ਕਹਿੰਦੇ ਜਦ ਕਿਸੇ ਕੋਲੇ ਕਹਿਣ ਨੂੰ ਕੁਝ ਨਾ ਰਹੇ ਤਾਂ ਉਸ ਦਾ
ਹੱਥ ਉੱਠਦਾ ਹੈ। ਜਿਸ ਕੋਲੇ ਕਹਿਣ ਨੂੰ ਹੋਵੇ ਹੀ ਕੁਝ ਨਾ ਤੇ ਉਹ ਮੁੱਕਾ ਰੱਖੇ ਹੀ ਤਾਣ
ਕੇ ਉਸ ਨੂੰ ਹੋਸ਼ਾ ਕਹਿੰਦੇ ਹਨ। ਹੋਸ਼ਾ ਬੰਦਾ ਬਹੁਤ ਛੇਤੀ ਚੀਕਾਂ ਮਾਰਨ ਲੱਗਦਾ ਹੈ ਤੇ
ਲੜਨ ਲਈ ਤਿਆਰ! ਉਸ ਦੀ ਕੀਤੀ ਗੱਲ ਵੀ ਚੀਕਾਂ ਵਰਗੀ ਹੁੰਦੀ! ਉਹ ਗੱਲ ਕਰਦਾ ਹੀ ਨਹੀਂ,
ਕਿਉਂਕਿ ਗੱਲ ਉਸ ਕੋਲੇ ਹੈ ਹੀ ਨਹੀਂ। ਗੱਲ ਦਾ ਸਬੰਧ ਸਿਰ ਨਾਲ
ਹੈ, ਸਿਰ ਵਿੱਚ ਤਾਂ ਮਹਾਂਕਾਲ ਫਸੀ ਫਿਰਦਾ ਗੱਲ ਕਿਥੇ ਵੜ ਜਾਊ। ਅਜਿਹੇ ਡਰਾਉਂਣੇ
ਭੂਤ ਦੇ ਹੁੰਦੇ ਗੱਲ ਨੇ ਸਿਰ ਵਿਚ ਵੜਕੇ ਅਪਣਾ ਕਤਲ ਕਰਾਉਂਣਾ?
ਦਲੀਲ
ਦਾ ਜਵਾਬ ਦਲੀਲ ਨਾਲ ਸਿਆਣੇ ਦਿੰਦੇ ਨੇ, ਪਰ
ਦਲੀਲ ਦਾ ਜਵਾਬ ਘੁਸੰਨ ਮੁੱਕੀ ਨਾਲ... ਮੂਰਖ। ਸਿੱਖਾਂ ਦੀਆਂ ਬਹੁਤੀਆਂ
ਲੜਾਈਆਂ ਵਿਚੋਂ ਇਹ ਗੱਲ ਸ਼ੱਕ ਕਰਨ ਵਰਗੀ ਹੋ ਗਈ ਹੈ, ਕਿ ਗਲ ਪੈਣ ਵਾਲੇ ਮੂਰਖ ਟੋਲਿਆਂ ਦੀ
ਗਿਣਤੀ ਕਿਤੇ ਵੱਧ ਤਾਂ ਨਹੀਂ ਰਹੀ?
