Share on Facebook

Main News Page

ਸਾਡੀ ਲੀਡਰਸ਼ਿੱਪ ਸਮਝਦਾਰ ਕਿਵੇਂ ਹੋਵੇ ?
-: ਗੁਰਦੇਵ ਸਿੰਘ ਸੱਧੇਵਾਲੀਆ

ਸਾਡਾ ਕਿਸੇ ਨੂੰ ਲੀਡਰ ਮੰਨਣ ਜਾਂ ਬਣਾਉਂਣ ਦੇ ਮਾਪਦੰਡ ਪਤਾ ਕੀ ਨੇ? ਕਿਸ ਨੇ ਕਿੰਨੇ ਸਾਲ ਜੇਲ੍ਹ ਕੱਟੀ, ਤੇ ਕਿਸ ਨੇ ਕਿੰਨੇ ਬੰਦੇ ਟੱਬਰ ਦੇ ਮਰਵਾਏ? ਹਿੰਦੂ ਦੀ ਰਾਜਨੀਤੀ ਦਾ ਮਾਪਦੰਡ ਇਹ ਹੈ, ਕਿ ਉਸ ਕਿੰਨੇ ਬੰਦੇ ਮਾਰੇ ਤੇ ਸਾਡਾ ਕਿ ਕਿੰਨੇ ਮਰਵਾਏ?

ਜੇਲ੍ਹ ਕੱਟਣ ਵਾਲੇ ਜਾਂ ਪਰਿਵਾਰ ਦੇ ਬੰਦੇ ਸ਼ਹੀਦ ਕਰਵਾਉਂਣ ਵਾਲੇ ਨੂੰ ਇਹ ਨਹੀਂ ਕਿ ਉਸ ਨੂੰ ਬਣਦਾ ਸਨਮਾਨ ਨਹੀਂ ਦੇਣਾ ਚਾਹੀਦਾ, ਪਰ ਇਹ ਮਾਪਦੰਡ ਤਾਂ ਕਿਵੇਂ ਵੀ ਨਹੀਂ ਕਿ ਤੁਸੀਂ ਉਸ ਨੂੰ ਲੀਡਰ ਮੰਨਣ ਲੱਗ ਜਾਉਂ। ਤੁਸੀਂ ਕਦੇ ਕਿਸੇ ਨੂੰ ਜਹਾਜ ਦਾ ਪਾਇਲਟ ਇਸ ਮਾਪਦੰਡ ਤਹਿਤ ਬਣਾਉਂਗੇ, ਕਿ ਇਹ ਬੰਦਾ ਇਨੇ ਸਾਲ ਜੇਲ੍ਹ ਕੱਟ ਕੇ ਆਇਆ ਹੈ? ਜੇ ਤੁਸੀਂ 2-3 ਸੌ ਬੰਦੇ ਦੀ ਜਾਨ ਦੀ ਜਿੰਮੇਵਾਰੀ ਇਸ ਮਾਪਦੰਡ ਤਹਿਤ ਨਹੀਂ ਦੇ ਸਕਦੇ ਤਾਂ ਪੂਰੀ ਕੌਮ ਦੀ ਕਿਵੇਂ?

ਸਿੱਖ ਕੌਮ ਦੀ ਲੀਡਰਸ਼ਿਪ ਵਲ ਦੇਖ ਇੰਝ ਜਾਪਦਾ, ਜਿਵੇਂ ਇਨ੍ਹਾਂ ਵਿਚ ਪੜਿਆ ਲਿਖਿਆ ਸਮਝਦਾਰ ਬੰਦਾ ਹੀ ਕੋਈ ਨਾ ਹੋਵੇ। ਬਾਦਲਾਂ ਤੋਂ ਸ਼ੁਰੂ ਕਰ ਲਓ, ਮੱਕੜ, ਤੋਤਾ, ਮਲੂਕਾ, ਸਾਰੇ ਜਥੇਦਾਰ, ਮਾਨ, ਦਾਦੂਵਾਲ, ਅਜਨਾਲਾ, ਪੀਰ ਮਹੁੰਮਦ, ਮਹਿਤੇ ਚਾਵਲੇ। ਇਹੀ ਨੇ ਨਾ ਸਾਡੇ ਲੀਡਰ? ਚਲੋ ਉਥੇ ਦੀ ਤਾਂ ਖਾਧੀ ਕੜ੍ਹੀ! ਤੁਸੀਂ ਕਹਿੰਨੇ ਕਿ ਪੰਜਾਬ ਵਿਚ ਅਨਪੜਤਾ ਜਾਂ ਗੁਲਾਮ ਨੇ, ਪਰ ਤੁਸੀਂ ਬਾਹਰ ਦੇਖ ਲਓ! ਗੁਰਦੁਆਰਿਆਂ ਤੋਂ ਸ਼ੁਰੂ ਹੋ ਜਾਓ? ਜੇ ਇੱਕ ਇੱਕ ਪ੍ਰਧਾਨ ਦਾ ਤੁਹਾਨੂੰ ਪਤਾ ਲੱਗ ਜਾਏ ਤਾਂ ਤੁਸੀਂ ਮੱਥੇ ਹੱਥ ਮਾਰੋਂ?

