Share on Facebook

Main News Page

ਸਿਮਰਨ ਬਨਾਮ ਹੁੱਲੜਬਾਜੀ ?
-: ਗੁਰਦੇਵ ਸਿੰਘ ਸੱਧੇਵਾਲੀਆ

ਅਮਰੀਕਾ ਵਿੱਚ ਪ੍ਰੋ. ਧੂੰਦਾ ਦੀ ਕਥਾ ਵੇਲੇ ਸਿਮਰਨ ਦੇ ਨਾਂ 'ਤੇ ਹੋਈ ਹੁੱਲੜਬਾਜੀ ਚਰਚਾ ਵਿੱਚ ਹੈ। ਕਰਨ ਵਾਲੇ ਕੋਈ ਪਹਿਲੀ ਵਾਰ ਤਾਂ ਕਰ ਨਹੀਂ ਰਹੇ। ਇਹ ਹਰੇਕ ਲੜਾਈ ਵਿੱਚ ਵਾਹਿ ਗਰੂ ਨੂੰ ਢਾਲ ਬਣਾ ਕੇ ਵਰਤਦੇ ਹਨ। ਜਿਸ ਦੇ ਨਾਂ ਨੇ ਲੜਾਈ ਮਿਟਾਉਂਣੀ ਸੀ ਇਹ ਉਸੇ ਦੇ ਨਾਂ ਤੇ ਲੜਾਈ ਕਰ ਰਹੇ ਨੇ! ਬੜਾ ਅਜੀਬ ਵਾਹਿ ਗੁਰੂ ਹੈ ਇਨ੍ਹਾਂ ਦਾ! ਵਾਹਿ ਗੁਰੂ ਤਾਂ ਹਉਂ ਨੂੰ ਮਾਰ ਕੇ ਲੜਾਈ ਮਿਟਾਉਂਦਾ ਪਰ ਇਨ੍ਹਾਂ ਦਾ ਵਾਹਿਗੁਰੂ ?

ਕਿਸੇ ਨੂੰ ਚੁੱਪ ਕਰਾਉਂਣ ਲਈ ਅਤੇ ਲੜਾਈ ਕਰਨ ਲਈ ਵਾਹਿ ਗੁਰੂ ਜੀ ਨੂੰ ਵਰਤਣਾ ਘਟੀਆ ਹਰਕਤ ਹੈ। ਇਨਾ ਵਿੱਚੋਂ ਬਹੁਤੇ ਤਾਂ ਲਾਈ ਲੱਗ ਹਨ। ਉਨ੍ਹਾਂ ਨੂੰ ਦੱਸਿਆ ਜਾਂਦਾ ਕਿ ਇੰਝ ਦੀ ਕਥਾ ਨਾਲ ਧਰਮ ਨੂੰ ਖਤਰਾ ਹੋ ਜਾਂਦਾ। ਧਰਮ ਦੀ 'ਡੋਜ਼' ਦੇ ਕੇ ਲੋਕ ਲੜਾਏ ਜਾਂਦੇ ਹਨ। ਉਨ੍ਹਾਂ ਨੂੰ ਅਗੇ ਡਾਹਿਆ ਜਾਂਦਾ ਤੇ ਅਤੇ ਡਾਹੁਣ ਵਾਲੇ ਪਿੱਛੇ ਬੈਠ ਤਮਾਸ਼ਾ ਦੇਖਦੇ! ਗੁਰਦੁਆਰਿਆਂ ਵਿੱਚ ਤਾਂ ਚਲਦੇ ਹੱਥ ਦਿੱਸਦੇ, ਪਰ ਹੱਥਾਂ ਪਿੱਛੇ ਤਾਕਤ ਹਮੇਸ਼ਾ ਅਣਦਿੱਸਦੀ ਰਹਿੰਦੀ।

