Share on Facebook

Main News Page

ਦਸਤਾਰ ਬਨਾਮ ਮੋਟਰਸਾਈਕਲ
-: ਗੁਰਦੇਵ ਸਿੰਘ ਸੱਧੇਵਾਲੀਆ

ਮੇਰੇ ਘਰ ਦੇ ਸਾਹਵੇਂ ਸੜਕ ਉਪਰ ਇੱਕ ਤੋਂ ਦੂਜੀ ਟਰੈਫਿਕ ਲਾਈਟ ਕਾਫੀ ਫਰਕ ਨਾਲ ਹੋਣ ਕਰਕੇ ਗੱਡੀਆਂ ਆਮ ਨਾਲੋਂ ਤੇਜ ਹੋ ਜਾਦੀਆਂ ਹਨ। ਬਹੁਤੀ ਵਾਰੀ ਪੁਲਿਸ ਵਾਲਾ ਖੜਾ ਹੀ ਰਹਿੰਦਾ। ਗਰਮੀਆਂ ਵਿਚ ਮੋਟਰਸਾਈਕਲ ਵੀ ਆਮ ਲੰਘਦੇ ਤੇ ਜਦ ਉਹ ਲੰਘਦੇ ਉਨ੍ਹਾਂ ਬਾਰੇ ਕਿਸੇ ਦੀ ਵੀ ਚੰਗੀ ਰਾਇ ਨਹੀਂ ਹੁੰਦੀ। ਹੋ ਸਕਦੀ ਹੀ ਨਹੀਂ। ਉਨਾਂ ਦੇ ਪੈਂਦੇ ਜਾਂਦੇ ਰਾੜ ਸੁਣਕੇ ਕੋਈ ਵੀ ਉਨ੍ਹਾਂ ਬਾਰੇ ਚੰਗੀ ਰਾਇ ਨਹੀਂ ਰੱਖ ਸਕਦਾ।

ਕੁਝ ਦਿਨ ਹੋਏ ਹਾਈਵੇਅ ਦੇ ਉਪਰ ਕਈ ਜਣੇ ਮੋਟਰਸਾਈਲਾਂ 'ਤੇ ਜਾ ਰਹੇ ਸਨ ਕਈ ਕਈ ਚਿਰ ਦੂਰ ਤੱਕ ਅਗਲਾ ਚੱਕਾ ਚੁੱਕੀ! ਤੁਹਾਨੂੰ ਕੀ ਲੱਗਦਾ ਕਿ ਨਾਲ ਗੱਡੀਆਂ ਤੇ ਜਾ ਰਹੇ ਲੋਕਾਂ ਨੂੰ ਉਹ ਚੰਗੇ ਲੱਗ ਰਹੇ ਸਨ। ਤੁਹਾਡੇ ਲਾਗੋਂ ਜਦ ਕਦੇ 20-40 ਬਾਈਕਰ ਦੁਹਾਈਆਂ ਪਾਉਂਦੇ ਲੰਘਦੇ ਤਾਂ ਤੁਸੀਂ ਕੀ ਉਨ੍ਹਾਂ ਨੂੰ ਬਹੁਤ ਆਦਰ ਦਿੰਦੇ ਹੋਂ?

ਦਸਤਾਰ ਅਤੇ ਮੋਟਰਸਾਈਕਲ ਨੂੰ ਰੱਲਗੱਡ ਕਰਨ ਵਾਲੇ ਇਹ ਹੀ ਸਪੱਸ਼ਟ ਨਹੀਂ ਕਰ ਸਕੇ ਕਿ ਉਹ ਲੜਾਈ ਦਸਤਾਰ ਦੀ ਲੜ ਰਹੇ ਹਨ ਜਾਂ ਮੋਟਰਸਾਈਲ ਚਲਾਉਂਣ ਦੀ? ਦਸਤਾਰ ਦੀ ਸਾਡੀ ਲੜਾਈ ਤਾਂ ਹੋਵੇ ਜੇ ਸਾਨੂੰ ਦਸਤਾਰ ਬੰਨ ਕੇ ਕਿਤੇ ਜਾਣ ਤੋਂ ਰੋਕ ਹੋਵੇ। ਦੱਸੋ ਕਿਥੇ ਰੋਕਦਾ ਕੋਈ?

