Share on Facebook

Main News Page

ਨਵਾਂ ਸਾਲ ???
-: ਗੁਰਦੇਵ ਸਿੰਘ ਸੱਧੇਵਾਲੀਆ

ਬੰਦੇ ਦੀ ਮਾਨਸਿਕਤਾ ਹੀ ਹੈ ਕਿ ਨਵਾਂ ਹੈ, ਉਂਝ ਨਵਾਂ ਕੁੱਝ ਵੀ ਨਹੀਂ ਹੁੰਦਾ! ਕਿ ਹੁੰਦਾ? ਵਪਾਰੀ ਲੋਕਾਂ ਲਈ ਵੈਸੇ ਨਵਾਂ ਹੁੰਦਾ। ਸਭ ਪਿੱਛਲਾ ਮਾਲ ਨਿਕਲ ਜਾਂਦਾ, ਤਿਜੋਰੀਆਂ ਵਿਚ ਰੌਣਕ ਆ ਜਾਂਦੀ, ਗਲੇ ਭਰ ਜਾਂਦੇ, ਸਟੋਰਾਂ ਵਿਚ ਰੌਣਕਾਂ ਹੁੰਦੀਆਂ।

ਨਵਾਂ ਸਾਲ ਹੋਰ ਭਾਵੇਂ ਕੁਝ ਦੇਵੇ ਜਾਂ ਨਾ ਪਰ ਵਪਾਰੀ ਲੋਕਾਂ ਨੂੰ ਖੁਸ਼ੀ ਜਰੂਰ ਦਿੰਦਾ। ਨਵਾਂ ਸਾਲ ਹੁੰਦਾ ਹੀ ਵਪਾਰੀਆਂ ਦਾ ਹੈ ਬਾਕੀ ਤਾਂ ਲੁੱਟ ਪੁੱਟ ਹੋ ਕੇ ਖਾਲੀ ਹੋਏ ਬੈਠੇ ਨਵੇਂ ਸਾਲ ਤੋਂ ਅਗਲੇ ਦਿਨ ਕੰਮਾ ਤੇ ਗਏ ਦੇਖਣ ਹੀ ਵਾਲੇ ਹੁੰਦੇ ਹਨ! ਲੱਤਾਂ ਧੂਹਦੇ, ਕਰੈਡਿਟ ਕਾਡਾਂ ਜਾਂ ਲਾਇਨਾਂ ਉਪਰ ਚੁੱਕ ਚੁੱਕ ਕੀਤੇ ਵਾਯਾਤ ਖਰਚਿਆਂ ਉਪਰ ਝੂਰਦੇ, ਰੱਜ ਕੇ ਪੀਤੀ ਗਈ ਸ਼ਰਾਬ ਨਾਲ ਨਿਢਾਲ ਹੋਏ ਹੋਏ!

ਤਾਂ ਦੱਸੋ ਨਵਾਂ ਕੀ ਹੁੰਦਾ? ਬੰਦਾ ਖੁਦ ਪੁਰਾਣਾ ਹੀ ਰਹਿੰਦਾ ਉਸ ਵਿਚ ਕੁਝ ਵੀ ਨਵਾਂ ਨਹੀਂ ਹੁੰਦਾ। ਅੰਦਰ ਤਾਂ ਕੁਝ ਵੀ ਨਵਾਂ ਨਹੀਂ ਵਾਪਰਦਾ। ਬਾਹਰ ਨਵੇਂ ਤੇ ਨਵਾਂ ਸਾਲ ਚੜੀ ਜਾਂਦਾ ਪਰ ਅੰਦਰ ਹੋਰ ਪੁਰਾਣੇ ਤੋਂ ਪੁਰਾਣਾ ਹੋਈ ਜਾਂਦਾ। ਤੇ ਇਹ ਨਿੱਤ ਦੇ ਨਵੇਂ ਸਾਲ ਮੈਨੂੰ ਹੋਰ ਪੁਰਾਣਾ ਕਰੀ ਜਾਂਦੇ। ਦੇਹ ਕਰਕੇ ਵੀ ਅਤੇ ਮਾਨਸਿਕਤਾ ਕਰਕੇ ਵੀ। ਦੇਹ ਨੇ ਤਾਂ ਚਲੋ ਕਰਨੀ ਹੀ ਕੀ ਹੈ ਮੇਰੀ ਮਾਨਸਤਿਕਾ ਵੀ ਕੋਈ ਵਿਕਾਸ ਨਹੀਂ ਕਰਦੀ।

