Share on Facebook

Main News Page

ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ - ਆਖਰੀ ਭਾਗ
-: ਗੁਰਦੇਵ ਸਿੰਘ ਸੱਧੇਵਾਲੀਆ 

ਅਸੀਂ ਅਪਣੀ ਦੇਹ ਬਾਰੇ ਕਿੰਨੇ ਕੁ ਚਿੰਤਤ ਹਾਂ!

ਪਿੱਛਲੀ ਵਾਰੀ ਅਸੀਂ ਦੇਹ ਬਾਰੇ ਲਿਖਿਆ ਸੀ। ਅੱਜ ਦੁਨੀਆਂ ਦਾ ਕੁੱਲ ਮਨੁੱਖ ਮੁਟਾਪੇ ਤੋਂ ਦੁੱਖੀ ਹੈ। ਉਹ ਕੇਵਲ ਦੁਖੀ ਹੈ, ਪਰ ਕਰਦਾ ਕੁਝ ਨਹੀਂ ਇਸ ਦਾ। ਉਸ ਨੂੰ ਸਮਝ ਨਹੀਂ ਆ ਰਹੀ ਕਿ ਇਹ ਮੁਟਾਪਾ ਛੱਲਾਂ ਮਾਰੀ ਕਿਵੇਂ ਮੇਰੇ ਮੌਰੀਂ ਚੜ੍ਹਿਆ ਆ ਰਿਹਾ ਹੈ ਤੇ ਮੈਂ ਇਸ ਦਾ ਇਲਾਜ ਕਿਉਂ ਨਾ ਕਰਾਂ?

ਅੰਨ ਖਾਣ ਦੇ ਦੋ ਤਰੀਕੇ ਹਨ, ਇੱਕ ਦੇਹ ਨੂੰ ਚਲਦੀ ਰੱਖਣ ਲਈ ਤੇ ਦੂਜਾ ਜ਼ੁਬਾਨ ਚਲਦੀ ਰੱਖਣ ਲਈ। ਜ਼ੁਬਾਨ ਚਲਦੀ ਰੱਖਣ ਲਈ ਮੈਂ ਦੇਹ ਉਪਰ ਜੁਲਮ ਕਰਦਾ ਹਾਂ, ਤਾਂ ਉਹ ਜੁਲਮ ਮੈਨੂੰ ਬਿਮਾਰੀਆਂ ਤੇ ਮੁਟਾਪੇ ਦੇ ਰੂਪ ਵਿਚ ਵਾਪਸ ਮਿਲਦੇ ਹਨ।

ਤੁਹਾਡੀ ਦੇਹ ਨੂੰ ਕਿੰਨਾ ਕੁ ਭੋਜਨ ਚਾਹੀਦਾ, ਇਹ ਮੈਂ ਦੇਹ ਨੂੰ ਨਹੀਂ ਜ਼ੁਬਾਨ ਨੂੰ ਪੁੱਛਦਾ ਹਾਂ। ਜ਼ੁਬਾਨ ਨੂੰ ਸਿਰ 'ਰਿਮੋਟ' ਕਰਦਾ ਹੈ। ਕੁੱਲ ਦੁਨੀਆਂ ਦੇ ਸਵਾਦ ਅਤੇ ਰਸ ਸਿਰ ਬਣਾ ਕੇ ਦਿੰਦਾ ਜ਼ੁਬਾਨ ਨੂੰ ਤੇ ਜ਼ੁਬਾਨ ਅਗਿਓਂ ਅਜਿਹਾ ਪਾਣੀ ਛੱਡਦੀ ਕਿ ਮੈਂ ਭੁੱਲ ਜਾਂਦਾ ਹਾਂ ਕਿ ਇਹ ਖਾਧਾ ਜਾ ਰਿਹਾ ਰਾਸ਼ਨ ਮੇਰੀ ਦੇਹ ਦੇ ਅਨਕੂਲ ਵੀ ਸੀ ਜਾਂ ਨਹੀਂ।

