ਇੱਕ ਲਘੂ ਕਥਾ ਹੈ ਕਿ ਇੱਕ ਗਿੱਧ, ਉਹੀ ਉੱਡਦੀ ਫਿਰਦੀ ਮਾਸ ਖਾਣੀ
ਗਿੱਧ! ਉਸ ਦੇ ਬੱਚੇ ਇੱਕ ਦਿਨ ਜ਼ਿਦ ਕਰਨ ਲੱਗੇ ਕਿ ਅਸੀਂ ਮੱਨੁਖੀ ਮਾਸ ਖਾਣਾ ਹੈ। ਹੁਣ
ਮਨੁੱਖੀ ਮਾਸ ਕਿਥੇ ਲੱਭੇ। ਮੱਨੁਖ ਤਾਂ ਖੁਦ ਸ਼ਿਕਾਰੀ ਹੈ, ਇਹ ਕਿਸੇ ਦਾ ਸ਼ਿਕਾਰ ਕਦ ਹੋਣ
ਲੱਗਾ। ਗਿੱਧ ਸਾਰਾ ਦਿਨ ਉੱਡਦੀ ਰਹੀ, ਪਰ ਮਨੁੱਖੀ ਮਾਸ ਨਾ ਲੱਭਾ। ਤੇ ਆਖਰ ਸ਼ਾਮ ਜਿਹੀ
ਸੋਚਦੀ ਕਿ ਨਿਆਣੇ ਭੁੱਖੇ ਹੋਣੇ ਤੇ ਉਸ ਮਰੀ ਹੋਈ ਗਾਂ ਦੀ ਬੋਟੀ ਚੁੱਕ ਲਿਆਂਦੀ।
ਪਰ ਨਿਆਣੇ ਕਹਿਣ ਕਿ ਖਾਣਾ ਹੀ ਮੱਨੁਖੀ ਮਾਸ ਹੈ। ਅਗਲੇ
ਦਿਨ ਉਹ ਫਿਰ ਉੱਡੀ। ਸਾਰਾ ਦਿਨ ਭਾਉਂਦੀ ਰਹੀ, ਪਰ ਨਹੀਂ ਮਿਲਿਆ ਮਨੁੱਖੀ ਮਾਸ ਤੇ ਆਖਰ
ਸ਼ਾਮੀ ਜਿਹੀ ਸੂਰ ਦੇ ਮਾਸ ਦੀ ਬੋਟੀ ਚੁੱਕ ਲਿਆਈ। ਪਰ ਨਿਆਣੇ ਦੀ ਜ਼ਿਦ ਹੁੰਦੀ। ਬਾਲ ਹੱਠ
ਮਾੜਾ। ਨਿਆਣੇ ਜਦ ਜ਼ਿਦੋਂ ਨਾ ਹਟੇ ਤਾਂ ਅਗਲੇ ਦਿਨ ਗਿੱਧ ਨੂੰ ਇੱਕ 'ਆਈਡਿਆ'
ਆਇਆ। ਉਸ ਗਾਂ ਦੇ ਮਾਸ ਦੀ ਬੋਟੀ ਮੰਦਰ ਵਿਚ ਸੁੱਟ ਦਿੱਤੀ ਤੇ
ਸੂਰ ਦੇ ਦੀ ਮੱਸਜ਼ਿਦ ਵਿਚ? ਤੇ ਅਗਲੇ ਦਿਨ?
ਮਾਸ ਹੀ ਮਾਸ। ਇੱਕ ਗਿੱਧ
ਕੀ ਹਜ਼ਾਰਾਂ ਗਿੱਧਾਂ ਦੇ ਟੱਬਰਾਂ ਨੇ ਮਨੁੱਖੀ ਮਾਸ ਦਾ ਰੱਜ ਕੇ ਭੋਜਨ ਕੀਤਾ!!!
