Share on Facebook

Main News Page

ਕੁਹਾੜੇ ਦੇ ਦਸਤੇ ਅਤੇ ਬਾਗੀ ਪੰਜਾਬ
-:
ਗੁਰਦੇਵ ਸਿੰਘ ਸੱਧੇਵਾਲੀਆ

ਕੁਹਾੜਾ ਆਪਣੇ ਆਪ ਵਿਚ ਕੁਝ ਨਹੀਂ। ਕੁਹਾੜਾ ਤਾਂ ਇੱਕ ਟਾਹਣੀ ਵੱਢਣ ਦੇ ਕਾਬਲ ਨਹੀਂ, ਜੇ ਉਸ ਨੂੰ ਦਸਤਾ ਨਾ ਹੋਵੇ। ਪਰ ਦੁੱਖ ਦੀ ਗੱਲ ਕਿ ਦਸਤਾ ਉਸ ਨੂੰ ਮਿਲਦਾ ਕਿਥੋਂ? ਉਥੋਂ ਹੀ ਜਿਹੜਾ ਜੰਗਲ ਉਸ ਵੱਢਣਾ ਹੁੰਦਾ। ਜੰਗਲ ਹੀ ਉਸ ਨੂੰ ਦਸਤਾ ਮੁਹਈਆ ਕਰਦਾ। ਹਮੇਸ਼ਾਂ ਤੋਂ ਜੰਗਲ ਵਢੀਦਾ ਦਾ ਰਿਹਾ, ਪਰ ਵੱਢਣ ਵਾਲੇ ਕੁਹਾੜੇ ਨੇ ਦਸਤਾ ਹਮੇਸ਼ਾਂ ਜੰਗਲ ਵਿਚੋਂ ਹੀ ਲਿਆ!

ਵੱਡੀਆਂ ਸਲਤਨਤਾਂ ਨੇ ਜਦ ਵੀ ਕੌਮਾਂ ਦਾ ਘਾਣ ਕੀਤਾ, ਦਸਤੇ ਉਸ ਨੇ ਜੰਗਲ ਵਿਚੋਂ ਹੀ ਲਏ। ਮੁਗਲ ਸਲਤਨਤ ਅਪਣੇ ਕੁਹਾੜੇ ਨੂੰ ਪਾਉਂਣ ਲਈ ਦਸਤੇ ਹਿੰਦੂ ਤੋਂ ਲੈਂਦਾ ਰਿਹਾ। ਅੰਗਰੇਜ਼ ਦੂਜਿਆਂ ਉਪਰ ਰਾਜ ਲਰਨ ਲਈ ਦਸਤੇ ਹਿੰਦੋਸਤਾਨ ਤੋਂ ਲੈਂਦਾ ਰਿਹਾ। ਹਿੰਦੂ, ਸਿੱਖ ਕੌਮ ਨੂੰ ਵੱਢਣ ਲਈ ਦਸਤੇ ਸਿੱਖਾਂ ਵਿਚੋਂ ਲੈ ਰਿਹਾ ਹੈ। ਕੀ ਰਾਜਨੀਤਕ, ਕੀ ਧਾਰਮਿਕ! ਜੱਥੇਦਾਰ, ਰੰਗੀਲੇ, ਸ੍ਰੀ ਨਗਰ ਤੇ ਉਹ ਗੁਰੂ ਕੀਆਂ ਆਖੀਆਂ ਜਾਂਦੀਆਂ ਲਾਡਲੀਆਂ ਫੌਜਾਂ, ਸੰਤ ਸਮਾਜ, ਫੈਡਰੇਸ਼ਨਾਂ! ਅੱਧਾ ਜੰਗਲ ਹੀ ਦਸਤਿਆਂ ਦਾ?