ਤੁਹਾਡੇ ਸਰੀਰ ਦੇ ਕਾਮੇ ਤੁਹਾਨੂੰ ਚਲਦਾ ਰੱਖਣ ਲਈ ਕੰਮ ਕਰਦੇ ਹਨ, ਨਾ ਕਿ ਤੁਹਾਡੀ ਜ਼ੁਬਾਨ ਚਲਦੀ ਰੱਖਣ ਲਈ! ਤੁਸੀਂ ਜਦ ਲੋੜੋਂ ਵੱਧ ਦੇਹ ਉਪਰ ਖਾਣ ਦਾ ਭਾਰ ਪਾਉਂਦੇ ਹੋਂ ਤਾਂ ਤੁਹਾਡੇ ਅੰਦਰਲੇ ਕਾਮੇ ਕੀ ਕਰਦੇ ਹਨ, ਕਿ ਅਪਣੀ ਲੋੜ ਗੋਚਰਾ ਸਮਾ੍ਹਨ ਰੱਖ ਕੇ, ਕੁਝ ਬਾਹਰ ਸੁੱਟ ਕੇ ਬਾਕੀ ਸਭ ਤੁਹਾਡੀ ਹੀ ਦੇਹ ਦੀਆਂ ਗੁੱਠਾਂ ਵਿਚ ਵਾੜ ਦਿੰਦੇ ਹਨ, ਯਾਣੀ ਚਰਬੀ ਬਣਾ ਕੇ ਤੁਹਾਡੇ ਹੀ ਉਪਰ ਲੱਦ ਦਿੰਦੇ ਹਨ। ਉਨ੍ਹਾਂ ਕੋਲੇ ਹੋਰ ਕੋਈ ਚਾਰਾ ਨਹੀਂ ਬੱਚਦਾ ਕਿ ਤੁਹਾਡਾ ਵਿਤੋਂ ਵੱਧ ਤੂੜਿਆ ਸਮਾਨ ਉਹ ਤੁਹਾਡੇ ਹੀ ਉਪਰ ਨਾ ਲੱਦਣ। ਚਰਬੀ ਬਾਹਰੋਂ ਹਵਾ ਵਿਚੋਂ ਨਹੀਂ ਸੀ ਆਈ, ਬਲਕਿ ਵਾਧੂ ਤੂੜਿਆ ਰਾਸ਼ਨ ਚਰਬੀ ਬਣੀ। ਤੁਹਾਨੂੰ ਤੁਹਾਡੇ ਵਧ ਰਹੇ ਢਿੱਡ ਨੇ ਸਿਗਨਲ ਦਿੱਤਾ ਸੀ ਕਿ ਇਨਾ ਰਾਸ਼ਨ ਮੇਰੀ ਲੋੜ ਨਹੀਂ, ਪਰ ਜ਼ੁਬਾਨ ਨੇ ਤੁਹਾਡੀ ਪੇਸ਼ ਨਹੀਂ ਜਾਣ ਦਿੱਤੀ।

