ਨਿੱਤ
ਦਾ ਨੇਮ। ਨਿੱਤ ਨਿਭਾਇਆ ਜਾਣ ਵਾਲਾ ਨੇਮ। ਪਰ ਜੇ ਤੁਸੀਂ ਇਸ
ਨਿੱਤ ਦੇ ਨੇਮ ਨੂੰ ਇਨਾ ਜਿਆਦਾ ਜਟਲ ਕਰ ਦਿਓਂ ਤਾਂ ਲੋਕ ਦੌੜ ਜਾਣਗੇ।
ਦੌੜ ਹੀ ਗਏ ਨੇ। ਸਿੱਖ ਨਿੱਤਨੇਮ ਤੋਂ ਕਰੀਬਨ ਦੌੜ ਹੀ
ਗਿਆ ਹੈ। ਡਰਦਾ ਹੀ ਦੌੜ ਗਿਆ ਹੈ। ਜਿਉਂ ਹੀ ਉਹ
ਨਿੱਤਨੇਮ ਤੋਂ ਦੌੜਿਆ ਨਾਲ ਹੀ ਪਾਹੁਲ ਤੋਂ ਵੀ ਦੌੜ ਲਿਆ। ਯਾਣੀ ਸਿੱਖ ਅੰਮ੍ਰਿਤ ਨਾਲੋਂ
ਵੀ ਟੁੱਟ ਗਿਆ। ਪਤਾ ਕਿਉਂ ਟੁੱਟ ਗਿਆ? ਉਹ ਸੋਚਦਾ ਨਿੱਤਨੇਮ ਹੋਣਾ ਨਹੀਂ ਕਿਉਂ
ਪਾਹੁਲ ਲੈ ਕੇ 'ਪਾਪਾਂ ਦਾ ਭਾਗੀ ਬਣਾਂ!
ਤੁਹਾਨੂੰ ਕਦੇ ਜਾਪਦਾ ਨਹੀਂ ਜਿਵੇਂ ਦੌੜਾਉਂਣ ਲਈ ਹੀ ਇਹ ਕੀਤਾ ਗਿਆ ਹੋਵੇ?
ਸਰਲ ਗੱਲ ਨੂੰ ਤੁਸੀਂ ਔਖੀ ਕਰ ਕੇ ਇਨੀ ਔਖੀ ਕਰਕੇ ਦੱਸੋ, ਕਿ ਸੁਣਨ ਵਾਲਾ ਦੌੜ ਜਾਏ! ਤੇ ਸਿੱਖ ਨਿੱਤਨੇਮ ਤੋਂ ਦੌੜ
ਗਿਆ। ਨਿੱਤਨੇਮ ਦੇ ਨਾ 'ਤੇ ਜੋ ਉਸ ਨੂੰ ਦੱਸਿਆ ਗਿਆ ਉਹ ਦੌੜਨ ਹੀ ਵਾਲਾ ਸੀ।
ਹਰੇਕ ਸੰਤ ਕਹਿੰਦਾ ਉਸ ਨੇ ਇਨੇ ਲੱਖਾਂ ਨੂੰ ਅੰਮ੍ਰਿਤ ਛਕਾਇਆ ਦਰਅਸਲ ਉਹ ਝੂਠ ਵੀ ਨਹੀਂ
ਬੋਲਦੇ। ਲੋਕ ਭਾਵੁਕ ਹੋਏ ਛੱਕ ਲੈਂਦੇ ਹਨ, ਪਰ ਮਹੀਨੇ ਕੁ
ਬਾਅਦ ਕ੍ਰਿਪਾਨ ਲਾਹ ਦਿੰਦੇ ਹਨ ਤੇ ਲਾਹ ਦੇਣ ਵਾਲਿਆਂ ਦਾ ਬਹੁਤਿਆਂ ਦਾ ਕਹਿਣਾ ਹੈ ਕਿ
ਨਿੱਤਨੇਮ ਨਹੀਂ ਹੁੰਦਾ। ਹੁੰਦਾ
ਕਿਉਂ ਨਹੀਂ? ਕਿਉਂਕਿ ਉਨ੍ਹਾਂ ਦੇ ਸਮਝ ਹੀ ਨਹੀਂ ਆਉਂਦਾ?
