ਵੈਨਕੁਵਰ ਦੀ ਗੱਲ ਹੈ ਉਥੇ ਰੇਡੀਓ ਅਪਣਾ ਸੰਗੀਤ ਵਾਲਿਆਂ ਅਪਣਾ ਇੱਕ
ਸਲਾਨਾ ਸਮਾਗਮ ਰੱਖਿਆ। ਕੋਈ ਘੰਟਾਂ ਕੁ ਪ੍ਰੋਗਰਾਮ ਕਰਦਾ ਹੋਣ ਕਾਰਨ ਮੈਂ ਵੀ ਉਨ੍ਹਾਂ ਦੀ
ਟੀਮ ਵਿਚ ਸ਼ਾਮਲ ਸੀ। ਉਥੇ ਆਏ ਬੁਲਾਰਿਆਂ ਵਿਚੋਂ ਕੁਝ ਇੱਕ ਸੋ ਕਾਲ ਖਾਲਿਸਤਾਨੀ ਯਾਣੀ
ਗੁਰਦੁਆਰਿਆਂ ਦੇ ਚੌਧਰੀ ਵੀ ਸ਼ਾਮਲ ਸਨ, ਜਿੰਨ੍ਹਾਂ ਰੇਡੀਓ ਵਾਲਿਆਂ ਦਾ ਪੰਜਾਬੀ ਮਾਂ ਬੋਲੀ
ਵਿਚ ਯੋਗਦਾਨ ਹੋਣ ਦਾ ਚੰਗਾ ਗੁੱਡਾ ਬੰਨਿਆ, ਪਰ ਸਮਾਪਤੀ ਵੇਲੇ ਰੇਡੀਓ ਦਾ ਡਾਇਕੈਟਰ
ਸੁਖਦੇਵ ਢਿੱਲੋਂ ਮੇਰੇ ਕੋਲੇ ਮੁੱਖ ਦਰਵਾਜੇ 'ਤੇ ਰੱਖਿਆ ਰਜਿਸਟਰ ਲੈ ਕੇ ਆ ਗਿਆ ਅਤੇ
ਉਲ੍ਹਾਮੇ ਜਿਹੇ ਨਾਲ ਕਹਿਣ ਲੱਗਾ ਕਿ ਆਹ ਦੇਖ ਤੇਰੇ ਵਾਲੇ ਭਾਈ? ਯਾਣੀ ਉਸ ਰਜਿਸਟਰ ਵਿਚ
ਇੱਕ ਨੇ ਵੀ ਨਾ ਆਪਣਾ ਪੰਜਾਬੀ ਵਿੱਚ ਨਹੀਂ ਸੀ ਲਿਖਿਆ !
ਕਾਫੀ
ਸਾਲਾਂ ਦੀ ਗੱਲ ਹੈ ਟਰੰਟੋ ਦੇ ਮੀਡੀਏ ਨੇ ਸ਼ਾਇਦ ਸ਼ਿੰਗਾਰ ਬੈਂਕੁਟ ਹਾਲ ਵਿੱਚ ਕਿਸੇ ਵਿਸ਼ੇ
'ਤੇ ਕੋਈ ਮੀਟਿੰਗ ਸੱਦੀ ਹੋਈ ਸੀ, ਮੈਨੂੰ ਚੇਤਾ ਵਿਸਰ ਗਿਆ ਕਾਹਦੇ 'ਤੇ ਸੀ। ਅਸੀਂ
ਵੀ ਕੁੱਝ ਜਣੇ ਚਲੇ ਗਏ, ਪਰ ਤੁਸੀਂ ਹੈਰਾਨ ਹੋਵੋਂਗੇ ਕਿ ਕਿਸੇ ਉਥੇ ਪੰਜਾਬੀ ਨਹੀਂ ਬੋਲੀ!
ਕਈ ਤਾਂ ਹੱਥ ਤੰਗ ਹੋਣ ਕਾਰਨ ਮੇਰੇ ਵਰਗੇ ਅੱਡੀਆਂ ਚੁੱਕ ਚੁੱਕ ਅੰਗੇਰਜੀ ਦੀ ਜਹੀ ਤਹੀ
ਫੇਰ ਰਹੇ ਸਨ!