ਹਿੰਦੋਸਤਾਨ
ਦੀਆਂ ਰਾਜਨੀਤਕ ਗਿੱਧਾਂ ਦੇ ਨਿਆਣੇ ਚਿਰਾਂ ਦੇ ਜ਼ਿਦ ਪਏ ਜਾਪਦੇ ਸਨ ਮਨੁੱਖੀ ਮਾਸ ਖਾਣ ਲਈ
ਤੇ ਇਸ ਵਾਰੀ ਲੱਗਦਾ ਜਿਵੇਂ ਉਨੀ ਪੰਜਾਬ ਚੁਣਿਆ ਹੋਵੇ।
ਪੰਜਾਬ ਦਾ ਮਨੁੱਖੀ ਮਾਸ ਖਾਣ ਲਈ
ਰਾਜਨੀਤਕ ਗਿੱਧਾਂ ਉਤਾਵਲੀਆਂ ਜਾਪ ਰਹੀਆਂ ਹਨ। ਸ੍ਰੀ
ਗੁਰੂ ਜੀ ਦੀ ਬਾਣੀ ਦੇ ਆਪੇ ਪੱਤਰੇ ਪਾੜੇ, ਆਪੇ ਉਸ ਗੱਲ ਨੂੰ ਸਿਰੇ 'ਤੇ ਲਿਜਾਇਆ, ਆਪੇ
ਗੋਲੀਆਂ ਨਾਲ ਬੰਦੇ ਮਾਰੇ, ਆਪੇ ਲੋਕਾਂ ਨੂੰ ਜਿਹਲਾਂ ਵਿਚ ਸੁੱਟਿਆ, ਤੇ ਆਪੇ ਹੁਣ ਅਹਿਸਾਨ
ਕਰ ਰਹੇ ਨੇ ਕਿ ਅਸੀਂ ਕੇਸ ਵਾਪਸ ਲੈਂਦੇ ਹਾਂ?
ਅਸੀਂ ਵਾਰ ਵਾਰ
ਇਨ੍ਹਾਂ ਗਿੱਧਾਂ ਦਾ ਸ਼ਿਕਾਰ ਹੁੰਦੇ ਹਾਂ ਤੇ ਵਾਰ ਵਾਰ ਆਪਣੇ ਮੁੱਦਿਆਂ ਨੂੰ ਭੁੱਲ ਜਾਂਦੇ
ਹਾਂ। ਹਰੇਕ ਮੁੱਦੇ ਦੀ ਜਾਨ ਧਰਮ ਵਿਚ ਉਲਝਾ ਕੇ ਕੱਢ ਦਿੱਤੀ ਜਾਂਦੀ ਹੈ ਤੇ ਬੰਦੇ
ਮਰਵਾਕੇ ਮੁੱਦਾ ਖਤਮ ਹੋ ਜਾਂਦਾ ਤੇ ਆਖਰ ਸਾਡੀ ਮੰਗ ਕੀ ਰਹਿ ਜਾਂਦੀ ਕਿ ਗੋਲੀਆਂ ਮਾਰਨ
ਵਾਲੇ ਅਫਸਰਾਂ ਤੇ ਕਨੂੰਨੀ ਕਾਰਵਾਈ, ਮਰਿਆਂ ਨੂੰ ਮੁਆਵਜਾ, ਫੜਿਆਂ ਦੇ ਕੇਸ ਵਾਪਸ ਤੇ
ਦੋਸ਼ੀਆਂ ਨੂੰ ਸਜ਼ਾਵਾਂ। ਤੇ ਸਰਕਾਰ ਨੇ ਇਹ ਕਰਨਾ ਹੀ ਹੁੰਦਾ, ਪਰ ਉਹ ਇਸ ਆਵਾਜ਼ ਨੂੰ ਸਿਰੇ
ਦਾ ਰੌਲਾ ਬਣਾ ਕੇ ਕਰਦੀ ਹੈ। ਉਸ ਕਨੂੰਨੀ ਕਾਰਵਾਈਆਂ ਦੇ ਰੌਲੇ ਵਿਚ ਲੋਕ ਆਪਣੇ ਮੁੱਦੇ
ਗੁਆ ਬੈਠਦੇ! ਹਿੰਦੋਸਤਾਨ ਵਿਚ ਜਦ ਕਿਤੇ ਵੀ ਕੋਈ ਮੁੱਦਾ ਜ਼ੋਰ ਫੜਨ ਲੱਗਦਾ ਹੈ, ਤਾਂ ਧਰਮ
ਉਸ ਦਾ ਹੰਡਿਆ ਵਰਤਿਆ ਰਾਮ ਬਾਣ ਹੈ! ਉਹ ਕਿਤੇ ਸੂਰ ਸੁੱਟਦੀ
ਹੈ, ਕਿਤੇ ਗਾਂ ਤੇ ਕਿਤੇ ਸ੍ਰੀ ਗੁਰੂ ਜੀ ਦੀ ਬਾਣੀ ਦਾ ਨਿਰਾਦਰ!