ਵਾਯਾਤ ਖਾ ਖਾ ਕੇ ਦੇਹ ਦੀ ਗੱਠੜੀ ਮੈਂ ਇਨੀ ਭਾਰੀ ਕਰ ਲੈਂਨਾ ਹਾਂ ਕਿ ਉਹ ਗੋਡਿਆਂ ਮੇਰਿਆਂ ਤੋਂ ਚੁੱਕ ਨਹੀਂ ਹੁੰਦੀ ਤੇ ਕਈ ਵਾਰ ਚਾਲੀਆਂ ਵਿਚ ਹੀ ਗੋਡੇ ਵੀਂਗੇ ਹੋ ਕੇ ਚਾਲ ਮੇਰੀ ਪੰਜਾਬ ਰੋਡਵੇਜ ਦੀ ਇੱਕ ਪਾਸਿਓਂ ਟੁੱਟੀ ਕਮਾਨੀ ਦੀ ਬੱਸ ਵਰਗੀ ਹੋ ਜਾਂਦੀ। ਬੰਦਾ ਕਿਸੇ ਪਾਸੇ ਤੁਰ ਰਿਹਾ ਹੁੰਦਾ ਲੱਤਾਂ ਕਿਸੇ ਪਾਸੇ ਜਾ ਰਹੀਆਂ ਹੁੰਦੀਆਂ। ਅਖੀਰ ਤੱਕ ਜਾਦਿਆਂ ਤਾਂ ਬੰਦਾ ਉਂਝ ਹੀ ਕਈ ਵਾਰ ਅਸ਼ਟਾਬੱਕਰ ਜਾਪਦਾ ਹੁੰਦਾ ਜਿਸ ਦੇ ਪੈਂਦੇ ਵਲ ਗਿਣੇ ਹੀ ਨਹੀਂ ਜਾਂਦੇ!

ਮੋਟਾਪਾ ਸਾਰੀਆਂ ਨਹੀਂ ਤਾਂ ਬਹੁਤੀਆਂ ਬਿਮਾਰੀਆਂ ਦੀ ਜੜ੍ਹ ਹੈ। ਬਲਕਿ ਮੋਟਾਪਾ ਖੁਦ ਹੀ ਇੱਕ ਬਿਮਾਰੀ ਹੈ! ਪਰ ਬੰਦੇ ਨੇ ਇਸ ਤੋਂ ਬਚਣ ਦੇ ਤਰੀਕੇ ਹੋਰ ਵੀ ਭਿਆਨਕ ਲੱਭ ਲਏ ਨੇ। ਉਹ ਪਤਾ ਕੀ? ਮੋਟਾਪਾ ਘਟਾਉਣ ਦੀਆਂ ਦਵਾਈਆਂ!! ਯਾਣੀ ਬਿਨਾ ਹੱਥ ਪੈਰ ਮਾਰੇ ਸ਼ਿਟੀ ਵਰਗਾ! ਇਨਾ ਬਾਰੇ ਕਿਤੇ ਫਿਰ ਗੱਲ ਕਰਾਂਗੇ, ਪਰ ਮੋਟਾਪੇ ਦੀ ਸਭ ਤੋਂ ਵੱਡੀ ਤੇ ਕਾਰਗਰ ਦਵਾਈ ਤੁਸੀਂ ਖੁਦ ਹੋ। ਤੁਸੀਂ ਕਿਵੇਂ ਰਹਿਣਾ, ਕਿਵੇਂ ਜਿਉਂਣਾ, ਇਸ ਦਾ ਹੱਲ ਤੁਹਾਡੇ ਖੁਦ ਦੇ ਕੋਲੇ ਹੈ। ਤੁਸੀਂ ਹੇਠਾਂ ਅੱਗ ਬਾਲ ਕੇ ਉਪਰੋਂ ਪਾਣੀ ਪਾਈ ਜਾਵੋਂ ਇਹ ਤਾਂ ਤੁਸੀਂ ਦੋਹਰਾ ਜੋਰ ਲਾਈ ਜਾ ਰਹੇ ਹੋਂ। ਇੱਕ ਬੰਨੇ ਰਾਸ਼ਨ ਤੂੜੀ ਜਾਣਾ ਦੂਜਾ ਦਵਾਈਆਂ ਖਾਈ ਜਾਣੀਆਂ, ਇਹ ਤੁਸੀਂ ਅਪਣੀ ਦੇਹ ਉਪਰ ਦੋਹਰਾ ਜੁਲਮ ਕਰ ਰਹੇ ਹੁੰਨੇ ਹੋਂ। ਇੱਕ ਰਾਸ਼ਨ ਹਜਮ ਕਰਨ ਦਾ ਤੇ ਦੂਜਾ ਦਵਾਈਆਂ ਬੰਨੇ ਲਾਉਂਣ ਦਾ! ਅੰਦਰ ਦਵਾਈ ਘੋਲਣ ਲਈ ਅਤੇ ਉਸ ਵਿਚਲੇ ਕੈਮੀਕਲਾਂ ਨੂੰ ਮਾਰਨ ਲਈ ਵੀ ਤੁਹਾਡੇ ਅੰਦਰ ਦੇ ਕਾਮਿਆਂ ਨੂੰ ਦੋਹਰਾ ਜੋਰ ਲਾਉਂਣਾ ਪੈਂਦਾ ਹੈ।

