Share on Facebook

Main News Page

ਤਿਆਰੀਆਂ ਸਰਬੱਤ ਖਾਲਸੇ ਦੀਆਂ ?
-: ਗੁਰਦੇਵ ਸਿੰਘ ਸੱਧੇਵਾਲੀਆ

ਸਰਬੱਤ ਖਾਲਸੇ ਦਾ ਸ਼ਰਬਤ ਹੋਣ ਜਾ ਰਿਹਾ ਹੈ! ਦੂਜੀ ਵਾਰ!

ਜੇ ਤੁਸੀਂ ਇਸ ਗੱਲ ਨੂੰ ਛਡ ਦਿਓ ਕਿ ਕਰਾ ਕੌਣ ਰਿਹਾ ਤੇ ਇਹ ਵੀ ਛੱਡ ਦਿਓ ਕਿ ਪਿੱਛਲ਼ੇ ਸਰਬਤ ਖਾਲਸੇ ਦੀਆਂ ਪ੍ਰਾਪਤੀਆਂ ਕੀ ਸਨ, ਤਾਂ ਕੇਵਲ ਇਸ ਗੱਲ ਵੰਨੀ ਧਿਆਨ ਦਿਓ ਕਿ ਸਰਬਤ ਖਾਲਸਾ ਸੱਦਿਆ ਕਾਹਦੇ ਲਈ ਜਾ ਰਿਹਾ, ਤਾਂ ਤੁਸੀਂ ਹੈਰਾਨ ਹਵੋਂਗੇ ਕਿ ਕਾਸੇ ਲਈ ਵੀ ਨਹੀਂ? ਇਨ੍ਹਾਂ ਆਪੋ ਧਾਪੀ ਰੂਹਾਂ ਕੋਲੇ ਕੋਈ ਏਜੰਡਾ ਹੈ ਹੀ ਨਹੀਂ ਦੇਣ ਲਈ ਤੁਹਾਨੂੰ!

ਸ਼ਾਇਦ ਮਿਸਟਰ ਮਾਨ ਕੋਲੇ ਹੋਵੇ? ਹਾਂਅ! ਉਸ ਕੇਲੇ ਹੈ ਤਾਂ ਹੈ, ਤੇ ਉਹ ਹੈ ੧੫੦ ਬੰਦਿਆਂ ਦੀ ਲਿਸਟ? ਉਹ ੧੫੦ ਬੰਦੇ ਸਰਬਤ ਖਾਲਸੇ ਦਾ ਸ਼ਰਬਤ ਕਰਨਗੇ, ਕਿਉਂਕਿ ਉਹੀ ਤਾਂ ਏਜੰਡਾ ਹਨ ਮਿਸਟਰ ਮਾਨ ਦਾ? ਇਕ ਏਜੰਡਾ 'ਜਥੇਦਾਰਾਂ' ਕੋਲੇ ਵੀ ਹੈ, ਤੇ ਉਹ ਹੈ ਕੜਾਹ ਖਾਣੇ ਗੁਰਬਖਸ਼ ਸਿਉਂ ਨੂੰ 'ਪੰਥ' ਵਿੱਚ ਸ਼ਾਮਲ ਕਰਨਾ?

ਇਹ ਲਿਸਟ ਜਾਰੀ ਹੋਣ ਵਾਲੀ ਨਹੀਂ ਸੀ, ਬਲਕਿ ਭੁਲੇਖੇ ਨਾਲ ਹੋਰ ਦੀ ਹੋਰ ਕਿਤੇ ਜਾ ਵੜੀ। ਹੁਣ ਮਾਨ ਦੀ ਬੋਤਲ ਵਿਚੋਂ ਨਿਕਲੇ 'ਜਿੰਨ' ਯਾਣੀ 'ਜਥੇਦਾਰ' ਮਾਨ ਨੂੰ ਹੀ ਖਾਣ ਪੈ ਨਿਕਲੇ, ਜਦ ਉਨ੍ਹਾਂ ਮਾਨ ਦੀ ਸਾਰੀ ਦੀ ਸਾਰੀ ਕਮੇਟੀ ਹੀ ਕੱਚਰੇ ਵਾਲੇ ਡੱਬੇ ਵਿਚ ਵਗਾਹ ਮਾਰੀ? ਜਾਂ ਮਾਨ ਨੇ ਆਪ ਹੀ ਮਰਵਾਈ?

