Share on Facebook

Main News Page

ਕੱਚੀ ਲੱਸੀ
-:
ਗੁਰਦੇਵ ਸਿੰਘ ਸੱਧੇਵਾਲੀਆ

ਸ੍ਰੀ ਸ਼ਿਵ ਪੁਰਾਣ ਦੀ ਕਹਾਣੀ ਹੈ ਕਿ ਜਦ ਸ਼ਿਵ ਜੀ ਭਗਵਾਨ ਦੀ ਪਹਿਲੀ ਪਤਨੀ ਸਤੀ ਦੇ ਪਿਓ ਨੇ ਜੱਗ ਕੀਤਾ ਤਾਂ ਝਗੜਾਲੂ ਜਾਣ ਕੇ ਸ਼ਿਵ ਜੀ ਨੂੰ ਉਸ ਸੱਦਾ ਨਾ ਦਿੱਤਾ ਤਾਂ ਸਤੀ ਸ਼ਿਵ ਜੀ ਦੇ ਰੋਕਣ ਤੇ ਵੀ ਬਿਨਾ ਸੱਦੇ ਅਪਣੇ ਪਿਓ ਦੇ ਜੱਗ ਵਿਚ ਜਾ ਵੜੀ। ਯੱਗ ਵਿਚ ਸਾਰਿਆਂ ਦੇ ਨਾਂ ਦੇ ਨਿਉਂਦੇ ਪਾਏ ਗਏ, ਪਰ ਸ਼ਿਵ ਜੀ ਦਾ ਨਿਉਂਦਾ ਨਾ ਕੱਢਿਆ ਗਿਆ, ਤਾਂ ਸਤੀ ਨੇ  ਗੁੱਸੇ ਵਿਚ ਆ ਕੇ ਆਪਣੇ ਪਿਓ ਨਾਲ ਲੜ ਕੇ ਹਵਨ ਦੀ ਅੱਗ ਵਿੱਚ ਹੀ ਛਾਲ ਮਾਰ ਦਿੱਤੀ। ਪੱਤਾ ਲੱਗਣ 'ਤੇ ਸਹੁਰੇ ਦੀ ਕੁੱਟਮਾਰ ਕਰਕੇ ਸ਼ਿਵ ਜੀ ਅੱਧ ਸੜੀ ਸਤੀ ਨੂੰ ਮੌਰਾਂ ਉਪਰ ਚੁੱਕੀ ਜੰਗਲਾਂ ਵਿੱਚ ਭਟਕਦੇ ਰਹੇ। ਕੱਚਭੁੰਨੀ ਸਤੀ ਦਾ ਜਿਥੇ ਜਿਹੜਾ ਅੰਗ ਡਿੱਗਿਆ ਉਥੇ ਹੀ ਤੀਰਥ ਆਸਥਾਨ ਬਣ ਗਿਆ, ਮਸਲਨ ਜੀਭ ਵਾਲੀ ਜਵਾਲਾ ਮੁੱਖੀ, ਅੱਖਾਂ ਵਾਲੀ ਥਾਂ ਨੈਣਾਂ ਦੇਵੀ ਆਦਿ

