ਰੰਗ ਗੂਹੜਾ ਹੀ ਬਹੁਤ ਹੈ ਮਾਇਆ ਦਾ।
ਬਹੁਤ ਗੂਹੜਾ! ਇਨਾ ਗੂਹੜਾ ਰੰਗ ਹਾਲੇ ਤੱਕ ਬਣਿਆ ਹੀ ਨਹੀਂ। ਸਭ ਰੰਗ ਇਸ ਸਾਹਵੇਂ ਫਿੱਕੇ।
ਇਥੇ ਤੱਕ ਕਿ ਲਹੂ ਦਾ ਰੰਗ ਵੀ। ਅਸੀਂ ਕਹਿੰਨੇ ਲਹੂ ਦਾ ਰੰਗ ਬੜਾ ਗੂਹੜਾ ਹੁੰਦਾ, ਪਰ
ਮਾਇਆ ਦੇ ਰੰਗ ਸਾਹਵੇਂ ਇਹ ਵੀ ਫਿੱਕਾ। ਜਿਥੇ ਇਸ ਰੰਗ ਦੀ ਗੱਲ ਆ ਜਾਏ ਉਥੇ ਸਭ ਰੰਗ ਫਿੱਕੇ,
ਲਹੂਆਂ ਦੇ ਵੀ! ਪਿਉ, ਪੁੱਤਰ, ਮਾਂ, ਧੀ, ਭਰਾ, ਭੈਣਾਂ ਸਭ ਰੰਗ ਇਸ ਸਾਹਵੇਂ ਫਿੱਕੇ।
ਮਾਇਆ
ਦਾ ਰੰਗ ਇੱਜਤ ਬੇਇੱਜਤੀ, ਮਾਨ, ਹਾਨੀ, ਸ਼ਰਮ, ਹਯਾ ਸਭ ਕੁਝ ਨੂੰ ਜੀਵਨ ਵਿਚੋਂ ਮਨਫੀ ਕਰ
ਦਿੰਦਾ ਹੈ। ਬੰਦਾ ਬੇਇੱਜਤੀ ਨੂੰ ਬੇਇੱਜਤੀ ਹੀ ਮੰਨਣੋ ਹੱਟ ਜਾਂਦਾ। ਆਹ ਹਾਲੇ
ਕੱਲ ਦੀ ਗੱਲ ਹੈ। ਮਲੂਕੇ ਦੀ ਪੱਗ ਲਾਹ
ਕੇ ਅਗਲਿਆਂ ਗਲ ਪਾ ਛੱਡੀ, ਪਰ ਉਹ ਮਾਂ ਦਾ ਪੁੱਤ ਕਰੀ ਜਾਵੇ ਲਿਆਉ ਪਰੂਫ ਮੇਰੀ ਬੇਇਜੱਤੀ
ਦੇ। ਲੈ ਕਿਥੇ ਹੋਈ ਬੇਇੱਜਤੀ? ਜੇ ਹੋਈ ਹੁੰਦੀ ਕੋਈ ਪਰੂਫ ਨਾ ਹੁੰਦਾ, ਕਿਸੇ
ਕੈਮਰੇ ਬੰਦ ਨਾ ਕੀਤੀ ਹੁੰਦੀ? ਤੇ ਕਈ ਤਾਂ ਅਪਣੀ ਬੇਇੱਜਤੀ ਦੀ ਵੀ ਕੀਮਤ ਮੰਗਣ ਲੱਗ ਜਾਂਦੇ
ਨੇ ਕਿ ਇਨੇ ਲੱਖ ਦੀ ਬੇਇੱਜਤੀ ਹੋਈ ਮੇਰੀ ਭਾਈ? ਬੇਇੱਜਤੀ ਵੀ ਲੱਖਾਂ ਦੀ ਹੁੰਦੀ?
ਯਾਣੀ ਮਾਇਆ ਦਾ ਗੂਹੜਾ ਰੰਗ ਹੈ ਕਿ ਅਸੀਂ ਇੱਜਤ ਬੇਇੱਜਤੀ ਦਾ
ਸਬੰਧ ਵੀ ਪੈਸੇ ਨਾਲ ਜੋੜ ਲਿਆ ਹੈ ਉਸ ਦੀ ਕੀਮਤ ਪਾ ਕੇ?
ਇਹ ਹੈ ਰੰਗ ਮਾਇਆ ਦਾ। ਜਨਮ ਬਿਰਥਾ ਇਸ ਨੂੰ ਹੀ ਕਹਿੰਦੇ ਨੇ ਜਦ
ਬੇਇੱਜਤੀ ਵੀ ਇੱਜਤ ਵਾਂਗ ਜਾਪਣ ਲੱਗ ਜਾਏ ਤੇ ਬੰਦਾ ਕਹੇ ਰੁੱਖ ਉੱਗਿਆ ਤਾਂ ਕੀ ਛਾਂ ਤੇ
ਹੈ ਨਾ! ਕੁਝ ਲੱਖ ਟਕੇ ਕੀਮਤ ਤਾਂ ਪਈ!
