਡੀ ਫੌਜ ਨੂੰ ਤਿੰਨ(?) ਜੰਗਾਂ ਵਿੱਚ ਖੂੰਜੇ ਲਾਉਂਣ ਦਾ ਬਹੁਤ ਮਾਣ ਸੀ। ਜਰਨਲ ਵੈਦਿਆ ਨੇ ਕਿਹਾ ਕਿ ਅਗਰ ਸਾਡੀ ਫੌਜ ਇਸੇ ਤਰ੍ਹਾਂ ਮਰਦੀ ਰਹੀ ਤਾਂ ਪਾਕਿਸਤਾਨ ਅਤੇ ਚੀਨ ਸਾਹਮਣੇ ਸਾਡੀ ਬੇਇੱਜਤੀ ਇੰਝ ਹੋਵੇਗੀ ਜਿਵੇਂ ਕਿਸੇ ਪਿਓ ਦੀ ਧੀ ਦੀ ਇੱਜਤ ਉਸ ਦੇ ਨੌਕਰ ਨੇ ਲੁੱਟ ਲਈ ਹੋਵੇ। ਇਸ ਤੋਂ ਤਾਂ ਚੰਗਾ ਹੈ ਕਿ ਫੌਜ ਵਿਚੋਂ ਅਸਤੀਫਾ ਦੇ ਕੇ ਹਿਮਾਚਲ ਦੇ ਪਹਾੜਾਂ ਤੇ ਜਾ ਬੈਠੀਏ।

ਹੋਰ-'ਸਾਡੇ ਜਵਾਨ ਇਕ ਬੱਕਰੀ ਦੇ ਲੇਲੇ ਵਾਂਗ ਅਪਣੀ ਜਾਨ ਬਚਾਉਂਣ ਲਈ ਰਾਹ ਲੱਭ ਰਹੇ ਸਨ'!

ਹੋਰ-'ਸਾਨੂੰ ਸਮਝ ਨਹੀਂ ਸੀ ਆ ਰਿਹਾ ਕਿ ਸੈਕੜੇ ਕੁ ਅੱਤਵਾਦੀ ਸਾਡੇ 'ਤੇ ਭਾਰੂ ਕਿਉਂ ਪੈ ਰਹੇ ਸਨ। ਜੇ ਕਰ ਇਹੋ ਜਿਹੇ ਪਾਕਿਸਤਾਨ ਫੌਜ ਵਿਚ ਹੋਣ ਤਾਂ ਸ਼ਾਮ ਤੱਕ ਸਾਰੇ ਹਿੰਦੋਸਤਾਨ ਉਪਰ ਕਬਜਾ ਕਰ ਲੈਣ'!

ਉਹੀ-'ਰੱਬ ਕਿਸੇ ਨੇ ਵੇਖਿਆ ਨਹੀਂ ਨਾ ਰੱਬ ਕੋਈ ਚੀਜ ਹੈ। ਇੱਕ ਧਾਰਮਿਕ ਬਿਲਡਿੰਗ ਬਚਾਉਂਣ ਲਈ ਭਿੰਡਰਾਂਵਾਲੇ ਨੇ ਕਿੰਨੇ ਜਵਾਨ ਰੱਬ ਨੂੰ ਪਿਆਰੇ ਕਰਵਾ ਦਿੱਤੇ ਅਤੇ ਦੁਨੀਆਂ ਸਾਹਵੇਂ ਸ਼ਕਤੀਸ਼ਾਲੀ ਭਾਰਤੀ ਫੌਜ ਨੂੰ ਇਨੇ ਦਿਨ ਰੋਕ ਕੇ ਅਪਣੀ ਸ਼ਕਤੀ ਦਾ ਵਰਨਣ ਕਰਵਾ ਦਿੱਤਾ। ਉਪਰ ਦਿੱਲੀ ਵਿਚ ਹਾ-ਹਾ ਕਾਰ ਮੱਚੀ ਹੋਈ ਸੀ। ਇੱਕ ਵਾਰ ਤਾਂ ਇੰਦਰਾ ਜੀ ਵੀ ਇੰਨੇ ਘੋਰ ਨਿਰਾਸ਼ਾ ਵਿਚ ਚਲੇ ਗਏ ਕਿ ਸੁੰਦਰ ਜੀ ਨੂੰ ਹਾਸਾ ਮਜਾਕ ਕਰਕੇ ਸਥਿਤੀ ਬਦਲਣੀ ਪਈ'।