ਕਿਸੇ ਨਵੇਂ ਸਾਲ ਕੁਝ ਵੀ ਨਵਾਂ ਨਹੀਂ ਵਾਪਰਦਾ। ਸਭ ਪੁਰਾਣਾ ਹੀ ਘੱਸਿਆ ਪਿੱਟਿਆ! ਜੋ ਮੈਂ ਕੱਲ ਸੀ ਉਹੀ ਅੱਜ ਹਾਂ। ਮੇਰਾ ਕੱਲ ਮੇਰੇ ਨਵੇਂ ਵਿਚ ਤਬਦੀਲ ਨਹੀਂ ਹੁੰਦਾ। ਮੈਂ ਕੱਲ ਤੋਂ ਕੁਝ ਨਹੀਂ ਸਿਖਦਾ ਬਲਕਿ ਹੋਰ ਜੋਰ ਸ਼ੋਰ ਦੀ ਕੱਲ ਨੂੰ ਅੱਜ ਨਾਲ ਧੂਹੀ ਫਿਰਦਾ ਹਾਂ। ਇਥੇ ਤੱਕ ਕਿ ਮੈਂ ਬੁੱਢਾ ਹੋਣ ਤੱਕ ਅਪਣਾ ਬੱਚਪਨ ਵੀ ਨਾਲ ਹੀ ਲਈ ਫਿਰਦਾ ਹਾਂ, ਜਵਾਨੀ ਵੀ ਤੇ ਬੁਢੇਪਾ ਤਾਂ ਹੁਣ ਹੈ ਹੀ। ਤਿੰਨੋ ਦਾ ਇਕੱਠਾ ਭਾਰ ਚੁੱਕ ਤੁਰਦਾ ਹਾਂ ਮੈਂ ਮੋਢਿਆ ਉਪਰ ਤੇ ਇਹੀ ਕਾਰਨ ਹੈ ਕੁਝ ਵੀ ਨਵਾਂ ਨਹੀਂ ਵਾਪਰਦਾ ਮੇਰੇ ਜੀਵਨ ਵਿਚ ਕਿਉਂਕਿ ਮੈਂ ਪੁਰਾਣੇ ਨੂੰ ਹੀ ਝੂਰੀ ਜਾਂਦਾ ਰਹਿੰਦਾ ਹਾਂ!

ਜਿਉਂ ਜਿਉਂ ਸਾਲ ਨਵੇਂ ਆਈ ਜਾਂਦੇ ਨੇ ਤਿਉਂ ਤਿਉਂ ਮੇਰਾ ਪੁਰਾਣਾ ਹੋਰ ਬਲਵਾਨ ਹੋਈ ਜਾਂਦਾ। ਪੁਰਾਣਾ ਛੁੱਟਦਾ ਨਹੀਂ ਤੇ ਨਵੇਂ ਤੋਂ ਮੈਂ ਕੁਝ ਸਿੱਖਦਾ ਨਹੀਂ। ਪਰ ਸਾਲ ਨਵੇਂ ਨਾਲ ਮੈਂ ਕੁਝ ਪਲ ਜਰੂਰ ਮਨ ਨੂੰ ਤਸੱਲੀ ਦੇ ਲੈਂਦਾ ਕਿ ਅੱਜ ਨਵਾਂ ਸਾਲ ਹੈ।