ਯਾਦ ਰਹੇ ਕਿ ਦੇਹ ਨੂੰ ਚਲਾਉਂਣ ਲਈ ਕੇਵਲ ਤੇ ਕੇਵਲ ਦੋ ਹੀ ਦਵਾਈਆਂ ਹਨ ਇੱਕ ਚੰਗੀ ਖੁਰਾਕ ਤੇ ਦੂਜਾ ਸਰੀਰ ਦੀ ਹਿੱਲਜੁਲ ਯਾਣੀ ਮਿਹਨਤ! ਜਿੰਦਗੀ ਨੂੰ ਰਿਹੜਨ ਦੇ ਇਹ ਦੋ ਪਹੀਏ ਹਨ, ਪਰ ਹੈਰਾਨੀ ਕਿ ਇਹ ਦੋਵੇਂ ਹੀ ਪੈਂਚਰ? ਦੋਹਾਂ ਟਾਇਰਾਂ ਵਿਚ ਹੀ ਹਵਾ ਹੈ ਨਹੀਂ। ਨਾ ਚੰਗੀ ਖੁਰਾਕ ਤੇ ਨਾ ਭੱਜ ਦੌੜ! ਤੇ ਨਤੀਜਾ? ਨਤੀਜਾ ਡਾਕਟਰਾਂ ਦੇ ਧੱਕੇ! ਪੂਰਾ ਜੀਵਨ ਡਾਕਟਰਾਂ ਦੇ ਧੱਕੇ 'ਤੇ ਹੋ ਲਿਆ। ਡਾਕਟਰ ਜਿੰਨਾ ਕੁ ਧੱਕਾ ਲਾਉਂਦਾ ਗੱਡੀ ਰਿੜਦੀ ਫਿਰ ਬੱਅਸ! ਤੁਸੀਂ ਫਿਰ ਜਾਨੇ ਉਹ ਧੱਕਾ ਬਦਲ ਕੇ ਲਾ ਦਿੰਦਾ ਯਾਣੀ ਦਵਾਈ ਬਦਲ ਦਿੰਦਾ। ਡਾਕਟਰ ਵੀ ਉਨਾ ਕੁ ਧੱਕਾ ਲਾਉਂਦਾ ਕਿ ਤੁਹਾਡਾ ਆਉਂਣ ਜਾਣ ਬਣਿਆ ਰਹੇ। ਉਸ ਦੀ ਦਿੱਤੀ ਦਵਾਈ ਇੱਕ ਬਿਮਾਰੀ ਡੇਗਦੀ ਦੋ ਹੋਰ ਖੜੀਆਂ ਕਰ ਦਿੰਦੀ। ਫਿਰ ਤੁਸੀਂ ਉਨ੍ਹਾਂ ਲਈ ਦੌੜ ਪੈਂਦੇ ਹੋਂ। ਫਾਰਮੇਸੀਆਂ ਤੇ ਡਾਕਟਰਾਂ ਦੇ ਰਲ ਕੇ ਲੱਗਦੇ ਧੱਕਿਆਂ ਨਾਲ ਜਿੰਦਗੀ ਖੁਦ ਹੀ ਧੱਕਾ ਹੋ ਕੇ ਰਹਿ ਜਾਂਦੀ ਹੈ। ਹੋਰ ਹੈਰਾਨੀ ਦੀ ਗੱਲ ਕਿ ਡਾਕਟਰ ਖੁਦ ਦੇਸੀ ਦਵਾਈ ਖਾ ਰਿਹਾ ਹੁੰਦਾ ਤੁਹਾਨੂੰ ਅੰਗਰੇਜੀ ਧੱਕੇ ਲਾਈ ਜਾਂਦਾ?