ਪਿੱਛਲਾ ਸਰਬਤ ਖਾਲਸਾ ਦੇਖ ਮਾਨ ਦਿਨੇ ਸੁਪਨੇ ਲੈਣ ਲੱਗ ਪਿਆ ਸੀ, ਪਰ ਮਾਨ ਨੂੰ ਇਹ ਹੋ ਸਕਦਾ ਕਿ ਪਤਾ ਨਾ ਹੋਵੇ ਕਿ ਉਹ ਇਕੱਠ ਕਾਹਦਾ ਸੀ? ਜਾਂ ਫਿਰ ਮਾਨ ਦੀ ਹਾਤਲ ਉਸ ਗੱਧੈ ਵਾਲੀ ਕਿ ਇੱਕ ਘੁਮਾਰ ਗੱਧੇ ਉਪਰ ਗਣੇਸ਼ ਦੀਆਂ ਮੂਰਤੀਆਂ ਢੋਂਦਾ ਹੁੰਦਾ ਸੀ। ਜਿਧਰ ਦੀ ਗੱਧਾ ਲੰਘੇ ਲੋਕ ਉਪਰ ਰੱਖੀਆਂ ਮੂਰਤੀਆਂ ਦੇਖ ਲੰਮੇ ਹੀ ਪੈ ਜਿਆ ਕਰਨ। ਗੱਧਾ ਬੜਾ ਖੁਸ਼ ਕਿ ਆਹ ਤਾਂ ਆਦਰ ਵਾਲੀਆਂ ਵੀਹਾਂ ਪੁੱਜੀਆਂ ਪਈਆਂ! ਲੇਖੇ ਟੁੱਟ ਗਏ! ਇਸੇ ਆਦਰ ਦੀ ਮਸਤੀ ਵਿਚ ਆਇਆ ਇੱਕ ਦਿਨ ਉਹ ਸਮੇਤ ਮੂਰਤੀਆਂ ਜਿਉਂ ਲੱਗਾ ਲੇਟੇ ਮਾਰਨ! ਮੂਰਤੀਆਂ ਡਿੱਗ ਕੇ ਟੁੱਟ ਗਈਆਂ! ਅਗੋਂ ਫਿਰ ਤੁਸੀਂ ਜਾਣਦੇ ਹੀ ਹੋਂ ਕਿ ਲੋਕ ਲੰਮੇ ਪਏ ਕਿ ਗੱਧਾ?

ਮਾਨ ਜਾਂ ਮੋਹਕਮ ਸਿੰਘ ਵਰਗਿਆਂ ਨੂੰ ਭੁਲੇਖਾ ਸੀ, ਕਿ ਉਹ ਇਕੱਠ ਖੁਣੀ ਸਾਡੇ ਕਾਰਨ ਹੈ, ਪਰ ਉਹ ਇਕੱਠ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਗੁਸੇ ਵਿਚੋਂ ਪੈਦਾ ਹੋਇਆ ਸੀ ਤੇ ਉਸ ਪਿੱਛੇ ਉਨ੍ਹਾਂ ਪ੍ਰਚਾਰਕਾਂ ਦਾ ਵੱਡਾ ਹੱਥ ਸੀ, ਜਿਹੜੇ ਦਿਨ ਰਾਤ ਸੜਕਾਂ 'ਤੇ ਬੈਠੇ ਰਹੇ। ਤੇ ਜਿਸ ਵਿਚੋਂ ਇਨ੍ਹਾਂ ਦੇ ਦਿਨੇ ਵਾਲੇ ਸੁਪਨੇ ਪੈਦਾ ਹੋਏ। ਮੋਹਕਮ ਸਿੰਘ ਦੇ ਸੁਪਨੇ ਤਾਂ ਬਹੁਤ ਦੂਰ ਲੈ ਗਏ ਸਨ ਉਸ ਨੂੰ। ਉਸ ਨੂੰ ਤਾਂ ਗਾਂਧੀ ਵੀ ਬਾਪੂ ਜਾਪਣ ਲੱਗ ਪਿਆ ਸੀ ਤੇ ਭਾਰਤੀ ਹੋਣ 'ਤੇ ਮਾਣ। ਉਹ ਤਾਂ ਸ਼ੀਸ਼ੇ ਅੱਗੇ ਖੜ ਸਹੁੰ ਚੁੱਕਣ ਦੀ ਰਹਿਸਲ ਵੀ ਕਰਨ ਲੱਗ ਪਿਆ ਸੀ।

ਜਥੇਦਾਰੀ 'ਤੇ ਆ ਜਾਉ। ਇਹ ਸਭ ਨੂੰ ਪਤੈ ਕਿ ਭਾਈ ਹਵਾਰਾ ਜਥੇਦਾਰ ਬਣਾਉਂਣਾ ਇਨਾਂ ਦਾ ਚਾਅ ਨਹੀਂ, ਮਜਬੂਰੀ ਸੀ। ਜੇ ਉਸ ਨੂੰ ਨਾ ਬਣਾਉਂਦੇ, ਤਾਂ ਬਾਕੀ ਦੇ ਤਿੰਨ ਧੂਤੇ ਕਿਵੇਂ ਹਜ਼ਮ ਕਰਾਉਂਦੇ ਲੋਕਾਂ ਨੂੰ। ਲੋਕਾਂ ਦਾ ਹਾਜ਼ਮਾ ਦਰੁਸਤ ਕਰਨ ਖਾਤਰ ਭਾਈ ਹਵਾਰਾ ਨੂੰ ਜਥੇਦਾਰ ਬਣਾਇਆ ਗਿਆ ਸੀ। ਪਰ ਤੁਸੀਂ ਨਵੀਂ ਗੱਲ ਸੁਣੀ?