ਹੁਣ ਕਿਥੇ ਹੈ
ਸੌਦਾ ਸਾਧ ਤੇ ਕਿਥੇ ਹੈ ਖੁਦਕਸ਼ੀਆਂ ਕਰਦੀ ਪੰਜਾਬ ਦੀ ਕਿਸਾਨੀ, ਕਿਥੇ ਬਾਪੂ ਸੂਰਤ ਸਿੰਘ
ਤੇ ਕਿਥੇ ਹੈ ਜੇਹਲਾਂ ਅੰਦਰ ਬੰਦ ਸਿੰਘਾਂ ਦੀ ਰਿਹਾਈ ਤੇ ਕਿਧਰ ਗਈ ਨਸ਼ਿਆਂ ਦੀ ਖੁਲ੍ਹੀ
ਖੇਡ, ਜਿਹੜੀ ਚਿਰਾਂ ਤੋਂ ਬਾਦਲਕਿਆਂ ਦੇ ਨੱਕ ਹੇਠ ਖੇਡੀ ਜਾ ਰਹੀ ਤੇ ਜਿਸ ਅੱਧਾ ਪੰਜਾਬ
ਸਿਵਿਆਂ ਰਾਹ ਤੋਰ ਦਿੱਤਾ?
ਮੁੱਦਾ ਪੰਜਾਬ ਦੀ ਮਰ ਰਹੀ ਕਿਸਾਨੀ ਸੀ।
ਮੁੱਦਾ ਸੌਦਾ ਸਾਧ ਨੂੰ ਨੱਥ ਪਾਉਂਣਾ ਸੀ।
ਉਹ ਤਾਂ ਮੁੱਦੇ ਹੁਣ ਰਹੇ ਹੀ ਨਾ। ਅਸਲ ਮੁੱਦੇ ਰੁਲ ਗਏ।
ਕਈ ਚਿਰਾਂ ਦਾ ਭੁੱਖਾ ਮਰ ਰਿਹਾ ਬਾਪੂ ਸੂਰਤ ਸਿੰਘ ਵੀ ਇਸ ਰੌਲੇ ਵਿਚ ਰੁਲ ਗਿਆ। ਦੋ ਮਾਵਾਂ
ਦੇ ਪੁੱਤ ਮਾਰ ਕੇ ਉਨੀ ਝੋਲੀ ਪਾ ਦਿੱਤੇ। ਕਈਆਂ ਦਾ ਲਹੂ ਡੋਲਿਆ, ਕਈਆਂ ਦੇ ਡਾਂਗ ਫਿਰੀ
ਤੇ ਹੁਣ? ਅਖੇ ਦੋਸ਼ੀਆਂ ਨੂੰ ਫੜਨ ਲਈ ਕ੍ਰੋੜ ਇਨਾਮ ਤੇ ਕੇਸ ਵਾਪਸ? ਦੋਸ਼ੀ ਕੌਣ ਸਨ?
