Share on Facebook

Main News Page

ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ
-: ਗੁਰਦੇਵ ਸਿੰਘ ਸੱਧੇਵਾਲੀਆ

ਮੁਸ਼ਕਲ ਪਤਾ ਕੀ ਹੈ? ਉਹ ਇਹ ਕਿ ਮੈਂ ਕਹਿੰਨਾ ਕਿ ਜੋ ਗੱਲ ਲਿਖੀ ਗਈ ਹੈ ਇਹ ਮੇਰੇ ਲਈ ਨਹੀਂ, ਇਹ ਬ੍ਰਹਾਮਣ ਵਾਸਤੇ ਹੈ। ਜਦ ਤਕ ਮੈਂ 'ਹੁਣ' ਵਿੱਚ ਯਾਣੀ ਖੁਦ ਅਪਣੇ ਵਿਚ ਬਾਬਾ ਜੀ ਦੇ ਬਚਨਾ ਨੂੰ ਲੈ ਕੇ ਨਹੀਂ ਉਤਰਦਾ, ਮੈਂਨੂੰ ਇਵੇਂ ਹੀ ਜਾਪੀ ਜਾਣਾ ਕਿ ਇਹ ਉਦੋਂ ਦੇ ਕਿਸੇ ਹੰਕਾਰੀ ਬ੍ਰਾਹਮਣ ਨੂੰ ਕਿਹਾ ਹੋਣਾ ਹੈ।

ਪਰ ਮੈਂ ਇਹ ਕਿਉਂ ਨਹੀਂ ਸੋਚਣ ਲੱਗਦਾ ਕਿ ਉਸ ਵੇਲੇ ਦਾ ਜਾਤ ਹੰਕਾਰੀ ਬ੍ਰਾਹਮਣ ਕਿਤੇ ਅੱਜ ਦਾ ਜੱਟ ਹੀ ਤਾਂ ਨਹੀਂ? ਯਾਣੀ ਮੈਂ?

ਜਦ ਮਨੁੱਖ ਮਾਂ ਦੀ ਕੁੱਖੋਂ ਬਾਹਰ ਆਉਂਦਾ ਰੱਬ ਤਾਂ ਕਿਤੇ ਵੀ ਉਸ ਦੇ ਕੰਨ ਵਿਚ ਫੂਕ ਮਾਰਕੇ ਨਹੀਂ ਭੇਜਦਾ ਕਿ ਤੂੰ ਜੱਟ ਦੇ ਚਲਿਆਂ, ਚੂਹੜੇ ਜਾਂ ਚਮਾਰ ਦੇ? ਪਰ ਰੱਬ ਨੂੰ ਮੰਨਣ ਵਾਲੇ? ਇੱਕ ਬੰਦਾ ਵੀ ਦੱਸ ਦਏ ਕਿ ਮੇਰੇ ਉਪਰ ਰੱਬ ਨੇ ਜੱਟ ਲਿਖ ਕੇ ਭੇਜਿਆ ਤੇ ਦੂਜੇ ਉਪਰ ਹੋਰ। ਇੱਕ ਵੀ ਗੱਲ ਅਲਹਿਦਾ ਹੋਵੇ ਤਾਂ ਉਹ ਵੀ ਕਿ ਜੱਟ ਦੇ ਸਿਰ ਦੋ ਨੇ ਜਾਂ ਬਾਹਵਾਂ ਚਾਰ ਤੇ ਦੂਜੇ ਦੇ ਸਿੰਗ ਹੋਣ ਜਾਂ ਪੂਛ?