ਤੁਸੀਂ ਲੜਦੇ ਹੀ ਉਦੋਂ ਹੋਂ ਜਦ ਤੁਹਾਡੇ ਕੋਲੋਂ ਗੱਲ ਮੁੱਕ ਜਾਂਦੀ। ਤੁਹਾਡੇ ਕੋਲ ਲਫਜ
ਨਹੀਂ ਬੱਚਦੇ। ਤੁਹਾਡਾ ਸਿਰ ਖਾਲੀ ਹੁੰਦਾ। ਖਾਲੀ ਥਾਂ ਨੂੰ ਭਰਨ ਲਈ ਕੁਝ ਤਾਂ ਚਾਹੀਦਾ
ਹੁੰਦਾ ਤੇ ਉਹ ਥਾਂ ਅਸੀਂ ਗੰਡਾਸਿਆਂ-ਕੁਹਾੜਿਆਂ ਤੇ ਕ੍ਰਿਪਾਨਾਂ ਨਾਲ ਭਰਦੇ ਹਾਂ ਯਾਨੀ
ਕੁੱਝ ਲਿਖਕੇ ਜਾਂ ਬੋਲਕੇ ਨਹੀਂ ਬਲਕਿ ਕਾਲਖ ਫੇਰਕੇ! ਤੇ ਉਹ ਕਾਲਖ ਸਾਡੀ ਕੁੱਲ ਦੁਨੀਆਂ
ਦੇਖਦੀ। ਸਾਡੇ ਆਪਣੇ ਹੀ ਮੂੰਹ ਉਸ ਕਾਲਖ ਨਾਲ ਕਾਲੇ ਹੁੰਦੇ ਹਨ। ਕਿਸੇ ਦੂਜੇ ਦੇਖਣ ਵਾਲੇ
ਨੂੰ ਕੁਝ ਲੈਣਾ ਦੇਣਾ ਨਹੀਂ ਕਿ ਇਹ ਘੱਗਾ ਮਿਸ਼ਨਰੀ ਸੀ, ਦੂਜੇ ਟਕਸਾਲੀ ਜਾਂ ਅਖੰਡ ਕੀਰਤਨੀ!
ਉਹ ਤਾਂ ਪੱਗ ਲੱਥੀ ਦੇਖਦੇ ਜਿਹੜੀ ਟਕਸਾਲੀ ਦੇ ਵੀ ਬੱਧੀ, ਮਿਸ਼ਨਰੀ ਤੇ ਅਖੰਡ ਕੀਰਨਤੀ ਦੇ
ਵੀ।
ਮਲੇਸ਼ੀਆ ਵਿੱਚ
ਸ੍ਰ ਇੰਦਰ ਸਿੰਘ ਘੱਗਾ ਦੀ ਲੱਥੀ ਪੱਗ ਇਸ ਦਾ ਤਾਜ਼ਾ ਸਬੂਤ ਹੈ ਕਿ ਪੱਗਾਂ ਲਾਹੁਣ ਵਾਲਿਆਂ
ਕੋਲੇ ਕਹਿਣ ਨੂੰ ਕੱਖ ਨਹੀਂ ਬਚਿਆ, ਉਹ ਅਪਣੀਆਂ ਖਾਲੀ ਥਾਵਾਂ ਭਰ ਰਹੇ ਹਨ। ਅਜਿਹੇ
ਭਾਣੇ ਉਹ ਥਾਂ ਥਾਂ, ਹਰੇਕ ਸ਼ਹਿਰ ਵਿਚ ਵਰਤਾਉਂਦੇ ਹਨ। ਅਜਿਹਆਂ ਪੱਗਾਂ ਉਹ ਥਾਂ ਥਾਂ
ਲਾਹੁੰਦੇ ਹਨ ਤੇ ਹੈਰਾਨੀ ਦੀ ਗੱਲ ਕਿ ਅਜਿਹੇ ਸ਼ਰਮੀ ਭਰੇ ਕਾਰੇ ਕਰਨ ਤੋਂ ਬਾਅਦ ਉਹ ਆਪਣੀ
ਇਸ ਜਿੱਤ ਦੇ ਭੰਗੜੇ ਪਾਉਂਦੇ ਤੇ ਖੁਸ਼ੀਆਂ ਮਨਾਉਂਦੇ ਹਨ।
ਕਈ ਚਿਰ ਪਹਿਲਾਂ ਸਾਡੇ ਇਥੇ ਟਰੰਟੋ ਵਿਖੇ ਵੀ ਅਜਿਹਾ ਸ਼ਰਮੀ ਭਰਿਆ ਵਰਤਾਰਾ ਹੋਇਆ ਸੀ,
ਜਦ ਅਜਿਹੇ ਹੀ ਕਿਸੇ 'ਸੂਰਮਿਆਂ' ਲੋਕਾਂ ਦੀਆਂ ਪੱਗਾਂ ਲਾਹ ਕੇ, ਢਿੱਡ ਪਾੜਕੇ, ਸਿਰ
ਖੋਹਲਕੇ ਭੰਗੜੇ ਪਾਏ ਤੇ ਜਸ਼ਨ ਮਨਾਏ ਸਨ। ਉਧਰ ਬੰਦੇ ਮਰਨ ਕਿਨਾਰੇ ਐਬੂਲੈਂਸ ਵਿੱਚ ਪਾਏ ਜਾ
ਰਹੇ ਸਨ ਤੇ ਇਧਰ ਐਬੂਲੈਂਸ ਵੰਨੀ ਮੂੰਹ ਕਰ ਕਰ ਲਲਕਾਰੇ ਮਾਰੇ ਤੇ ਭੰਗੜੇ ਪਾਏ ਜਾ ਰਹੇ ਸਨ!!
