Share on Facebook

Main News Page

ਸਬਦ, ਸਵਾਲ, ਵਿਦਰੋਹ ਅਤੇ ਇਨਕਲਾਬ
-: ਗੁਰਦੇਵ ਸਿੰਘ ਸੱਧੈਵਾਲੀਆ

ਇਨਕਲਾਬ ਦੀ ਬੁਨਿਆਦ "ਵਿਦਰੋਹ" ਹੈ। ਇਨਕਲਾਬ ਹੁੰਦਾ ਹੀ ਵਿਦਰੋਹ ਵਿਚੋਂ ਹੈ। ਪਹਿਲਾਂ ਵਿਦਰੋਹ ਹੋਊ ਤਾਂ ਇਨਕਲਾਬ ਹੋਵੇਗਾ। ਜਿਥੇ ਵੀ ਇਨਕਲਾਬ ਹੋਇਆ ਪਹਿਲਾਂ ਵਿਦਰੋਹ ਹੋਇਆ। ਜਿਥੇ ਤੁਸੀਂ ਕਿਸੇ ਇਨਕਲਾਬ ਦੀਆਂ ਸਾਰੀਆਂ ਸੰਭਾਵਨਾਵਾ ਖਤਮ ਕਰਨੀਆਂ ਹੋਣ ਉਥੇ ਵਿਦਰੋਹ ਦਾ ਬੀਜ ਨਾਸ ਕਰ ਦਿਓ।

ਵਿਦਰੋਹ ਸਵਾਲ ਵਿਚੋਂ ਪੈਂਦਾ ਹੁੰਦਾ, ਸਵਾਲ ਸਬਦ ਵਿਚੋਂ। ਸਬਦ ਮਨੁੱਖ ਨੂੰ ਸੋਝੀ ਵਲ ਲਿਜਾਂਦਾ, ਸੋਝੀ ਸਵਾਲ ਖੜਾ ਕਰਦੀ, ਸਵਾਲ ਵਿਦਰੋਹ ਨੂੰ ਜਗਾਉਂਦਾ ਹੈ। ਸਵਾਲ ਆਉਂਦਾ ਹੀ ਸੋਝੀ ਵਿਚੋਂ ਹੈ। ਕੋਈ ਵੀ ਹਕੂਮਤ ਜਾਂ ਧਾਰਮਿਕ ਲੋਕ ਸਵਾਲ ਨਹੀਂ ਚਾਹੁੰਦੇ। ਸਵਾਲ ਨਹੀਂ ਚਾਹੁੰਦੇ ਕਰਕੇ ਹੀ, ਉਹ ਸਬਦ ਨਹੀਂ ਚਾਹੁੰਦੇ। ਯਾਣੀ ਸੋਝੀ ਹੀਣਾ ਰੱਖਣਾ! ਪਸ਼ੂ?