ਤੁਸੀਂ ਕਹਿੰਦੇ ਸ਼ਰਾਬ ਮਾੜੀ ਪਰ ਕਦੇ ਠੇਕੇ ਤੇ ਲੋਕ ਲੜਦੇ ਦੇਖੇ ਤੁਸੀਂ? ੧੦੦ ਬੰਦਾ ਇਕੱਠਾ ਬੈਠਾ ਪੀਂਦਾ ਤੇ ਗਾਉਂਦਾ ਨਿਕਲ ਜਾਂਦਾ। ਪਰ ਗੁਰਦੁਆਰੇ? ਜਿਥੇ ਨਸ਼ੇ ਛਡਾਏ ਜਾਂਦੇ? ਇਹ ਤਾਂ ਸ਼ਰਾਬੀਆਂ ਨਾਲੋਂ ਵੀ ਗਏ ਗੁਜਰੇ? ਸਤੁੰਲਨ ਹੀ ਕੋਈ ਨਹੀਂ ਸਿਰ ਦਾ! ਸਿਰ ਰੱਖ ਹੀ ਪਤਾ ਨਹੀਂ ਕਿਥੇ ਆਉਂਦੇ! ਨਾਸਤਿਕ ਧਰਮ ਨੂੰ ਜਦ ਨਸ਼ਾ ਕਹਿੰਦਾ ਤਾਂ ਸਾਨੂੰ ਦੁੱਖ ਹੁੰਦਾ ਕਿ ਧਰਮ ਦੀ ਤੁਲਨਾ ਨਸ਼ੇ ਨਾਲ ਕਿਉਂ ਕਰਦੇ ਨੇ! ਪਰ ਤੁਸੀਂ ਸਾਬਤ ਵੀ ਤਾਂ ਹੋਰ ਕੁਝ ਨਹੀਂ ਕਰ ਰਹੇ! ਤੁਸੀਂ ਮੌਕਾ ਵੀ ਤਾਂ ਦੇ ਰਹੇ ਹੋਂ ਕਿ ਉਹ ਕਹਿਣ ਇੰਝ! ਨਹੀਂ ਤਾਂ ਸੋਫੀ ਬੰਦੇ ਇੰਝ ਕਰਦੇ ਜਿਵੇ ਇਹ ?

ਧਰਮ ਨਸ਼ਾ ਨਹੀਂ, ਬਲਕਿ ਜੀਵਨ ਜਾਚ ਦਾ ਨਾਂ ਧਰਮ ਹੈ। ਅਪਣੀ ਕਹਿਣੀ ਤੇ ਕਿਸੇ ਦੀ ਸੁਣਨੀ ਯਾਣੀ ਸ਼ਹਿਣਸ਼ੀਲਤਾ। ਧਰਮ ਨੂੰ ਕਦੇ ਖਤਰਾ ਨਹੀਂ ਹੁੰਦਾ ਕਿਸੇ ਕੋਲੋਂ ਵੀ ਨਹੀਂ। ਧਰਮ ਕਦੇ ਵੀ ਖਤਰੇ ਵਿੱਚ ਨਹੀਂ ਹੋਇਆ! ਸੱਚ ਨੂੰ ਕਾਹਦਾ ਖਤਰਾ? ਧਰਮ ਨੂੰ ਜੇ ਖਤਰਾ ਹੁੰਦਾ ਤਾਂ ਸਭ ਤੋਂ ਵੱਧ 'ਧਰਮੀ' ਕੋਲੋਂ ਹੀ!

ਹੁਣ ਤੁਸੀਂ ਦੱਸੋ ਕਿ ਅਰੰਗਜੇਬ ਦੇ ਧਰਮ ਨੂੰ ਖਤਰਾ ਖੁਦ ਅਰੰਗਜੇਬ ਕੋਲੋਂ ਹੀ ਨਹੀਂ ਸੀ, ਜਾਂ ਉਸ ਵੇਲੇ ਦੇ ਮੁਲਾਣੇ ਕੋਲੋਂ? ਅੱਜ ਹਿੰਦੂ ਜੇ ਕਹਿੰਦਾ ਉਸ ਦੇ ਧਰਮ ਨੂੰ ਖਤਰਾ ਤਾਂ ਖਤਰਾ ਤਾਂ ਖੁਦ ਉਸ ਕੋਲੋਂ ਹੀ ਹੈ? ਧਰਮ ਦਾ ਅਸਮਾਨ ਸਿਰ ਚੁੱਕੀ ਫਿਰਦੀ ਆਰ.ਐਸ.ਐਸ. ਤੋਂ ਜਿਆਦਾ ਖਤਰਨਾਕ ਕੌਣ ਹੋ ਸਕਦੀ ਹਿੰਦੂ ਲਈ?