ਗੁਰਦੁਆਰਿਆਂ ਜਾਂ ਪੰਜਾਬੀ ਸੰਸਥਾਵਾਂ ਵਿਚ ਹੁੰਦੀਆਂ ਮੀਟਿੰਗਾਂ ਵਿੱਚ ਤੁਸੀਂ ਦੇਖਿਆ ਹੋਣਾ
ਕਿ ਉਥੇ ਕੋਈ ਵੀ ਆਪਣਾ ਨਾਮ ਪੰਜਾਬੀ ਵਿਚ ਨਹੀਂ ਲਿਖਦਾ, ਜਦ ਕਿ ਉਥੇ ਅੰਗਰੇਜੀ ਵਿੱਚ
ਲਿਖਣ ਦੀ ਕੋਈ ਵੀ ਲੋੜ ਸਮਝ ਨਹੀਂ ਆਉਂਦੀ।
ਕੋਈ ਹਮਕੋ ਤੁਮਕੋ ਵਾਲਾ ਮਿਲ ਜਾਏ, ਤਾਂ ਸਾਡੇ ਬੰਦੇ ਜਾਂ ਬੁੜੀਆਂ ਇਨੀ ਛੇਤੀ ਹੌਸਲਾ
ਛੱਡਦੇ ਕਿ ਪੰਜਾਬੀ ਹਿੰਦੀ ਦੀ ਖਿੱਚੜੀ ਜਿਹੀ ਬਣਾ ਧਰਦੇ 'ਤੇ ਝੱਟ ਦੇਣੀ ਹਮਕੋ ਤੁਮਕੋ
ਕਰਨ ਲੱਗ ਜਾਂਦੇ ਹਨ। ਇਸ ਵਿਚ ਪੰਜਾਬ ਵਾਲੇ ਪੇਂਡੂ ਵੀ ਸ਼ਾਮਲ ਹਨ, ਜਿਹੜੇ ਭਈਆਂ ਨਾਲ ਰਲਕੇ
ਪੰਜਾਬੀ ਹਿੰਦੀ ਨੂੰ ਅਜਿਹਾ ਗੁੱਥਮ ਗੁੱਥਾ ਕਰਦੇ, ਕਿ ਨਾ ਪੰਜਾਬੀ ਪਛਾਣੀ ਜਾਂਦੀ ਨਾ
ਹਿੰਦੀ!
ਹੋਰਾਂ ਦੀ ਸੁਣੋ। ਚਿਰ ਦੀ ਗੱਲ ਹੈ। ਮੈਂ
ਵੈਨਕੁਵਰੋਂ ਪੰਜਾਬ ਜਾਣਾ ਸੀ, ਵਾਇਆ ਮੇਰਾ ਹਾਂਗਕਾਂਗ ਸੀ। ਰਾਤ ਦਾ ਸਮਾਂ ਸੀ ਹਾਂਗਕਾਂਗ
ਮੌਸਮ ਖਰਾਬ ਹੋਣ ਕਾਰਨ ਅਤੇ ਜਾਪਾਨ ਏਅਰਲਾਈਨ ਹੋਣ ਕਾਰਨ ਫਲਾਈਟ ਉਨੀ ਜਪਾਨ ਦੇ ਕਿਸੇ ਛੋਟੇ
ਜਿਹੇ ਸ਼ਹਿਰ ਉਤਾਰ ਲਈ। ਹੋਟਲ ਤਾਈਂ ਪਹੁੰਚਣ ਤੱਕ ਮੈਂ ਇਹ ਨਹੀਂ ਬੁੱਝ ਸਕਿਆ ਕਿ ਇਹ ਸ਼ਹਿਰ
ਜਾਂ ਮੁਲਕ ਕਿਹੜਾ! ਪਤਾ ਕਿਉਂ? ਕਿਉਂਕਿ ਉਥੇ ਇੱਕ ਵੀ ਸਾਇਨ ਬੋਰਡ ਅੰਗਰੇਜੀ ਵਿੱਚ ਨਹੀਂ
ਸੀ !!