ਕੁਲਦੀਪ ਬਰਾੜ ਕਹਿੰਦਾ ਹੈ ਕਿ ਸਾਡੀ ਫੌਜ ਦੇ ਹੌਸਲੇ ਇੰਨੇ ਪਸਤ ਹੋ ਚੁੱਕੇ ਹੋਏ ਸਨ ਕਿ ੪੮% ਜਵਾਨ ਤਰੁੰਤ ਨੌਕਰੀ ਛੱਡਣ ਲਈ ਤਿਆਰ ਸਨ। ਉਹ ਆਪੇ ਹੀ ਪਾਕਿਸਤਾਨ ਨਾਲ ੬੫ ਅਤੇ ੭੧ ਦੀ ਲੜਾਈ ਦੀ ਰਿਪੋਟ ਦੇ ਅੰਕੜੇ ਦੱਸਦਾ ਹੈ ਕਿ ੬੫ ਦੀ ਲੜਾਈ ਵੇਲੇ ੦.੪% ਅਤੇ ੭੧ ਵੇਲੇ ੧.੩% ਜਵਾਨ ਨੌਕਰੀ ਛੱਡਣ ਲਈ ਤਿਆਰ ਹੋਏ ਸਨ।

ਜਦ ਸ੍ਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਕਮਾਨ ਹੇਠ ਸਿੱਖ ਫੌਜਾਂ ਲੜੀਆਂ ਤਾਂ ਸਭ ਪਾਸਿਓਂ ਜਦ ਹਾਰ ਹੀ ਹਾਰ ਹੋ ਗਈ ਤਾਂ ਹੈਰਾਨੀ ਦੀ ਗੱਲ ਇਹ ਸੀ ਕਿ ਇਕੱਲਾ-ਇਕੱਲਾ ਰਹਿ ਗਿਆ ਸਿੱਖ ਵੀ ਤਲਵਾਰ ਵਾਹੀ ਗਿਆ ਜਦ ਕਿ ਉਸ ਨੂੰ ਪਤਾ ਸੀ ਕਿ ਹੁਣ ਲੜਾਈ ਵਸੋਂ ਬਾਹਰ ਹੋ ਚੁੱਕੀ ਹੈ। ਉਨ੍ਹਾਂ ਦੀ ਇਸ ਬਹਾਦਰੀ ਦਾ ਜ਼ਿਕਰ ਅੰਗਰੇਜ ਲਿਖਾਰੀ ਨੇ ਬੜੀ ਸਾਫਗੋਈ ਨਾਲ ਕੀਤਾ ਹੈ। ਅਜਿਹੀ ਹੀ ਘਟਨਾ ਜੂਨ ਵਿਚ ਹੋਈ ਜਦ ਸਭ ਪਾਸੇ ਫੌਜ ਨੇ ਕਬਜ਼ਾ ਕਰ ਲਿਆ, ਸਭ ਪਾਸੇ ਲਾਸ਼ਾਂ ਹੀ ਲਾਸ਼ਾਂ ਸਨ ਪਰ ਉਨ੍ਹਾ ਲਾਸ਼ਾਂ ਹੇਠ ਇੱਕ ਸਹਿਕ ਰਹੇ ਸਿੱਖ ਬਾਰੇ ਜ਼ਿਕਰ ਕਰਦਾ ਬਰਾੜ ਦੱਸਦਾ ਹੈ ਕਿ ਮੈਂ 'ਗਿਆਨੀ' ਜੈਲ ਸਿੰਘ ਨਾਲ ਛੱਤਰੀ ਫੜ ਕੇ ਤੁਰ ਰਿਹਾ ਸੀ ਕਿ ਲਾਸ਼ਾਂ ਹੇਠ ਸਹਿਕਦੇ ਇੱਕ 'ਅੱਤਵਾਦੀ' ਨੇ ਗੋਲੀ ਚਲਾਈ, ਜੋ ਮੇਰੇ ਤੋਂ ਅੱਗੇ ਤੁਰੇ ਜਾ ਰਹੇ ਸੁਰੱਖਿਆ ਦਸਤੇ ਦੇ ਜਵਾਨ ਦੀ ਹਿੱਕ ਵਿਚ ਵੱਜੀ ਤੇ ਉਹ ਮਰ ਗਿਆ ਅਤੇ ਮੈਂ ਸਮੇਤ ਛੱਤਰੀ ਸਰੋਵਰ ਵਿਚ ਛਾਲ ਮਾਰ ਦਿੱਤੀ। ਮੈਨੂੰ ਤਰਨਾ ਨਹੀਂ ਸੀ ਆਉਂਦਾ ਤੇ ਆਖਰ ਮੈਨੂੰ ਹੋਰ ਜਵਾਨਾ ਨੇ ਸਰੋਵਰ ਵਿਚੋਂ ਕੱਢਿਆ।