ਇੱਕ ਘੰਟੇ ਵਿੱਚ ਜੋ ਤੁਸੀਂ ਕਰਦੇ ਹੋਂ, ਤਾਂ ਵਾਕਿਆ ਹੀ ਉਸ
ਵਿਚੋਂ ਕੁੱਝ ਸਮਝ ਨਹੀਂ ਆਉਂਦਾ। ਪੰਜ ਬਾਣੀਆਂ ਵਿਚੋਂ ਹਾਲੇ ਤੱਕ ਤਾਂ ਤੁਹਾਡੇ ਮੁਲਾਣਿਆਂ
ਨੂੰ ਕੁੱਝ ਸਮਝ ਨਹੀਂ ਆਇਆ, ਆਮ ਦੀ ਛੱਡੋ। ਜਿਹੜੀ ਗੱਲ ਤੁਹਾਡੇ ਸਮਝ ਨਾ ਆਵੇ,
ਤੇ ਤੁਸੀਂ ਵਾਰ ਵਾਰ ਉਸ ਨੂੰ ਕਰੀ ਜਾਓਂ, ਤਾਂ ਇੱਕ ਦਿਨ ਤੁਸੀਂ ਉਸ ਤੋਂ ਦੌੜ ਜਾਉਂਗੇ।
ਮੇਰੀ ਪਤਨੀ, ਨਿਆਣੇ, ਬਜ਼ੁਰਗ ਸਾਰੇ ਅੰਮ੍ਰਿਤਧਾਰੀ ਨੇ। ਪਤਨੀ ਮੇਰੀ ਇੱਕ ਦਿਨ ਇਸ ਗੱਲੋਂ
ਗਾਤਰਾ ਲਾਹੁਣਾ ਚਾਹੁੰਦੀ ਸੀ, ਕਿ ਉਸ ਕੋਲੋਂ ਨਿੱਤਨੇਮ ਨਹੀਂ ਹੁੰਦਾ ਤੇ ਉਹ ਕਿਉਂ
ਕ੍ਰਿਪਾਨ ਪਾ ਕੇ ਪਖੰਡ ਕਰੇ ਕਿ ਉਹ ਅੰਮ੍ਰਿਤਧਾਰੀ ਹੈ। ਦਰਅਸਲ ਉਹ ਕੰਮ 'ਤੇ ਜਾਂਦੀ ਹੈ।
ਤਿੰਨ ਬਜ਼ੁਰਗ ਨੇ ਘਰ, ਨਿਆਣੇ ਨੇ। ਕੰਮ ਤੋਂ ਆ ਕੇ ਸਭ ਦੀ ਦੇਖ ਭਾਲ।
ਮੈਂ ਉਸ ਨੂੰ ਦੱਸਿਆ ਨਿੱਤਨੇਮ ਤਾਂ ਸੌਖਾ ਬੜਾ, ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚਲਾ
ਕਰ ਲਿਆ ਕਰ। ਉਹ ਰੋਜ਼ ਕਰਦੀ ਹੈ ਹੁਣ, ਤੇ ਉਸ ਦੇ ਮਨ 'ਤੇ ਕੋਈ ਬੋਝ ਨਹੀਂ ਕਿ ਉਹ ਕਿਤੇ
ਪੰਖਡ ਤਾਂ ਨਹੀਂ ਕਰੀ ਰਹੀ?