ਮੇਰੀ ਹਿੱਪ ਫ੍ਰੈਕਚਰ ਹੋ ਕੇ ਇੰਨਫੈਕਸ਼ਨ ਕਰ ਗਈ। ਈਟੋ-ਬੀਕੋ ਹਸਪਤਾਲ ਮੈਂ ਦਾਖਲ ਸੀ। ਉਥੇ
ਨਾਲ ਵਾਲੇ ਮੰਜੇ ਤੇ ਇੱਕ ਬਜ਼ੁਰਗ ਸਪੇਨ ਤੋਂ ਸੀ। ਉਹ ਰਾਤ ਬਰਾਤੇ ਕਿਤੇ ਮੰਜੇ ਤੋਂ ਡਿੱਗ
ਜਾਇਆ ਕਰਦਾ ਸੀ, ਮੈਂ ਥੋੜਾ ਹਿੱਲ ਜੁੱਲ ਸਕਦਾ ਸੀ ਮੈਂ ਉਸ ਦੀ ਮਦਦ ਕਰ ਦਿੰਦਾ ਸੀ, ਉਹ
ਮੇਰੇ ਨਾਲ ਚੰਗੇ ਘੁਲ ਮਿਲ ਗਏ। ਉਸ ਦੀ ਬਜ਼ੁਰਗ ਪਤਨੀ ਦਿਨੇ ਸਾਰਾ ਦਿਨ ਉਸ ਕੋਲੇ ਰਹਿੰਦੀ
ਸੀ। ਆਪਸ ਵਿੱਚ ਗੱਲਾਂ ਕਰਦਿਆਂ ਕਦੇ ਮੈਂ ਉਨਹਾਂ ਨੂੰ ਅੰਗਰੇਜੀ ਬੋਲਦਿਆਂ ਨਹੀਂ ਸੁਣਿਆ,
ਜਦ ਕਿ ਉਨ੍ਹਾਂ ਨਾਲ ਗੱਲ ਕਰਨ 'ਤੇ ਪਤਾ ਲੱਗਾ ਕਿ ਉਨ੍ਹਾਂ ਦੋਨਾਂ ਨੂੰ ਆਪਣਾ ਮੁਲਖ
ਛੱਡਿਆਂ ਸਦੀਆਂ ਬੀਤ ਚੁੱਕੀਆਂ ਸਨ!!
ਪੰਜਾਬ ਬਾਰੇ, ਪੰਜਾਬੀ ਦੀ ਗੱਲ ਕਰਨੀ, ਪੰਜਾਬ ਵਾਲਿਆਂ ਨੂੰ
ਬੁਰੀ ਯਾਣੀ ਫਜ਼ੂਲ ਲੱਗਣ ਲੱਗ ਗਈ ਹੈ। ਘਰਾਂ ਵਿੱਚ ਔਰਤਾਂ ਸਾਰਾ ਦਿਨ ਡਰਾਮਿਆਂ
ਦੀ ਹਮਕੋ ਤੁਮਕੋ ਸੁਣ ਸੁਣ ਖੁਦ ਹੀ ਹਮਕੋ ਤੁਮਕੋ ਹੋ ਗਈਆਂ ਹਨ, ਰਹਿੰਦੀ ਕਸਰ ਪੰਜਾਬੀ ਦੀ
ਭਈਆਂ ਕੱਢ ਦਿੱਤੀ ਹੈ। ਪੰਜਾਬੀ ਮਰ ਰਹੀ ਬੋਲੀ ਹੈ, ਕਿਉਂਕਿ ਇਸ ਨੂੰ ਬੋਲਣ ਵਾਲੇ ਇਸ ਦੇ
ਬੋਲਣ 'ਤੇ ਸ਼ਰਮ ਕਰਨ ਲੱਗ ਗਏ ਹਨ।
ਇਧਰ ਬਾਹਰ ਸਟੋਰਾਂ ਵਿਚ ਕਈ ਮਾਈਆਂ ਨਿਆਣਿਆਂ ਆਪਣਿਆਂ ਨੂੰ ਵਰਜਣ ਲੱਗੀਆਂ ਦਬਕਾ ਵੀ ਬੜੀ
ਅਜੀਬ ਅੰਗਰੇਜੀ ਵਿੱਚ ਮਾਰਦੀਆਂ ਹਨ, ਕਿਉਂਕਿ ਪੰਜਾਬੀ ਵਿੱਚ ਦਬਕਦੀਆਂ ਉਹ ਸ਼ਰਮ ਮੰਨਦੀਆਂ
ਹਨ, ਅੰਗ੍ਰੇਜ਼ੀ ਸੰਘੋਂ ਹੇਠਾਂ ਨਹੀਂ ਉਤਰਦੀ। ਅਜਿਹੇ ਘਰਾਂ ਦੇ ਨਿਆਣੇ ਪਹਿਲੀ ਗੱਲ ਤਾਂ
