Share on Facebook

Main News Page

ਪੰਜਾਬ ਕੀੜਿਆਂ ਦੇ ਭੌਣ 'ਤੇ ??
-: ਗੁਰਦੇਵ ਸਿੰਘ ਸੱਧੇਵਾਲੀਆ

ਪੰਜਾਬ ਇਸ ਵੇਲੇ ਕੀੜਿਆਂ ਦੇ ਭੌਣ 'ਤੇ ਬੈਠਾ ਦਿੱਸ ਰਿਹਾ ਹੈ। ਸਿਆਸੀ ਕੀੜੇ ਅਪਣਾ ਸ਼ਿਕਾਰ ਖੋਹਣ ਲਈ ਇੱਕ ਦੂਏ ਨਾਲ ਲੜ ਰਹੇ ਹਨ। ਜਿਸ ਦਾ ਦਾਅ ਲੱਗਦਾ ਅਪਣੇ ਵੰਨੀ ਖਿੱਚ ਲੈਂਦਾ ਹੈ। ਖਾ ਗਏ ਪੂਰੇ ਪੰਜਾਬ ਨੂੰ ਇਹ ਰਾਜਨੀਤਕ ਕੀੜੇ। ਪੰਜਾਬ ਦੀ ਲਾਸ਼ ਉਪਰ ਇਹ ਕੀੜੇ ਲੁੱਡੀਆਂ ਪਾਉਂਦੇ ਨਜਰ ਆਉਂਦੇ ਹਨ।

ਕਦੇ ਨੀਲੇ ਅਤੇ ਕਦੇ ਚਿੱਟੇ ਕੀੜੇ ਪੰਜਾਬ ਨੂੰ ੧੯੪੭ ਤੋਂ ਧੂਹੀ ਫਿਰ ਰਹੇ ਹਨ। ਇਸ ਨੂੰ ਚੂੰਡ ਰਹੇ ਹਨ। ਨੀਲੇ ਲੱਥਦੇ ਚਿੱਟੇ ਆ ਜਾਂਦੇ, ਚਿੱਟੇ ਲੱਥਦੇ ਤਾਂ ਨੀਲੇ। ਪੰਜਾਬ ਪੂਰੀ ਤਰ੍ਹਾਂ ਖਾਧਾ ਜਾ ਚੁੱਕਾ ਹੈ।
ਪੰਜਾਬ ਦੀ ਲੀਡਰਸ਼ਿਪ ਬੁਰੀ ਤਰ੍ਹਾਂ ਗਰਕ ਚੁੱਕੀ ਹੈ। ਇਖਲਾਕੀ ਪੱਖ ਤੋਂ ਪੂਰੀ ਤਰ੍ਹਾਂ ਹਨੇਰ ਗਰਦੀ। ਪੰਜਾਬ ਦਾ ਕਿਸੇ ਨੂੰ ਫਿਕਰ ਨਹੀਂ। ਕਿਸੇ ਨੂੰ ਬੋਟੀ ਨਹੀਂ ਮਿਲਦੀ ਤਾਂ ਉਹ ਜੀਭ ਕੱਢੀ ਦੂਜੀ ਸਰਦਲ ਤੇ ਜਾ ਖੜੋਦਾ ਹੈ ਤੇ ਪਹਿਲੇ ਵੰਨੀ ਬਊ ਬਊ ਕਰਨ ਲੱਗ ਪੈਂਦਾ ਹੈ। ਜੇ ਕਿਤੇ ਵੀ ਨਹੁੰ ਨਹੀਂ ਅੜਦਾ, ਤਾਂ ਚਲੋ ਅਪਣਾ ਫਰੰਟ।

ਫਰੰਟਾਂ ਦਾ ਇੱਕ ਅਪਣਾ ਮੌਸਮ ਹੈ। ਚੋਣਾ ਦਾ ਮੀਂਹ ਹਾਲੇ ੧੭ ਵਿਚ ਪੈਂਣਾ ਫਰੰਟਾਂ ਵਾਲੇ ਗੰਡੋਏ ਬੇ-ਬਹਾਰੇ ਹੀ ਨਿਕਲੀ ਫਿਰਦੇ ਹਨ!

