ਵੈਸੇ ਸਾਡੇ ਬਹੁਤੇ ਪ੍ਰੋਗਰਾਮ-ਸਮਾਗਮ ਲੰਗਰਾਂ ਤੋਂ ਸ਼ੁਰੂ
ਹੁੰਦੇ ਤੇ ਲੰਗਰਾਂ ਵਿੱਚ ਹੀ ਸਮਾਅ (merge) ਹੋ
ਜਾਂਦੇ।
ਅਖੰਡ ਪਾਠਾਂ 'ਤੇ ਚਲੇ ਜਾਉ, ਕੋਈ ਸੈਮੀਨਰ ਹੋਵੇ, ਮਰਗ, ਖੁਸ਼ੀ, ਗਮੀ ਹਰੇਕ ਥਾਂ ਕੱਪ
ਪਲੇਟਾਂ ਖੜਕਦੀਆਂ ਸੁਣਨਗੀਆਂ। ਅਸੀਂ ਜਿਉਂ ਪਕੌੜਿਆਂ ਜਲੇਬਾਂ ਤੋਂ ਸ਼ੁਰੂ ਹੁੰਦੇ ਹਾਂ,
ਸ਼ਾਹੀ ਪਨੀਰਾਂ ਖੀਰਾਂ ਤੇ ਜਾ ਕੇ ਮੁੱਕਦਾ ਸਾਡਾ ਕੰਮ।
ਸੁਣਨਾ ਗਿਣਨਾ ਕੀ ਹੁੰਦਾ ਢਿੱਡ ਵਿੱਚ ਥਾਂ ਹੋਊ ਤਾਂ ਸੁਣੂੰ ਕੁੱਝ!
ਸੁਣਦੇ ਤਾਂ ਰੱਜ ਕੇ ਮਾਰੇ ਡਕਾਰ ਜਾਂ ਉਬਾਸੀਆਂ। ਅੱਤ ਦਾ ਭਾਰਾ ਰਾਸ਼ਨ ਸੁਣਨ ਗੋਚਰਾ ਛੱਡਦਾ
ਹੀ ਕਿਥੇ ਬੰਦੇ ਨੂੰ!
ਇਹੀ
ਹਾਲਤ ਸਾਡੀ ਨਗਰ ਕੀਰਤਨਾਂ ਦੀ ਹੈ।
ਉਥੇ ਸਾਡੀ ਹਾਲਤ ਦੇਖਣ ਵਾਲੀ ਹੁੰਦੀ। ਹਾਲੇ ਨਗਰ ਕੀਰਤਨ ਤੁਰਿਆ ਹੀ ਹੁੰਦਾ ਕਿ ਘੰਟੇ
ਬਾਅਦ ਚਲ ਬਰੇਕਾਂ। ਕੁੱਝ ਸੁਣਨ ਸੁਣਾਉਂਣ ਲਈ ਥੋੜੋਂ।
ਛੋਲੇ ਪੂੜੀਆਂ ਤੂੜਨ ਲਈ।
ਖਵਾਉਂਣ ਵਾਲਿਆਂ ਦੇ ਤਾਂ ਚਲੋ ਵਾਰੇ ਵਾਰੇ ਜਾਈਏ ਹੀ ਖਾਣ ਵਾਲੇ ਵੀ ਉਸ ਦਿਨ ਜਿਵੇਂ ਢਿੱਡ
ਕਰਾਏ ਤੇ ਲੈ ਕੇ ਗਏ ਹੁੰਦੇ। ਉਹ ਲੱਭ ਲੱਭ ਜਲੇਬਾਂ ਨੂੰ ਪੈਂਦੇ। ਕੋਈ ਦੁਕਾਨ ਰਿਹੜੀ ਰਹਿ
ਕਿਵੇਂ ਜਾਊ ਸੁੱਕੀ। ਢਿੱਡ ਦਾ ਕੀ ਏ ਚਾਰ ਹਾਜਮੂਲੇ ਸੁੱਟ ਲਾਂਗੇ ਅੰਦਰ!