ਕਾਰਨ ਕੀ ਹੈ? ਕਾਰਨ ਬਣੇ ਹੋਏ ਲੀਡਰਾਂ ਦਾ ਨਹੀਂ ਸਾਡਾ ਹੈ। ਅਸੀਂ ਕਾਰਨ ਹਾਂ ਇਸ ਸਭ ਦੇ! ਕਿਉਂਕਿ ਅਸੀਂ ਸਮਝਦਾਰ ਗੱਲ ਦਾ ਮਖੌਲ ਉਡਾਉਂਦੇ, ਤੇ ਤੱਤੀਆਂ ਗੱਲਾਂ ਮਗਰ ਛੇਤੀ ਦੌੜਦੇ ਹਾਂ। ਅਸੀਂ ਲੋੜੋਂ ਵੱਧ ਭਾਵੁਕ ਹਾਂ। ਭਾਵੁਕਤਾ ਅਕਲ ਨੂੰ ਖਾ ਜਾਂਦੀ ਹੈ। ਭਾਵੁਕ ਬੰਦਾ ਦਲੀਲ ਨਾਲ ਗੱਲ ਨਹੀਂ ਕਰ ਸਕਦਾ। ਭਾਵੁਕਤਾ ਠਰੰਮਾ ਨਹੀਂ ਰਹਿਣ ਦਿੰਦੀ ਤੇ ਅਕਲ ਆਉਂਦੀ ਹੀ ਠਰੰਮੇ ਵਿਚੋਂ ਹੈ।

ਜੇ ਸਾਡੀ ਲੀਡਰਸ਼ਿਮ ਸਿਰੇ ਦੀ ਨਿਕੰਮੀ ਤੇ ਨਾਲਾਇਕ ਹੈ, ਤਾਂ ਇਹ ਕੋਈ ਉਪਰੋਂ ਨਹੀ ਉਤਰੀ ਨਾ ਜਮੀਨ ਵਿਚੋਂ ਉੱਗੀ ਹੈ। ਇਹ ਸਾਡੇ ਵਿਚੋਂ ਹੀ ਗਈ ਹੋਈ ਹੈ, ਸਾਡੇ ਹੀ ਸਿਰਾਂ 'ਤੇ ਬੈਠੀ ਹੋਈ, ਸਾਡੀਆਂ ਹੀ ਦੰਦੀਆਂ ਚਿੜਾ ਰਹੀ ਹੈ। ਭਾਵੁਕ ਹੋਣ ਦੀ ਸਾਡੀ ਇਸ ਕਮਜ਼ੋਰੀ ਤੋਂ ਫਾਇਦਾ ਉਠਾਉਂਣ ਵਾਲੇ ਸ਼ਾਤਰ ਲੋਕ ਬੜੀ ਛੇਤੀ ਟਪੂਸੀ ਮਾਰ ਕੇ ਉਪਰਲੇ ਡੰਡੇ 'ਤੇ ਜਾ ਬੈਠਦੇ ਹਨ, ਜਿਹੜੇ ਮੁੜ ਲਾਹਿਆਂ ਵੀ ਲੱਥਦੇ ਨਹੀਂ ਤੇ ਸਦਾ ਬਹਾਰ ਲੀਡਰ ਬਣੇ ਰਹਿਣ ਤੋਂ ਉਨ੍ਹਾਂ ਨੂੰ ਕੋਈ ਨਹੀਂ ਰੋਕ ਸਕਦਾ।