ਇਹੀ ਹਾਲ ਸਿੱਖਾਂ ਦਾ ਹੈ। ਤੁਹਾਡੇ ਖੁਦ ਦੇ ਅਕਾਲ ਤਖਤ ਤੇ ਸਭ ਤੋਂ ਵੱਡੇ ਵੈਰੀ ਨਹੀਂ ਬੈਠੇ ਹੋਏ ਧਰਮ ਦੇ? ਦਰਬਾਰ ਸਾਹਿਬ ਉਪਰ ਕਜਬਾ ਹੀ ਉਨ੍ਹਾਂ ਲੋਕਾਂ ਦਾ ਹੈ ਜਿਹੜੇ ਧਰਮ ਦੇ ਵੱਡੇ ਦੁਸ਼ਮਣ ਹਨ? ਹਰੇਕ ਪਉੜੀ ਤੇ ਮਸੰਦ ਬੈਠਾ! ਤੁਹਾਡਾ ਧਿਆਨ ਇਨ੍ਹਾਂ ਵੱਡੇ ਦੁਸ਼ਮਣਾ ਮਸੰਦਾ ਵੰਨੀ ਨਾ ਜਾਏ, ਉਨੀ ਧੂੰਦੇ ਵਰਗਿਆਂ ਵਲ ਮੋੜ ਦਿੱਤਾ। ਤੁਹਾਡੀ ਤਾਕਤ ਸਹੀ ਦੁਸ਼ਮਣ ਦੀ ਸੰਘੀ ਨੂੰ ਹੱਥ ਨਾ ਪਾ ਲਏ ਉਨੀ ਤੁਹਾਡੇ ਹੱਥ ਧੂੰਦੇ ਵਰਗਿਆਂ ਵੰਨੀ ਕਰ ਦਿੱਤੇ। ਤੁਸੀਂ ਦੱਸੋ ਧੂੰਦੇ ਦੀ ਕਥਾ ਇਨੀ ਖਤਰਨਾਕ ਕਿਵੇਂ ਹੋਈ ਜਿੰਨੇ ਖਤਰਨਾਕ ਮੱਕੜ, ਬਾਦਲ, ਤੇ ਅਕਾਲ ਤਖਤ ਤੇ ਬੈਠੇ ਤੁਹਾਡੇ ਆਹ ਲੂੰਗੀਆਂ ਵਾਲੇ ਹਨ? ਡੇਰਿਆਂ ਵਾਲੇ, ਧੁੰਮੇ, ਰੰਧਾਵੇ! ਸ਼ਰੇਆਮ ਰੰਗਰਲੀਆਂ ਮਨਾਉਂਦੇ ਆਰ.ਐਸ.ਐਸ. ਨਾਲ! ਨਹੀਂ ਮਨਾਉਂਦੇ ?

ਚਲੋ ਇਹ ਸਭ ਤਾਂ ਹੋਇਆ ਪਰ ਇੱਕ ਹੋਰ ਗੱਲ! ਜਿਸ ਵਲੋਂ ਸਾਡਾ ਧਿਆਨ ਧੜੇ ਬੰਦੀ ਕਰਕੇ ਮਨਫੀ ਹੈ ਕਿ ਸਭ ਡੇਰੇ, ਟਕਸਾਲਾਂ, ਭੰਗ ਪੀਣੇ ਜਿੰਨਾ ਦਾ ਕੁਝ ਵੀ ਆਪਸ ਵਿੱਚ ਰਲਦਾ ਨਹੀਂ ਤੁਹਾਨੂੰ ਸਾਨੂੰ ਕੁੱਟਣ ਲਈ ਇੱਕ ਹਨ, ਪਰ ਤੁਸੀਂ? ਹਰੇਕ ਆਪਣੀ ਹਉਂ ਦਾ ਮਾਰਿਆ!