ਨਵੇਂ ਸਾਲ ਵਾਲੀ ਰਾਤ ਗੁਰਦੁਆਰਿਆਂ ਵਿਚ ਭੀੜਾਂ ਹੁੰਦੀਆਂ, ਬਹੁਤ ਭੀੜਾਂ! ਯਾਦ ਰਹੇ ਸੰਗਤਾਂ, ਨਹੀਂ ਭੀੜਾਂ। ਜਿਹੜੀਆਂ ਅਗਲੇ ਸਾਰੇ ਸਾਲ ਚੰਗਾ ਰਹਿਣ ਲਈ, ਘਰ ਵਿਚ ਸੁੱਖ ਸ਼ਾਤੀਂ ਬਣਾਈ ਰੱਖਣ ਲਈ, ਧੰਦੇ ਉਪਰ ਗੁਰੂ ਦੀ ਨਿਗਾਹ ਸਵੱਲੀ ਰਹਿਣ ਲਈ, ਪਰਿਵਾਰ ਵਿਚ ਤੰਦਰੁਸਤੀ ਲਈ ਯਾਨੀ ਪੂਰਾ ਸਾਲ ਠੀਕ-ਠਾਕ ਚਲਦੇ ਰਹਿਣ ਲਈ। ਮੈਨੂੰ ਜਾਪਦਾ ਨਵੇ ਸਾਲ ਵਾਲੀ ਰਾਤ ਕੀਤਾ ਚੰਗਾ ਕੰਮ, ਪੁੰਨਦਾਨ, ਅਰਦਾਸ, ਪਾਠ, ਕੀਰਤਨ ਸਭ ਪੂਰਾ ਸਾਲ ਦਾ ਫਲ ਹੈ। ਯਾਨੀ ਇੱਕ ਰਾਤ ਵਿਚ ਪੂਰੇ ਸਾਲ ਦਾ ਮੇਲਾ ਲੁੱਟਣਾ ਚਾਹੁੰਦਾ ਮੈਂ। ਤੇ ਮੇਰੀ ਇਸ ਕਮਜੋਰੀ ਦਾ ਵਪਾਰੀ ਨੂੰ ਪਤੈ। ਤੁਸਾਂ ਦੇਖਿਆ ਹੋਣਾ ਕਦੇ ਗੁਰੂ ਘਰ ਬੈਠ ਕੇ ਨਾ ਕੀਰਤਨ, ਕਥਾ, ਗੁਰੂ ਦੇ ਬਚਨ ਨਾ ਸੁਣਨ ਵਾਲੇ ਪ੍ਰਬੰਧਕ ਇਨੀ ਦਿਨੀ ਪ੍ਰਕਾਸ਼ ਦਾਹੜੇ, ਖੱਟੀਆਂ ਪੋਚਵੀਂ ਦਸਤਾਰਾਂ, ਯੱਖ ਠੰਡ ਵਿਚ ਵੀ ਕੁੜਤੇ-ਪੰਜਾਮੇ, ਉਪਰ ਦੀ ਗਾਤਰੇ, ਹੱਥ ਜੁੜੇ, ਦਰਵਾਜਿਆਂ ਅਗੇ ਖੜੋਤੇ, ਝੁੱਕ ਝੁੱਕ ਜੀਓ ਆਇਆਂ ਕਹਿੰਦੇ ਸ਼ਾਖਯਾਤ ਦੇਵਤੇ ਨਜਰ ਆਉਂਦੇ! ਬਾਰਾਂ ਵੱਜ ਕੇ ਇੱਕ ਮਿੰਟ ਤੇ ਦੇਹ ਜੈਕਾਰੇ ਤੇ ਜੈਕਾਰਾ ਛੱਡਦੇ! ਤੇ ਫਿਰ ਘਰੋੜ ਘਰੋੜ ਮਾਇਕ ਅਗੇ ਲੋਕਾਂ ਨੂੰ ਸੰਬੋਧਨ ਹੁੰਦੇ।

ਨਵੇਂ ਸਾਲ ਦਾ ਮਹਾਤਮ ਦੱਸਦੇ? ਫਲ ਤੇ ਪੁੰਨ ਗਿਣਾਉਂਦੇ? ਗੁਰੂ ਜੀ ਦੀਆਂ ਖੁਸ਼ੀਆਂ ਨਾਲ ਤੁਹਾਡੀਆਂ ਝੋਲੀਆਂ ਭਰਦੇ ਪਰ ਖੁਦ ਅੰਦਰੇ ਅੰਦਰ ਭਰੀਆਂ ਗੋਲਕਾਂ ਦੀ ਗਿਣਤੀ ਕਰਦੇ!! ਤੇ ਅਗਲੇ ਦਿਨ ਜਾਂ ਉਸੀ ਰਾਤ ਮੁਛੈਹਿਰਿਆਂ ਨੂੰ ਹੱਥ ਫੇਰਦੇ ਭਾਈਆਂ ਨੂੰ ਹੁਕਮ ਕਰਦੇ ਕਿ ਲਿਆਓ ਭਾਈ ਫਿਰ ਚਿੱਟੇ ਚਾਦਰੇ?? ਤੁਹਾਨੂੰ ਪਤਾ ਲੱਗਾ ਕਾਹਦੇ ਲਈ?

