Share on Facebook

Main News Page

ਕਾਹੇ ਰੇ ਬਨ ਖੋਜਨ ਜਾਈ
-: ਗੁਰਦੇਵ ਸਿੰਘ ਸੱਧੇਵਾਲੀਆ 
30 Mar 2017

ਬਨ ਵਿੱਚ ਰੱਬ ਕਿੱਥੇ? ਜੇ ਰੱਬ ਕੇਵਲ ਬਨ ਵਿਚ ਹੈ, ਤਾਂ ਬਾਕੀ? ਜੇ ਬਾਕੀ ਸਭ ਥਾਂਈ, ਤਾਂ ਜੰਗਲ ਵਿੱਚ ਕਿਉਂ ਨਹੀਂ, ਪਰ ਜਿਥੇ ਤੱਕ ਉਸ ਨੂੰ ਲੱਭਣ ਦਾ ਵਿਸ਼ਾ ਹੈ, ਤਾਂ ਜੰਗਲ ਵਿਚ ਹੀ ਕਿਉਂ? ਤੇਰੇ ਤਾਂ ਧੁਰ ਅੰਦਰ ਦੁਹਾਈਆਂ ਪਾ ਰਿਹਾ ਪਰ ਤੈਨੂੰ ਸੁਣੇ ਤਾਂ, ਤਾਂ ਨਾ!

ਬਾਬਾ ਜੀ ਅਪਣੇ ਤਾਂ ਕਹਿਦੇ 'ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥1॥ ਰਹਾਉ ॥' ਫੁੱਲ ਵਿਚ ਸੁਗੰਧ ਵਾਂਗ ਤੇਰੇ ਅੰਦਰ ਮਹਿਕਾਂ ਮਾਰ ਰਿਹਾ। ਸ਼ੀਸੇ ਵਿਚ ਤੇਰੇ ਅਪਣੀ ਪ੍ਰਛਾਈਂ ਵਾਂਗ। ਪਰ ਪੰਡੀਆ ਕਹਿੰਦਾ ਕਿਹੜਾ ਸੰਗ? ਕੌਣ ਸੰਗ? ਇਉਂ ਕਿਉਂ ਸੰਗ ਹੋ ਜੂ? ਸਾਡੇ ਬਾਬਾ ਜੀ ਦੇ ਤਾਂ ਹੋਇਆ ਨਹੀਂ ਮਾਅਰ ਪੁੱਠੇ ਤੇ ਸਿੱਧੇ, ਕਿੱਲੀਆਂ ਨਾਲ ਕੇਸ ਬੰਨੀ ਰੱਖੇ। ਜਦ ਸਾਡੇ ਵਾਲੇ ਬਾਬੇ ਨੂੰ ਇਉਂ ਮਿਲਿਆ ਤਾਂ...? ਐਵੇਂ ਇਨਾ ਸੌਖਾ ਰੱਬ ਬਣਾ ਛੱਡਿਆ। ਏਹਾ ਤਾਂ ਸਾਡੇ ਹੀ ਬਾਬਾ ਜੀ ਕੇਸ ਬੰਨ ਬੰਨ ਪੁੱਠੇ ਲਮਕਦੇ ਰਹੇ, ਠਰੇ ਪਾਣੀਆਂ ਇੱਕ ਖੜੇ, ਮਾਅਰ ਕੋਰੇ ਮਾਰੇ ਛੱਪੜਾਂ 'ਚ ਵੜ ਜਾਂਦੇ ਸਨ ਫਿਰ ਕਿਤੇ ਰੱਬ ਨਸੀਬ ਹੋਇਆ! ਹਾਂਅ!

ਬਾਬਾ ਫਰੀਦ ਜੀ ਨਾਲ ਵੀ ਇਵੇਂ ਹੋਇਆ! ਉਹ ਤਾਂ ਕਹੀ ਗਏ ਕਿ 'ਫਰੀਦਾ ਜੰਗਲੁ ਜੰਗਲੁ ਕਿਆ ਭਵਹਿ...' ਪਰ ਇਧਰ ਸਾਡੇ ਵਾਲੇ ਪੰਡੀਆਂ ਬਾਬਾ ਜੀ ਸਿਰ ਚਿੜੀਆਂ ਦੇ ਆਹਲਣੇ ਪਾ ਛੱਡੇ! 12 ਸਾਲ ਖੂਹ ਵਿਚ ਹੀ ਲਮਕਾਈ ਛੱਡਿਆ! ਕਿਸੇ ਕੌਮ ਵਿਚ ਇਨੇ ਪੁੱਠੇ ਲੋਕ ਨਹੀਂ ਦੇਖੇ ਮੈਂ। ਜਿਹੜੀ ਜਿਹੜੀ ਗੱਲ ਬਾਬੇ ਅਪਣੇ ਦੁਹਾਈਆਂ ਪਾ ਪਾ ਕਹਿੰਦੇ ਰਹੇ ਕਿ ਏਹ ਨਹੀਂ ਕਰਨੀ, ਇਹ ਪੰਡੀਏ ਆਖੇ ਲੱਗ ਉਦੋਂ ਵਿਰੁਧ ਗੱਲਾਂ ਬਾਬਾ ਜੀ ਅਪਣਿਆਂ ਦੇ ਮੂੰਹਾਂ ਵਿੱਚ ਪਾਈ ਗਏ।