ਗੁਰੂ ਦਾ ਲੰਗਰ ਕਿਸੇ ਹੋਰ ਮੱਕਸਦ ਲਈ ਸੀ।
ਭੁੱਖੇ ਵਾਸਤੇ ਨਾ ਕਿ ਰੱਜਿਆਂ ਨੂੰ ਹੋਰ ਤੂੜਨ ਖਾਤਰ। ਪਰ ਅਸੀਂ ਰੱਜਿਆਂ ਹੋਇਆਂ ਨੂੰ
ਤੂੜਨਾ ਹੀ ਪੁੰਨ ਦਾ ਕੰਮ ਸਮਝ ਲਿਆ ਤੇ ਅਗਲੇ ਅੱਗੇ ਹੱਥ ਬੰਨ ਬੰਨ ਤੂੜਦੇ ਹਾਂ ਕਿ ਢਿੱਡ
ਤੇਰੇ ਨੂੰ ਸਾਹ ਆ ਗਿਆ ਤਾਂ ਸਾਡਾ ਨਗਰ ਕੀਰਤਨ ਕੀ ਹੋਇਆ!
ਚਲੋ ਪੰਜਾਬ ਜਾਂ ਹਿੰਦੋਸਤਾਨ ਦੀ ਤਾਂ ਗੱਲ ਰਹੀ, ਪਰ ਇਥੇ ਬਾਹਰ ਜਿਥੇ
ਹਰੇਕ ਬੰਦੇ ਦੇ ਘਰ ਫਰਿਜਾਂ ਤੂੜੀਆਂ ਹੁੰਦੀਆਂ ਤੇ ਕਰੀਬਨ ੩੦ ਫੀਸਦੀ ਰਾਸ਼ਨ ਅਸੀਂ ਹਰੇਕ
ਹਫਤੇ ਜਾਇਆ ਯਾਣੀ ਗਾਰਬੇਜ਼ ਕਰਦੇ ਹਾਂ ਉਥੇ ਵੀ ਕਈ ਲੋਕਾਂ ਝੋਲੇ ਚੁੱਕੇ ਹੁੰਦੇ ਹਨ, ਤੇ
ਉਹ ਹਰੇਕ ਰਿਹੜੀ ਤੋਂ 'ਪੁੰਨ-ਦਾਨ' ਚੁੱਕ ਚੁੱਕ ਝੋਲੇ ਪਾਈ ਜਾਂਦੇ ਰਹਿੰਦੇ ਹਨ ਤੇ ਮੁੜ
ਘਰੇ ਜਾ ਕੇ 'ਗੁਰੂ ਦੀਆਂ ਖੁਸ਼ੀਆਂ' ਉਲਟਾ ਉਲਟਾ ਵੇਖਦੇ ਕਿ ਕਿਹੜਾ ਸਮਾਨ ਤੂੜਨ ਵਾਲਾ ਰਹਿ
ਗਿਆ ਸੀ!