ਗੁਰਦੁਆਰੇ ਜਾਣਾ, ਗੁਰੂ ਦੀ ਬਾਣੀ ਸੁਣਨਾ, ਗੁਰੂ ਘਰ ਸੇਵਾ ਕਰਨਾ, ਗੁਰੂ ਦੇ ਬਚਨ ਪੱਲੇ ਬੰਨਣੇ, ਉਸ ਉਪਰ ਘਰ ਆ ਕੇ ਪ੍ਰੈਕਟਿਸ ਕਰਨੀ, ਅਮਲ ਵਿਚ ਜਿਉਂਣਾ, ਇਹ ਸਿੱਖ ਦੇ ਜੀਵਨ ਦਾ ਅੰਗ ਹੈ ਤੇ ਇਹ ਜਦ ਵੀ ਸਮਾਂ ਲਗੇ ਸਿੱਖ ਨੂੰ ਕਰਨਾ ਬਣਦਾ ਹੈ। ਪਰ ਇਥੇ ਮਸਲਾ ਮੇਰੇ ਨਵੇ ਪੁਰਾਣੇ ਦਾ ਹੈ।

ਹਰੇਕ ਨਵੇਂ ਸਾਲ ਜਾ ਕੇ ਜੇ ਮੇਰੇ ਵਿੱਚ ਕੁੱਝ ਵੀ ਨਵਾਂ ਨਹੀਂ ਵਾਪਰਿਆ ਤਾਂ ਨਵਾ ਕੀ ਹੋਇਆ। ਘੱਟੋ ਘੱਟ ਨਵੇਂ ਸਾਲ ਮੈਂ ਗੁਰੂ ਅਗੇ ਅਰਦਾਸ ਕਰਕੇ ਸਾਰੇ ਸ੍ਰੀ ਗੁਰੂ ਜੀ ਦੀ ਬਾਣੀ ਨੂੰ ਖੁਦ ਪੜਨ ਦਾ ਪ੍ਰਣ ਹੀ ਲੈ ਆਵਾਂ, ਸ਼ਾਇਦ ਕੁੱਝ ਪੁਰਾਣੀਆਂ ਆਦਤਾਂ ਛੁੱਟ ਜਾਣ ਗੁਰੂ ਦੇ ਬੱਚਨ ਪੜ ਕੇ। ਇਹੀ ਸੋਚ ਆਵਾਂ ਕਿ ਗੁਰੂ ਦੀ ਬਾਣੀ ਵੇਚਣ ਵਾਲਿਆਂ ਦੇ ਵਪਾਰ ਵਿਚ ਮੈਂ ਵਾਧਾ ਕਰਨ ਦਾ ਕਾਰਨ ਨਹੀਂ ਬਣਾਂਗਾ, ਤੇ ਖੁਦ ਗੁਰੂ ਦੀ ਬਾਣੀ ਸਿੱਖਾਂਗਾ! ਪਰ ਖੁਦ ਪੁਰਾਣਾ ਰਹਿ ਕੇ ਮੇਰਾ ਨਵਾਂ ਸਾਲ ਗੁਰਦੁਆਰੇ ਜਾ ਕੇ ਮਨਾਉਣ ਦਾ ਤਰਕ ਬੜਾ ਅਜੀਬ ਹੈ'

'ਓ ਜੀ ਪਾਰਟੀਆਂ 'ਤੇ ਜਾਣ ਨਾਲੋਂ ਤਾਂ ਚੰਗਾ ਕਿ ਗੁਰਦੁਆਰੇ ਨਵਾਂ ਸਾਲ ਚੜਾ ਲਓ'!