ਜੇ ਰੱਬ ਨੇ ਵਿਤਕਰਾ ਨਹੀਂ ਕੀਤਾ, ਤਾਂ ਰੱਬ ਨੂੰ ਮੰਨਣ ਵਾਲਿਆਂ ਦੀ ਕੀ ਮੁਸ਼ਕਲ ਹੈ! ਜਿਹੜਾ ਬੰਦਾ ਰੱਬ ਨੂੰ ਮੰਨਣ ਦੇ ਅਡੰਬਰ ਵੀ ਕਰਦਾ ਤੇ ਜਾਤ ਵਾਲਾ ਕਿੱਲਾ ਵੀ ਗੱਡੀ ਫਿਰਦਾ ਧੌਣ ਵਿੱਚ, ਉਹ ਰੱਬ ਦਾ ਬੰਦਾ ਕਿਵੇਂ ਹੋਇਆ? ਪਰ ਫਿਰ ਉਹ ਹੋਇਆ ਕਿਸਦਾ ਬੰਦਾ ? ਬ੍ਰਾਹਮਣ ਦਾ ਹੀ ਤਾਂ ਹੋਇਆ ਨਾ ਜਿਸ ਦੇ ਕਹੇ ਉੱਚੀ ਜਾਤ ਹੋਣ ਦਾ ਭਾਰਾ ਪੱਥਰ ਚੁੱਕੀ ਫਿਰਦਾਂ ਸਿਰ ਉਪਰ! ਬ੍ਰਾਹਮਣ ਦਾ ਭਗਤ ਸਿੱਖ ਕਿਵੇਂ ਹੋਇਆ? ਨਹੀਂ ਤਾਂ ਰੱਬ ਨੂੰ ਮੰਨਣ ਵਾਲਾ ਦੱਸੇ ਕਿ ਰੱਬ ਨੇ ਜਾਤ ਵਾਲਾ ਯੱਬ ਕਦ ਪਾਇਆ?

ਸਭ ਤੋਂ ਜ਼ਿਆਦਾ ਕੀਰਨੇ ਸਿੱਖਾਂ ਦੇ 'ਸੰਤ' ਪਾਉਂਦੇ ਕਿ ਭਗਤ ਕਬੀਰ ਜੀ ਜਾਂ ਰਵਿਦਾਸ ਜੀ ਵਰਗਿਆਂ ਮਹਾਂਪੁਰਖਾਂ ਨਾਲ ਜਾਤ ਦੇ ਨਾਂ ਤੇ ਬ੍ਰਾਹਮਣ ਜਿਆਦਤੀਆਂ ਕਰਦਾ ਰਿਹਾ, ਪਰ ਜਿਹੜੀਆਂ ਉਹੀ ਜਿਆਦਤੀਆਂ ਉਨ੍ਹਾਂ ਦੇ ਡੇਰਿਆਂ ਵਿੱਚ ਹੁੰਦੀਆਂ? ਉਨ੍ਹਾਂ ਦੇ ਲੰਗਰਾਂ ਵਿਚ ਹੁੰਦੀਆਂ? ਹੈਰਾਨੀ ਕਿ ਤੁਸੀਂ ਫਿਰ ਵੀ ਉਨ੍ਹਾਂ ਨੂੰ ਰੱਬ ਦੇ ਸਭ ਤੋਂ ਨੇੜੇ ਹੋਣ ਦਾ ਭੁਲੇਖਾ ਪਾਲ ਰਹੇ ਹੋਂ! ਇਹ ਰੱਬ ਦੇ ਦਲਾਲ ਹੀ ਰੱਬੀ ਹੁਕਮਾਂ ਤੋਂ ਬਾਹਰੇ ਹਨ। ਸਭ ਤੋਂ ਜਿਆਦਾ ਰੱਬੀ ਹੁਕਮਾ ਨਾਲ ਜੇ ਧਰੋਹ ਕੀਤਾ ਤਾਂ ਇਨੀ ਰੱਬ ਦੇ ਦਲਾਲਾਂ ਕੀਤਾ ਕਿ ਮਨੁੱਖ ਦੀ ਮਨੁੱਖ ਨਾਲੋਂ ਦੂਰੀ ਕਰ ਦਿੱਤੀ। ਵੱਡਾ ਪਾੜਾ ਪਾਇਆ ਇਨੀ ਮਨੁੱਖਤਾ ਵਿੱਚ। ਇਨਾ ਵੱਡਾ ਕਿ ਬੰਦਾ ਬੰਦੇ ਨੂੰ ਕੁੱਤੇ ਨਾਲੋਂ ਵੀ ਭੈੜਾ ਸਮਝਣ ਲੱਗ ਪਿਆ।