ਨਗਰ ਕੀਰਤਨ ਦਾ ਮੱਤਲਬ ਕੀ ਹੈ, ਇਹ ਨਾ ਜਾਣ ਵਾਲਿਆਂ ਨੂੰ ਤੇ
ਨਾ ਸੱਦਣ ਵਾਲਿਆਂ ਨੂੰ ਪਤੈ।
ਸੱਦਣ ਵਾਲਿਆਂ ਨੂੰ ਗਿਣਤੀ ਚਾਹੀਦੀ ਲੀਡਰਾਂ ਨੂੰ ਦਿਖਾਉਂਣ ਲਈ ਤੇ ਜਾਣ ਵਾਲਿਆਂ ਨੂੰ
ਲਿਹੜਨ ਲਈ ਛੋਲੇ ਪੂੜੀਆਂ। ਅਸੀਂ ਇਕੱਠੇ ਹੋਏ ਸਾਂ ਕੋਈ ਰਲ ਕੇ ਗੱਲ ਹੀ ਕਰ ਲੈਂਦੇ। ਅਪਣੇ
ਬਾਰੇ, ਅਪਣੀ ਕੌਮ ਬਾਰੇ, ਅਪਣਿਆਂ ਬੱਚਿਆਂ ਬਾਰੇ, ਅਪਣੇ ਭਵਿੱਖ ਬਾਰੇ। ਕੋਈ ਚੰਗਾ ਬੰਦਾ
ਹੀ ਸੱਦ ਲੈਂਦੇ ਚਲੋ ਉਹੀ ਸਾਨੂੰ ਕੋਈ ਗੱਲ ਦੱਸ ਜਾਂਦਾ। ਕੋਈ ਲਿਟਰੇਚਰ ਹੀ ਅਸੀਂ ਉਥੇ ਆਏ
ਲੋਕਾਂ ਤੱਕ ਪਹੁੰਚਾ ਦਿੰਦੇ ਕਿ ਚਲੋ ਘਰ ਜਾ ਕੇ ਹੀ ਸ਼ਾਇਦ ਕਿਸੇ ਦੇ ਕੋਈ ਗੱਲ ਸਿਰ ਪੈਣ
ਦੀ ਸੰਭਾਵਨਾ ਹੋ ਸਕਦੀ ਹੁੰਦੀ।
ਪਰ ਸਿਰ ਵੰਨੀ ਤਾਂ ਧਿਆਨ ਤਾਂ ਜਾਂਦਾ, ਜੇ ਢਿੱਡ ਵੰਨੀਓ ਵਿਹਲ ਮਿਲਦੀ।
ਹੁਣ ਤਾਂ ਨਗਰ ਕੀਰਤਨਾਂ ਦਾ ਵੀ ਜਿਵੇਂ ਮੁਕਾਬਲਾ ਜਿਹਾ ਹੀ ਹੋ
ਗਿਆ ਹੁੰਦਾ।
ਜਿਹੜਾ ਗੁਰਦੁਆਰਾ ਦੇਖੋ ਨਗਰ ਕੀਰਤਨ ਕਰਾਉਂਣ ਚਲ ਪਿਆ।
ਸਾਰੇ ਰਲ ਕੇ ਇੱਕੋ ਹੀ ਕਰ ਲੈਂਦੇ, ਇੱਕੇ ਵਾਰ ਕਰ ਲੈਂਦੇ! ਜਦ ਕਰਨਾ ਹੀ ਇੱਕੇ ਦਾ ਤਾਂ
ਇੱਕ ਹੋ ਕੇ ਇੱਕੇ ਵਾਰ ਹੀ ਕਿਉਂ ਨਹੀਂ?
ਪੂਰੀਆਂ ਗਰਮੀਆਂ ਕੋਈ ਨਾ ਕੋਈ ਸੜਕ ਅਸੀਂ ਘੇਰੀ ਰੱਖਦੇ ਹਾਂ, ਜਦ ਕਿ ਵਿੱਚੋਂ ਕੱਢਣ