ਦੌੜਨਾ, ਭੱਜਣਾ, ਤੁਰਨਾ, ਜਿੰਮ ਜਾਣਾ ਯਾਣੀ ਕਸਰਤ ਕਰਨਾ ਉਹ ਦਵਾਈ ਹੈ ਜਿਹੜੀ ਹਾਲੇ ਤੱਕ ਕਿਸੇ ਡਾਕਟਰ ਕੋਲੇ ਹੈ ਹੀ ਨਹੀਂ। ਕੋਈ ਔਸ਼ਧੀ ਨਹੀਂ ਬਣੀ ਹਾਲੇ ਤੱਕ ਦੇਹ ਨੂੰ ਤੰਦਰੁਸਤ ਰੱਖਣ ਲਈ ਜਿਹੜੀ ਤੁਹਾਡੇ ਖੁਦ ਦੇ ਕੋਲੇ ਹੈ।

ਆਲਸ ਦਫਨਾ ਦਿਓ ਤੁਸੀਂ ਦੇਖੋਂਗੇ ਕਿ ਕਿੰਨੀਆਂ ਔਸ਼ਧੀਆਂ ਤੁਹਾਡੀ ਦੇਹ ਖੁਦ ਹੀ ਪੈਦਾ ਕਰ ਲੈਂਦੀ ਹੈ ਅਪਣੇ ਅੰਦਰ। ਉਹ ਔਸ਼ਧੀਆਂ ਪੈਦਾ ਹੁੰਦੀਆਂ ਤੁਹਾਡੀ ਸਰੀਰਕ ਮੁਸ਼ਕੱਤ ਵਿਚੋਂ। ਤੁਹਾਡੇ ਜੋਰ ਨਾਲ ਤੁਰਨ, ਦੌੜਨ ਜਾਂ ਮਿਹਨਤ ਨਾਲ। ਤੁਹਾਡੀ ਦੇਹ ਵਿਚੋਂ ਪੈਦਾ ਹੋਏ ਪਸੀਨੇ ਦੀ ਇੱਕ ਇੱਕ ਬੂੰਦ ਤੁਹਾਡੀ ਦੇਹ ਲਈ ਔਸ਼ਧੀ ਹੈ। ਪਸੀਨਾ ਤੁਹਾਡੀ ਦੇਹ ਦੇ ਅੰਦਰਲੇ ਰੋਗਾਂ ਨੂੰ ਧੋ ਕੱਢਦਾ ਹੈ। ਤੁਹਾਡੇ ਮੁਟਾਪੇ ਨੂੰ ਖੋਰ ਸੁੱਟਦਾ ਹੈ। ਤੁਹਾਡੀ ਅੰਦਰਲੀ ਭੱਠੀ ਨੂੰ ਤੇਜ ਕਰਦਾ ਹੈ ਜਿਹੜੀ ਤੁਹਾਡਾ ਅੰਦਰਲਾ ਗਿੱਲਾ ਸੁੱਕਾ ਬਾਲਣ ਸਭ ਫੂਕ ਸੁੱਟਦਾ ਹੈ।