ਬੜਾ ਸਮਾਂ 'ਭਗਵਨ' ਸਤੀ ਦੇ ਬੈਰਾਗ ਵਿੱਚ ਜੰਗਲਾਂ ਵਿਚ ਨੰਗ-ਧੜੰਗੇ ਭਟਕਦੇ ਰਹੇ। ਸ਼ਿਵ ਪੁਰਾਣ ਦੀ ਕਹਾਣੀ ਮੁਤਾਬਕ ਪਾਗਲਾਂ ਵਾਲੀ ਹਾਲਤ ਹੋਈ ਰਹੀ 'ਭਗਵਨ' ਦੀ। ਇਸੇ ਹਾਲਤ ਵਿਚ ਇਕ ਦਿਨ ਭਟਕਦੇ ਭਟਕਦੇ ਉਹ ਰਿਸ਼ੀਆਂ ਦੇ ਆਸ਼ਰਮਾਂ ਵਲ ਨਿਕਲ ਗਏ।  ਰਿਸ਼ੀਜਨ ਖੁਦ ਤਾਂ ਉਥੇ ਨਹੀਂ ਸਨ, ਪਰ ਉਨ੍ਹਾਂ ਦੀਆਂ ਪਤਨੀਆਂ ਸ਼ਿਵ ਜੀ ਨੂੰ ਨੰਗ-ਧੜੰਗ ਦੇਖ ਕੇ 'ਖਿੜ' ਗਈਆਂ, ਯਾਨੀ ਕਹਾਣੀ ਮੁਤਾਬਕ ਚਿਪਕ ਹੀ ਗਈਆਂ। ਤੇ ਆਖਰ 'ਭਗਵਨ' ਕਿਹੜੇ ਨਾਮਰਦ ਸਨ, ਉਨ੍ਹਾਂ ਉਥੇ ਹੀ ਰਿਸ਼ੀਆਂ ਦੀਆਂ ਪਤਨੀਆਂ ਨਾਲ ਜਦ ਹਨੀਮੂੰਨ ਮਨਾਉਂਣਾ ਸ਼ੁਰੂ ਕਰ ਦਿੱਤਾ, ਤਾਂ ਕੁਦਰਤੀਂ ਰਿਸ਼ੀ ਜਨ ਵੀ ਉਪਰ ਹੀ ਆ ਗਏ। ਉਨ੍ਹਾਂ ਜਦ ਸਰੇਬਜਾਰ ਯਾਨੀ ਸਰੇਜੰਗਲ 'ਮੇਲਾ' ਲੱਗਾ ਦੇਖਿਆ, ਤਾਂ ਉਨ੍ਹਾਂ ਦੀ ਅਣਖ ਨੂੰ ਬੁਰਾ ਵੱਟ ਚੜ੍ਹਿਆ। ਉਨ੍ਹਾਂ ਗੁੱਸੇ 'ਚ ਆਇਆਂ ਇਹ ਵੀ ਨਾ ਦੇਖਿਆ ਕਿ ਇਹ ਤਾਂ 'ਭਗਵਨ ਦੀ ਲੀਲ੍ਹਾ' ਸੀ ਉਨ੍ਹਾਂ ਸਰਾਪ ਵਾਲਾ ਚਿਲਾ ਚਾੜ੍ਹਿਆ ਤੇ ਤੀਰ ਬੜਾ ਸ਼ਿਵ ਜੀ ਦੇ ਕਸੂਤੇ ਥਾਂ ਮਾਰਿਆ। ਸਰਾਪ ਦੇ ਤੀਰ ਨਾਲ ਉਨ੍ਹਾਂ ਦੀ ਅਣਖ ਨੂੰ ਚੈਲਿੰਜ ਕਰਨ ਵਾਲੇ "ਲਿੰਗ" ਦਾ ਹੀ ਫਸਤਾ ਵੱਡ ਦਿੱਤਾ। ਯਾਨੀ ਸਰਾਪ ਦੇ ਕੇ ਸ਼ਿਵ ਜੀ ਦਾ ਲਿੰਗ ਹੀ ਝਾੜ ਛੱਡਿਆ। ਅਪਣੀ ਇਸ ਹਾਸੋਹੀਣੀ ਦੁਰਦਸ਼ਾ ਨੂੰ ਦੇਖ ਸ਼ਿਵ ਜੀ ਇੰਨੇ ਕ੍ਰੋਧਤ ਹੋਏ ਕਿ ਉਨ੍ਹਾਂ ਦੇ ਝੜੇ ਹੋਏ ਲਿੰਗ ਨਾਲ ਤਿੰਨ ਲੋਕ ਸੜਨ ਲੱਗੇ ਅਤੇ ਧਰਤੀ ਉਪਰ ਹਾਹਾਕਾਰ ਮੱਚ ਗਈ।