ਸਾਡੇ ਕੋਲੇ ਇਸ ਗੱਲ ਨਾਲ ਗੁਜ਼ਾਰਾ ਕਰਨ ਤੋਂ ਬਿਨਾ ਕੋਈ ਚਾਰਾ ਨਹੀਂ ਰਹਿੰਦਾ ਕਿ ਚਲੋ ਕੁਝ ਤਾਂ ਕਰਦੇ ਹੀ ਏ, ਹੋਰ ਕੋਈ ਅੱਗੇ ਵੀ ਤਾਂ ਨਹੀਂ ਲੱਗਦਾ? ਲੱਗਦਾ ਕਿਉਂ ਨਹੀਂ, ਪਰ ਇਹ ਲੱਗਣ ਹੀ ਕਦ ਦਿੰਦੇ? ਉਸ ਨੂੰ ਅਜਿਹੇ ਤਖੱਸਲਾਂ ਨਾਲ ਨਿਵਾਜਦੇ ਕਿ ਅਗਲਾ ਬਾਹਰ ਨਿਕਲਣ ਜੋਗਾ ਤਾਂ ਕੀ, ਘਰ ਵੜਨ ਗੋਚਰਾ ਵੀ ਨਹੀਂ ਛੱਡਦੇ? ਆਹ ਹੁਣੇ ਪੰਜਾਬ ਵਿੱਚ ਤੁਹਾਡੇ ਸਾਹਵੇਂ ਕੀ ਹੋਇਆ? ਇਥੇ ਆ ਕੇ ਸਾਨੂੰ ਜਾਪਦਾ ਤਾਂ ਹੁੰਦਾ ਕਿ ਅਸੀਂ ਬੇਬਸ ਹਾਂ, ਪਰ ਸਾਨੂੰ ਮੰਨ ਲੈਣ ਤੋਂ ਬਿਨਾ ਚਾਰਾ ਵੀ ਕੋਈ ਨਹੀਂ ਜਾਪਦਾ ਹੁੰਦਾ ਕਿ ਲੀਡਰ ਇੰਝ ਕੁ ਦੇ ਹੀ ਹੁੰਦੇ ਹੋਣੇ! ਨਹੀਂ?

ਭਾਵੁਕਤਾ ਦੇ ਵਹਿਣ ਵਿਚੋਂ ਪੈਦਾ ਹੋਈ ਲੀਡਰਸ਼ਿਮ ਕੌਮਾਂ ਲਈ ਅੱਤ ਘਾਤਕ ਹੁੰਦੀ ਹੈ, ਇਹ ਗੱਲ ਪਿੱਛਲੇ ਵਰਤਾਰੇ ਨੇ ਸਾਬਤ ਕਰ ਦਿੱਤੀ ਹੈ, ਕਿ ਅਸੀਂ ਹਜ਼ਾਰਾਂ ਬੰਦਾ ਮਰਵਾ ਕੇ ਵੀ ਕੁਝ ਖੱਟਣਾ ਕਮਾਉਂਣਾ ਤਾਂ ਰਿਹਾ ਪਾਸੇ, ਆਪਣੇ ਉਪਰ ਹੋਏ ਜੁਲਮਾਂ ਦਾ ਇਨਸਾਫ ਵੀ ਨਹੀਂ ਲੈ ਸਕੇ।

ਚਲੋ ਛੋਟੀ ਜਿਹੀ ਮਿਸਾਲ ਲੈਂਦੇ ਹਾਂ। 2020 ਪਿੱਛੇ ਕੌਮ ਮੇਰੀ ਹੁਣ ਭਾਵੁਕ ਹੋਈ ਹੋਈ ਹੈ। ਇਹ ਭਾਵੁਕਤਾ ਹੀ ਹੈ ਜਿਹੜੀ ਸਾਨੂੰ ਸੋਚਣ ਨਹੀਂ ਦੇ ਰਹੀ ਕਿ ਪਟੀਸ਼ਨਾਂ ਜਾਂ ਕੰਪਿਊਟਰਾਂ ਨਾਲ ਕਦੇ ਮੁਲਕ ਨਹੀਂ ਬਣਦੇ, ਤੇ ਦੂਜਾ ਮੂਹਰੇ ਲੱਗੀ ਲੀਡਰਸ਼ਿਪ? ਪੀਰ ਮਹੁੰਮਦ ਵਰਗੇ ਬਦਨਾਮ ਬੰਦੇ?

