ਵੈਨਕੋਵਰ ਦੀ ਕੋਈ ੯੪ ਕੁ ਦੇ ਗੇੜ ਦੀ ਗੱਲ ਹੈ ਮੇਰੇ ਕੁਝ ਇੱਕ
ਮਿੱਤਰ ਵੀ 'ਕਾਰ ਸੇਵਾ ਗਰੋਹ' ਵਿਚ ਸ਼ਾਮਲ ਸਨ ਜਿਸ ਕਾਰਨ ਓਸ 'ਗਰੋਹ' ਦੇ ਨਾਲ ਜਾਣ ਦਾ
ਇੱਕ ਅੱਧ ਵਾਰੀ ਮੇਰਾ ਵੀ ਸਬੱਬ ਬਣਿਆ। ਉਹ 'ਗਰੋਹ' ਕੋਈ ੧੫-੨੦ ਲੋਕਾਂ ਦਾ ਹੁੰਦਾ ਸੀ
ਜਿਸ ਵਿਚ ਲੋਕਲ ਵੱਡੇ ਵੱਡੇ 'ਜਥੇਦਾਰ' ਵੀ ਸ਼ਾਮਲ ਸਨ ਅਤੇ ਉਸ 'ਗਰੋਹ' ਦੀ ਅਗਵਾਈ ਪੰਜਾਬ
ਤੋਂ ਆਇਆ ਕੋਈ ਕਾਰਸੇਵੀਆ ਕੁੰਗਰੂ ਦੀ ਹੇਠਾਂ ਲਮਕਦੀ ਝੋਲੀ ਜਿਹੀ ਵਰਗੀਆਂ ਵੱਡੀਆਂ ਜ੍ਹੇਬਾਂ
ਵਾਲੀ ਬਥੂਹੀ ਵਾਲਾ ਸਾਧ ਕਰਦਾ ਹੁੰਦਾ ਸੀ। ਉਹਾ ਸਾਰਾ ਗਰੋਹ ਦੂ ਦੂ ਕਰਦਾ ਸ਼ਾਮ ਜਹੀ ਨੂੰ
ਸਰਦੇ ਪੁੱਜਦੇ ਲੋਕਾਂ ਦੇ ਘਰੀਂ ਜਾ ਵੜਦਾ ਹੁੰਦਾ ਸੀ ਤੇ ਮੂਹਰੇ ਬਥੂਹੀ ਵਾਲਾ ਕਾਰਸੇਵੀਆ
ਹੁੰਦਾ ਸੀ। ਲੋਹੇ ਦੇ ਗਲਾਸਾਂ ਵਿਚ ਲਾਚੀਆਂ ਵਾਲਾ ਦੁੱਧ-ਦੱਧ ਛੱਕ ਮੁੱਛਾਂ ਤੇ ਹੱਥ
ਫੇਰਦਿਆਂ 'ਜਥੇਦਾਰਾਂ' ਦਾ ਅਗਲਾ ਸਵਾਲ ਹੁੰਦਾ ਸੀ ਕਿ, ਬਾਬਾ
ਜੀ ਪੰਜਾਬ ਤੋਂ ਆਏ ਨੇ ਗੁਰੂ ਸਾਹਿਬਾਨਾ ਦੇ ਇਤਿਹਾਸਕ ਗੁਰੂ ਘਰਾਂ ਦੀ ਕਾਰਸੇਵਾ ਚਲ ਰਹੀ
ਹੈ ਕ੍ਰਿਪਾ ਕਰਕੇ ਤਿੱਲ-ਫੁੱਲ ਪਾਓ। ਵੱਡੇ ਵੱਡੇ ਜਥੇਦਾਰ ਤੇ ਨਾਲ ਬਾਬਾ ਜੀ? ਜਵਾਬ ਕੌਣ
ਦੇਵੇ?