ਵਕੀਲ, ਜੱਜ, ਪੁਲਿਸ ਵਾਲੇ, ਐਮ.ਪੀ., ਐਮ.ਐਲ.ਏ., ਮਨਿਸਟਰ, ਕਿਥੇ ਦਸਤਾਰ ਵਾਲਾ ਨਹੀਂ ਤੇ ਕਿਥੇ ਉਸ ਨੂੰ ਰੋਕਿਆ ਜਾਂਦਾ? ਤੁਹਾਡੇ ਨਿਆਣੇ ਚਾਹੇ ਗਰੇਡ ਇੱਕ ਤੋਂ ਦਸਤਾਰ ਬੰਨ ਕੇ ਚਲੇ ਜਾਣ ਕਿਸੇ ਰੋਕਿਆ? ਕੋਟ ਵਿਚ ਤੁਹਾਡੇ ਵਕੀਲ ਦਸਤਾਰਾਂ ਨਾਲ ਜਾਂਦੇ ਕੌਣ ਰੋਕਦਾ? ਬਸਾਂ ਵਿਚ ਦਸਤਾਰ ਵਾਲੇ ਸਿੱਖ ਕੀ ਬੀਬੀਆਂ ਵੀ ਡਰਾਈਵਰ ਹਨ ਕਿਸੇ ਰੋਕਿਆ?

ਦਰਅਸਲ ਮਸਲਾ ਦਸਤਾਰ ਦਾ ਨਹੀਂ। ਜਦ ਬੰਦੇ ਦਾ ਦਾਲ ਫੁਲਕੇ ਦਾ ਪ੍ਰਬੰਧ ਚਲਣ ਲੱਗ ਜਾਏ ਫਿਰ ਉਸ ਨੂੰ ਘੱਤਿਤਾਂ ਸੁੱਝਦੀਆਂ। ਬੰਦਾ ਫਿਰ ਕਿਤੇ ਨਾ ਕਿਤੇ ਕਿਸੇ ਚੌਧਰ ਵਾਲੇ ਪਾਸੇ ਹੱਥ ਪੈਰ ਮਾਰਦਾ, ਕਿਤੇ ਮੂਰਤੀਆਂ ਸ਼ੂਰਤੀਆਂ ਲੱਗਣ ਦਾ ਪ੍ਰਬੰਧ ਕਰਦਾ। ਰਾਜਨੀਤੀ ਵਾਲੇ ਪਾਸੇ ਹੋਵੇ ਚਾਹੇ ਗੁਰਦੁਆਰੇ ਦਾ ਪ੍ਰਬੰਧ। ਪ੍ਰਧਾਨਗੀ, ਮੈਂਬਰੀ ਸਕੱਤਰੀ ਕੁਝ ਤਾਂ ਹੋਵੇ!

ਆਮ ਬੰਦਾ ਤਾਂ ਵਿਚਾਰਾ ਮਾਰਗੇਜ ਜਾਂ ਬਿੱਲ ਬੱਤੀਆਂ ਹੇਠ ਹੀ ਦੱਬਿਆ ਪਿਆ। ਸਵੇਰੇ ਲੰਚ ਬਾਕਸ ਲੈ ਕੇ ਨਿਕਲਦਾ ਸ਼ਾਮ ਨੂੰ ਘਰੇ ਆ ਕੇ ਮੂਧਾ ਹੋ ਜਾਂਦਾ। ਉਸ ਕੋਲੇ ਸਮਾ ਹੀ ਕਿਥੇ ਕਿ ਉਹ ਕਿਤੇ ਚੌਧਰ ਲਈ ਹੱਥ ਪੈਰ ਮਾਰੇ। ਇਹ ਵਿਹਲੇ ਜਿਹੇ ਹੋ ਚੁੱਕੇ ਲੋਕਾਂ ਦਾ ਕੰਮ ਹੈ ਕਿ ਸੁਰਖੀਆਂ ਵਿਚ ਰਹਿਣ ਦਾ ਕੋਈ ਨਾ ਕੋਈ ਮੁੱਦਾ ਛੇੜੀ ਰੱਖੋ।

ਨਹੀਂ ਤਾਂ ਤੁਸੀਂ ਦੱਸੋ ਕਿ ਕਿੰਨੇ ਲੋਕ ਹਨ ਘਰਾਂ ਵਿਚ ਕਿ ਉਨ੍ਹਾਂ ਦਾ ਨਿਆਣਾ ਜਦ 18 ਸਾਲ ਦਾ ਹੋਵੇ, ਤਾਂ ਉਹ ਉਸ ਨੂੰ ਮੋਟਰਸਾਈਕਲ ਲੈ ਕੇ ਦੇਣਾ ਚਾਹੁੰਦੇ ਹੋਣਗੇ? ਤੁਹਾਨੂੰ ਪੱਗ ਨਾਲ ਮੋਟਰਸਾਈਕਲ ਦੀ ਇਜਾਜਤ ਮਿਲ ਜਾਂਦੀ ਹੈ ਤੁਹਾਡੇ 20-40 ਨਿਆਣੇ ਇਕੱਠੇ ਹੋ ਕੇ ਸੜਕਾਂ ਤੇ ਅਰਾੜ ਪਾਉਂਦੇ ਲੰਘਦੇ ਹਨ, ਤਾਂ ਤੁਸੀਂ ਦੱਸੋ ਕਿ ਇਸ ਨਾਲ ਤੁਹਾਡੀ ਦਸਤਾਰ ਦੀ ਕਿੰਨੀ ਕੁ ਇੱਜਤ ਬਣਦੀ ਹੈ?