ਸਬਦ ਨੂੰ ਮਨਫੀ ਕਰਨ ਲਈ ਉਨੀ ਮੂਰਤੀਆਂ ਖੜੀਆਂ ਕਰ ਦਿੱਤੀਆਂ। ਇਹ ਪੰਡੀਏ ਦਾ ਪੁਰਾਣਾ ਤੇ ਹੰਡਿਆ ਤਰੀਕਾ ਸੀ ਕਿ ਸਬਦ ਨੂੰ ਮਾਰਨਾ ਹੈ ਤਾਂ ਮੂਰਤੀ ਖੜੀ ਕਰ ਦਿਓ। ਮੂਰਤੀ ਭਵੇਂ ਹਜਾਰਾਂ ਸਾਲ ਖੜੀ ਕਰੀ ਰੱਖੋ ਉਸ ਬੋਲਣਾ ਥੋੜੋਂ ਆ। ਧਾਰਮਿਕ ਤ੍ਰਿਪਤੀ ਲਈ ਮਨੁੱਖ ਨੂੰ ਕੁਝ ਤਾਂ ਚਾਹੀਦਾ, ਕੁਝ ਚਾਹੀਦਾ ਤਾਂ ਉਹ ਦਿਓ ਜੋ ਬੋਲੇ ਨਾ! ਪਰ ਸਬਦ ਤਾਂ ਬੋਲਦਾ। ਸਬਦ ਸਵਾਲ ਖੜੇ ਕਰਦਾ ਤੇ ਉਹ ਸਵਾਲ ਤੋਂ ਡਰਦਾ। ਅਪਣੇ ਵਾਲਾ 'ਸੰਤ' ਕਿਉਂ ਮੂਰਤੇ ਖੜੀ ਕਰੀ ਆ ਰਿਹਾ। ਵੱਡੇ ਬੁੱਤ, ਵੱਡੀਆਂ ਮੂਰਤੀਆਂ। ਉਹ ਸਬਦ ਨੂੰ ਮਾਰਨਾ ਚਾਹੁੰਦਾ ਕਿਉਂਕਿ ਉਹ ਸਬਦ ਤੋਂ ਡਰਦਾ। ਸਬਦ ਦਾ 'ਅਲਟਰਨੇਟਰ' ਉਸ ਮੂਰਤੀ ਦੇ ਦਿੱਤੀ ਲੋਕਾਂ ਨੂੰ। ਉਸ ਨੂੰ ਪਤੈ ਸਬਦ ਸੋਝੀ ਪੈਦਾ ਕਰੇਗਾ, ਸੋਝੀ ਵਿਚੋਂ ਸਵਾਲ ਆਵੇਗਾ ਤੇ ਸਵਾਲ ਦਾ ਮੱਤਲਬ ਵਿਦਰੋਹ! ਵਿਦਰੋਹ ਡੇਰਾ ਨਹੀਂ ਛੱਡੇਗਾ! ਉਹ ਮੇਰੇ ਠੰਡੇ ਭੋਰਿਆਂ ਤੱਕ ਪੁੱਟ ਮਾਰੇਗਾ? ਡੇਰਾ ਕਹਿੰਦਾ ਸਾਡੇ ਬਾਬਾ ਜੀ ਕਹਿੰਦੇ ਬਹਿਸ ਨਹੀਂ ਕਰਨੀ ਭਾਈ ਕਿਸੇ ਨਾਲ! 'ਬਾਬਾ ਸਿਆਣਾ ਉਨ੍ਹਾਂ ਦਾ। ਬਹਿਸ ਯਾਣੀ ਸਵਾਲ! ਸਵਾਲ ਹੋਵੇਗਾ ਤਾਂ ਜਵਾਬ ਵੀ ਤਾਂ ਦੇਣਾ ਪਵੇਗਾ!

ਦੋ ਤਰ੍ਹਾਂ ਦੇ ਲੋਕ ਸਬਦ ਤੋਂ ਡਰਦ ਸਬਦ ਤੋਂ ਯਾਣੀ ਸੋਝੀ ਤੋਂ - ਡੇਰਾ ਅਤੇ ਸਮੇਂ ਦੀ ਸਰਕਾਰ! ਦੋਵਾਂ ਦੇ ਹਿੱਤ ਸਾਂਝੇ ਨੇ। ਦੋਵੇਂ ਲੁਟੇਰੇ ਨੇ। ਦੋਵੇਂ ਲੋਕਾਂ ਉਪਰ ਨਿਰਭਰ ਹਨ। ਦੋਵਾਂ ਦਾ ਭਲਾ ਲੋਕਾਂ ਨੂੰ ਮੂਰਖ ਰੱਖਣ ਵਿਚ ਹੈ। ਪਰ ਸਬਦ ਮਨੁੱਖ ਨੂੰ ਮੂਰਖ ਹੋਣ ਤੋਂ ਬਚਾਉਂਦਾ। ਸਬਦ ਤੋਂ ਬਿਨਾ ਬੰਦਾ ਸੱਚ ਹੀ ਮੂਰਖ ਹੈ। ਜਿਸ ਕੋਲੇ ਸਬਦ ਨਹੀਂ ਉਸ ਵਿਚ ਤੇ ਪਸ਼ੂ ਵਿਚ ਕੋਈ ਫਰਕ ਨਹੀਂ। ਪਸ਼ੂ ਵੀ ਗੁੰਗਾ ਤੇ ਮਨੁੱਖ ਵੀ ਗੁੰਗਾ ਸਬਦ ਤੋ ਬਿਨਾ। ਜਿਸ ਕੋਲੇ ਸਬਦ ਜਿਆਦਾ ਉਸ ਦੀ ਜਿੱਤ!