ਹਾਲੇ ਕੱਲ ਦੀ ਗੱਲ ਹੈ ਪ੍ਰੋ. ਦਰਸ਼ਨ ਸਿੰਘ ਅਤੇ ਪ੍ਰਭਦੀਪ ਸਿੰਘ ਹੋਰਾਂ ਉਪਰ ਹਮਲਾ ਹੋਇਆ, ਮਿਸ਼ਨਰੀ ਕਾਲਜ ਵਾਲੇ ਆਪਣੀ ਖੱਲ ਬਚਾਉਂਦੇ ਦਿੱਸੇ। ਯਾਨੀ ਕੋਈ ਨਹੀਂ ਬੋਲਿਆ? ਦੋ ਅੱਖਰ ਵੀ ਨਹੀਂ! ਤੁਹਾਨੂੰ ਕਿਉਂ ਜਾਪਦਾ ਕਿ ਚੁੱਪ ਰਹਿਣ ਨਾਲ ਤੁਹਾਨੂੰ ਇਹ ਬਖਸ਼ ਦੇਣਗੇ! ਤੁਸੀਂ ਜਿੰਨੇ ਮਰਜੀ ਸਪੱਸ਼ਟੀ ਕਰਨ ਦਈ ਚਲੋ, ਕਿ ਅਸੀਂ ਰਹਿਤ ਮਰਿਯਾਦਾ ਨੂੰ ਮੰਨਦੇ। ਤੁਸੀਂ ਪੰਜ ਛੱਡ ਦੱਸ ਬਾਣੀਆਂ ਪੜੀ ਜਾਓ ਉਨੀ ਕੁਝ ਲੈਣਾ ਦੇਣਾ ਨਹੀਂ।

ਲੜਾਈ ਹੀ ਹੋਰ ਹੈ! ਲੜਾਈ ਇਨਾਂ ਦੀ ਤਾਂ ਹੈ ਹੀ ਨਹੀਂ। ਲੜਾਈ ਦੀਆਂ ਜੜ੍ਹਾਂ ਪਿੱਛੇ ਹਨ। ਬਹੁਤ ਪਿੱਛੇ। ਬਹੁਤ ਡੂੰਘੀਆਂ। ਇਹ ਲੜਾਈਆਂ ਕੇਵਲ ਕਥਾ ਨਾਲ ਨਹੀਂ ਜਿੱਤੀਆਂ ਜਾਦੀਆਂ। ਇਸ ਵਿੱਚ ਇੱਕ ਦੂਏ ਨਾਲ ਖੜਨ ਦੀ ਜੁਅਰਤ ਵੀ ਤਾਂ ਚਾਹੀਦੀ। ਕੱਲੇ ਕੱਲੇ ਨੂੰ ਤਾਂ ਕੁੱਟ ਹੀ ਪੈਣੀ।

ਸਾਡੀ ਹਾਲਤ 'ਡਿਸਕਵਰੀ' ਵਾਲੇ ਜੰਗਲ ਦੀ ਹੈ। ਸ਼ੇਰ ਆਉਂਦਾ ਪਾੜ ਕੇ ਅਗਾਂਹ ਜਾਂਦਾ। ਦੂਜਾ ਲਾਗੇ ਤਮਾਸ਼ਾ ਦੇਖਦਾ ਹੁੰਦਾ। ਉਸ ਨੂੰ ਜਾਪਦਾ ਮੈਂ ਬਚ ਗਿਆ। ਪਰ ਅਗਲੀ ਵਾਰੀ ਭਾਈ ਉਸ ਦੀ ਹੁੰਦੀ।

ਹਿੰਦੂ ਘੱਟ ਗਿਣਤੀਆਂ ਵੀ ਇੰਝ ਹੀ ਪਾੜ ਰਿਹਾ ਤੇ ਅਗਿਓਂ ਕੌਮਾਂ ਵਿੱਚ ਵੀ ਇਹੀ ਕੁਝ ਤੇ ਹੋਰ ਅਗਿਓਂ ਅਖੌਤੀ ਜਾਗੁਰਕ ਧਿਰਾਂ ਵਿੱਚ ਵੀ ਇਹੋ ਕੁਝ? ਇਹ ਵਿਚਾਰਾਂ ਦੀ ਲੜਾਈ ਹੈ, ਪਰ ਵਿਚਾਰਾਂ ਵਿੱਚੋਂ ਤੁਹਾਨੂੰ ਪਛਾੜ ਦਿੱਤਾ ਜਾਂਦਾ ਹੈ ਜੇ ਤੁਹਾਡੀ ਤਲਵਾਰ ਖੁੰਡੀ ਹੈ। ਇਸ ਕੌਮ ਵਿੱਚ ਵਿਚਾਰ ਲੈ ਕੇ ਜਾਣੇ ਖਾਲਾ ਜੀ ਦਾ ਵਾੜਾ ਨਹੀਂ! ਕਿ ਹੈ?

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top