ਤੇ ਆਖਰ ਧਰਤੀ ਵਿਚਾਰੀ ਹੋਰ ਜਾਂਦੀ ਵੀ ਕਿਥੇ ਉਸ ਨੂੰ ਵਿਸ਼ਨੂੰ ਜੀ ਦੇ ਖੀਰ ਸਮੁੰਦਰ ਦਾ ਐਡਰੈੱਸ ਪਤਾ ਸੀ ਤੇ ਉਸ ਉਥੇ ਜਾ ਪੁਕਾਰ ਕੀਤੀ ਤੇ ਆਖਰ ਅੱਗ ਜਿਆਦਾ ਸੀ ਸੋ 'ਫਾਇਰ-ਬਰਗੇਡ' ਵੀ ਉਸ ਹਿਸਾਬ ਹੀ ਆਉਂਣੇ ਸਨ ਤੇ ਵਿਸ਼ਨੂੰ ਜੀ ਨੇ ਬਾਕੀ ਦੇਵਤਿਆਂ ਨੂੰ ਨਾਲ ਲਿਆ ਅਤੇ ਲੱਗੀ ਹੋਈ ਅੱਗ ਦਾ ਜਾਇਜਾ ਲੈਂਦਿਆਂ ਸਾਰਿਆਂ ਨੂੰ ਹੁਕਮ ਕੀਤਾ ਕਿ ਅੱਗ ਜਿਅਦਾ ਤਪਸ਼ ਵਾਲੀ ਹੈ ਕੋਈ ਬਹੁਤ ਠੰਢੀ ਚੀਜ ਲਿਆ ਕੇ ਪਾਓ। ਕਿਸੇ ਲਾਗੋਂ ਰਾਇ ਦਿੱਤੀ ਤੇ ਹੇ ਭਗਵਨ ਸਭ ਤੋਂ ਜਿਆਦਾ ਠੰਡੀ ਕੱਚੀ ਲੱਸੀ ਮੰਨੀ ਗਈ ਹੈ। 

ਗੱਲ ਕੀ ਇਸ 'ਭਿਆਨਕ' ਅੱਗ ਨੂੰ ਬੁਝਾਉਂਣ ਲਈ ਹਜਾਰਾਂ ਸਾਲਾਂ ਤੋਂ ਹਿੰਦੂ ਵਿਚਾਰੇ ਹੁਣ ਤੱਕ ਸ਼ਿਵਲਿੰਗ ਉਪਰ ਕੱਚੀ ਲੱਸੀ ਪਾਉਂਦੇ ਆ ਰਹੇ ਹਨ, ਉਨ੍ਹਾਂ ਨੂੰ ਜਾਪਦਾ ਹੈ ਮਤਾਂ ਅੱਗ ਫਿਰ ਭੜਕ ਪਵੇ ਸ੍ਰਿਸਟੀ ਮੁੜ ਸੜਨ ਲੱਗ ਜਾਵੇ। ਇਹ ਵੀ ਹੋ ਸਕਦਾ ਹੈ ਕਿ ਇਸ ਲਗਾਤਾਰ ਠੰਡਾ ਨਾ ਕਰਦੇ ਰਹਿਣ ਦੀ ਸੂਰਤ ਵਿੱਚ ਜਪਾਨ ਦੇ ਨਿਉਕਲੀਅਰ ਪਲਾਟਾਂ ਵਾਂਗ ਇਸ ਵਿਚੋਂ ਰੈਡੀਏਸ਼ਨ ਨਿਕਲ ਕੇ ਸਾਰੀ ਧਰਤੀ ਤਬਾਹ ਹੋ ਜਾਵੇ! ਧੰਨ ਹਨ ਦੇਵਤਾ ਜਨ ਜੀਨ੍ਹਾਂ ਕੱਚੀ ਲੱਸੀ ਵਰਗੀ ਠੰਡੀ ਚੀਜ ਦੀ 'ਕਾਢ' ਨਾਲ ਸ੍ਰਿਸ਼ਟੀ ਨੂੰ ਸੜਨੋ ਬਚਾ ਲਿਆ।

ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਕਿ ਸਿੱਖਾਂ ਦੇ 'ਭ੍ਰਮਗਿਆਨੀ' ਵੀ ਧੰਨ ਹਨ ਜਿੰਨਾ ਸ਼ਿਵ ਲਿੰਗ ਤੋਂ ਬੱਚੀ ਹੋਈ ਕੱਚੀ ਲੱਸੀ ਗੁਰਦੁਆਰਿਆਂ ਵਿੱਚ ਨਿਸਾਨ ਸਾਹਿਬ ਉਪਰ ਡ੍ਹੋਲਣੀ ਸ਼ੁਰੂ ਕਰ ਦਿੱਤੀ ਹੈ। ਹਿੰਦੂਆਂ ਦੀ ਤਾਂ ਚਲੋ ਮਜਬੂਰੀ ਸੀ, ਉਨ੍ਹਾਂ ਦਾ ਤਾਂ ਸ਼ਿਵਲਿੰਗ ਸੜ ਰਿਹਾ ਸੀ, ਪਰ ਸਿੱਖਾਂ ਦੇ ਪੰਡਿਆਂ ਨੂੰ ਕਿਸ ਚੀਜ ਦੇ ਸੜਨ ਦਾ ਖਤਰਾ ਹੈ ਬਈ। ਹਿੰਦੂ ਤਾਂ ਹਾਲੇ ਗੜਵੀਆਂ 'ਚ ਡ੍ਹੋਲਦੇ ਨੇ ਕੱਚੀ ਲੱਸੀ ਪਰ ਸਿੱਖਾਂ ਦੇ ਪੰਡਿਆਂ ਨੇ ਬਾਲਟੀਆਂ ਦੀਆਂ ਬਾਲਟੀਆਂ ਹੀ ਉਲਟਾ ਮਾਰੀਆਂ। 

ਬਾਬਾ ਫੌਜਾ ਸਿੰਘ ਕੱਚੀ ਲੱਸੀ ਦੀ ਬਾਲਟੀ ਨਿਸ਼ਾਨ ਸਾਹਿਬ ਦੁਆਲੇ ਚੁੱਕੀ ਫਿਰਦੇ ਮੁੜਕੋ ਮੁੜਕੀ ਹੋਈ ਫਿਰਦੇ ਇੱਕ ਭਾਈ ਨੂੰ ਕਹਿਣ ਲੱਗਾ, ਕਿ ਇਸ ਗੱਡੇ ਹੋਏ ਪੋਲ ਨੂੰ ਕੀ ਲੱਗਾ, ਜਿਹੜਾ ਕੱਚੀ ਲੱਸੀ ਨਾਲ ਲੱਥਣਾ, ਜੇ ਸਫਾਈ ਹੀ ਕਰਨੀ ਇਹ ਤਾਂ ਪਾਣੀ ਨਾਲ ਵੀ ਧੋਤਾ ਜਾ ਸਕਦਾ।

ਹੀ, ਹੀ, ਹੀ, ਇਹੀ ਤਾਂ ਤੁਹਾਨੂੰ ਲੋਕਾਂ ਨੂੰ ਸਮਝ ਨਹੀਂ। ਇਹ ਗੁਰੂ ਘਰ ਦਾ ਨਿਸ਼ਾਨ ਹੈ ਤੇ ਨਿਸਾਨ ਗੁਰੂ ਦੇ ਜੁੱਗੋ-ਜੁੱਗ ਝੁਲਦੇ ਰਹੇ ਤੇ ਰਹਿਣਗੇ।

ਪਰ ਕੱਚੀ ਲੱਸੀ ਦਾ ਨਿਸ਼ਾਨ ਝੁੱਲਣ ਨਾਲ ਕੀ ਸਬੰਧ?