ਜਾਤ ਨੂੰ ਮੰਨਣ ਵਾਲਾ ਬੰਦਾ ਰੱਬ ਦਾ ਬੰਦਾ ਹੋ ਹੀ ਨਹੀਂ ਸਕਦਾ, ਕਿਉਂਕਿ ਰੱਬ ਦੀ ਕੋਈ ਜਾਤ ਨਹੀਂ। ਜੇ ਹੈ ਤਾਂ ਕੋਈ ਦੱਸੇ ਕਿ ਰੱਬ ਜੱਟ ਹੈ ਜਾਂ ਬ੍ਰਾਹਮਣ, ਚੂਹੜਾ, ਚਮਾਰ ਜਾਂ ਭਾਪਾ? ਜੇ ਰੱਬ ਜੱਟ ਜਾਂ ਬ੍ਰਾਹਮਣ ਜਾਂ ਕੁਝ ਵੀ ਨਹੀਂ ਤਾਂ ਉਸ ਨੂੰ ਮੰਨਣ ਵਾਲਾ ਕਿਉਂ ਧੌਣ ਅਕੜਾਈ ਫਿਰਦਾ ਹੈ।

ਤੁਹਾਨੂੰ ਕਦੇ ਜਾਪਦਾ ਨਹੀਂ ਦੁਨੀਆਂ ਦਾ ਸਭ ਤੋਂ ਵੱਡਾ ਪਖੰਡੀ ਮੁਲਖ ਹਿੰਦੋਸਤਾਨ ਹੈ। ਸਭ ਤੋਂ ਜਿਆਦਾ ਰੱਬ ਦੇ ਘੰਟੇ ਹਿੰਦੋਸਤਾਨ ਵਿੱਚ ਖੜਕਦੇ ਹਨ ਤੇ ਉਥੇ ਜਾਤਾਂ? ਇਨੀਆਂ ਕਿ ਗਿਣਨ ਵਾਲਾ ਪਾਗਲ ਹੋ ਜਾਏ!