ਜਵਾਬ
ਤਾਂ ਦੱਬ ਹੀ ਜਾਂਦੇ। ਮਰਨਾ ਸੀ ਜਵਾਬ ਦੇ ਕੇ? ਗੁਰੂ ਸਾਹਿਬਾਨਾ ਦਾ ਨਾਮ, ਜਥੇਦਾਰ ਤੇ
ਉਪਰੋਂ ਬਾਬਾ ਜੀ? ਹੁਣ ਘਰ ਵਾਲੇ ਕੋਲੇ ਦੂਜਾ ਰਾਹ ਨਹੀਂ ਸੀ ਹੁੰਦਾ ਕਿ ਇਸ ਗਰੋਹ
ਨੂੰ ਖਾਲੀ ਹੱਥੀਂ ਮੋੜ ਸਕੇ। ਉਹ ਤਾਂ ਵਿਚਾਰੇ ਇਨਾ ਪੁੱਛਣ ਦੀ ਵੀ ਹਿੰਮਤ ਨਹੀਂ ਸਨ ਕਰਦੇ
ਕਿ ਕਿਹੜੇ ਗੁਰੂ ਘਰ ਦੀ ਸੇਵਾ? ਬੰਦਾ ਵਿਚਾਰਾ ਸ਼ਰਮੋ ਸ਼ਰਮੀ ਪੰਜ ਸੌ ਦਾ ਚੈੱਕ ਕੱਟਣ ਲੱਗਦਾ
ਪਰ 'ਜਥੇਦਾਰ' ਬਦੋ ਬਦੀ ਸੇਵਾ, ਜਨਮ ਸਫਲਾ, ਮੌਕੇ ਵਾਰ ਵਾਰ ਨਹੀਂ ਆਉਂਦੇ,
ਬਾਬਾ ਜੀ ਇਨੀ ਦੂਰੋਂ ਆਏ ਵਰਗੇ ਕੂੜ ਦੇ ਤੀਰ ਛੱਡਕੇ ਇੱਕ
ਸਿਫਰ ਹੋਰ ਲਵਾ ਦਿੰਦੇ! ਵੱਡੀਆਂ ਬਥੂਹੀਆਂ ਦੀਆਂ ਵੱਡੀਆਂ ਜ੍ਹੇਬਾਂ ਤੂੜ ਕੇ
ਉਹ ਜਹਾਜੇ ਚ੍ਹੜਦੇ ਤੇ ਉਤਰਦਿਆਂ ਹੀ ਹਥੌੜੇ ਲੈ ਕੇ ਗੁਰੂ ਘਰਾਂ
ਦੀ ਇੱਟ ਨਾ ਇੱਟ ਕਰ ਦਿੰਦੇ!
ਉਨੀ ਦਿਨੀ 'ਕਾਰਸੇਵਾ'
ਦੀ ਚੰਗੀ ਹਨੇਰੀ ਝੁੱਲੀ ਤੇ ਓਸ ਹਨੇਰੀ ਵਿਚ ਸਿੱਖ ਕੌਮ ਦੀਆਂ ਇਤਿਹਾਸਕ ਯਾਦਾਂ ਤੇ ਜਾਲਮ
'ਬਾਬਿਆਂ' ਦੇ ਰੱਜ ਕੇ ਹਥੌੜੇ ਚਲੇ! ਯਾਣੀ ਮੂਰਖਾਂ ਦੇ ਸਿਰ ਤੇ ਮੂਰਖਾਂ ਦੀਆਂ ਹੀ
ਜੁੱਤੀਆਂ? ਸਾਡੀ ਤਬਾਹੀ ਸਾਡੇ ਹੀ ਕਰ-ਕਮਲਾਂ ਨਾਲ ਲਿਖੀ ਗਈ!