ਉਸ ਸਹਿਕਦੇ ਹੋਏ ਦੇ ਵੀ ਮਨ ਗੀਦੀਪੁਨਾ ਨਹੀਂ ਆਇਆ ਕਿ ਇਨ੍ਹਾਂ ਤੋਂ ਜਾਨ ਦੀ ਭੀਖ ਮੰਗ ਲਵਾਂ। ਨਹੀਂ ਤਾਂ ਘਾਇਲ ਹੋਏ ਤੜਫਦੇ ਬੰਦੇ ਜਾਨ ਲਈ ਲਿਲੜੀਆਂ ਲੈਂਦੇ ਦੇਖੇ ਜਾਂਦੇ ਹਨ।

ਇਸ ਤੋਂ ਅੰਦਾਜਾ ਲਗੱਦਾ ਹੈ ਕਿ ਇਹ ਸਨ ਉਹ ਸੂਰਬੀਰ ਜੀਹਨਾ ਹਿੰਦੁਸਤਾਨ ਦੀ ਫੌਜ ਦੀਆਂ ਗੋਡੀਆਂ ਲਵਾ ਛੱਡੀਆਂ, ਪਰ ਅੱਜ ਲੋਕ ਉਨ੍ਹਾਂ ਨੂੰ ਭੁੱਲਦੇ ਜਾ ਰਹੇ ਜਾਂ ਭੁੱਲ ਗਏ ਨੇ। ਕਿਉਂ? ਕਿਉਂਕਿ ਵਪਾਰੀ ਲੋਕਾਂ ਉਨ੍ਹਾਂ ਨੂੰ ਸੇਲ 'ਤੇ ਲਾ ਕੇ ਉਨ੍ਹਾਂ ਦਾ ਮੁੱਲ ਵੱਟਿਆ। ਮੌਜਾਂ ਕੀਤੀਆਂ, ਗੁਲਛੱਰੇ ਉਡਾਏ, ਉਨ੍ਹਾਂ ਦੇ ਨਾਂ ਤੇ ਚੰਮ ਦੀਆਂ ਚਲਾਈਆਂ, ਮਾਵਾਂ ਦੇ ਪੁੱਤ ਮੌਤ ਦੇ ਮੂੰਹ ਧੱਕੇ ਅਤੇ ਆਪ ਹੁਣ 'ਓਮ ਨਮੋ ਸ਼ਾਂਤੀ' ਦਾ 'ਸਿਮਰਨ' ਕਰ ਲਗ ਪਏ। ਹੁਣ ਉਨ੍ਹਾਂ ਦਾ ਖਾਲਿਸਤਾਨ ਮੁੰਡਿਆਂ ਨੂੰ ਐਮ.ਪੀ. ਬਣਨ ਦੇ ਸੁਪਨੇ ਦੇਖਣਾ ਜਾਂ ਪੰਜਾਬ ਜਾ ਕੇ ਬਾਦਲਕਿਆਂ ਦੀਆਂ ਝੰਡੀਆਂ ਵਾਲੀਆਂ ਗੱਡੀਆਂ ਝੂਟਣਾ ਰਹਿ ਗਿਆ।