ਹਿੰਦੋਸਤਾਨ ਵਿੱਚ ਸਭ ਤੋਂ ਜ਼ੋਰ ਜੇ ਲੱਗਾ ਹੈ ਤਾਂ ਪੰਜਾਬ ਦੀ ਕਿਸਾਨੀ ਤਬਾਹ ਕਰਨ ਤੇ ਕਿਉਂ ਲੱਗਾ ਹੈ? ਪੰਜਾਬ ਦੀ ਖੜੀ ਮੁੱਛ ਤੋਂ ਹਿੰਦੂ ਹਮੇਸ਼ਾ ਡਰਦਾ ਹੈ। ਪੰਜਾਬ ਵਿਚੋਂ ਬਗਾਵਤ ਦੀ ਬੋਅ ਆਉਂਦੀ ਹੈ। ਪੰਜਾਬ ਕਿਉਂਕਿ ਬਾਗੀ ਤਬੀਅਤ ਦਾ ਹੈ। ਜਦ ਵੀ ਬਗਾਵਤ ਉੱਠਦੀ ਪੰਜਾਬ ਵਿਚੋਂ ਉੱਠਦੀ। ਬਾਗੀ ਸੁਰ ਕਿਸੇ ਵੀ ਹਕੂਮਤ ਨੂੰ ਗਵਾਰਾ ਨਹੀਂ। ਬਾਗੀ ਕਿਸ ਨੂੰ ਚੰਗਾ ਲੱਗਦਾ। ਰਾਜ ਤੇ ਬਗਾਵਤ ਕਦੇ ਇਕੱਠੇ ਹੋਏ? ਬਾਗੀ ਅਤੇ ਰਾਜੇ ਦੀ ਬਣ ਸਕਦੀ ਹੀ ਨਹੀਂ! ਜਦ ਤੁਸੀਂ ਕਹਿੰਦੇ ਤੁਹਾਡੇ ਸਿੱਖ ਹੋਣ ਤੇ ਹਿੰਦੂ ਨੂੰ ਤਕਲੀਫ ਹੈ, ਤਾਂ ਇੰਝ ਨਹੀਂ ਹੈ, ਦਰਅਸਲ ਤੁਹਾਡੇ ਸਿੱਖ ਹੋਣ ਪਿੱਛੇ ਤੁਹਾਡੀ ਬਗਾਵਤ ਖੜੀ ਹੈ। ਉਹ ਸਿੱਖ ਹੋਣ ਨੂੰ ਬਾਗੀ ਹੋਣਾ ਸਮਝਦਾ ਹੈ। ਡਿੱਗੀ ਮੁੱਛ ਨਾਲ ਉਸ ਨੂੰ ਕੋਈ ਮੁਸ਼ਕਲ ਨਹੀਂ।

ਤੁਸੀਂ ਦੱਸੋ ਰਾਧਾ ਸੁਆਮੀ ਹੋਏ, ਨਾਨਕਸਰੀਏ, ਰਾੜੇ-ਰਤਵਾੜੇ, ਡੇਰੇ, ਧੁੰਮੇ, ਅਖੌਤੀ ਲਾਡਲੀਆਂ ਫੌਜਾਂ... ਇਹ ਵੀ ਤਾਂ ਸਿੱਖ ਹੀ ਦਿੱਸਦੇ। ਇਨ੍ਹਾਂ ਨਾਲ ਉਸ ਦਾ ਕਾਹਦਾ ਵੈਰ। ਸਵਾਲ ਮੁੱਛ ਦਾ ਹੈ। ਡਿੱਗੀ ਮੁੱਛ ਤੋਂ ਉਸ ਨੂੰ ਕਾਹਦਾ ਖਤਰਾ? ਜਦ ਮੁੱਛ ਡਿੱਗਦੀ ਤਾਂ ਉਹ ਤਾਂ ਚੱਲ ਕੇ ਵੀ ਤੁਹਾਡੇ ਕੋਲੇ ਆਵੇਗਾ! ਆਹ ਟਰੰਟੋ ਮਿਸਟਰ ਮਿਸ਼ਰਾ ਆਇਆ ਨਹੀਂ? ਉਹ ਕਹਿੰਦੇ ਸਾਡੇ ਕੋਲੇ ਚਲ ਕੇ ਆਇਆ, ਪਰ ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਉਹ ਕਿਉਂ ਆਇਆ! ਹੁਣ ਕਾਹਦਾ ਵੈਰ? ਵੈਰ ਤੁਹਾਡੇ ਨਾਲ ਉਸ ਦਾ ਉਦੋਂ ਹੈ, ਜਦ ਤੁਸੀ ਮੁੱਛ ਖੜੀ ਕਰਕੇ ਖਗੂੰਰਾ ਮਾਰਦੇ ਹੋਂ। ਜਿਥੇ ਕਹੋਂ ਉਹ ਚਲ ਆ ਜਾਏ ਪਰ ਤੁਸੀਂ ਅਪਣੀ ਮੁੱਛ ਤਾਂ ਹੇਠਾਂ ਕਰੋ।