ਮੇਰੀ ਮੁਸ਼ਕਲ ਕੀ ਹੈ ਕਿ ਮੈਂ ਬਾਲਣ ਗਿੱਲਾ ਪਾਈ ਜਾਨਾ, ਪਰ ਹੇਠਾਂ ਅੱਗ ਬਾਲਦਾ ਹੀ ਨਹੀਂ। ਕਸਰਤ ਕਰਨਾ ਦੇਹ ਦੀ ਭੱਠੀ ਦੀ ਅੱਗ ਨੂੰ ਤੇਜ ਕਰਨਾ ਹੈ ਤਾਂ ਕਿ ਤੁਹਾਡਾ ਸੁੱਟਿਆ ਗਿੱਲਾ ਬਾਲਣ ਸੜ ਜਾਏ। ਸਮੋਸੇ, ਪਕੌੜੇ, ਮਠਿਆਈਆਂ, ਛੋਲੇ-ਭਟੂਰੇ, ਬਰਗਰ, ਫਰਾਹੀਆਂ, ਕੋਕ-ਬੱਤੇ ਸਭ ਗਿਲਾ ਬਾਲਣ ਹੀ ਤਾਂ ਹੈ। ਧੂੰਆਂ ਨਹੀਂ ਹੋਵੇਗਾ ਤਾਂ ਕੀ ਹੈ।

ਤੁਸੀਂ ਅਪਣੇ ਪਿੰਡਾਂ ਵਿਚੋਂ ਲੱਭੋ ਕਿ ਅਪਣੇ ਵਡੇਰਿਆਂ ਵਿਚੋਂ ਕਿਸੇ ਦਾ ਢਿੱਡ ਹੁੰਦਾ ਸੀ? ਸੋਚ ਕੇ ਦੇਖੋ ਕਿ ਕਿੰਨੇ ਕੁ ਢਿੱਢਲ ਹੁੰਦੇ ਸਨ ਤੁਹਾਡੇ ਪਿੰਡ? ਹਾਲਾਂ ਕਿ ਉਹ ੮-੮ ਰੋਟੀਆਂ ਖਾ ਜਾਂਦੇ ਸਨ, ਦੁੱਧ, ਦਹੀਂ, ਘਿਓ ਛੰਨਿਆਂ ਨਾਲ ਪੀਂਦੇ ਸਨ। ਸਭ ਹਜਮ! ਕਿਉਂ? ਕਿਉਂਕਿ ਜੋਰ ਵਾਲੇ ਕੰਮ ਨਾਲ ਅੰਦਰਲੀ ਭੱਠੀ ਲੱਟ ਲੱਟ ਬਲਦੀ ਤੇ ਸਭ ਖਾਧਾ ਸਾੜੀ ਤੁਰੀ ਜਾਂਦੀ।

ਮੇਰਾ ਜੀਵਨ ਢੰਗ ਹੀ ਉਲਟ ਪੁਲਟ ਹੋ ਗਿਆ। ਜਿਹੜੀ ਚੀਜ ਦੌੜਾਉਂਣੀ ਸੀ ਉਹ ਨਿਸਲ ਕਰ ਲਈ, ਜਿਹੜੀ ਨਿਸਲ ਕਰਨੀ ਸੀ ਉਹ ਮੈਂ ਦੌੜਾਈ ਫਿਰਦਾਂ। ਯਾਣੀ ਜ਼ੁਬਾਨ ਨਿਸਲ ਕਰਨੀ ਸੀ, ਉਹ ਖੜੋਦੀ ਨਹੀਂ ਤੇ ਲੱਤਾਂ ਦੌੜਾਉਂਣੀਆਂ ਸਨ, ਉਹ ਨਿਸਲ ਕਰ ਲਈਆਂ। ਜਿਸ ਦਿਨ ਮੈਂ ਉਲਟ ਸ਼ੁਰੂ ਕਰ ਲਿਆ ਉਸੇ ਦਿਨ ਬਿਮਾਰੀਆਂ ਤੇ ਮੋਟਾਪਾ ਦੌੜਨਾ ਸ਼ੁਰੂ ਹੋ ਜਾਏਗਾ ਯਾਣੀ ਜ਼ੁਬਾਨ ਬੰਨ ਲਓ ਤੇ ਲੱਤਾਂ ਖੋਹਲ ਦਿਓ!!!!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top