ਚਲੋ ਉਨ੍ਹਾਂ ਦੀ ਛੱਡੋ ਸਿੱਖਾਂ ਦੀ ਕਰੋ।

ਬ੍ਰਾਹਮਣ ਜਾਂ ਹਿੰਦੂ ਦੀ ਜਾਤ ਵਾਲੀ ਗੱਲ ਤਾਂ ਸਮਝ ਆਉਂਦੀ, ਕਿਉਂਕਿ ਉਸ ਦੇ ਤਾਂ ਧਾਰਮਿਕ ਗਰੰਥਾਂ ਵਿਚ ਇਨਾ ਮਸਾਲਾ ਪਿਆ ਕਿ ਉਹ ਭਵੇਂ ਦੋ ਚਾਰ ਹਜ਼ਾਰ ਜਾਤ ਹੋਰ ਖੜੀ ਕਰ ਦਏ, ਹਜਮ ਹੋ ਜਾਣੀ! ਉਨ੍ਹਾਂ ਦਾ ਤਾਂ ਮੰਨੂ ਕਹਿੰਦਾ ਕਿ ਸ਼ੂਦਰ, ਕਾਂ, ਕੁੱਤਾ ਅਤੇ ਔਰਤ ਇਨ੍ਹਾਂ ਦਾ 'ਖਾਸ' ਖਿਆਲ ਰੱਖਿਆ ਜਾਏ! ਯਾਣੀ ਕਾਂ ਅਤੇ ਕੁੱਤੇ ਬਰਾਬਰ ਸ਼ੂਦਰ? ਪਰ ਸਿੱਖਾਂ ਦੇ ਬਾਬਾ ਜੀ ਦਾ ਤਾਂ ਜੋਰ ਹੀ ਇਸ ਗੱਲ ਤੇ ਰਿਹਾ ਕਿ ਬੰਦੇ ਦਾ ਪੁੱਤ ਬਣ! ਤੂੰ ਕੋਈ ਉੱਚਾ ਨਹੀਂ ਤੇ ਦੂਜਾ ਨੀਵਾਂ। ਉਹ ਕਹਿੰਦੇ ਪਹਿਲਾਂ ਬੰਦਾ ਬਣਕੇ ਇੱਕੇ ਥਾਂ ਬੈਠ ਕੇ ਲੰਗਰ ਛੱਕ ਫਿਰ ਮੇਰੇ ਕੋਲੇ ਆਈਂ। ਜੇ ਤੈਨੂੰ ਜਾਪਦਾ ਕਿ ਕਿਸੇ 'ਨੀਵੇਂ' ਨਾਲ ਤੂੰ ਬੈਠ ਨਹੀਂ ਸਕਦਾ ਤਾਂ ਔਹ ਜਾਂਦਾ ਦਰਵਾਜਾ ਪਿੱਛੇ ਮੁੜ ਕੇ ਨਹੀਂ ਦੇਖਣਾ।

ਜਦ ਬਾਬਿਆਂ ਦੇਖਿਆ ਕਿ ਕੁੱਝ ਸਿੱਧੇ ਹੋ ਲਏ ਤਾਂ ਉਹ ਕਹਿੰਦੇ ਚਲ ਹੁਣ ਇੱਕੇ ਪਾਣੀ ਵਿੱਚ ਲਾ ਟੁੱਬੀ? ਥਾਂ ਥਾਂ ਸਰੋਵਰਾਂ ਦਾ ਹੋਰ ਮੱਲਤਬ ਕੀ ਸੀ? ਕਾਂ ਚਿੱਟੇ ਕਰਨ ਲਈ ਨਹੀਂ ਸੀ? ਕਾਵਾਂ ਵਰਗੇ ਬੰਦੇ ਜਿਹੜੇ ਉੱਚੀ ਜਾਤ ਦੀ ਕਾਂ ਕਾਂ ਕਰੀ ਰੱਖਦੇ ਸਨ! ਇੱਕੇ ਪਾਣੀ ਵਿੱਚ ਨਾਹੁਣਾ? ਉਥੇ ਉਹੀ ਆਊ ਜਿਹੜਾ ਆਪਣੇ ਕਾਂ ਦੀ ਸੰਘੀ ਘੁੱਟ ਕੇ ਆਊ!

ਗੱਲ ਉਸ ਤੋਂ ਅੱਗੇ ਨਿਕਲ ਗਈ। ਬਾਬਿਆਂ ਸੋਚਿਆ ਕਿ ਦੇਖਾਂ ਹਾਲੇ ਕੁਝ ਬਚਿਆ ਵਿਚ ਹੰਕਾਰ ਵਾਲਾ ਜਾਂ ਹਾਲੇ ਵੀ ਕਾਂ ਕਾਂ ਕਰਦਾ ਤਾਂ ਦਸਵੇਂ ਜਾਮੇ ਉਨ੍ਹਾਂ ਬਾਟਾ ਵੀ ਇਕੱਠਾ ਕਰ ਦਿੱਤਾ? ਇਥੇ ਤਾਂ ਲੱਗ ਅੱਗਾਂ ਗਈਆਂ ਸੋ ਕਾਲਡ ਉੱਚ ਜਾਤੀਆਂ ਨੂੰ! ਉਹਨ੍ਹਾਂ ਦੀ ਕਾਂ ਕਾਂ ਅਰੰਗਜੇਬ ਤੱਕ ਜਾ ਪਹੁੰਚੀ? ਕਾਸ਼ ਸਿੱਖਾਂ ਨੂੰ ਪਤਾ ਹੁੰਦਾ ਕਿ ਬਾਬਿਆਂ ਆਪਣਿਆਂ ਦੀਆਂ ਲੜਾਈਆਂ ਦੇ ਕਾਰਨਾਂ ਵਿਚੋਂ ਇੱਕ ਵੱਡਾ ਕਾਰਨ ਇਹ ਵੀ ਸੀ। ਹਿੰਦੂ ਰਾਜਿਆਂ ਦੇ ਦਰਬਾਰਾਂ ਵਿਚ ਬੈਠੇ ਬ੍ਰਾਹਮਣ ਇਹ ਗੱਲ ਕਿਵੇਂ ਹਜ਼ਮ ਕਰਦੇ।