ਕੁਲਦੀਪ ਬਰਾੜ ਦੱਸਦਾ ਹੈ ਕਿ ੮ ਜੂਨ ਦੀ ਸਵੇਰੇ ੩ ਵਜੇ ਅਸੀਂ ਸਾਰੇ ਕਬਜ਼ਾ ਕਰ ਲਿਆ ਅਤੇ ਅਕਾਲ ਤਖਤ ਵਿਚੋਂ ਸੁਬੇਗ ਸਿੰਘ, ਭਿੰਡਰਾਂਵਾਲਾ ਅਤੇ ਅਮਰੀਕ ਸਿੰਘ ਦੀਆਂ ਲਾਸ਼ਾਂ ਮਿਲ ਗਈਆਂ!!

ਕੁਝ ਚਿਰ ਦੀ ਗੱਲ ਹੈ ਰੈਕਸਡੇਲ ਜਦ ਨਗਰ ਕੀਰਤਨ ਹੋਇਆ ਤਾਂ ਅਸੀਂ ਆਲੇ ਦੁਆਲੇ ਘੁੰਮ ਰਹੇ ਸਾਂ ਕਿ ਉਥੇ ਟਕਸਾਲੀ ਭਰਾਵਾਂ ਦਾ ਕਿਤਾਬਾਂ ਦਾ ਇੱਕ ਸਟਾਲ ਲੱਗਾ ਹੋਇਆ ਸੀ। ਉਥੇ ਜਦ ਰੁੱਕੇ ਤਾਂ ਕੁਲਦੀਪ ਬਰਾੜ ਦੀ 'ਸਾਕਾ ਨੀਲਾ ਤਾਰਾ' ਨਾਂ ਦੀ ਕਿਤਾਬ ਸਾਨੂੰ ਉਥੋਂ ਮਿਲੀ ਜਿਹੜੀ ਅਸੀਂ ਕਈ ਜਣਿਆਂ ਖਰੀਦ ਲਈ। ਇਹ ਉਪਰਲੀ ਗਾਥਾ ਉਸੇ ਕਿਤਾਬ ਵਿਚੋਂ ਹੈ। ਸਿਫਤ ਹੁੰਦੀ ਹੀ ਉਹ ਜਿਹੜੀ ਤੁਹਾਡਾ ਦੁਸ਼ਮਣ ਵੀ ਕਰੇ। ਇਥੋਂ ਤੱਕ ਤਾਂ ਸਭ ਠੀਕ, ਪਰ ਜਿਸ ਦੀ ਕਿਤਾਬ ਉਹ ਭਰਾ ਵੇਚ ਰਹੇ ਸਨ, ਉਹ ਤਾਂ ਕਹਿ ਰਿਹਾ ਕਿ ਸਮੇਤ ਬਾਕੀਆਂ ਦੇ ਬਾਬਾ ਜਰਨੈਲ ਸਿੰਘ ਦੀ ਲਾਸ਼ ਵੀ ਮਿਲ ਗਈ ਸੀ ਪਰ ਉਸ ਤੋਂ ਅਗਲਾ 'ਬ੍ਰਹਮਗਿਆਨੀ' ੨੨ ਸਾਲ ਝੂਠ ਬੋਲਦਾ ਰਿਹਾ। ਚਲੋ ਬੋਲੀ ਜਾਵੇ ਉਸ ਦੀ ਕੋਈ ਮਜਬੂਰੀ ਹੋ ਸਕਦੀ ਸੀ ,ਪਰ ਸਾਡੀ ਕੀ ਮਜਬੂਰੀ ਕਿ ਇੱਕ ਝੂਠੇ ਬੰਦੇ ਦੀਆਂ ਬਰਸੀਆਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਮਨਾਈਏ?