ਤੁਹਾਡੀ ਬਗਾਵਤ ਹੀ ਤੁਹਾਡੀ ਦੁਸ਼ਮਣ ਹੈ। ਬਗਾਵਤ ਤਾਂ ਤੁਹਾਡੇ ਘਰੇ ਨਿਆਣਾ ਕਰ ਦਏ, ਤਾਂ ਤਰੱਥਲੀ ਮੱਚ ਜਾਂਦੀ ਹੈ। ਘਰ ਤੋਂ ਲੈ ਕੇ ਰਾਜ ਤੱਕ ਸੱਤ ਬੱਚਨੀਏ ਚਾਹੀਦੇ ਬੰਦੇ ਨੂੰ। ਜਿਹੜਾ ਨਿਆਣਾ, ਨੂੰਹ ਜਾਂ ਧੀ ਘਰੇ ਸਵਾਲ ਕਰਨ ਲੱਗ ਜਾਏ, ਤੁਸੀਂ ਕਹਿੰਦੇ ਮੂੰਹ ਫੱਟ ਏ। ਪੰਜਾਬ ਬਹੁਤ ਮੂੰਹ ਫੱਟ ਏ ਦਿੱਲੀ ਵਾਸਤੇ। ਇਸ ਵਿਚੋਂ ਬਗਾਵਤ ਦੀ ਬੂਅ ਆਉਂਦੀ ਹੈ। ਪਾਣੀਆਂ ਦਾ ਕੋਈ ਰੌਲਾ ਨਹੀਂ, ਕਿਸਾਨੀ ਨੂੰ ਰੋਲਣ ਦਾ ਕੋਈ ਰੌਲਾ ਨਹੀਂ, ਪੰਜਾਬ ਨੂੰ ਖੁਦਕਸ਼ੀਆਂ ਦੇ ਰਾਹ ਤੋਰਨ ਦਾ ਕੋਈ ਰੌਲਾ ਨਹੀਂ। ਇਸ ਪਿੱਛੇ ਇੱਕੋ ਰੌਲਾ ਤੇ ਉਹ ਰੌਲਾ ਪੰਜਾਬ ਦੀ ਖੜੀ ਮੁੱਛ ਦਾ!

ਅੱਜ ਜੇ ਤੁਸੀਂ ਧਰਨੇ ਲਾਏ ਤਾਂ ਗੋਲੀਆਂ, ਪਰ ਕੁਝ ਚਿਰ ਪਹਿਲਾਂ ਇਹੀ ਧਰਨੇ ਸੌਦਾ-ਸਾਧ ਵਾਲਿਆਂ ਲਾਏ, ਪਰ ਕੋਈ ਮੁਸ਼ਕਲ ਨਹੀਂ। ਪਰ ਇਸ ਫਰਕ ਨੂੰ ਵੀ ਤਾਂ ਸਮਝੋ। ਤੁਸੀਂ ਹਰੇਕ ਵਾਰੀ ਕਹਿੰਨੇ ਕਿ ਫਲਾਂ ਨੇ ਉਹ ਕੀਤਾ, ਉਦੋਂ ਸਰਕਾਰ ਕਿਥੇ ਸੀ, ਫਲਾ ਨੇ ਆਹ ਕੀਤਾ ਉਦੋਂ। ਇਹ ਉਦੋਂ ਵੁਦੋਂ ਦਾ ਸਵਾਲ ਹੀ ਨਹੀਂ। ਮੁਸ਼ਕਲ ਤੁਹਾਡੇ ਧਰਨਿਆ ਦੀ ਨਹੀਂ। ਪਿੱਛੇ ਜਿਹੇ ਬਲਾਂ ਵਾਲੇ ਦੇ ਮਰਨ 'ਤੇ ਅੱਧਾ ਪੰਜਾਬ ਫੂਕ ਰੱਖ ਕੇ ਦਿੱਤਾ, ਕਿਸੇ ਨੂੰ ਗੋਲੀ ਨਹੀਂ ਵੱਜੀ। ਗੋਲੀ ਬਣੀ ਹੀ ਬਾਗੀ ਵਾਸਤੇ ਹੈ। ਤੁਸੀਂ ਵੀ ਜੇ ਬਲਾਂ ਵਾਲੇ ਹੁੰਦੇ, ਰਾਧਾ ਸੁਆਮੀ ਜਾਂ ਸੌਦੇ ਦੇ ਹੁੰਦੇ ਜੋ ਮਰਜੀ ਕਰੀ ਜਾਂਦੇ, ਕਿਸੇ ਨੂੰ ਕਾਹਦਾ ਦੁੱਖ! ਪਰ ਤੁਸੀ ਧਰਨਿਆ ਵਾਲੇ ਬਾਗੀ ਹੋ। ਤੁਸੀਂ ਜਦ ਉਨ੍ਹਾਂ ਦੀ ਗੱਲ ਕਰਕੇ ਆਪਣੇ ਨਾਲ ਤੁਲਨਾ ਕਰਨ ਲੱਗ ਜਾਂਦੇ ਹੋ, ਤਾਂ ਇਥੇ ਭੁਲੇਖਾ ਹੈ ਕਿ ਉਹ ਤੇ ਤੁਸੀਂ ਕੌਣ ਹੋ?