ਕੋਈ ਦੱਸ ਕੁ ਸਾਲ ਦੀ ਗੱਲ ਹੈ ਅਸੀਂ ਸਾਰਾ ਟੱਬਰ ਅਨੰਦਪੁਰ ਸਾਹਬ
ਗਏ। ਉਦੋਂ ਹਾਲੇ ਅਨੰਦਪੁਰ ਸਾਹਬ ਦੇ ਕਿਲਿਆਂ ਦੀ ਦਿੱਖ ਪੁਰਾਣੀ ਹੀ ਸੀ ਯਾਣੀ ਲਾਲ ਇਟਾਂ
ਵਾਲੇ। ਉਹ ਛੋਹ ਪ੍ਰਾਪਤ ਕਰਕੇ ਤੁਹਾਨੂੰ ਇਉਂ ਜਾਪਦਾ ਸੀ ਜਿਵੇਂ ਬਾਜਾਂ ਵਾਲਾ ਇਥੇ ਹੀ
ਕਿਤੇ ਬੈਠਾ ਦੁਸ਼ਮਣਾ ਨੂੰ ਤੀਰਾਂ ਨਾਲ ਵਿੰਨ ਰਿਹਾ ਹੈ। ਤੁਹਾਡੇ ਅੰਦਰ ਇੱਕ ਮੋਹ ਜਿਹਾ
ਉਛਾਲਾ ਮਾਰਦਾ ਸੀ ਜਿਹੜਾ ਤੁਹਾਡੀਆਂ ਅੱਖਾਂ ਅਪਣੇ ਆਪ ਨਮ ਕਰ ਦਿੰਦਾ ਸੀ। ਕੁਝ ਵੀ ਦੱਸਣ
ਪੁੱਛਣ ਦੀ ਲੋੜ ਨਹੀਂ ਸੀ ਪੈਂਦੀ।
ਪਰ ਮੂਹਰਲੇ ਗੇਟ ਅੱਗੇ ਇੱਕ ਵੱਡਾ ਟੋਕਰਾ
ਰੱਖੀ ਇੱਕ 'ਅਬਦਾਲੀ' ਕਾਰ ਸੇਵਾ ਕਾਰ ਸੇਵਾ ਕਰਦਾ ਜਦ ਵੇਖਿਆ ਤਾਂ ਹੌਲ ਜਿਹਾ ਪਿਆ ਕਿ
ਹੁਣ ਇਸ ਕਿਲੇ ਦੀ ਵੀ ਖੈਰ ਨਹੀਂ! ਉਸ ਤੋਂ ਬਾਅਦ ਮੈ ਗਿਆ ਨਹੀਂ ਪਰ ਜਾਪਦਾ ਕਿ
ਉਥੇ ਵੀ ਮਾਰਬਲ ਹੇਠ ਗੁਰੂ ਬਾਜਾਂ ਵਾਲੇ ਦੀਆਂ ਅਹਿਮ ਯਾਦਾਂ ਦਾ ਕਤਲ ਕਰ ਦਿੱਤਾ ਗਿਆ
ਹੋਵੇਗਾ। ਕੋਈ ਅਜਿਹੀ ਇਤਿਹਾਸਕ ਯਾਦਗਰ ਬਚੀ ਹੋਵੇ ਤਾਂ ਦੱਸਣਾ ਜਿਹੜੀ ਇਨ੍ਹਾਂ ਬੁੱਚੜਾਂ
ਦੇ ਹਥੌੜਿਆਂ ਦੀ ਮਾਰ ਤੋਂ ਬਚੀ ਹੋਵੇ!
ਤੋਪਾਂ ਨਾਲ ਅਕਾਲ
ਤੱਖਤ ਢਾਹੁਣ ਵਾਲੀ ਇੰਦਰਾ ਮਾਰ ਕੇ ਅਸੀਂ ਅਪਣਾ ਬਦਲਾ ਲੈ ਲਿਆ, ਪਰ ਹਥੌੜਿਆਂ ਨਾਲ ਸਾਡੀ
ਤਬਾਹੀ ਕਰਨ ਵਾਲੇ ਆਹ ਜਰਵਾਣੇ? ਇੱਕ ਤੋਪ ਨਾਲ ਗੁਰਦੁਆਰਾ ਢਾਹੁੰਦੀ ਤਾਂ ਜਾਲਮ
ਜੋ ਹੈ ਹੀ, ਪਰ ਦੂਜਾ ਹਥੌੜੇ ਨਾਲ ਢਾਹੁੰਦਾ ਤਾਂ ਹਰਬੰਸ ਸਿਉਂ ਵਰਗਾ ਪੰਥ ਰਤਨ?
ਕਿਉਂ ਤੇ ???