ਸ੍ਰੀ ਗੁਰੂ ਜੀ ਬਾਣੀ ਦੇ ਨਿਰਾਦਰ ਦਾ ਕਿਸ ਨੂੰ ਦੁੱਖ ਨਹੀਂ, ਪਰ
ਹੈਰਾਨੀ ਦੀ ਗੱਲ ਕਿ ਅਸੀਂ ਦੋਸ਼ੀ ਨੂੰ ਹੀ ਕਹਿ ਰਹੇ ਹਾਂ ਕਿ ਦੋਸ਼ੀਆਂ ਨੂੰ ਫੜਿਆ ਜਾਵੇ?
ਅਸੀਂ ਦੋਸ਼ੀ ਅੱਗੇ ਹੀ ਫਰਿਆਦੀ ਹਾਂ ਕਿ ਦੋਸ਼ੀ ਪੇਸ਼ ਕੀਤਾ ਜਾਵੇ?
ਅਸੀਂ ਮੰਨਦੇ ਵੀ ਹਾਂ ਕਿ ਦੋਸ਼ੀ ਬਾਦਲਕੇ ਨੇ ਤਾਂ ਪ੍ਰੇਸ਼ਾਨ ਅਸੀਂ
ਲੋਕਾਂ ਨੂੰ ਕਿਉਂ ਕਰ ਰਹੇ ਹਾਂ?
ਇਹ ਧਰਨੇ ਬਾਦਲਾਂ ਅਤੇ ਮੰਤਰੀਆਂ ਦੀਆਂ
ਕੋਠੀਆਂ ਅੱਗੇ ਹੋਣੇ ਚਾਹੀਦੇ ਸਨ, ਨਾ ਕਿ ਸੜਕਾਂ 'ਤੇ!
ਸੜਕਾਂ 'ਤੇ ਵਿਚਾਰੇ ਆਮ ਲੋਕ ਤੁਰਦੇ ਹਨ, ਉਨ੍ਹਾਂ ਦੇ ਕੰਮ ਹਨ।
ਸੜਕਾਂ 'ਤੇ ਲੋਕ ਪ੍ਰਭਾਵਤ ਹੁੰਦੇ ਹਨ, ਜਿੰਨ੍ਹਾਂ ਤੁਹਾਡੇ ਨਾਲ ਤੁਰਨਾ, ਜਿੰਨ੍ਹਾਂ ਇਸ
ਲਹਿਰ ਦਾ ਹਿੱਸਾ ਬਣਨਾ। ਪੰਜਾਬ ਤੋਂ ਮੈਨੂੰ ਪਤਾ ਲੱਗਾ ਕਿ ਇਹ ਧਰਨਿਆਂ ਦਾ ਪ੍ਰੋਗਰਾਮ
ਪਹਿਲਾਂ ਮੰਤਰੀਆਂ ਅਤੇ ਬਾਦਲਾਂ ਦੀਆਂ ਕੋਠੀਆਂ ਅੱਗੇ ਸੀ, ਜੋ ਕਿ ਸਹੀ ਥਾਂ ਸੀ, ਪਰ
ਕਿਉਂਕਿ ਵਿਚ ਵੀ 'ਸਭ ਅੱਛਾ' ਨਹੀਂ, ਲੋਕਾਂ ਨੂੰ ਸੜਕਾਂ ਲਿਆ ਕਿ ਬਿਠਾ ਦਿੱਤਾ।
ਜਿਥੇ ਦਾਦੂਵਾਲ ਵਰਗੇ ਆਣ ਬੈਠਣ ਉਥੇ
ਤੁਸੀਂ ਆਸ ਵੀ ਰੱਖ ਸਕਦੇਂ!
ਹੁਣ ਉਹ ਕੀ ਕਰਨਗੇ?