ਪਾਉਂਣ ਨੂੰ ਕੱਖ ਨਹੀਂ ਅਤੇ ਕਰੀਬਨ ਹੀ ਸਾਰੇ ਨਗਰ ਕੀਰਤਨਾਂ ਪਿੱਛੇ ਪ੍ਰਬੰਧਕਾਂ ਦੀ ਹਉਂ
ਸਾਫ ਝਲਕਦੀ ਦਿੱਸਦੀ ਹੈ।
ਇੱਕ ਦੀ ਨਹੀਂ ਬਣੀ ਉਸ ਦੂਜਾ ਸ਼ੁਰੂ ਕਰ ਲਿਆ, ਦੂਜੇ ਦੀ ਨਹੀਂ ਤਾਂ ਤੀਜਾ! ਤੇ ਜਿਥੇ
ਲੋਕਾਂ ਨੂੰ ਇਕੱਠੀਆਂ ਹੋਈਆਂ ਭੇਡਾਂ ਵਾਂਗ ਸਮਝਿਆ ਜਾਂਦਾ ਹੈ ਤੇ ਰਾਜਨੀਤਕ ਲੀਡਰਾਂ ਉਪਰ
ਅਪਣੀ ਟੌਹਰ ਬਣਾਉਂਣ ਵੱਜੋਂ ਉਸ ਭੀੜ ਨੂੰ ਵਰਤਿਆ ਜਾਂਦਾ ਹੈ
ਤੇ ਇਸ ਭੀੜ ਨੂੰ ਉਨ੍ਹਾਂ ਨੂੰ ਪਰੋਸਣ ਦੇ ਇਵਜਾਨੇ ਵਜੋਂ ਉਨ੍ਹਾਂ ਤੋਂ ਅਪਣੇ ਨਿੱਜੀ
ਮੁਫਾਦ ਕੱਢੇ ਜਾਂਦੇ ਹਨ।ਇਸ ਵਿੱਚ ਫੋਟੋਜ਼ ਲੱਗਣੀਆਂ ਵੀ ਇੱਕ ਵਿਸ਼ਾ ਹੈ। ਉਹ ਤਾਂ ਸ੍ਰੀ
ਗੁਰੂ ਜੀ ਦਾ ਸਰੂਪ ਸਿਰ ਤੇ ਚੁੱਕਣ ਤੋਂ ਬਹਿਸ ਪੈਂਦੇ ਹਨ ਕਿ ਫੋਟੋ ਆਉਂਣ ਦਾ ਆਖਰੀ ਮੌਕਾ
ਹੱਥੋਂ ਨਾ ਨਿਕਲ ਜਾਏ?
ਤੁਹਾਡੇ ਇਥੇ ਟੰਰਟੋ ਵਿੱਚ ਹੀ ਕਿੰਨੇ ਨਗਰ ਕੀਰਤਨ ਨਿਕਲਦੇ ਹਨ
ਤੇ ਹਰੇਕ ਨਗਰ ਕੀਰਤਨ ਉਪਰ ਤੁਹਾਨੂੰ ਰਾਜਨੀਤਕ ਲੀਡਰਾਂ ਦੇ ਅਕਾਊ ਭਾਸ਼ਨ ਸੁਣਨ ਨੂੰ ਮਿਲਦੇ
ਹਨ!
ਕਿਉਂ? ਤੁਸੀਂ ਉਥੇ ਇਨ੍ਹਾਂ ਲੀਡਰਾਂ ਨੂੰ ਸੁਣਨ ਜਾਂਦੇ ਹੋ?
ਤੁਹਾਡੀਆਂ ਧਾਰਮਿਕ ਸਟੇਜਾਂ ਤੇ ਰਾਜਨੀਤਕ ਲੀਡਰਾਂ ਦਾ ਕੰਮ ਕੀ?