ਪੰਜਾਬੀ ਬੋਲਦੇ ਹੀ ਨਹੀਂ, ਤੇ ਜੇ ਬੋਲਦੇ ਹਨ ਤਾਂ ਅਨਪ੍ਹੜ ਮਾਈਆਂ ਦੀ ਅੰਗਰੇਜ਼ੀ ਵਰਗੀ
ਜਿਹੜੀ ਕਿਸੇ ਦੇ ਕੱਖ ਪੱਲੇ ਨਹੀਂ ਪੈਂਦੀ।
ਜਿੰਨਾਂ ਚਿਰ ਤੁਹਾਡੇ ਵਿਚੋਂ ਇਹ ਹੀਣਭਾਵਨਾ ਨਹੀਂ ਜਾਂਦੀ ਕਿ ਸਾਡੀ ਬੋਲੀ ਮਾੜੀ ਹੈ,
ੳਨ੍ਹਾਂ ਚਿਰ ਇਹ ਬੋਲੀ ਅੱਗੇ ਨਹੀਂ ਤੁਰ ਸਕਦੀ। ਤੁਹਾਨੂੰ ਜਦ ਪਤਾ ਹੁੰਦਾ ਕਿ ਬੈਂਕ
ਵਿੱਚ ਬੈਠੀ ਕੁੜੀ ਜਾਂ ਮੁੰਡਾ ਪੰਜਾਬੀ ਹੈ ਤੇ ਇਹ ਵੀ ਕਿ ਉਹ ਬੈਠਾਏ ਵੀ ਤੁਹਾਡੇ ਕਾਰਨ
ਹਨ ਤਾਂ ਤੁਸੀਂ ਅਸੀਂ ਕਿਉਂ ਉਨ੍ਹਾਂ ਨਾਲ ਕਿੱਲ੍ਹ ਕੇ ਅੰਗ੍ਰਜ਼ੀ ਬੋਲਦੇ ਹਾਂ।
ਘਰਾਂ ਵਿੱਚ ਜਿਹੜੇ ਆਪਣੇ ਨਿਆਣਿਆਂ ਨਾਲ ਅੰਗਰੇਜੀਓ ਅੰਗਰੇਜੀ ਹੋਣ ਦੀ ਕੋਸ਼ਿਸ਼ ਕਰਦੇ ਹਨ,
ਉਹ ਆਪਣੇ ਨਾਲ ਵੀ ਧੱਕਾ ਕਰਦੇ ਹਨ ਅਤੇ ਨਿਆਣਿਆਂ ਨਾਲ ਵੀ। ਜੇ ਤੁਸੀਂ ਨਿਆਣਿਆਂ ਤੋਂ
ਅੰਗਰੇਜ਼ੀ ਸਿੱਖਣੀ ਹੀ ਹੈ,ਮ ਤਾਂ ਉਸ ਲਈ ਕੋਈ ਵੱਖਰਾ ਸਮਾਂ ਨਿਯੁਕਤ ਕੀਤਾ ਜਾ ਸਕਦਾ, ਪਰ
ਹਰ ਵੇਲੇ ਅੰਗਰੇਜ਼ੀ ਦੀ ਜਹੀ ਤਹੀ ਫੇਰ ਕੇ ਨਹੀਂ।
ਕੋਈ ਬੋਲੀ ਉਨ੍ਹਾਂ ਚਿਰ ਬਚੀ ਰਹਿ ਸਕਦੀ ਜਿੰਨਾਂ ਚਿਰ ਉਸ ਨੂੰ ਬੋਲਣ ਵਾਲੇ ਉਸ ਉਪਰ ਮਾਣ
ਨਹੀਂ ਕਰਨਗੇ। ਮਾਣ ਤੁਸੀਂ ਤਾਂ ਕਰ ਸਕੋਂਗੇ, ਜੇ ਤੁਹਾਨੂੰ ਇਸ ਵਿਚੋਂ ਸਵਾਦ ਆਵੇਗਾ, ਇਹ
ਸਵਾਦ ਤਦ ਆਉਂਣ ਲੱਗੇਗਾ ਜੇ ਤੁਸੀਂ ਪਹਿਲਾਂ ਪੰਜਾਬੀ ਦੇ ਠੇਕੇਦਾਰਾਂ ਯਾਣੀ ਪੰਜਾਬੀ ਮਾਂ
ਬੋਲੀ ਦੀ ਸੇਵਾ ਕਰਨ ਦੇ ਦਾਅਵੇ ਕਰਨ ਵਾਲੇ ਲੰਡਰ ਗਾਇਕਾਂ ਨੂੰ ਸੁਣਨਾ ਛੱਡੋਂਗੇ ਤੇ ਉਨ੍ਹਾਂ
ਲੰਡਰ ਮੀਡੀਏ ਵਾਲਿਆਂ ਨੂੰ ਵੀ ਜਿਹੜੇ ਇਨ੍ਹਾਂ ਲੰਡਰਾਂ ਨੂੰ ਤੁਹਾਡੇ ਸਾਡੇ ਅੱਗੇ ਪਰੋਸਦੇ
ਹਨ! ਨਹੀਂ?