ਇਹ ਕਿਹੋ ਜਿਹੀ ਸਿੱਖੀ ਹੈ ਜਿਹੜੀ ਇਨ੍ਹਾਂ ਦੇ ਸਿਰਾਂ ਨੂੰ ਸ਼ਰਾਬ ਵਾਂਗ ਚ੍ਹੜਦੀ, ਸਿਰ
ਪਾੜਦੀ, ਸ਼ਬੀਲਾਂ ਲਾਉਂਦੀ ਤੇ ਮੁੜ ਭੰਗੜੇ ਪਾਉਂਦੀ ਹੈ।
ਇਹ ਕੁੱਝ ਖਾਸ ਕਿਸਮ ਦੇ ਲੋਕ ਹਰੇਕ
ਦਾ ਰਾਹ ਰੋਕਦੇ ਹਨ। ਜਿਸ ਦੀ ਗੱਲ ਇਨ੍ਹਾਂ ਦੇ ਮਾਪਦੰਡਾਂ ਤੇ ਖਰੀ ਨਹੀਂ ਉਤਰਦੀ, ਉਸ
ਦੁਆਲੇ ਹੋ ਪੈਂਦੇ ਹਨ। ਇਉਂ ਤਾਂ ਪੰਡੀਆ ਕਰਦਾ ਹੁੰਦਾ ਸੀ, ਜਿਹੜਾ ਬੋਲਣ
ਵਾਲੇ ਦੀ ਜੁਬਾਨ ਵੱਢ ਦਿੰਦਾ ਸੀ। ਸਰੀਏ ਤੁੰਨ ਦਿੰਦਾ ਸੀ ਸੰਘ ਵਿੱਚ! ਇਹ ਕ੍ਰਿਪਾਨਾਂ
ਤੁੰਨਣ ਤੱਕ ਜਾਂਦੇ ਹਨ। ਗੰਡਾਸੇ-ਕੁਹਾੜੇ ਦਿਖਾ ਦਿਖਾ ਡਰਾਉਂਦੇ ਹਨ। ਫਰਕ ਕੀ ਹੈ, ਕਿਥੇ
ਹੈ ਫਰਕ? ਉਸ ਦੀ ਦੁਰਗਾ, ਉਸ ਦੀ ਚੰਡੀ, ਉਸ ਦਾ ਮਹਾਂਕਾਲ ਸਿਰ ਚੜਕੇ ਨਹੀਂ ਬੋਲ ਪਿਆ ਸਾਡੇ?
ਭਾਈ ਸਿਰ ਵਿਚ ਗੁਰੂ ਤਾਂ ਵੜੇਗਾ, ਪਹਿਲਾਂ ਫਸਿਆ ਬੈਠਾ
ਮਹਾਂਕਾਲ ਕੱਢੋ। ਦੁਰਗਾ ਮਾਈ ਦੌੜਾਉ, ਚੰਡੀ ਭਜਾਉ ਤੇ ਮੁਕਤੀ ਪਾਓ।
ਤੁਹਾਨੂੰ ਕਦੇ ਜਾਪਦਾ ਨਹੀਂ ਨਸ਼ਾ ਛਡਾਊ
ਕੇਦਰਾਂ ਵਾਂਗ, ਮਹਾਂਕਾਲ ਭਜਾਓ ਕੇਂਦਰ ਵੀ ਸਿੱਖਾਂ ਨੂੰ ਖੋਹਲਣੇ ਪੈਣਗੇ!