ਤੁਸੀਂ ਗੋਰੇ ਲੀਡਰਾਂ ਦੀ ਟੁੱਟੀ ਭੱਜੀ ਜਿਹੀ ਫਤਹਿ ਸੁਣ ਕੇ ਖੁਸ਼ ਹੋ ਕੇ ਆ ਜਾਂਦੇ ਹੋ।
ਬਹੁਤੇ ਮੇਰੇ ਵਰਗਿਆ ਦੇ ਤਾਂ ਉਂਨ੍ਹਾਂ ਦੀ ਅੰਗਰੇਜੀ ਹੀ ਉਪਰੋਂ ਦੀ ਲੰਘ ਜਾਂਦੀ ਹੈ। ਪਰ
ਉਹ ਉਥੇ ਫਿਰ ਵੀ ਬੈਠਣ ਲਈ ਮਜਬੂਰ ਕਿਉਂ ਹਨ? ਤੁਹਾਡਾ ਕੁੱਝ ਨਾ ਬੋਲਣਾ ਜਾਂ ਇਸ ਅਕਾਊ
ਭਾਸ਼ਣਾ ਨੂੰ ਸੁਣਨ ਬੈਠਣਾ ਹੀ ਪ੍ਰਬੰਧਕਾਂ ਦੀ ਹੌਸਲਾ ਅਫਜਾਈ ਕਰਦਾ ਹੈ ਕਿ ਤੁਸੀਂ ਸਿਰਫ
ਤੇ ਸਿਰਫ ਭੀੜਾਂ ਹੋ ਤੇ ਇਨ੍ਹਾਂ ਭੀੜਾਂ ਨੂੰ ਜਦ ਚਾਹੇ ਜਿਥੇ ਚਾਹੇ ਵਰਤ ਲਓ।
ਸੰਗਤ ਤਾਂ ਉਹ ਤੁਹਾਨੂੰ ਟਿੱਕੇ ਰਹਿਣ ਲਈ ਕਹਿੰਦੇ ਸਮਝਦੇ ਸੁਮਝਦੇ ਕਿਥੇ ਨੇ? ਉਹ ਅਪਣੀ
ਹਉਂ ਦੀ ਮਰਜੀ ਨੂੰ ਸੰਗਤਾਂ ਦੀ ਮਰਜੀ ਕਹਿ ਹਮੇਸ਼ਾਂ ਅਪਣੀ ਮਰਜੀ ਕਰਦੇ ਹਨ ਤੇ ਤੁਸੀਂ 'ਸੰਗਤ
ਇੱਕੀ ਵਿਸਵੇ' ਸੁਣ ਕੇ ਖੁਸ਼?
ਨਗਰ ਕੀਰਤਨ ਹੋਣੇ ਚਾਹੀਦੇ ਹਨ, ਲੰਗਰ ਵੀ ਚਾਹੀਦੇ ਹਨ, ਪਰ ਤੁਸੀਂ ਜੋ ਕਰ ਰਹੇ ਹੋਂ ਉਸ
ਕਰਨ ਦਾ ਕੋਈ 'ਮੋਟਿਵ' ਵੀ ਤਾਂ ਹੋਣਾ ਚਾਹੀਦਾ!
ਚਲੋ ਦੱਸੋ ਤੁਹਾਡੇ ਜਿੰਨੇ ਨਗਰ ਕੀਰਤਨ ਇਥੇ ਨਿਕਲਦੇ ਨੇ ਉਨ੍ਹਾਂ ਦਾ 'ਗੋਲ' Goal ਕੀ
ਹੈ?
ਤੁਸੀਂ ਸੜਕ ਤੇ ਗੱਡੀ ਲੈ ਕੇ ਨਿਕਲਦੇ ਹੋਂ ਕੋਈ ਗੋਲ ਤਾਂ ਹੁੰਦਾ, ਕਿਤੇ ਜਾਣਾ ਤਾਂ ਹੁੰਦਾ
ਤੁਸੀਂ, ਕਿਤੇ ਪਹੁੰਚਣਾ ਤਾਂ ਹੁੰਦਾ। ਤੁਸੀਂ ਉਝਂ ਹੀ ਤਾਂ ਸੜਕਾਂ ਦੇ ਗੱਡੀ ਨਹੀਂ ਦੌੜਾਈ
ਫਿਰਦੇ!
ਕਿ ਫਿਰਦੇ? ਤਾਂ ਇਹ ਕੀ ਕਰਦੇ ਨੇ? ਤੁਹਾਨੂੰ ਸੜਕਾਂ ਤੇ ਹੀ ਤਾਂ ਦੁੜਾਈ ਫਿਰਦੇ ਨੇ ਤੇ
ਘੁੰਮਾ ਕੇ ਗੁਰਦੁਆਰੇ ਲਿਜਾ ਕੇ ਵਾੜ ਦਿੰਦੇ ਹਨ, ਪਰ 'ਮੋਟਿਵ' ਕੀ ਹੈ?
ਵਿੱਚੋਂ ਨਿਕਲਿਆ ਕੀ?