ਤੁਸੀਂ ਰੋਜ਼ ਗੁਰਬਾਣੀ ਪੜਦੇ ਹੋਂ, ਤਾਂ ਤੁਹਾਡੇ ਅਤੇ ਗੁਰੂ ਦੇ
ਵਿਚਾਲੇ ਇੱਕ ਰਸਤਾ ਬਣਿਆ ਰਹਿੰਦਾ ਹੈ। ਤੁਸੀਂ ਕਿਸੇ ਰਾਹ 'ਤੇ ਤੁਰਨਾ ਹੀ ਛੱਡ
ਦਿਓ, ਤਾਂ ਰਾਹ ਆਪਣੇ ਆਮ ਬੰਦਾ ਹੋ ਜਾਂਦਾ ਹੈ। ਪਰ ਬਹੁਤੇ ਲੋਕ ਇਸ ਗੱਲੇ ਹੀ ਤੁਰਨਾ ਛੱਡ
ਗਏ ਕਿ ਰਸਤਾ ਜਟਲ ਹੈ। ਜਦ ਮੈਂ ਗੁਰਬਾਣੀ ਨਾਲੋਂ ਟੁੱਟਦਾ
ਹਾਂ, ਤਾਂ ਗੁਰੂ ਲਿਵ ਨਾਲੋਂ ਵੀ ਟੁੱਟ ਜਾਂਦਾ ਹਾਂ। ਗੁਰੂ ਲਿਵ ਨਾਲੋਂ ਟੁੱਟੇ
ਹੋਏ ਬੰਦੇ ਵਿਚੋਂ ਕੌਮੀਅਤ ਆਪਣੇ ਆਪ ਮਰ ਜਾਂਦੀ ਹੈ, ਤੇ ਤੁਸੀਂ ਦੇਖ ਰਹੇ ਹੋਂ ਕੌਮ ਵਿਚੋਂ
ਕੌਮੀਅਤ ਮਰ ਰਹੀ ਹੈ।
"ਰਹਿਰਾਸ" ਕਰੀਬਨ ਛੇ ਤਰ੍ਹਾਂ ਦੀ ਪੜੀ ਜਾਂਦੀ ਹੈ।
ਨਿਹੰਗ ਆਪਣੀ ਪੜ੍ਹਦੇ,
ਨਾਨਕਸਰੀਆਂ ਦੀ ਵੱਖਰੀ, ਹਜ਼ੂਰ ਸਾਹਿਬ ਵਾਲਿਆਂ
ਦੀ ਹੋਰ, ਟਕਸਾਲੀਆਂ ਦੀ ਹੋਰ ਤੇ
ਦਰਬਾਰ ਸਾਹਬ ਵਾਲਿਆਂ ਦੀ ਹੋਰ।
ਤੁਸੀਂ ਦੱਸੋ ਕਿ ਜਿਸ ਕੌਮ ਵਿਚ ਇੰਨੀ ਏਕਤਾ ਨਹੀਂ ਕਿ ਉਹ ਨੌ
ਸ਼ਬਦਾਂ ਦੀ ਰਹਿਰਾਸ (ਸੋਦਰ ਤੇ ਸੋ ਪੁਰਖੁ) 'ਤੇ ਹੀ ਇੱਕ ਹੋ ਜਾਏ, ਤਾਂ ਉਸ ਵਿਚ ਕੌਮੀਅਤ
ਕਿਥੇ ਰਹਿ ਜਾਊ? ਕਿਉਂ ਨਹੀਂ
ਰਲਕੇ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੀ ਹੀ ਪੜ ਲੈਂਦੇ! ਘੱਟੋ ਘੱਟ ਇਹ ਪਾਟੋ
ਧਾੜ ਤਾਂ ਨਿਬੜੇ!
ਸਵੇਰੇ ਜਪੁ, ਸ਼ਾਮੀਂ ਸ੍ਰੀ ਗੁਰੂ ਗਰੰਥ
ਸਾਹਿਬ ਵਿੱਚਲੀ ਰਹਿਰਾਸ (ਸੋਦਰ ਤੇ ਸੋ ਪੁਰਖੁ) ਤੇ ਸੌਣ ਤੋਂ ਪਹਿਲਾਂ ਸੋਹਿਲਾ।
ਦੱਸੋ ਕਿਹੜਾ ਸਿੱਖ ਨਹੀਂ ਕਰੇਗਾ, ਤੇ
ਜਦ ਕਰੇਗਾ ਤਾਂ ਉਹ ਗੁਰਬਾਣੀ ਨਾਲ ਜੁੜਿਆ ਨਹੀਂ ਰਹੇਗਾ? ਅੰਮ੍ਰਿਤ ਨਾਲੋਂ ਟੁੱਟਣੋਂ ਬਚੇਗਾ
ਨਹੀਂ ?