ਤੁਹਾਨੂੰ ਸਾਨੂੰ ਸ਼ਾਇਦ ਹੁਣ ਦੇ ਜੁੱਗ ਵਿਚ ਦੇਖਿਆਂ ਇਹ ਗੱਲ ਆਮ ਲੱਗੀ ਹੋਵੇ, ਪਰ ਉਦੋਂ ਦੇ ਸਮਾਜ ਵਾਲੇ ਮੌਜੇ ਪਾ ਕੇ ਦੇਖੋ! ਜਿਹੜਾ ਬੰਦਾ 21ਵੀਂ ਸਦੀ ਵਿਚ ਵੀ ਖੂਹ ਦੀ ਮੌਣ 'ਤੇ ਨਹੀਂ ਚੜਨ ਦਿੰਦਾ ਸੋ ਕਾਲਡ ਸ਼ੂਦਰ ਨੂੰ, ਉਹ ਉਦੋਂ ਕੀ ਨਹੀਂ ਕਰਦਾ ਹੋਵੇਗਾ!

ਪਰ ਤੁਹਾਡੇ ਸੋ ਕਾਲਡ ਬ੍ਰਹਮਗਿਆਨੀਆਂ ਦੀ ਬੋਦੀ ਪਤਾ ਨਹੀਂ ਕੀ ਖੁਰਕ ਹੋਈ, ਉਨ੍ਹੀਂ ਪੰਗਤਾਂ ਵੀ ਅੱਡ ਕਰ ਦਿੱਤੀਆਂ ਤੇ ਬਾਟੇ ਵੀ? ਉਨ੍ਹੀਂ ਜੱਟਵਾਦ ਨੂੰ ਅਜਿਹਾ ਬੜਾਵਾ ਦਿੱਤਾ ਕਿ ਉਹ ਬ੍ਰਾਹਮਣ ਨਾਲੋਂ ਵੀ ਖਤਰਨਾਕ ਹੋ ਨਿਬੜਿਆ? ਸਿੱਖ ਇਤਿਹਾਸ ਦੇ ਵੱਡੇ ਛੋਟੇ ਸਭ ਇੱਕਠੇ ਬੈਠਣ ਵਾਲੇ ਸੁਨਹਿਰੀ ਪੰਨਿਆਂ ਨੂੰ ਕਾਲਾ ਕਰਨ ਦਾ ਇਨੀ ਵੱਡਾ ਪਾਪ ਤੇ ਧਰੋਹ ਕੀਤਾ ਹੈ ਅਤੇ ਹਾਲੇ ਤੱਕ ਕਰ ਰਹੇ ਹਨ ਅਪਣੇ ਡੇਰਿਆਂ ਵਿੱਚ।