ਤੁਹਾਨੂੰ ਯਾਦ ਹੋਵੇਗਾ ਕਿ 'ਗਿਆਨੀ' ਕ੍ਰਿਪਾਲ ਸਿੰਘ। ਓਸ ਵੇਲੇ ਦਾ 'ਜਥੇਦਾਰ'। ਉਸ ਇਕੋ ਝੂਠ ਬੋਲਿਆ ਸੀ ਕਿ ਲਾਇਬ੍ਰੇਰੀ ਅਤੇ ਕੋਠਾ ਸਾਹਬ ਸਭ ਠੀਕ ਠਾਕ ਨੇ ਪਰ ਕੌਮ ਨੇ ਉਸ ਨੂੰ ਇਸ ਝੂਠ ਬਦਲੇ ਇੰਨਾ ਜਲੀਲ ਕੀਤਾ ਸੀ ਕਿ ਆਖਰ ਖਾੜਕੂਆਂ ਗੋਲੀਆਂ ਮਾਰ ਕੇ ਮਾਰ ਹੀ ਦਿੱਤਾ ਸੀ। ਇੰਝ ਹੀ ਹੋਇਆ ਸੀ ਨਾ? ਪਰ ਦੂਜੇ ਪਾਸੇ ੨੨ ਸਾਲ ਝੂਠ? ਅਤੇ ਬ੍ਰਹਮਗਿਆਨੀ? ਅਤੇ ਬਰਸੀਆਂ?

ਇੱਕ ਬੰਦਾ ਹਿੱਕ ਡਾਹ ਕੇ ਗੋਲੀਆਂ ਖਾਂਦਾ ਹੈ ਅਤੇ ਸ਼ਹੀਦ ਹੋ ਜਾਂਦਾ, ਪਰ ਦੂਜਾ ਕਹੀ ਜਾਂਦਾ ਉਹ ਉਥੋਂ ਦੌੜ ਗਿਆ? ਇਹ ਸ਼ਹੀਦ ਦਾ ਸਨਮਾਨ ਹੋਇਆ ਜਾਂ ਅਪਮਾਨ? ਸ਼ਹੀਦ ਦਾ ਦੱਸੋ ਇਸ ਤੋਂ ਵੱਡਾ ਅਪਮਾਨ ਹੋਰ ਕੀ ਹੋ ਸਕਦਾ ਕਿ ਤੁਸੀਂ ਉਸ ਨੂੰ ਮੈਦਾਨ ਛੱਡ ਕੇ ਦੌੜਨ ਵਾਲਾ ਗੀਦੀ ਕਹੋ। ਤੇ ਫਿਰ ਇੱਕ ਵਾਰੀ ਨਹੀਂ ਬਲਕਿ ੨੨ ਸਾਲ ਕਹਿੰਦੇ ਹੀ ਚਲੋ ਜਾਵੋ। ਅੱਜ ਉਸ ਮਰ ਚੁੱਕੇ 'ਬਾਬੇ' ਨੂੰ ਖੜਾ ਕਰਕੇ ਪੁੱਛਿਆ ਜਾਣਾ ਨਹੀਂ ਚਾਹੀਦਾ ਕਿ ਭਾਈ ਠਾਕੁਰ ਸਿਓਂ ਜੀ ਦੱਸੋ ਸਾਡਾ ਜਰਨੈਲ ਕਿਥੇ ਹੈ, ਜਿਸ ਦੀ ਤੁਸੀਂ ਕਹਿੰਦੇ ਰਹੇ ਕਿ ਮੈਂ ਬਾਂਹ ਫੜਾ ਕੇ ਜਾਵਾਂਗਾ। ਕੌਣ ਪੁੱਛੇ? ਕੌਣ ਕਹੇ? ਕਿਹੜਾ ਮੁਸੀਬਤ ਮੁੱਲ ਲਵੇ? ਡਾਗਾਂ ਵਾਲੇ ਨਹੀਂ ਆਣ ਦੁਆਲੇ ਹੁੰਦੇ? ਪਰ ਕਿੰਨਾ ਚਿਰ ਡਾਗਾਂ ਤੋਂ ਡਰਕੇ ਚੁੱਪ ਕਾ ਰਹੂ ਮੇਰੀ ਕੌਮ?