ਜਦ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਾਹੇ ਰੇ ਬਨ ਖੋਜਨ ਜਾਈ ਤਾਂ ਸਾਡੇ ਵਾਲੇ ਪੰਡੀਆਂ ਦਾ ਜਵਾਬ ਪਤਾ ਕੀ ਹੁੰਦਾ

'ਉ ਤਾਂ ਜੀ ਇਹ ਤਾਂ ਬਨ ਦੀ ਗੱਲ ਹੋ ਰਹੀ ਭੋਰੇ ਦੀ ਥੋੜੋਂ'?

ਮੂਰਖ ਬੰਦੇ ਨੂੰ ਕਿਹੜਾ ਦਲੀਲਾਂ ਦਿੰਦਾ ਫਿਰੇ, ਕਿ ਭੜੂਆ ਬਨ ਤੇ ਭੋਰੇ ਵਿੱਚਲਾ ਫਰਕ ਤਾਂ ਸਮਝਾ! ਬਨ ਵਿੱਚ ਵੀ ਲੋਕਾਂ ਤੋਂ ਲੁੱਕਣਾ ਤੇ ਭੋਰੇ ਵਿੱਚ ਵੀ! ਇਸ ਨਾਲ ਕੀ ਫਰਕ ਪੈਂਦਾ ਕਿ ਤੁਸੀਂ ਧਰਤੀ ਪੁੱਟ ਕੇ ਲੁੱਕ ਜਾਉਂ ਜਾਂ ਜੰਗਲ ਵਿਚ ਲੁੱਕ ਜਾਉ?

ਯਾਦ ਰਹੇ ਕਿ ਮੈਂ ਇਨ੍ਹਾਂ ਪੰਡੀਆਂ ਨੂੰ ਸੰਬੋਧਨ ਨਹੀਂ, ਨਾ ਮੈਨੂੰ ਲੋੜ ਕਿ ਅਸੀਂ ਇਨ੍ਹਾਂ ਦੀ ਦਲੀਲ ਨਾਲ ਅਪਣੀ ਦਲੀਲ ਰੱਖੀਏ। ਲੱਕੜ ਦੇ ਸਿਰ ਲਈ ਨਾ ਦੁਨੀਆਂ ਉਪਰ ਕੋਈ ਦਲੀਲ ਬਣੀ ਨਾ ਜਵਾਬ! ਆਮ ਗੁਰਸਿੱਖ ਲਈ, ਪਰ ਇਹ ਜਾਨਣਾ ਜਰੂਰੀ ਹੈ ਕਿ ਗੁਰੂ ਸਾਹਿਬ ਖੁਦ ਜੰਗਲਾਂ, ਬਨਾਂ ਅਤੇ ਭੋਰਿਆਂ ਬਾਰੇ ਕੀ ਰਾਇ ਰੱਖਦੇ ਹਨ। ਇਹ ਵੀ ਕਿ ਗੁਰੂ ਸਾਹਿਬਾਨਾ ਦੀ ਬਾਣੀ, ਉਨ੍ਹਾਂ ਦਾ ਨਾਮ, ਉਨ੍ਹਾਂ ਦੀ ਕਰਣੀ, ਕਹਿਣੀ, ਸਮੁੱਚੀ ਸਖਸ਼ੀਅਤ ਵੰਨੀ ਦੇਖਦੇ ਹੋਏ ਤੁਸੀਂ ਸ਼ਰਤ ਲਾ ਕੇ ਕਹਿ ਸਕਦੇਂ ਕਿ ਉਹ ਖੁੱਡਾਂ ਪੁੱਟ ਕੇ ਬੈਠਣ ਵਾਲੇ ਨਹੀਂ ਸਨ!