ਅਮਰੀਕਾ ਦੇ ਨਗਰ ਕੀਰਤਨ 'ਤੇ ਗਏ ਮੇਰੇ ਇੱਕ ਮਿੱਤਰ ਨੇ ਗੱਲ ਸੁਣਾਈ। 'ਸਿੱਖਸ ਫਾਰ ਜਸਟਿਸ' ਦਾ ਬੰਦਾ। ਉਸ ਕੋਲੇ ਜਦ ਪੀਰ ਮਹੁੰਮਦ ਦੇ ਸ਼ੱਕੀ ਕਿਰਦਾਰ ਬਾਰੇ ਸਵਾਲ ਉਠਾਇਆ ਗਿਆ ਤਾਂ ਉਸ ਦਾ ਜਵਾਬ ਹੈਰਾਨ ਕਰ ਦੇਣ ਵਾਲਾ!

ਤੁਸੀਂ ਸਾਨੂੰ ਪੰਜਾਬ ਵਿੱਚ ਸਾਡੇ ਹੱਕ ਵਿਚ ਮੁਜਾਹਰੇ ਕਰਨ ਵਾਲਾ ਕੋਈ ਬੰਦਾ ਲੱਭ ਦਿਓ, ਅਸੀਂ ਪੀਰ ਮਹੁੰਮਦ ਨੂੰ ਛੱਡ ਦਿੰਦੇ ਹਾਂ??????

ਇਹ ਮੈਂ ਮਿਸਾਲ ਵਜੋਂ ਕਹਾਣੀ ਸੁਣਾਈ, ਪਰ ਉਂਝ ਗੱਦਾਰ ਤੇ ਏਜੰਸੀਆਂ ਦਾ ਬੰਦਾ ਕਹਿਣ ਵਾਲਿਆਂ ਨੂੰ ਜੀ ਆਇਆਂ?

ਅਜਿਹੇ ਹਲਾਤਾਂ ਵਿਚ ਚੰਗੀ ਤੇ ਸਮਝਦਾਰ ਲੀਡਰਸ਼ਿਪ ਕਿਵੇਂ ਜਨਮ ਲਵੇਗੀ। ਇਦਾਂ ਕੁ ਦੀ ਸਮਝਦਾਰੀ ਵਿਚੋਂ ਤਾਂ ਇੰਝ ਦੀ ਲੀਡਰਸ਼ਿਪ ਨਾਲ ਗੁਜਾਰਾ ਕਰਨ ਤੋਂ ਬਿਨਾ ਚਾਰਾ ਵੀ ਕੀ ਹੈ?

ਜਿਸ ਦਿਨ ਅਸੀਂ ਸਮਝਦਾਰ ਹੋ ਗਏ, ਉਸੇ ਦਿਨ ਲੀਡਰਸ਼ਿਪ ਵਿੱਚ ਨਿਖਾਰ ਆਉਣਾ ਸ਼ੁਰੂ ਹੋ ਜਾਏਗਾ। ਹੁਣ ਤਾਂ ਸਾਡੀ ਹਾਲਤ ਇਹ ਕਿ ਜਿਹੜਾ ਜਿੰਨਾ ਵੱਡਾ ਧੱਕੇ ਅਤੇ ਧੜੱਲੇਦਾਰ, ਉਨਾ ਵੱਡਾ ਲੀਡਰ, ਜਿੰਨੇ ਵੱਡੇ ਨਾਹਰੇ ਤੇ ਜਿੰਨੀ ਉੱਚੀ ਜੈਕਾਰੇ, ਉਨਾ ਵੱਡਾ ਸਾਡਾ ਜਥੇਦਾਰ?


ਟਿੱਪਣੀ: ਸ. ਗੁਰਦੇਵ ਸਿੰਘ ਜੀ, ਤੁਹਾਨੂੰ ਅਤੇ ਤੁਹਾਡੀ ਕਲਮ ਨੂੰ ਸਲਾਮ... ਪਰ "ਸਮਝਦਾਰ" ਤੇ ਸਿੱਖ ??? ਹੁਣ ਤੁਸੀਂ ਵੀ ਤਿਆਰ ਰਹੋ ਗਾਹਲਾਂ ਖਾਣ ਨੂੰ... ਇਹ ਖ਼ਾਲਸਾ ਨਿਊਜ਼ ਦਾ ਨੀਜੀ ਵੀਚਾਰ ਹੈ ਕਿ ਇਸ ਕੌਮ ਨੂੰ ਅਕਲ ਨਹੀਂ ਆ ਸਕਦੀ... ਇਹ ਗੰਢੇ ਵੀ ਖਾਵੇਗੀ, ਤੇ ਛਿੱਤਰ ਵੀ...

- ਸੰਪਾਦਕ ਖ਼ਾਲਸਾ ਨਿਊਜ਼


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top