ਇਸ ਤਰਕ ਪਿੱਛੇ ਵੀ ਮੇਰਾ ਉਹੀ ਪੁਰਾਣਾ ਮਨੁੱਖ ਹੀ ਬੋਲ ਰਿਹਾ ਹੁੰਦਾ। ਮੇਰੇ ਨਵਾਂ ਹੋਈ ਜਾਣ ਦੀ ਨਿਸ਼ਾਨੀ ਇਹ ਸੀ ਕਿ ਮੇਰੀ ਹਓਂ ਪੁਰਾਣੀ ਹੁੰਦੀ ਚਲੀ ਜਾਵੇ, ਇਨੀ ਪੁਰਾਣੀ ਕਿ ਇਹ ਮੈਨੂੰ ਭੁੱਲਣ ਵਾਲੀ ਹੋ ਜਾਏ। ਪਰ ਇਹ ਤਾਂ ਨਵਾਂ ਸਾਲ ਮਨਾਉਂਣ ਜਾ ਰਹੀ ਵੀ ਨਵੀਂ ਦੀ ਨਵੀਂ! ਮੈਨੂੰ ਜਾਪਦਾ ਮੈਂ ਉਨ੍ਹਾਂ ਲੋਕਾਂ ਨਾਲੋਂ ਤਾਂ ਚੰਗਾ ਹਾਂ ਨਾ, ਜਿਹੜੇ ਪਾਰਟੀਆਂ ਵਿੱਚ ਜਾ ਕੇ ਸ਼ਰਾਬਾਂ ਉਡਾਉਂਦੇ ਅਤੇ ਖਰਮਸਤੀਆਂ ਕਰਦੇ ਨੇ! ਜਦ "ਮੈਂ" ਚੰਗਾ ਹਾਂ ਮੈਂ ਨਵਾਂ ਕਿਵੇਂ ਹੋਇਆ? 'ਮੈਂ' ਹੀ ਗੁਰੂ ਘਰ ਜਾ ਕੇ ਪੁਰਾਣੀ ਕਰਨੀ ਸੀ, ਤਾਂ ਕਿ ਮੈਂ ਕੁੱਝ ਨਵਾਂ ਹੋ ਸਕਦਾ, ਪਰ 'ਮੈਂ' ਤਾਂ ਗੁਰਦੁਆਰੇ ਮੇਰੇ ਨਾਲੋਂ ਵੀ ਪਹਿਲਾਂ ਪਹੁੰਚੀ ਹੋਈ ਹੈ। ਹਾਲੇ ਖੁਦ ਮੈਂ ਘਰ ਹੀ ਫਿਰਦਾ ਹੁੰਨਾ ਕਿ 'ਮੈਂ' ਪਹਿਲਾਂ ਹੀ ਪਹੁੰਚ ਚੁੱਕੀ ਹੁੰਦੀ!!

ਮੇਰਾ ਰੋਜ਼ ਨਵਾਂ ਸਾਲ ਬੀਤੇ, ਮੇਰੇ ਜੀਵਨ ਵਿਚ ਰੋਜਾਨਾ ਨਵਾਂ ਸਾਲ ਚੜੇ, ਮੇਰੀ ਜਿੰਦਗੀ ਖੁਦ ਹੀ ਨਵਾ ਸਾਲ ਹੋਵੇ, ਜੇ ਮੈਂ "ਨਿੱਤ ਨਵੇਂ" ਸਾਹਿਬ ਨਾਲ ਖੁਦ ਯਾਰੀ ਪਾ ਲਵਾਂ, ਜੇ ਮੈਨੂੰ ਰੋਜ਼ ਨਵੇਂ ਸਾਹਿਬ ਨਾਲ ਗੱਲ ਕਰਨੀ ਆ ਜਾਵੇ, ਉਸ ਕੋਲੇ ਬੈਠਣਾ ਆ ਜਾਵੇ। ਉਹ ਤਾਂ ਮੈਂ ਭਾਈਆਂ-ਪਾਠੀਆਂ ਨੂੰ ਦੇ ਛੱਡਿਆ, ਤਾਂ ਇੱਕ ਦਿਨ ਗੁਰਦੁਆਰੇ ਜਾ ਕੇ ਨਵਾਂ ਸਾਲ ਮੈਨੂੰ ਨਵਾਂ ਕਿਵੇਂ ਕਰ ਦਏਗਾ! ਕਰ ਦਏਗਾ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top