'ਮਹਾਂਪਰੁਖ' ਕਹਿੰਦੇ ਹੁੰਦੇ ਸਨ ਕੱਚੀ ਲੱਸੀ ਪਵਿੱਤਰਤਾ ਦਾ ਪ੍ਰਤੀਕ ਹੈ, ਨਿਸ਼ਾਨ ਸਾਹਿਬ ਦੇ ਸਤਿਕਾਰ ਵਜੋਂ ਇਹ ਵਰਤੀਦੀ ਹੈ!

ਮਹਾਂਪੁਰਖ ਤੇਰੇ ਕੀ ਕੱਚੀ ਲੱਸੀ ਨਾਲ ਨਾਹੁੰਦੇ ਹੁੰਦੇ ਸਨ?

ਮੱਤਲਬ ਤੇਰਾ? ਉਸ ਦੀਆਂ ਅੱਖਾਂ ਲਾਲ ਹੋ ਗਈਆਂ।

ਮੱਤਲਬ ਕੱਚੀ ਲੱਸੀ ਪਵਿੱਤਰ ਜੋ ਹੁੰਦੀ ਹੈ, ਤੇ ਪਵਿੱਤਰ ਬੰਦੇ ਨੂੰ ਤਾਂ ਫਿਰ ਪਵਿੱਤਰ ਚੀਜ ਹੀ ਵਤਰਣੀ ਚਾਹੀਦੀ ਏ ਨਾ ਬਈ।

ਉਹ ਕੋਈ ਬਿਨਾ ਜਵਾਬ ਦਿੱਤਿਆਂ ਭੂੰਅ-ਭੂੰਅ ਕਰਦਾ ਲੱਸੀ ਵਾਲੀ ਬਾਲਟੀ ਫੜੀ ਨਿਸ਼ਾਨ ਸਾਹਿਬ ਵਲ ਚਲਾ ਗਿਆ, ਜਿਥੇ ਗੁਰਦੁਆਰੇ ਦੇ ਪ੍ਰਬੰਧਕ ਗਾਤਰੇ ਪਾਈ ਸਮੇਤ ਲੁਕਾਈ ਦੇ ਦੇਹ ਬਾਲਟੀ ਤੇ ਬਾਲਟੀ ਕੱਚੀ ਲੱਸੀ ਦੀ ਨਿਸ਼ਾਨ ਸਾਹਿਬ ਉਪਰ ਡੋਲ੍ਹੀ ਜਾ ਰਹੇ ਸਨ।

ਹੇਠਾਂ ਪੈਰਾਂ ਵਿੱਚ ਦੁੱਧ ਪਾਣੀ ਦੀ ਘਾਣੀ ਜਿਹੀ ਮੱਚੀ ਪਈ ਸੀ। ਨਿਸ਼ਾਨ ਅਡੋਲ ਝੂਲ ਰਿਹਾ ਸੀ, ਜਾਂ ਕਿ ਪਤਾ ਨਹੀਂ ਸਿੱਖ ਕੌਮ ਦੀ ਤ੍ਰਾਸਦੀ ਉਪਰ ਝੂਰ ਰਿਹਾ ਸੀ, ਜਿਹੜੇ ਪੰਡੇ ਦੀ ਦਿੱਤੀ ਹੋਈ ਹਰੇਕ ਚੀਜ ਨੂੰ 'ਗਾਡ ਗਿਫਟ' ਸਮਝ ਕੇ ਗੁਰਦੁਆਰਿਆਂ ਵਿੱਚ ਬੜੀ ਬੇਹਯਾਈ ਨਾਲ ਲਾਗੂ ਕਰਦੇ ਹਨ, ਤੇ ਕਾਵਾਂ ਰੌਲੀ ਫਿਰ ਵੀ "ਖਾਲਸਾ ਨਿਆਰਾ" ਦੀ ਪਾਈ ਫਿਰਦੇ ਹਨ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top