ਤੁਹਾਡੇ ਵੇਲੇ ਹੀ ਦੇਸ਼ ਦੀ ਏਕਤਾ ਜਾਂ ਅਡੰਖਤਾ ਦਾ ਰਾਗ ਕਿਉਂ ਅਲਾਪਿਆ ਜਾਂਦਾ ਹੈ? ਤੁਹਾਡੇ ਵੇਲੇ ਹੀ ਏਸ ਏਕਤਾ ਨੂੰ ਖਤਰਾ ਕਿਉਂ ਪੈਦਾ ਹੁੰਦਾ? ਦਰਅਸਲ ਸਾਰੇ ਹਿੰਦੋਸਤਾਨ ਵਿਚੋਂ ਏਕਤਾ ਨੂੰ ਖਤਰਾ ਹੈ ਹੀ ਤੁਹਾਡੇ ਕੋਲੋਂ। ਬਾਗੀ ਕੋਲੋਂ ਹੀ ਤਾਂ ਖਤਰਾ ਹੁੰਦਾ ਤੇ ਬਾਗੀ ਦਾ ਸਿਰ ਤਾਂ ਫਿਹਣਾ ਹੀ ਪਵੇਗਾ ਨਾ! ਰਾਜ ਕਿਵੇਂ ਚਲੇਗਾ? ਅੰਗਰੇਜ ਵੇਲੇ ਵੀ ਬਲੀ ਦੇ ਬੱਕਰੇ ਤੁਸੀਂ ਸਭ ਤੋਂ ਜ਼ਿਆਦਾ! ਕਿਉਂ? ਕਿਉਂਕਿ ਬਗਾਵਤ ਤੁਹਾਡੇ ਅੰਦਰ ਹੈ, ਤੁਹਾਡੇ ਇਤਿਹਾਸ ਵਿਚ ਹੈ, ਤੁਹਾਡੇ ਗੁਰੂਆਂ ਵਿਚ ਸੀ, ਭਗਤਾਂ ਵਿੱਚ ਸੀ। ਤੁਹਾਡਾ ਸਭ ਕੁਝ ਤਾਂ ਬਗਾਵਤ ਨਾਲ ਭਰਿਆ, ਫਿਰ ਤੁਹਾਨੂੰ ਕੋਈ ਚੈਨ ਨਾਲ ਕਿਵੇਂ ਰਹਿਣ ਦੇਵੇਗਾ। ਇਹ ਤਾਂ ਤੁਹਾਡੇ ਲੀਡਰਾਂ ਦੀ ਮਹਾਂ-ਮੂਰਖਤਾ ਸੀ, ਕਿ ਉਹ ਤੁਹਾਡੇ ਸੁਭਾਅ ਨਹੀਂ ਸਮਝ ਸਕੇ ਤੇ ਸਿਰ ਤੁਹਾਡਾ ਹਿੰਦੂ ਦੇ ਜੂਲੇ ਹੇਠ ਦੇ ਗਏ। ਤੁਸੀਂ ਕਿਸੇ ਹੇਠ ਰਹਿ ਹੀ ਨਹੀਂ ਸਕਦੇ, ਕਿਉਂਕਿ ਤੁਹਾਡੇ ਸੁਭਾਅ ਵਿੱਚ ਹੀ ਨਹੀਂ ਕਿਸੇ ਦੇ ਜੂਲੇ ਹੇਠ ਰਹਿਣਾ ਤੇ ਹੁਣ ਕੋਈ ਚਾਰਾ ਨਹੀਂ ਕਿ ਕੌਮ ਹਰੇਕ 20-30 ਸਾਲਾਂ ਦਾ ਬਾਅਦ ਇੰਝ ਹੀ ਖੂਨ ਡੋਲਦੀ ਰਹੇ, ਨਿਆਣੇ ਤੁਹਾਡੇ ਬਲੀ ਚੜ੍ਹਦੇ ਰਹਿਣ ਕਿਉਂਕਿ ਹਿੰਦੂ ਛੇਤੀ ਦੇਣੀ ਹੁਣ ਤੁਹਾਨੂੰ ਛੱਡਣ ਤਾਂ ਲੱਗਾ ਨਹੀਂ।