ਮਾਨ ਕੇ ਅਪਣਾ ਗੱਡਾ ਧੂਹੀ ਫਿਰਦੇ। ਉਨ੍ਹਾਂ ਦਾ ਗੱਡਾ ਕਦ ਦਾ ਚਿੱਕੜ ਵਿੱਚ ਫਸ ਚੁੱਕਾ। ਉਹ ਹੁਣ ਇਸ ਨੂੰ ਕਦੇ ਖਾਲਿਸਤਾਨ ਦਾ ਧੱਕਾ ਲਾਉਂਦੇ ਕਦੇ ਸਰਬਤ ਖਾਲਸੇ ਦੇ ਅਪਣੇ ਹੀ ਸਾਜੇ-ਨਿਵਾਜੇ 'ਜਥੇਦਾਰਾਂ' ਦੇ ਮੋਢੇ ਦਿੰਦੇ ਕਿ ਸ਼ਾਇਦ ਨਿਕਲ ਆਵੇ। ਜਦ ਹੁਣ ਕੋਈ ਉਮੀਦ ਬਚੀ ਨਹੀਂ ਜਾਪਦੀ, ਤਾਂ ਉਹ ਸਿੱਧੂ ਵਰਗੇ ਮਸਖਰੇ ਤੇ ਸ਼ਿਵਲਿੰਗ ਪੂਜ ਨੂੰ ਆਵਾਜ਼ਾਂ ਮਾਰਨ ਲੱਗ ਗਏ ਕਿ ਆ ਯਾਰ ਤੂੰ ਹੀ ਧੱਕਾ ਲਾ ਦੇਖ? ਉਧਰ ਬਾਹਰ ਵਾਲੇ ਸੋ ਕਾਲ ਖਾਲਿਸਤਾਨੀ ਮਾਨ ਦੇ ਗੱਡੇ ਮਗਰ ਮੁੜਕੋ ਮੁੜਕੀ ਹੋਏ ਪਏ ਹਨ। ਮਾਨ ਦਾ ਹਰੇਕ ਹੁਕਮ ਸਿਰ ਮੱਥੇ ਬਜਾਉਂਣ ਨੂੰ ਬਰ-ਤਿਆਰ। ਮਾਨ ਦੇ ਤਰਲੇ ਤੋਂ ਬਾਅਦ ਕਿਸੇ ਭਰਾ ਨੇ ਕੁਮਿੰਟ ਕੀਤਾ ਸੀ ਕਿ ਸਿੱਧੂ ਸਮੇਤ ਸ਼ਿਵਲਿੰਗ ਆਵੇ ਜਾਂ...?

ਉਧਰ ਆਮ ਪਾਰਟੀ ਵਾਲੇ ਛਿੱਤਰੀਂ ਦਾਲ ਵੰਡਦੇ ਨਜਰ ਆਉਂਦੇ ਹਨ। ਦਰਅਸਲ ਜਿਸਨੂੰ ਕਦੇ ਕਿਸੇ ਪਾਰਟੀ ਨੇ ਚੌਂਕੀਦਾਰ ਵੀ 'ਆਫਰ' ਨਹੀਂ ਸੀ ਕੀਤਾ, ਉਨ੍ਹਾਂ ਨੂੰ ਜਾਪਿਆ ਆਮ ਪਾਰਟੀ ਵਿਚ ਮੁੱਖ ਮੰਤਰੀ ਬਣਨ ਦਾ ਸੁਪਨਾ ਲੈਣ ਵਿਚ ਹਰਜ ਵੀ ਕੀ ਏ। ਸੁਪਨਾ ਤਾਂ ਹਰੇਕ ਲੈ ਸਕਦਾ ਪਰ ਪਾਰਟੀ ਮੁੱਖ ਮੰਤਰੀ ਕੀਹਨੂੰ ਕੀਹਨੂੰ ਬਣਾਵੇ ਤੇ ਚਲੋ ਫਰੰਟ!