ਪਰ ਯਾਦ ਰਹੇ ਕਿ ਕਿਸੇ ਚੀਜ਼ ਦਾ ਬੀਜ ਨਾਸ ਨਹੀਂ ਹੁੰਦਾ ਤਾਂ ਇਹ ਗੱਲ ਜੋਰ ਫੜ ਰਹੀ ਹੈ ਤੇ ਇਸ ਗੱਲੇ ਸੋ ਕਾਲਡ ਜੱਟ ਹੀ ਮੂਹਰੇ ਦਿੱਸ ਰਹੇ ਹਨ, ਕਿ ਬਾਕੀ ਭਰਾਵਾਂ ਨੂੰ ਨਾਲ ਲੈ ਕੇ ਤੁਰਿਆ ਜਾਵੇ। ਇਹ ਗੱਲ ਵੱਖਰੀ ਹੈ ਕਿ ਦੂਜੀਆਂ ਸੋ ਕਾਲਡ ਜਾਤੀਆਂ ਹੀਣ ਭਾਵਨਾ ਵਿਚੋਂ ਬਾਹਰ ਨਹੀਂ ਆ ਰਹੀਆਂ ਤੇ ਬਹੁਤੇ ਸਿੱਖ ਧਰਮ ਨੂੰ ਅਲਵਿਦਾ ਕਹਿੰਦੇ ਜਾ ਰਹੇ ਹਨ। ਬਿਨਾ ਇਸ ਗੱਲ ਨੂੰ ਸਮਝੇ ਸਿੱਖ ਧਰਮ ਕਿਸੇ ਜੱਟ ਵੱਟ ਦੀ ਮਨਾਪਲੀ ਨਹੀਂ ਬਲਕਿ ਸਾਡਾ ਵੀ ਗੁਰੂ ਉਨਾ ਹੈ, ਸਾਡੇ ਵਿਚੋਂ ਵੀ ਪੁਰਖੇ ਗੁਰੂ ਨਾਲ ਰਹਿਕੇ ਸਿਰ ਦਿੰਦੇ ਰਹੇ ਹਨ, ਪਰ ਯਾਦ ਰਹੇ ਕਿ ਜਿੰਨਾ ਸਿਰ ਦਿੱਤੇ, ਜਿੰਨਾ ਸਿਦਕ ਨਿਭਾਏ ਉਨ੍ਹਾਂ ਵਿਚੋਂ ਕੋਈ ਵੀ ਜੱਟ ਨਾ ਬ੍ਰਾਹਮਣ, ਨਾ ਸ਼ੂਦਰ, ਨਾ ਚੂਹੜਾ, ਨਾ ਚਮਾਰ, ਸ਼ੀਬਾਂ, ਨਾਈ, ਭਾਪਾ ਕੁਝ ਕੋਈ ਵੀ ਨਹੀਂ ਸੀ। ਉਹ ਸਨ ਤਾਂ ਕੇਵਲ ਗੁਰੂ ਦੇ ਸਿਦਕਵਾਨ ਸਿੱਖ! ਤੇ ਬੱਅਸ ਸਿੱਖ!!!

ਤੇ ਉਹ ਤਾਂ ਕੋਈ ਵੀ ਹੋ ਸਕਦਾ ਉਹ ਇਸ ਗੱਲ ਬਾਰੇ ਕਿਉਂ ਸੋਚੇ ਕਿ ਕੋਈ ਜੱਟ ਉਸ ਨਾਲ ਨੇੜਤਾ ਕਰੇ ਤਾਂ ਉਹ ਸਿੱਖ ਹੈ। ਤੁਸੀਂ ਅਪਣੀ ਲਕੀਰ ਵੱਡੀ ਕਰ ਦਿਓ ਸੋ ਕਾਲਗ ਜੱਟ ਬਾਰੇ ਸੋਚਣਾ ਹੀ ਛੱਡ ਦਿਓ, ਤੇ ਜੇ ਅਗਲਾ ਜੱਟ ਹੀ ਰਹਿਣਾ ਚਾਹੂ ਛੋਟਾ ਹੋ ਜਾਊ ਨਹੀਂ ਤਾਂ ਬਰਾਬਰ ਹਨ ਸਭ! ਨਹੀਂ ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top