ਮਾਇਆ ਦੇ ਰੰਗ ਸਾਹਵੇਂ ਇੱਜਤਾਂ
ਬੇਇੱਜਤੀਆਂ ਦਾ ਕੋਈ ਰੰਗ ਨਹੀਂ ਟਿੱਕਦਾ। ਸਭ ਰੰਗ ਉੱਡ ਜਾਂਦੇ ਨੇ ਇਸ ਰੰਗ ਸਾਹਵੇਂ।
ਇਹ ਬਾਕੀ ਸਭ ਰੰਗਾਂ ਉਪਰ ਕਾਲਖ ਫੇਰ ਦਿੰਦਾ ਹੈ। ਇਹ ਰੰਗ ਹੀ ਵੱਖਰਾ ਹੈ। ਇਹ ਰੰਗ ਹੋਰ
ਕੋਈ ਰੰਗ ਦਿੱਸਣ ਹੀ ਨਹੀਂ ਦਿੰਦਾ। ਕੋਈ ਰਿਸ਼ਤਾ ਨਹੀਂ ਰਹਿਣ ਦਿੰਦਾ ਇਹ ਰੰਗ। ਵਫਾਦਾਰੀ,
ਮਿੱਤਰਤਾ, ਸਹਿਚਾਰ, ਸਦਾਚਾਰ, ਭੈਣ, ਭਰਾ, ਮਾਂ, ਪਿਉ ਸਭ ਖਤਮ। ਸਭ ਉਪਰ ਪੋਚਾ!
ਇਹ ਰੰਗ ਬੜਾ ਗੂਹੜਾ ਹੈ ਇੱਕ ਵਾਰ ਚੜਨ
ਲੱਗ ਜਾਏ ਫਿਰ ਬੰਦਾ ਪਿੱਛੇ ਥੋੜੋਂ ਮੁੜਦਾ। ਨਸ਼ਾ ਵੇਚਣ ਵਾਲੇ ਨੂੰ ਕੀ ਪਤਾ ਨਹੀਂ
ਹੁੰਦਾ ਕਿ ਮੇਰੀ ਇਸ ਕਰਤੂਤ ਨਾਲ ਪਤਾ ਨਹੀਂ ਕਿੰਨੇ ਮਾਵਾਂ ਦੇ ਪੁੱਤ ਸਿਵਿਆਂ ਦੇ ਰਾਹ
ਪੈਣੇ ਨੇ ਪਰ ਮਾਇਆ ਦਾ ਰੰਗ ਕੀ ਹੋਇਆ ਜੇ ਤੁਹਾਡੀ ਸਮਝ ਨੂੰ ਮਾਰ ਹੀ ਨਾ ਦਏ। ਸਮਝ ਨੂੰ
ਤਾਂ ਸਭ ਤੋਂ ਪਹਿਲਾਂ ਮਾਰਦਾ ਇਹ ਰੰਗ। ਸਭ ਸਮਝਾਂ ਜਵਾਬ ਦੇ ਜਾਦੀਆਂ ਜਦ ਮਾਇਆ ਦਾ ਰੰਗ
ਚੜ੍ਹਦਾ। ਚੰਗੇ ਭਲੇ ਬੰਦੇ ਇਸ ਹੱਥੋਂ ਠੱਗੇ ਜਾਂਦੇ ਨੇ। ਮੰਨੇ-ਦੰਨੇ? ਕਹਿੰਦੇ ਕਹਾਂਉਦੇ?
ਕਈ ਪੱਤਣਾਂ ਦੇ ਤਾਰੂ ਸਮਝਣ ਵਾਲੇ ਅਪਣੇ ਆਪ ਨੂੰ! ਕੋਈ ਅੰਡੇ ਚੋਂ ਲਾਟਰੀ ਕੱਢ ਕੇ ਠੱਗ
ਹੋ ਜਾਂਦਾ ਤੇ ਕੋਈ ਡਬਲ, ਟਰੱਬਲ ਕਰਨ ਦੇ ਨਾਂ ਤੇ। ਇਹ ਰੰਗ ਹੀ ਬੜਾ ਲੁਭਾਵਣਾ ਥੋੜੀ ਜਿਹੀ
ਇਸ ਦੀ ਝਲਕ ਕਿਧਰੇ ਪਈ ਤਾਂ ਬੰਦਾ ਮਿਰਗ ਤ੍ਰਿਸ਼ਨਾ ਵਾਂਗ ਮਗਰ ਦੌੜ ਪੈਂਦਾ। ਇਹ ਰੰਗ ਮਨ
ਨੂੰ ਇਨਾ ਮੋਂਹਦਾ ਕਿ ਚੰਗਾ ਭਲਾ ਕੋਟ ਪਿੰਟ ਪਾਈ ਸੜਕ ਤੇ ਤੁਰਿਆ ਜਾਂਦਾ ਬੰਦਾ ਹੇਠਾਂ ਦੋ
ਡਾਲਰ ਡਿੱਗੇ ਵੇਖ ਹੀ ਕੋਡਾ ਹੋ ਲੈਂਦਾ।