ਧਾਰਮਿਕ ਦੁਨੀਆਂ ਵਿਚ ਵੀ ਅਤੇ ਦੁਨਿਆਵੀ ਵਿਚ ਵੀ ਸਬਦ ਦਾ ਬੋਲ ਬਾਲਾ ਰਿਹਾ ਅਤੇ ਰਹੇਗਾ। ਸਬਦ ਸੋਝੀ ਦੀਆਂ ਪਰਤਾਂ ਖੋਹਲਦਾ ਹੈ। ਸੋਝੀ ਦੀ ਪਰਤ ਵਿਚੋਂ ਸਵਾਲ ਪੈਦਾ ਹੁੰਦਾ। ਸਾਇੰਸ ਸਾਰੀ ਸਵਾਲ ਉਪਰ ਖੜੀ ਹੈ। ਕਿਉਂ, ਕਿਵੇਂ, ਕਿਥੇ? ਸਾਇੰਸ ਦਾ ਬੇਸ ਹੀ ਸਵਾਲ ਹੈ। ਅੱਜ ਜਿੰਨੀ 'ਟੈਕਨੌਲਜੀ' ਤੁਸੀਂ ਦੇਖ ਰਹੇ ਹੋਂ ਇਹ ਸਵਾਲ ਵਿਚੋਂ ਆਈ ਹੈ ਤੇ ਸਵਾਲ ਪੈਦਾ ਕਿਥੋਂ ਹੋਇਆ? ਪਸ਼ੂ ਕੋਲੇ ਸਬਦ ਨਹੀਂ ਅਤੇ ਉਹ ਜੋ ਹਜਾਰਾਂ ਲੱਖਾਂ ਸਾਲ ਪਹਿਲਾਂ ਸੀ ਉਹੀ ਅੱਜ ਹੈ। ਉਸ ਦੇ ਜੀਵਨ ਢੰਗ ਵਿਚ ਕੋਈ ਵਿਕਾਸ ਨਹੀਂ ਹੋਇਆ ਕਿਉਂਕਿ ਉਹ ਗੁੰਗਾ ਹੈ। ਗੁੰਗੀਆਂ ਕੌਮਾਂ ਦਾ ਕੋਈ ਵਿਕਾਸ ਨਹੀਂ ਹੋ ਸਕਦਾ। ਹਿੰਦੋਸਤਾਨ ਪਛੜਿਆ ਕਿਉਂ? ਕਿਉਂਕਿ ਸਬਦ ਦੀ ਅਜਾਰੇਦਾਰੀ ਕੇਵਲ ਤੇ ਕੇਵਲ ਬ੍ਰਾਹਮਣ ਦੇ ਹੱਥ ਸੀ। ਬਾਕੀ ਪੂਰਾ ਮੁਲਖ ਗੁੰਗਾ?