ਇੱਕ ਪ੍ਰਿੰਸੀਪਲ ਪ੍ਰਮਿੰਦਰ ਸਿੰਘ ਹੈ, ਕੌਮੀ ਏਕਤਾ ਤੋਂ। ਉਹ ਜੇਲ੍ਹ ਜਾ ਕੇ ਭਾਈ ਹਵਾਰਾ ਨੂੰ ਮਿਲ ਕੇ ਆਇਆ ਹੈ। ਭਾਈ ਹਵਾਰਾ ਦੀ ਪੀੜਾ ਨੂੰ ਤੁਸੀਂ ਉਸ ਰਾਹੀਂ ਸੁਣ ਸਕਦੇ ਹੋ। ਜਿਸ ਵਿਚ ਭਾਈ ਹਵਾਰਾ ਵਾਰ ਵਾਰ ਕਹਿ ਰਿਹੈ ਕਿ ਜੇ ਮੇਰੀ ਕਿਸੇ ਮੰਨਣੀ ਹੀ ਨਹੀਂ, ਤਾਂ ਮੈਨੂੰ ਜਥੇਦਾਰ ਕਾਹਦਾ ਬਣਾਇਆ? ਇਸ ਤੋਂ ਸਾਬਤ ਹੁੰਦਾ ਉਸ ਦੀ ਸਖਸ਼ੀਅਤ ਨੂੰ ਇਹ ਲੋਕ ਰਬੜ ਦੀ ਮੋਹਰ ਤੋਂ ਵੱਧ ਕੁਝ ਨਹੀਂ ਸਮਝਦੇ, ਕਿ ਜੀਅ ਕੀਤਾ ਤਾਂ ਠਾਹ ਠੱਪਾ, ਨਹੀਂ ਤਾਂ ਚੁੱਪ ਰਹੋ ਭਾਈ ਸਾਹਬ!

ਪ੍ਰਿੰਸੀਪਲ ਮੁਤਾਬਕ ਭਾਈ ਹਵਾਰਾ ਨੇ ਇਹ ਗੱਲ ਬਾਰ ਬਾਰ ਦੁਹਰਾਈ ਕਿ ਇਹ ਰੋਲ ਘਚੋਲਾ ਪਾ ਕੇ ਪੰਥ ਆਪਣੀਆਂ ਵੋਟਾਂ ਨਾ ਖਰਾਬ ਕਰੇ, ਬਲਕਿ ਉਸ ਪਾਰਟੀ ਦੀ ਹਮਾਇਤ ਕਰੇ, ਜਿਹੜੀ ਬਾਦਲਾਂ ਨੂੰ ਗਲੋਂ ਲਾਹ ਸਕਦੀ ਹੋਵੇ ਤੇ ਸਾਡਾ ਮੇਨ ਏਜੰਡਾ ਬਾਦਲਾਂ ਨੂੰ ਪੰਜਾਬ ਗਲੋ ਲਾਹੁਣਾ ਅਤੇ ਸ਼੍ਰੋਮਣੀ ਕਮੇਟੀ ਵਿਚਲਾ ਗੰਦ ਸਮੇਟਣਾ ਹੋਣਾ ਚਾਹੀਦਾ। ਉਨ੍ਹਾਂ ਦਾ ਸਿੱਧਾ ਇਸ਼ਾਰਾ ਆਮ ਪਾਰਟੀ ਵੰਨੀ ਸੀ।

ਉਧਰ ਮਾਨ ਖਿਲਾਫ ਬੋਲਣ ਵਾਲੇ ਨੂੰ ਮਾਨ ਇਹ ਕਹਿਕੇ ਗੱਦਾਰ ਸਾਬਤ ਕਰ ਰਹੇ ਕਿ ਇਨ੍ਹਾਂ ਦੀ ਆਮ ਪਾਰਟੀ ਨਾਲ 'ਡੀਲ ਹੋ ਗਈ ਹੈ? ਪਰ ਤੁਸੀਂ ਭਾਈ ਕੀ ਲੈਣਾ? ਹੁਕਮ ਹੈ ਸਰਬਤ ਖਾਲਸੇ ਪੁੱਜਣਾ ਸੋ ਪੁੱਜਣਾ। ਡੀਲਾਂ ਵਾਲਿਆਂ ਨੂੰ ਸਭ ਪਤਾ ਹੁੰਦਾ ਡੀਲਾਂ ਦੀਆਂ ਮੱਛੀਆਂ ਕਿਹੜੇ ਵੇਲੇ ਪਾਣੀ ਪੀਦੀਆਂ! ਨਹੀਂ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top