ਜਦ ਤੁਸੀਂ ਅਸੀਂ ਸੋਚਦੇ ਕਿ ਪਾਰਟੀਆਂ ਪੰਜਾਬ ਨੂੰ ਲਾਰੇ ਤਾਂ ਲਾਉਂਦੀਆਂ, ਪਰ ਦਿੰਦੀਆਂ ਕੱਖ ਨਹੀਂ ਤਾਂ ਇਸ ਗੱਲ ਦਾ ਜਵਾਬ ਅੱਜ ਵਰਗਾ ਢੁੱਕਵਾਂ ਤੁਹਾਨੂੰ ਕਦੇ ਨਹੀਂ ਮਿਲ ਸਕਦਾ। ਕੱਲ ਨੂੰ ਆਮ ਪਾਰਟੀ ਵੀ ਆ ਜਾਏ ਤਾਂ ਉਸ ਦੇ ਕੰਮ ਕਰਨ ਦੇ ਤਰੀਕੇ ਕੋਈ ਬਹੁਤੇ ਜੇ ਦੂਜੀਆਂ ਪਾਰਟੀਆਂ ਨਾਲੋਂ ਅਲਹਿਦਾ ਨਹੀਂ ਹੋਣਗੇ, ਤਾਂ ਉਸ ਦਾ ਕਾਰਨ ਤੁਹਾਡੇ ਪੰਜਾਬ ਦੇ ਬੂਝੜ ਲੀਡਰ ਹੋਣਗੇ ਜਿਹੜੇ ਚੌਧਰ ਪਿੱਛੇ ਕੁੱਤਿਆਂ ਵਾਂਗ ਲੜਦੇ ਨਜਰ ਆ ਰਹੇ ਹਨ। ਤੁਸੀਂ ਦੱਸੋ ਕਿ ਅਜਿਹੇ ਨੀਚ ਤੇ ਭਿਖਾਰੀ ਕਿਸਮ ਦੇ ਲੋਕਾਂ ਦੇ ਮਸਲਿਆਂ ਵਲ ਕੋਈ ਧਿਆਨ ਕਿਉਂ ਦੇਵੇ?

ਪੰਜਾਬ ਜਿੰਨਾ ਚਿਰ ਖੁਦ ਲਿਆਕਤ ਦਾ ਪੱਲਾ ਨਹੀਂ ਫੜਦਾ, ਉਨ੍ਹਾਂ ਚਿਰ ਉਹ ਆਪਣੇ ਲੀਡਰ ਵੀ ਬੂਝੜ ਹੀ ਚੁਣੇਗਾ। ਕਿੰਨੇ ਦਹਾਕੇ ਜੇ ਤੁਸੀਂ ਬਾਦਲਾਂ ਕੈਪਟਨਾਂ ਨੂੰ ਬਰਦਾਸ਼ਤ ਕਰ ਰਹੇ ਹੋਂ, ਤਾਂ ਇਸ ਤੋਂ ਤੁਹਾਨੂੰ ਪੰਜਾਬ ਦੀ ਲਿਆਕਤ ਦਾ ਪਤਾ ਲੱਗ ਜਾਣਾ ਚਾਹੀਦਾ? ਸੁਖਬੀਰ ਬਾਦਲ ਵਰਗੇ ਨਛੇੜੀ ਮਗਰ ਜੇ ਪੰਜਾਬ ਬੋਲੇ ਸੋ ਨਿਹਾਲ ਕਰ ਰਿਹਾ ਹੈ, ਤਾਂ ਇਸ ਦਾ ਕੀ ਅਰਥ ਹੈ। ਸਿੱਧੂ ਵਰਗੇ ਮਸਖਰੇ ਮਗਰ ਜੇ ਪੰਜਾਬ ਤਾੜੀਆਂ ਮਾਰ ਰਿਹਾ ਹੈ, ਤਾਂ ਸਮਝਣ ਵਿਚ ਕੀ ਮੁਸ਼ਕਲ ਹੈ! ਕਿ ਹੈ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top