ਬਾਦਲਾਂ ਦੀਆਂ ਚੋਣਾਂ, ਹਾਰਾਂ, ਜਿੱਤਾਂ, ਪਾਰਟੀਆਂ, ਵਾਰਟੀਆਂ ਇਹ ਸਭ ਤੋਂ ਪਾਸੇ ਹੋ ਕੇ ਵੇਖੋ ਤਾਂ ਇੱਕੋ ਗੱਲ ਹੈ, ਤੁਸੀਂ ਬਾਗੀ ਹੋਂ। ਸਾਰੇ ਮੁੱਲਕ ਨੂੰ ਤੁਸੀਂ ਅੱਖਾਂ ਵਿਖਾਉਂਦੇ ਹੋ। ਕੋਈ ਇੰਝ ਕਫਨ ਬੰਨ ਕੇ ਸੜਕਾਂ ਤੇ ਨਹੀਂ ਆਉਂਦਾ, ਜਿਵੇਂ ਤੁਸੀਂ ਆਉਂਦੇ ਹੋ। ਤੁਸੀਂ ਅੰਨਾ ਹਜਾਰੇ ਤੇ ਬਾਪੂ ਸੂਰਤ ਸਿੰਘ ਦੀ ਤੁਲਨਾ ਕਰਨ ਲੱਗ ਜਾਂਦੇ, ਪਰ ਫਰਕ ਤਾਂ ਵੇਖੋ ਨਾ! ਅੰਨਾ ਹਜਾਰੇ ਤੋਂ ਮੁਲਕ ਨੂੰ ਖਤਰਾ ਕੀ ਏ? ਪਰ ਤੁਹਾਡੇ ਤੋਂ ਉਨ੍ਹਾ ਨੂੰ ਹਮੇਸ਼ਾ ਖਤਰਾ ਰਿਹਾ ਹੈ। ਹਿੰਦੂ ਖਿਝਦਾ ਹੈ ਤੁਹਾਡੇ 'ਤੇ ਕਿ ਜੇ ਬਾਕੀ ਸਿਰ ਸੁੱਟ ਕੇ ਜੀਵੀ ਜਾਂਦੇ, ਇਨ੍ਹਾਂ ਪੰਜਾਬ ਵਾਲਿਆਂ ਦੀ ਕੀ ਮੁਸ਼ਕਲ ਹੈ। ਅਤੇ ਕ੍ਰੋੜਾ-ਅਰਬਾਂ ਦੀ ਗਿਣਤੀ ਵਿੱਚ ਜਦ ਕੁਝ ਹਜਾਰਾਂ ਲੋਕ ਮੁੱਛ ਖੜੀ ਰੱਖਣਾ ਚਾਹੁਣ, ਤਾਂ ਹਕੂਮਤ ਖਿਝੇਗੀ ਹੀ ਤਾਂ! ਨਹੀਂ? ਉਹ ਚਾਹੇ ਸ੍ਰੀ ਗੁਰੂ ਜੀ ਬਾਣੀ ਦੀ ਬੇਅਦਬੀ ਦਾ ਬਹਾਨਾ ਘੜਨ, ਤੇ ਚਾਹੇ ਕੋਈ ਹੋਰ ਮਸਲਾ, ਤੁਹਾਨੂੰ ਮਾਰਨ ਦਾ ਹੈ! ਬਾਦਲ ਕੀ ਹੈ? ਕੁਝ ਵੀ ਨਹੀਂ। ਬੇਅੰਤਾ ਮਰ ਗਿਆ, ਬਾਦਲ ਆ ਗਿਆ। ਬਾਦਲ ਪਿੱਛੇ ਹੋਰ ਬਾਦਲ? ਅਸਲ ਕਾਰਨ ਨੂੰ ਸਮਝੋ, ਕਿ ਤੁਹਾਡਾ ਬਾਗੀ ਹੋਣਾ ਗੁਨਾਹ ਹੈ! ਵੱਡਾ ਗੁਨਾਹ! ਜੋ ਕਦੇ ਮਾਫ ਨਹੀਂ ਕੀਤਾ ਜਾ ਸਕਦਾ?