ਆਹ ਤੁਹਾਡੇ ਖੁੱਡਾਂ ਪੁੱਟ ਕੇ ਬੈਠਣ ਵਾਲਿਆਂ ਵਿਚੋਂ, ਇਤਿਹਾਸ ਵਿਚੋਂ, ਜਾਂ ਜੋਗੀਆਂ ਸਿੱਧਾਂ ਵਿਚੋਂ ਇੱਕ ਬੰਦਾ ਹੱਥ ਲਾ ਕੇ ਦੱਸ ਦਿਓ ਕਿ ਭਾਈ ਆਹਾ ਇਨਾ ਚਿਰ ਖੁੱਡ ਪੁੱਟ ਕੇ ਬੈਠਾ ਰਿਹਾ ਤੇ ਮੁੜ ਮੌਤ ਦੇ ਮੱਥੇ ਵੱਜਾ ਐਨ ਸਿੱਧਾ? ਪਹਾੜ ਵਾਂਗ ਭਿੜ ਗਿਆ ਮੌਤ ਨਾਲ ਕਿ ਮੌਤ ਵੀ ਲੋਹਾ ਮੰਨ ਗਈ ਕਿ ਇਸ ਧਰਤੀ ਤੇ ਕੋਈ ਗੁਰੂ ਤੇਗ ਬਹਾਦਰ ਸਾਹਬ ਵਰਗਾ ਸੂਰਬੀਰ ਮਹਾਂਪੁਰਖ ਪੈਦਾ ਹੋਇਆ ਸੀ। ਉਹ ਕੀ ਉਸ ਦੇ ਸਿੱਖ ਮਾਣ ਨਾ! ਇੱਕ ਤਾਂ ਕਹਿੰਦਾ ਓ ਭਾਈ ਚੀਰ ਸਿੱਧਾ ਨੱਕ ਨੂੰ ਰੱਖ! ਇਹ ਖੁੱਡਾਂ ਪੁੱਟ ਕੇ ਬੈਠਣ ਵਾਲਿਆਂ ਦੇ ਕੰਮ ਨੇ?

ਖੁੱਡਾਂ ਤਾਂ ਚੂਹੇ ਪੁੱਟਦੇ। ਚਾਅ ਨੂੰ ਨਹੀਂ ਅਪਣੀ ਜਾਨ ਦੀ ਰਾਖੀ ਲਈ। ਚੂਹੇ ਲਈ ਖੁੱਡ ਸਭ ਤੋਂ ਸੁਰਖਅੱਤ ਥਾਂ ਹੈ। ਮੌਤ ਤੋਂ ਡਰਿਆ ਚੂਹਾ ਖੁੱਡ ਪੁੱਟ ਕੇ ਗੁਜਾਰਾ ਕਰਦਾ ਹੈ। ਉਸ ਕੋਲੇ ਕੋਈ ਦੂਜਾ ਰਾਹ ਹੀ ਨਹੀਂ। ਖੁੱਡ ਚੂਹੇ ਨੂੰ ਮੌਤ ਤੋਂ ਬਚਾਉਂਦੀ ਹੈ।

ਇਸ ਗੱਲ ਨੂੰ ਸਮਝੋ। ਜੋਗੀ ਜਾਂ ਸਿੱਧ ਜੇ ਜੰਗਲਾਂ ਬਨਾ ਨੂੰ ਦੌੜੇ ਤਾਂ ਉਸ ਪਿੱਛੇ ਵੀ ਚੂਹਾ ਬਿਰਤੀ ਸੀ। ਉਹ ਡਰਦੇ ਦੌੜੇ। ਇਸ ਸੰਸਾਰ ਤੋਂ ਡਰਦੇ ਤੇ ਅੱਗੇ ਜਾ ਕੇ ਕਿਸੇ ਸੁਰੱਖਅਤ ਸਵਰਗ ਵਿਚ 'ਸੇਫ' ਰਹਿਣ ਲਈ ਦੌੜੇ। ਤੁਹਾਡੇ ਵਾਲੇ ਸਾਧੜੇ ਭੋਰਿਆਂ ਵਿਚ ਵੀ ਸੰਸਾਰ ਤੋਂ ਡਰਦੇ ਦੌੜੇ ਤੇ ਅੱਗੇ ਜਾ ਕੇ ਕਿਸੇ ਸੱਚਖੰਡ ਪਹੁੰਚਣ ਲਈ? ਅਗੇ ਪਤਾ ਨਹੀਂ ਹੋਣੇ ਸਨ ਕਿ ਨਹੀਂ, ਪਰ ਡਰੇ ਹੋਇਆਂ ਇਥੇ ਹੀ ਭੋਰੇ ਪੁੱਟ ਕੇ ਸੱਚਖੰਡ ਬਣਾ ਛੱਡੇ ਮਾਂ ਦਿਆਂ ਪੁੱਤਾਂ। ਜਿਵੇਂ ਚੂਹਾ ਖੁੱਡ ਪੁੱਟ ਸੁਰੱਖਅਤ ਹੋਣਾ ਚਾਹੁੰਦਾ, ਉਵੇਂ ਇਨ੍ਹਾਂ ਖੁੱਡਾਂ ਪੁੱਟੀਆਂ ਤੇ ਅਪਣੀਆਂ ਖੁੱਡਾਂ ਨੂੰ 'ਨਾ ਦੇ ਦਿੱਤਾ ਸੱਚਖੰਡ ਤੇ ਭੋਰਿਆਂ ਦਾ?