ਇਸ ਰੰਗ ਵਿਚ ਰੰਗਿਆ ਹੋਇਆ ਮਨੁੱਖ, ਮਨੁੱਖ ਹੋਣਾ ਹੀ ਛੱਡ ਦਿੰਦਾ
ਹੈ। ਇਹ ਰੰਗ ਬਹੁਤ ਲੁਭਾਉਂਣਾ ਹੈ। ਬਹੁਤ ਲੁਭਾਉਂਣਾ। ਮਿੱਠਾ, ਰਸਦਾਇਕ। ਉਸ ਅੰਬ ਵਰਗਾ
ਜਿਸ ਵਿਚ ਗਿਟਕ ਨਾ ਹੋਵੇ। ਬੰਦਾ ਚੂਪੀ ਹੀ ਤੁਰਿਆ ਜਾਂਦਾ। ਮੂੰਹ, ਹੱਥ, ਝੱਗਾ, ਸਭ ਲਿਬੜ
ਜਾਂਦੇ ਪਰ ਛੱਡਦਾ ਕਿਥੇ। ਆਲਾ ਦੁਆਲਾ ਚਾਹੇ ਹੱਸੀ ਜਾਏ ਲਿਬੜਿਆ ਬੂਥਾ ਦੇਖ ਪਰ ਕਦ
ਪ੍ਰਵਾਹ।
ਜੀਵਨ ਬੇਅਰਥ ਹੋ ਜਾਂਦਾ ਇਸ ਰੰਗ ਵਿਚ। ਜੀਵਨ ਬਾਰੇ ਬੰਦਾ ਸੋਚਦਾ
ਹੀ ਕਦ ਹੈ।ਜੀਵਨ ਬਾਰੇ ਤੇ ਤਾਂ ਸੋਚੇ ਜੇ ਜੀਵਨ ਨਾਲ ਕੋਈ ਸਬੰਧ ਰਹਿ ਜਾਏ। ਇਸ ਰੰਗ ਵਿਚ
ਰੰਗਿਆ ਬੰਦਾ ਜੀਵਨ ਨਾਲੋਂ ਤਾਂ ਟੁੱਟ ਹੀ ਜਾਂਦਾ ਹੈ। ਦੁਨੀਆਂ ਦੇ ਡਰੱਗੀ, ਮਾਇਆ ਧਾਰੀ,
ਰਜਵਾੜੇ, ਅਮੀਰਜਾਦੇ ਦੱਸੋ ਇਨਾ ਦਾ ਜੀਵਨ ਨਾਲ ਕੀ ਸਬੰਧ। ਇਹ ਰੰਗ ਸਭ ਤੋਂ ਪਹਿਲਾਂ ਕਤਲ
ਹੀ ਜੀਵਨ ਦਾ ਕਰਦਾ ਹੈ।
ਮਾਇਆ ਦੇ ਇਸ ਰੰਗ ਤੇ ਇੱਕੋ ਰੰਗ ਕਾਟ
ਕਰਦਾ ਤੇ ਉਹ ਹੈ ਨਾਮ ਦਾ ਰੰਗ। ਨਾਮ ਵਾਲਾ ਰੰਗ ਮਾਇਆ ਦੀ ਕਾਲਖ ਨੂੰ ਪੋਚ ਦਿੰਦਾ
ਹੈ। ਨਾਮ ਵਿਚ ਰੰਗਿਆ ਕਹਿੰਦਾ ਕਿਹੜੀ ਨਵਾਬੀ, ਕਿਹੜੀ ਜਗੀਰ ਤੇ ਕਿਹੜੀ ਤੇਰੀ ਬਾਦਸ਼ਾਹੀ।
ਜਾਹ ਚਲਾ ਜਾਹ ਅਬਦਾਲੀ ਅਸੀਂ ਘੋੜਿਆਂ ਦੀਆਂ ਕਾਠੀਆਂ ਤੇ ਹੀ ਰਾਜੇ! ਸਾਨੂੰ ਗੁਰੂ ਬਾਜਾਂ
ਵਾਲੇ ਬਾਦਸ਼ਾਹ ਕੀਤਾ, ਜੁੱਤੀ ਦੀ ਨੋਕ ਤੇ ਤੇਰੀ ਖੈਰਾਤਾਂ ਵਿਚ ਦਿੱਤੀ ਬਾਦਸ਼ਾਹੀ! ਅਸਰ ਹੀ
ਨਹੀਂ ਕਰਦਾ ਮਾਇਆ ਦਾ ਰੰਗ, ਪੋਂਹਦਾ ਹੀ ਨਹੀਂ ਮਾਇਆ ਦਾ ਰੰਗ ਨਾਮ ਦੇ ਰੰਗ ਵਾਲੇ ਤੇ ਨਹੀਂ
ਤਾਂ ਬਹੁਤੀ ਮਨੁੱਖਤਾ ਅਪਣਾ ਜੀਵਨ ਬਿਰਥਾ ਹੀ ਗਵਾ ਕੇ ਚਲੀ ਜਾਂਦੀ ਹੈ ਜਿਹੀ ਆਈ ਤੇਹੀ ਨਾ
ਆਈ!