ਲੋਕਾਂ ਨੂੰ ਭਾਵੁਕ ਕਰਨਗੇ, ਉਨ੍ਹਾਂ ਤੋਂ ਖਾਲਿਸਤਾਨ ਦੇ ਨਾਹਰੇ
ਮਰਵਾਉਂਣਗੇ, ਵਿਚ ਅਪਣੀ ਮੰਡੀਰ ਵਾੜਕੇ ਉਨ੍ਹਾਂ ਤੋਂ ਗੁੰਡਾ-ਗਰਦੀ ਕਰਵਾਉਂਣਗੇ ਤੇ ਫਿਰ
ਫੇਰਨਗੇ ਡਾਂਗ, ਬੰਦੇ ਮਾਰਨਗੇ, ਕੇਸ ਕਰਨਗੇ ਤੇ ਲੋਕ ਅਪਣੇ ਪੁੱਤ ਮਰਵਾਕੇ ਘਰਾਂ ਨੂੰ ਤੁਰ
ਜਾਣਗੇ। ਸਾਰੀ ਉਮਰ ਫਿਰ ਇਨਸਾਫ ਲਈ ਕੋਟਾਂ-ਕਚਹਿਰੀਆਂ ਦੇ ਗੇੜੇ ਦਿੰਦੇ ਮਰ ਜਾਣਗੇ।
ਕਾਲੀਏ ਸਾਨੂੰ ਕੁੱਟਦੇ, ਉਸ ਦਾ ਲਾਹਾ
ਕਾਂਗਰਸ ਲੈਂ ਜਾਂਦੀ, ਕਾਂਗਰਸ ਕੁੱਟਦੀ ਤਾਂ ਕਾਲੀਏ
ਕੁਰਸੀ ਉਪਰ ਜਾ ਬੈਠਦੇ। ਹੁਣ ਵੱਧ ਤੋਂ ਵੱਧ ਆਮ ਪਾਰਟੀ ਵਾਲੇ ਲੈ ਜਾਣਗੇ, ਪਰ
ਜਿੰਨਾ ਮਾਵਾਂ ਦੇ ਪੁੱਤ ਮਰੇ? ਜਿੰਨਾ ਦਾ ਲਹੂ ਡੁੱਲਿਆ? ਇੱਕ ਸਾਡੀ ਬਲੀ ਦਿੰਦਾ ਦੂਜਾ
ਕੁਰਸੀ ਉਪਰ, ਦੂਜਾ ਦਿੰਦਾ ਤੀਜਾ ਉਪਰ ਪਰ ਅਸੀਂ? ਅਸੀਂ ਕੀ ਬੱਕਰੇ ਹਾਂ ਪੰਜਾਬ ਦੇ ਕਿ ਜਦ
ਜੀਅ ਕਰੇ ਸਾਡੀ ਬਲੀ ਦੇ ਦਿਓ?
ਇਹ ਲਹਿਰ ਗੁਰਦੁਆਰਾ ਸੁਧਾਰ ਲਹਿਰ ਵਾਲੇ ਪਾਸੇ ਤੁਰਨੀ ਚਾਹੀਦੀ ਸੀ,
ਤਾਂ ਕਿ ਅਸਲ ਦੋਸ਼ੀਆਂ ਨੂੰ ਗੁਰੂ ਘਰਾਂ ਤੋਂ ਖਦੇੜਿਆ ਜਾ ਸਕਦਾ। ਸਹੀ ਅਰਥਾਂ ਵਿਚ ਨਿੱਤ
ਸ੍ਰੀ ਗੁਰੂ ਜੀ ਦੀ ਬਾਣੀ ਦਾ ਨਿਰਾਦਰ ਕਰਨ ਵਾਲੇ ਸ੍ਰੋਮਣੀ ਕਮੇਟੀ ਦੇ ਮਸੰਦ ਤੇ ਮਹੰਤ ਉਥੋਂ
ਕੱਢੇ ਜਾ ਸਕਦੇ, ਜਿਹੜੇ ਉਥੇ ਨਸ਼ੇ ਕਰਦੇ, ਨਸ਼ੇ ਵੇਚਦੇ, ਨਸ਼ੇ ਵਰਤਾਉਂਦੇ ਤੇ ਉਹੀ ਨਸ਼ੇ ਕਰ
ਕਰ ਸ੍ਰੀ ਗੁਰੂ ਜੀ ਦੀ ਹਜੂਰੀ ਵਿਚ ਬੈਠਦੇ ਤੇ ਅਨੇਕਾਂ ਮਾੜੇ ਕਰਮ-ਪਾਪ ਉਥੇ ਕਰਦੇ ਹਨ!