ਹੋਰ ਹੈਰਾਨੀ ਦੀ ਗੱਲ ਕਿ ਅੱਧਾ ਜੰਗਲ ਦਸਤਿਆਂ ਦਾ ਹੋਣ ਦੇ ਬਾਵਜੂਦ ਵੀ ਇਹ ਜੰਗਲ ਬਾਗੀ ਹੋਇਆ ਖੜਾ ਹੈ! ਜਥੇਦਾਰਾਂ ਤੱਕ ਤਾਂ ਉਨੀ ਅਪਣੀਆਂ ਨਚਾਰਾਂ ਬਣਾ ਲਈਆਂ, ਸ਼੍ਰੋਮਣੀ ਕਮੇਟੀ ਉਨ੍ਹਾਂ ਦੀ ਰਖੈਲ ਬਣ ਗਈ, ਅਖੌਤੀ ਸੰਤ ਸਮਾਜ ਤੇ ਧੁੰਮੇ ਵਰਗੇ ਉਨ੍ਹਾਂ ਦੀਆਂ ਵੇਸਵਾਵਾਂ, ਪਰ ਇਨ੍ਹਾਂ ਦੀ ਮੁੱਛ ਹਾਲੇ ਵੀ ਖੜੀ?

ਧੁੰਮੇ ਤੋਂ ਗੱਲ ਚੇਤੇ ਆਈ। ਅੱਜ ਵੀ ਤਾਂ ਮਹਿਤਾ ਚੌਂਕ ਉਹੀ ਹੈ। ਟਕਸਾਲ ਵੀ ਉਹੀ, ਪਰ ਵੇਖੋ ਕਿੰਨੀ ਸ਼ਾਂਤੀ ਹੈ ਉਥੇ। ਬੱਅਸ! ਹਿੰਦੂ ਸ਼ਾਂਤੀ ਚਾਹੁੰਦਾ। ਤੇ ਸ਼ਾਂਤੀ ਤੁਸੀਂ ਰਹਿਣ ਨਹੀਂ ਦਿੰਦੇ, ਕਿਉਂਕਿ ਤੁਹਾਡੇ ਸੁਭਾਅ ਵਿਚ ਬਗਾਵਤ ਹੈ! ਨਹੀਂ ?


ਟਿੱਪਣੀ: ਸ. ਗੁਰਦੇਵ ਸਿੰਘ ਸੱਧੇਵਾਲੀਆ ਜੀ ਦੀ ਲੇਖਣੀ ਧੁਰ ਅੰਦਰ ਤੱਕ ਕੰਬਾ ਅਤੇ ਜੋਸ਼ ਭਰ ਦਿੰਦੀ ਹੈ। ਜੋ ਇਸ ਲੇਖ 'ਚ ਲਿਖਿਆ ਹੈ, ਪੜ੍ਹਦੇ ਪ੍ਹੜਦੇ ਲੂੰ ਕੰਡੇ ਖੜੇ ਹੋ ਗਏ, ਬਹੁਤ ਹੀ ਸਟੀਕ ਲਿਖਿਆ ਹੈ, ਸ਼ਬਦ ਨਹੀਂ ਮਿਲ ਰਹੇ ਉਸਤਤ ਵਾਸਤੇ। ਚੜ੍ਹਦੀਕਲਾ!!!

- ਸੰਪਾਦਕ ਖ਼ਾਲਸਾ ਨਿਊਜ਼


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top