ਇੱਕ ਨਗਰ ਕੀਰਤਨ ਤਾਂ ਚਲੋ ਹੋਇਆ ਕਿ ਤੁਸੀਂ ਸਾਲ ਬਾਅਦ ਅਪਣੀ ਪਰੇਡ ਦਿਖਾ ਦਿੱਤੀ ,ਪਰ ਹਰ
ਥਾਂ ਤਾਂ ਪਰੇਡ ਵੀ 'ਮੋਟਿਵ' ਨਹੀਂ ਕਿਹਾ ਜਾ ਸਕਦਾ!
ਉਸ ਪਰੇਡ ਵਿੱਚ ਵੀ ਸ੍ਰੀ ਗੁਰੂ ਗਰੰਥ ਸਾਹਿਬ, ਪੰਜ ਪਿਆਰੇ, ਇਤਿਹਾਸ ਦਰਸਾਉਂਦੇ ਫਲੋਟ,
ਸਬਦ ਕੀਰਤਨ ਤੇ ਬੱਅਸ। ਆਹ ਮੂਹਰੇ ਮੁੱਤੀਆਂ-ਮੁੰਦਰਾਂ ਵਾਲੇ ਗਲਾਂ 'ਚ ਢੋਲ ਪਾਈ ਫਿਰਦੇ
ਸ੍ਰੀ ਗੁਰੂ ਜੀ ਤੋਂ ਮੂਹਰੇ ਕੀ ਕਰ ਰਹੇ ਹੁੰਦੇ! ਇਨ੍ਹਾਂ ਰਾਹੀਂ ਅਸੀਂ ਕੀ ਦੱਸਣਾ
ਚਾਹੁੰਦੇ ਹੁੰਦੇ?
ਨਗਰ ਕੀਰਤਨ ਦਾ ਮੱਤਲਬ ਕੌਮੀ ਸਪਰਿਟ ਨੂੰ 'ਹਾਈਲੈੱਟ' ਕੀਤਾ ਜਾਏ।
ਖਾਲਸਈ ਜਾਹੋ ਜਲੌਲ ਦੀ ਢੰਗ ਤੇ ਜੋਰਦਾਰ ਤਰੀਕੇ ਨਾਲ ਵਾਰ ਵਾਰ ਗੱਲ ਕੀਤੀ ਜਾਏ।
ਖਾਲਸਾ ਜੀ ਦਾ ਮੱਤਲਬ ਕੀ, ਇਸ ਸਬੰਧੀ ਛੋਲੇ ਪੂੜੀਆਂ ਦੀ ਬਜਾਇ ਥਾਂ ਥਾਂ ਸਟਾਲ ਲਾਏ ਜਾਣ।
ਪ੍ਰਬੰਧਕ ਲੋਕ ਖੁਦ ਤਾਂ ਇਨੇ ਜੋਗੇ ਹੈ ਨਹੀਂ, ਪਰ ਚਲੋ ਉਹ ਛੋਲੇ ਪੂੜੀਆਂ ਵਾਲਿਆਂ ਨੂੰ
ਹੀ ਪਰੇਰਨ ਕਿ ਭਾਈ ਖਾਣ ਵਾਲੀਆਂ ਆਇਟਮਾ ਵਿੱਚੋਂ ਇੱਕ ਅੱਧੀ ਮਨਫੀ ਕਰਕੇ,
ਉਸ ਦੀ ਬਜਾਇ ਗੁਰੂ ਪੰਥ ਦੇ ਵਾਲੀ ਦਾ ਕੋਈ ਸੁਨੇਹਾ ਦੇਣ ਉਪਰ ਖਰਚ ਕੀਤਾ ਜਾਏ ਤਾਂ ਕਿ
ਸਾਡੇ ਨਗਰ ਕੀਰਤਨ ਲੰਗਰ ਕੀਰਤਨ ਨਾ ਬਣ ਕੇ ਰਹਿ ਜਾਣ!