ਆਪਣੀ ਗੱਲ ਲੋਕਾਂ
ਨੂੰ ਦੱਸਣ ਲਈ ਭਾਈ ਪੰਥਪ੍ਰੀਤ ਸਿੰਘ, ਮਾਂਝੀ, ਧੂੰਦਾ, ਢੱਡਰੀਆਂ ਵਰਗੇ ਜਦ ਵਾਰ ਵਾਰ ਇਸ
ਲਹਿਰ ਨੂੰ ਸ਼ਾਂਤਮਈ ਰੱਖਣ ਦੀਆਂ ਅਪੀਲਾਂ ਕਰ ਰਹੇ ਹਨ, ਤਾਂ ਇਸ ਵਿਚ ਨੰਗੀਆਂ ਕ੍ਰਿਪਾਨਾਂ
ਲਹਿਰਾਉਂਣ ਵਾਲੇ ਅਤੇ ਜਿੰਦਾਬਾਦ-ਮੁਰਦਾਬਾਦ ਕਰਨ ਵਾਲੇ ਕੌਣ ਹਨ?
ਇਹੀ ਕਾਰਨ ਹੈ ਕਿ ਬਹੁਤੇ ਵਾਰੀ ਸਿਆਣੇ ਲੋਕ ਸਾਡੀ ਅਗਵਾਈ ਲਈ
ਅੱਗੇ ਨਹੀਂ ਆਉਂਦੇ। ਕ੍ਰਿਪਾਨ ਤਾਂ ਆਖਰੀ ਹਥਿਆਰ ਹੈ,
ਜਦ ਬਾਕੀ ਰਸਤੇ ਬੰਦ ਹੋ ਜਾਣ, ਪਰ ਅਸੀਂ ਸ਼ੁਰੂ ਹੀ ਕ੍ਰਿਪਾਨ ਤੋਂ ਕਰਦੇ ਹਾਂ।
ਸੜਕਾਂ 'ਤੇ ਕ੍ਰਿਪਾਨਾਂ ਅਸੀਂ ਕਿਸਨੂੰ ਦਿਖਾ ਰਹੇ ਹਾਂ? ਲੋਕਾਂ
ਨੂੰ? ਜਿੰਨਾ ਦਾ ਸਿਰ ਲਾਹੁਣਾ ਉਹ ਤਾਂ ਅਪਣੀਆਂ ਕੋਠੀਆਂ ਵਿਚ ਨੇ, ਤੇ ਉਨ੍ਹਾਂ
ਦਾ ਜਾਣਾ ਵੀ ਕੱਖ ਨਹੀਂ! ਪਰ ਸਾਡੀਆਂ ਕ੍ਰਿਪਾਨਾਂ ਨੇ ਸਾਡਾ
ਹੀ ਲਹੂ ਪੀ ਲੈਣਾ
ਹੈ। ਕਿੰਨੀ ਵਾਰ ਪੀਤਾ ਨਹੀਂ? ਇਹ ਰਾਜਨੀਤਕ ਗਿੱਧਾਂ ਅੱਜੇ ਫਿਰ ਤੁਹਾਡੇ ਖੂਨ
ਦੀਆਂ ਤਿਹਾਈਆਂ ਨੇ, ਇਹ ਅਸੀਂ ਸੋਚਣਾ ਕਿ ਅਸੀਂ ਆਪਣਾ ਮਾਸ ਬਚਾ ਕੇ ਇਨ੍ਹਾਂ ਗਿੱਧਾਂ ਨੂੰ
ਕਿਵੇਂ ਹੇਠਾਂ ਸੁੱਟਣਾ ਹੈ!
ਮੇਰਾ ਕਾਤਿਲ ਹੀ ਮੇਰਾ ਮੁਨਸਿਫ਼ ਹੈ, ਕਿਆ
ਮੇਰੇ ਹੱਕ ਮੇਂ ਫੈਸਲਾ ਦੇਗਾ...