ਮੇਰੀ ਕੌਮ ਵਿਚ ਪਤਾ ਨਹੀਂ ਕਿੰਨੇ ਚੂਹੇ ਪੈਦਾ ਹੋਏ, ਜਿੰਨਾ ਖੁੱਡਾਂ ਪੁੱਟ ਪੁੱਟ ਧਰਤੀ ਪੋਲੀ ਕਰ ਮਾਰੀ। ਹਰੇਕ ਮਰੇ ਸਾਧ ਦੇ ਡੇਰੇ ਭੋਰਾ ਸਾਹਬ ਹੈ। ਪਰ ਨਾਂ ਲੈ ਦੱਸਿਓ ਕਿ ਕੋਈ ਚੂਹਾ ਮੌਤ ਨਾਲ ਭਿੜਿਆ? ਜਿੰਨਿਆਂ ਦੀਆਂ ਬਰਸੀਆਂ ਮਨਾਉਂਦੇ ਹੋਂ। ਜੈਤੋ ਦੇ ਮੋਰਚੇ, ਗੁਰੂ ਕੇ ਬਾਗ ਦੇ ਮੋਰਚੇ, ਗੁਰੂ ਘਰਾਂ ਦੀ ਆਜ਼ਾਦੀ ਦੇ ਮੋਰਚੇ, 84 ਵਾਲੇ ਘੱਲੂਘਾਰੇ, ਰੋਹੀਆਂ, ਨਹਿਰਾਂ ਤੇ ਵਿਸ਼ੇ ਸਾਡੀਆਂ ਲਾਸ਼ਾਂ ਦੇ ਸਥਰ, ਨਸ਼ਿਆਂ ਦੇ ਵੱਗਦੇ ਰਹੇ ਤੇ ਰਹਿ ਰਹੇ ਦਰਿਆ। ਕਿਹੜਾ ਚੂਹਾ ਆਇਆ ਖੁੱਡ ਤੋਂ ਬਾਹਰ? ਕਿਸ ਨੇ ਤੁਹਾਡੇ ਨਿਆਣਿਆਂ ਦੀ ਅਰਥੀ ਨੂੰ ਮੋਢਾ ਦਿੱਤਾ। ਬਲਕਿ ਹੁਣ ਤਾਜਾ ਕਿ ਚੂਹਿਆਂ ਦਾ ਪੂਰਾ ਸੰਤ ਸਮਾਜ ਤੁਹਾਡੇ ਨਿਆਣਿਆਂ ਨੂੰ ਜ਼ਹਿਰ ਦੇ ਕੇ ਮਾਰਨ ਵਾਲੇ ਬਾਦਲਾਂ ਨਾਲ ਖੜਾ ਨਹੀਂ ਸੀ? ਵਿਚੇ ਤੁਹਾਡੀਆਂ ਟਕਸਾਲਾਂ?

ਸੂਰਬੀਰ ਕਦੇ ਭੋਰਿਆਂ ਵਿੱਚ ਨਹੀਂ ਵੜਦੇ। ਕੋਈ ਗੁਰੂ ਤੇ ਨਾ ਗੁਰੂ ਦਾ ਸਿੱਖ ਭੋਰੇ ਵਿਚ ਵੜਿਆ। ਭੋਰਾ ਉਨ੍ਹਾਂ ਨੂੰ ਗਵਾਰਾ ਹੀ ਨਹੀਂ। ਭੋਰਾ ਉਨ੍ਹਾਂ ਦੀ ਸਖਸ਼ੀਅਤ ਨਾਲ ਮੇਲ ਹੀ ਨਹੀਂ ਖਾਂਦਾ। ਭੋਰਾ ਉਨ੍ਹਾਂ ਦੇ ਮੇਚ ਆ ਹੀ ਨਹੀਂ ਸਕਦਾ, ਕਿਉਂਕਿ ਭੋਰਾ ਜਾਂ ਖੁੱਡ ਬਣੀ ਹੀ ਚੂਹੇ ਵਾਸਤੇ ਹੈ। ਪਰ ਇਹ ਪੰਡੀਏ ਦੀ ਹਰਾਮਜਾਦਗੀ ਦੇਖੋ ਇਨੀ ਸੂਰਬੀਰ ਜੋਧੇ ਗੁਰੂ ਨੂੰ ਵੀ 26 ਸਾਲ ਭੋਰੇ ਵਿਚ ਵਾੜ ਛੱਡਿਆ? ਕੌਮ ਮੇਰੀ ਨਾਲ ਇਦੋਂ ਵੱਡੀ ਟਿੱਚਰ ਹੋਰ ਕੀ ਹੋ ਸਕਦੀ! ਕਿ ਹੋ ਸਕਦੀ?
 


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top