ਹਾਂਅ! ਜੇ ਸਾਡਾ ਮੋਟਰਸਈਕਲ ਬਿਨਾ ਸਰਦਾ ਨਾ ਹੋਵੇ, ਸਾਡੇ ਰੋਜਾਨਾ ਜੀਵਨ ਦਾ ਭਾਗ ਹੋਵੇ ਮੋਟਰਸਾਈਕਲ, ਸਾਡੇ ਕੰਮਾ ਉਪਰ ਆਉਂਣ ਜਾਣ ਦਾ ਸਾਧਨ ਹੋਵੇ ਫਿਰ ਤਾਂ ਕੋਈ ਗੱਲ ਭੀ ਬਣਦੀ ਕਿ ਅਸੀਂ ਟੋਪ ਪਾ ਕੇ ਨਹੀਂ ਚਲਾਉਂਣਾ ਚਾਹੁੰਦੇ। ਜੇ ਕੇਵਲ ਸ਼ੌਕ ਲਈ ਚਲਾਉਣਾ ਤਾਂ ਇਸ ਸ਼ੌਂਕ ਲਈ ਇਸ ਨੂੰ ਤੁਸੀਂ ਦਸਤਾਰ ਦੀ ਲੜਾਈ ਕਿਉਂ ਬਣਾਉਂਦੇ?

ਰਾਜਨੀਕਤ ਗਲਿਆਰਿਆਂ ਵਿਚ ਸਾਡਾ ਕੋਈ ਚੰਗਾ ਪ੍ਰਭਾਵ ਨਹੀਂ ਜਾਂਦਾ ਕਿ ਇਹ ਨਿਚੱਲੇ ਲੋਕ ਕੋਈ ਨਾ ਕੋਈ ਪੰਗਾ ਛੇੜੀ ਹੀ ਰੱਖਦੇ। ਜੇ ਤੁਸੀਂ ਵਿਹਲੇ ਹੀ ਹੋ ਗਏ ਹੋਂ ਤਾਂ ਹੋਰ ਕੰਮ ਬੜੇ ਪਏ ਕਰਨ ਵਾਲੇ। ਤੁਹਾਡੇ ਸਕੂਲਾਂ ਦੀਆਂ ਬਰੂਹਾਂ ਤੱਕ ਡਰੱਗ ਪਹੁੰਚ ਗਈ ਹੈ ਉਧਰ ਮਰ ਲਓ। ਲੋਕਾਂ ਨੂੰ ਮਾਨਸਿਕ ਤੌਰ 'ਤੇ ਬਿਮਾਰ ਕਰ ਰਹੀਆਂ ਤੁਹਾਡੀਆਂ ਅਖਬਾਰਾਂ ਪੰਡਤਾਂ ਮੁਲਾਣਿਆਂ ਦੇ ਇਸ਼ਿਤਿਹਾਰ ਦੇ ਕੇ ਉਨ੍ਹਾਂ ਦੁਆਲੇ ਹੋ ਲਓ।

ਮੋਟਰਸਾਈਕਲ ਗੈਂਗ ਜੇ ਤੁਸੀਂ ਬਣਾਉਂਣਾ ਹੀ ਹੈ ਤਾਂ ਬਣਾਓ, ਪਰ ਇਸ ਵਿਚ ਦਸਤਾਰ ਕਿਥੇ ਆ ਵੜੀ? ਸਾਨੂੰ ਸਾਡੀ ਦਸਤਾਰ ਦੀ ਆਜ਼ਾਦੀ ਹੈ। ਇਥੇ ਦੀ ਸਰਕਾਰ ਸਾਨੂੰ ਕਿਤੇ ਵੀ ਦਸਤਾਰ ਨਾਲ ਜਾਣੋ ਰੋਕਦੀ ਨਹੀਂ ਪਰ ਸਾਨੂੰ ਦਸਤਾਰਾਂ ਬੰਨ ਕੇ ਮੋਟਰਸਾਈਕਲ ਗੈਂਗ ਬਣਾ ਕੇ ਸੜਕਾਂ ਤੇ ਫਿਰਨ ਦਾ ਕੋਈ ਸ਼ੌਕ ਨਹੀਂ ਤੁਹਾਨੂੰ ਹੈ, ਤਾਂ ਟੋਪੀਆਂ ਪਾ ਕੇ ਫਿਰ ਲਵੋ ਸਾਡੀ ਦਸਤਾਰ ਦੇ ਆਦਰ ਨੂੰ ਮੂਰਖਾਨਾ ਕਾਰਵਾਈਆਂ ਨਾਲ ਬਦਨਾਮ ਨਾ ਕਰੋ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top