ਕਿਸੇ ਵੀ ਕ੍ਰਾਂਤੀ ਜਾਂ ਵਿਦਰੋਹ ਨੂੰ ਮਾਰਨਾ ਤਾਂ ਸਬਦ ਨੂੰ ਮਾਰ ਦਿਓ। ਸਵਾਲ ਦੀ ਬੁਨਿਆਦ ਸਬਦ ਹੈ ਤੇ ਸਵਾਲ ਵਿਚੋਂ ਹੀ ਵਿਦਰੋਹ ਪੈਦਾ ਹੁੰਦਾ। ਕੌਮਾਂ ਨੂੰ ਮਾਰਨ ਲਈ ਹਮੇਸ਼ਾਂ ਉਨ੍ਹਾਂ ਦੀਆਂ ਲਾਇਬ੍ਰੇਰੀਆਂ ਕਿਉਂ ਤਬਾਹ ਕੀਤੀਆਂ ਜਾਦੀਆਂ ਰਹੀਆਂ? ਕਿਤਾਬਾਂ ਕਿਹੜੇ ਹਥਿਆਰ ਚੁਕਣੇ ਹੁੰਦੇ, ਪਰ ਕਿਉਂਕਿ ਉਥੈ ਸਬਦ ਹਨ ਉਨ੍ਹਾਂ ਸਬਦਾਂ ਵਿਚ ਬਗਾਵਤ ਹੈ। ਨਾਦਰ ਸ਼ਾਹ ਦਾ ਰਾਹ ਰੋਕਣ ਵਾਲੇ ਕੋਈ ਰਾਤੋ ਰਾਤ ਨਹੀਂ ਪੈਦਾ ਹੋ ਗਏ। ਅਬਦਾਲੀ ਨੂੰ ਭਾਜੜਾਂ ਪਾਉਂਣ ਵਾਲਿਆਂ ਦੀ ਜੁਅਰਤ ਕਿਸੇ ਬੁੱਤ ਵਿਚੋਂ ਨਹੀਂ ਸੀ ਆਈ!

ਸਬਦ ਨੇ ਉਨ੍ਹਾਂ ਅੰਦਰਲੀ ਸੋਝੀ ਨੂੰ ਜਾਗਦਾ ਕੀਤਾ, ਸੋਝੀ ਵਿਚੋਂ ਸਵਾਲ ਪੈਦਾ ਹੋਇਆ ਕਿ ਇਹ ਵੀ ਤਾਂ ਆਖਰ ਬੰਦੇ ਹੀ ਨੇ। ਇਹ ਕਿਉਂ ਲੁਟੱਣ ਵਾਲੇ ਤੇ ਮੈਂ ਕਿਉਂ ਲੁੱਟਿਆ ਜਾਣ ਵਾਲਾ? ਸਬਦ ਨੇ ਉਨ੍ਹਾਂ ਨੂੰ ਦੱਸਿਆ ਕਿ ਤੂੰ ਨੀਚ ਕਿਵੇਂ ਆਹ ਪੰਡੀਆ ਕਿਵੇਂ ਉੱਚਾ। ਜੇ ਸੱਚੀਂ ਹੀ ਉੱਚਾ ਸੀ ਤਾਂ ਇਹ ਹੋਰ ਰਾਹੇ ਕਿਉਂ ਨਹੀਂ ਆਇਆ? ਮੈਂ ਐਵੇਂ ਹੀ ਹਜਾਰਾਂ ਸਾਲ ਬ੍ਰਹਾਮਣ ਦਾ ਗੋਹਾ ਕੂੜਾ ਕਰਦਾ ਰਿਹਾ ਪਰ ਸਬਦ ਨੇ ਮੇਰੇ ਅੰਦਰ ਸਵਾਲ ਖੜਾ ਕਰ ਦਿੱਤਾ ਕਿ ਵਾਕਿਆ ਹੀ ਇਸ ਦੇ ਕਿਹੜੇ ਸਿੰਗ ਲੱਗੇ ਜਿਹੜੇ ਮੇਰੇ ਨਹੀਂ। ਤੇ ਮੈਂ ਬ੍ਰਹਾਮਣ ਦੇਵਤਾ ਤੋਂ ਉਤਰ ਕੇ ਸਿੱਧਾ ਪੰਜਾਬ ਵਾਲੇ 'ਉਏ ਬਾਹਮਣਾ' ਤੇ ਆ ਗਿਆ। ਸਬਦ ਨੇ ਸਵਾਲ ਦਾ ਹਥਿਆਰ ਦਿੱਤਾ। ਜਦ ਹਥਿਆਰ ਆ ਜਾਏ ਤੁਸੀਂ ਦਲੇਰ ਹੋ ਜਾਂਦੇ ਹੋਂ। ਉਹ ਦਲੇਰੀ ਜਦ ਵਿਦਰੋਹ ਵਿਚ ਬਦਲੀ ਤਾਂ ਵਿਦਰੋਹ ਬਰਛਾ ਗੱਡ ਕੇ ਖੜ ਗਿਆ। ਉਨ੍ਹਾਂ ਗਜ਼ਨਵੀਆਂ ਅੱਗੇ, ਜਿਹੜੇ ਕੇਵਲ ਪੰਜ ਪੰਜ ਸੌ ਪੂਰੇ ਮੁਲਖ ਨੂੰ ਭੇਡਾਂ ਵਾਂਗ ਮੂਹਰੇ ਲਾਈ ਫਿਰਦੇ ਸਨ।