ਹੁਣ ਸਮਝ ਆਉਂਦੀ ਕਿ ਸਿੱਖ ਇਤਿਹਾਸ ਵਿੱਚ ਗੜਬੜ ਕਿਵੇਂ ਹੋਈ। ਪੰਡੀਏ ਨੇ ਇੱਕ ਵਾਰ ਝੂਠ ਲਿੱਖ ਦਿੱਤਾ। ਉਸ ਦੇ ਯਾਰ ਬਾਬੇ ਉਸ ਝੂਠ ਨੂੰ ਸਿੱਖ ਸਟੇਜਾਂ 'ਤੇ ਬੋਲੀ ਗਏ ਬੋਲੀ ਗਏ ਤੇ ਉਹ ਹੁਣ ਲੋਕਾਂ ਸੱਚ ਮੰਨ ਲਿਆ ਹੈ। ਬਿੱਲਕੁਲ ਉਵੇਂ ਜਿਵੇਂ ਠਾਕੁਰ ਸਿੰਘ ਨੂੰ ਲੋਕਾਂ 'ਬ੍ਰਹਮਗਿਆਨੀ'? ਮੰਨਣਾ ਹੀ ਪੈਣਾ ਹੈ। ਡਾਂਗ ਨਹੀਂ ਦਿੱਸਦੀ? ਉਨ੍ਹਾਂ ਦਾ ਡਾਂਗ ਫੇਰਨ ਦਾ ਤਰੀਕਾ ਦੇਖੋ ਨਹੀਂ ਬਦਲਿਆ। ਪੰਡੀਆਂ ਰਾਖਸ਼ ਕਹਿ ਕੇ ਫੇਰਦਾ ਸੀ। ਉਸ ਦੇ ਅਗਲਿਆਂ ਅੱਤਵਾਦੀ ਕਹਿ ਕੇ ਫੇਰੀ ਅਗੇ ਉਸ ਦੇ ਭਾਈਬੰਦ ਕਾਲੇ ਅਫਗਾਨੇ ਦੇ ਚੇਲੇ ਜਾਂ ਨਾਸਤਿਕ ਕਹਿ ਫੇਰਦੇ ਹਨ। ਬਿਨਾ ਇਸ ਗੱਲ ਨੂੰ ਸਮਝੇ ਕਿ ਓਸ ਸਖਸ਼ ਨੂੰ ਬ੍ਰਹਮਗਿਆਨੀ ਕਹਿਣ ਦਾ ਸਿੱਧਾ ਮੱਤਲਬ ਬਾਬਾ ਜਰਨੈਲ ਸਿੰਘ ਦਾ ਅਪਮਾਨ ਕਰਨਾ ਹੈ, ਪਰ ਦੇਹ ਢੋਲਕੀ ਕੁੱਟੀ ਜਾ ਰਹੇ ਹਨ ਕਿ 'ਬ੍ਰਹਮਗਿਆਨੀ ਸਦ ਜੀਵੇ ਨਹੀਂ ਮਰਤਾ' ਜਦ ਕਿ ਉਹ ਕਦ ਦਾ ਮਰ ਗਿਆ ਧੁੰਮੇ ਵਰਗੇ ਮਰੇ ਸੱਪ ਨੂੰ ਕੌਮ ਦੇ ਗਲ ਪਾ। ਲੋਕਾਂ ਨੂੰ ਉਸ ਦੀ ਚੋਣ ਤੋਂ ਈ ਸਮਝ ਨਹੀਂ ਆਉਂਦੀ ਬ੍ਰਹਮਗਿਆਨਤਾ ਦੀ। ਕਿ ਆਉਂਦੀ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top