ਅੱਜ ਸੰਤ ਦੇ ਡੇਰੇ ਨੂੰ ਹਕੂਮਤਾਂ ਕਿਉਂ ਥਾਪੜਾ ਦਿੰਦੀਆਂ। ਹਿੰਦੋਸਤਾਨ ਵਿਚ ਉਨੇ ਅਵਾਰਾ ਪਸ਼ੂ ਨਹੀਂ ਜਿੰਨੇ 'ਸੰਤ'! ਸੰਤ ਮਨੁੱਖ ਨੂੰ ਸਬਦ ਤੋਂ ਦੂਰ ਕਰਦਾ। ਉਹ ਮੂਰਤੀਆਂ ਦਾ, ਗੱਪਾਂ ਦਾ, ਝੂਠਾਂ ਦਾ, ਦਰਗਾਹਾਂ ਤੇ ਸੱਚਖੰਡਾਂ ਦਾ ਅਜਿਹਾ ਜਾਲ ਮਨੁੱਖ ਦੁਆਲੇ ਬੁਣਦਾ ਕਿ ਉਹ ਸਬਦ ਵਾਲੇ ਪਾਸੇ ਜਾਣੋ ਹੀ ਹਟ ਜਾਂਦਾ। ਸੰਤ ਮਨੁੱਖ ਨੂੰ ਸੰਮੋਹਿਕ ਕਰ ਦਿੰਦਾ ਹੈ। ਉਸ ਦੇ ਮਨੁੱਖ ਨੂੰ ਦਿਖਾਏ ਜਾ ਰਹੇ ਸੁਪਨੇ ਇਨੇ ਸੰਮੋਹਿਕ ਹੁੰਦੇ ਕਿ ਮਨੁੱਖ ਸਿਰ ਤੋਂ ਭਾਰ ਚੁੱਕ ਲੈਂਦਾ। ਉਸ ਨੂੰ ਜਾਪਦਾ ਹੁੰਦਾ ਕਿ ਹੌਲਾ ਹੋ ਰਿਹਾਂ। ਸ਼ਾਂਤੀ! ਮੈਡੀਟੇਸ਼ਨ! ਸਾਹ ਅੰਦਰ! ਸਾਹ ਬਾਹਰ! ਵਾਹ ਨਾਲ ਅੰਦਰ! ਗੁਰੂ ਨਾਲ ਬਾਹਰ! ਪਰ ਉਸ ਨੂੰ ਪਤਾ ਨਹੀਂ ਕਿ ਇਹ ਤਾਂ ਨੀਂਦ ਸੀ। ਤਾਂ ਨੀਂਦ ਲਈ ਇਨੇ ਜ੍ਹੱਬ ਕਰਨ ਦੀ ਕੀ ਲੋੜ ਸੀ ਗੋਲੀ ਖਾਂਦਾ ਸਉਂ ਜਾਂਦਾ?

ਕਿਸੇ ਕੌਮ ਨੂੰ ਤੁਸੀਂ ਮਾਰਨਾ ਉਸ ਵਿਚਲਾ ਵਿਦਰੋਹ ਖਤਮ ਕਰ ਦਿਓ। ਉਸ ਹੱਥ ਟੱਲੀਆਂ ਫੜਾ ਦਿਓ। ਉਸ ਦੀਆਂ ਅੱਖਾਂ ਬੰਦ ਕਰ ਦਿਓ। ਤੁਹਾਡੇ ਸਿਰਮਨਾ ਵਾਲੇ, ਚੁਪਹਿਰਿਆਂ ਤੇ ਦੁਪਹਿਰਿਆਂ ਵਾਲੇ, ਕੋਤਰੀਆਂ ਤੇ ਸੰਪਟਾਂ ਵਾਲੇ, ਮੂਰਤੀਆਂ ਤੇ ਭੋਗਾਂ ਵਾਲੇ, ਅੱਖਾਂ ਹੀ ਤਾਂ ਬੰਦ ਕਰ ਰਹੇ ਨੇ ਤੁਹਾਡੀਆਂ। ਸ਼ਾਂਤੀ ਦੇ ਨਾਂ ਤੇ ਵਿਦਰੋਹ ਮਾਰ ਰਹੇ ਕੌਮ ਵਿਚੋਂ! ਨਹੀਂ ਤਾਂ ਕਿਹੜਾ ਰੱਬ ਹੈ ਜਿਹੜਾ ਬੱਤੀਆਂ ਬੰਦ ਕਰਨ ਤੇ ਮਿਲਦਾ ਪਰ ਚਾਨਣ ਵਿਚ ਨਹੀਂ! ਲੋਹੇ ਦੇ ਬਾਟਿਆਂ ਵਿਚ ਮਿਲਦਾ ਪਰ ਕੱਚ ਦੇ ਨਹੀਂ!

ਸਾਰੀ ਕਹਾਣੀ ਵਿਦਰੋਹ ਮਾਰਨ ਦੀ। ਸਬਦ ਵਲੋ ਧਿਆਨ ਪਾਸੇ ਕਰਨ ਦੀ ਕਿ ਕਿਤੇ ਸਵਾਲ ਨਾ ਉੱਠ ਜਾਏ। ਤੁਸੀਂ ਕਦੇ ਸੰਤ ਦੇ ਡੇਰੇ ਕਿਸੇ ਨੂੰ ਸਵਾਲ ਕਰਦਾ ਦੇਖਿਆ ਹੋਵੇ? ਸੰਤ ਅਗੇ ਸਵਾਲ ਰੱਖਦਾ ਦੇਖਿਆ ਹੋਵੇ! ਤੇ ਸੰਤ ਜਵਾਬ ਦਿੰਦਾ ਦੇਖਿਆ ਹੋਵੇ? ਸਵਾਲ ਵਾਲੇ ਨੂੰ ਗਿਆਨੀ ਕਹਿ ਕੇ ਮਖੌਲ ਉਡਾ ਦਿੰਦੇ ਹਨ। ਗਿਆਨੀ ਯਾਣੀ ਉਨ੍ਹਾਂ ਦੀ ਭਾਸ਼ਾ ਵਿਚ ਨਾਸਤਿਕ। ਸਿੱਧਾ ਤਾਂ ਕਹਿ ਨਹੀਂ ਸਕਦੇ। ਗਿਆਨੀ ਮੱਤਲਬ ਨਾਸਤਿਕ!

ਕੌਮ ਵਿਚੋਂ ਵਿਦਰੋਹ ਮਰ ਰਿਹਾ ਹੈ ਕਿਉਂਕਿ ਮੂਰਤੀਆਂ ਵਧ ਰਹੀਆਂ ਹਨ। ਟੱਲੀਆਂ ਦਾ ਸ਼ੋਰ ਵਧ ਰਿਹਾ ਹੈ। ਚਿਮਟੇ-ਢੋਲਕੀਆਂ ਦਾ ਖੌਰੂ ਉੱਚਾ ਹੋ ਰਿਹਾ ਹੈ। ਬੱਤੀਆਂ ਬੰਦ ਹੋਈ ਜਾਦੀਆਂ। ਹਨੇਰਿਆਂ ਵਿਚੋਂ ਕਦੇ ਵਿਦਰੋਹ ਹੁੰਦੇ ਸੁਣੇ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top