Share on Facebook

Main News Page

ਮੂਰਖ ਦੋਸਤ ਨਾਲੋਂ, ਦਾਨਾ ਦੁਸ਼ਮਣ ਭਲਾ
-: ਗੁਰਦੇਵ ਸਿੰਘ ਸੱਧੇਵਾਲੀਆ

ਕਹਿੰਦੇ ਇੱਕ ਰਾਜੇ ਬਾਂਦਰ ਰੱਖਿਆ ਹੋਇਆ ਸੀ। ਉਹ ਬਾਂਦਰ ਬੜਾ ਵਫਾਦਾਰ ਯਾਣੀ 'ਕਮਿਟਡ' ਸੀ। ਇੱਕ ਦਿਨ ਰਾਜਾ ਸੁੱਤਾ ਹੋਇਆ ਸੀ ਤੇ ਬਾਂਦਰ ਰਾਜੇ ਨੂੰ ਪੱਖਾ ਕਰ ਰਿਹਾ ਸੀ ਕਿ ਇਨੇ ਨੂੰ ਇੱਕ ਮੱਖੀ ਆ ਕੇ ਰਾਜੇ ਦੇ ਨੱਕ ਉਪਰ ਬੈਠ ਗਈ। ਬਾਂਦਰ ਨੇ ਉਡਾਈ, ਪਰ ਉਹ ਫਿਰ ਬੈਠ ਗਈ। ਇੰਝ ਜਦ ਕਈ ਵਾਰ ਹੋਇਆ, ਤਾਂ ਬਾਂਦਰ ਨੂੰ ਬੜਾ ਗੁੱਸਾ ਆਇਆ। ਉਹ ਕਿਉਂਕਿ ਵਫਾਦਾਰ ਸੀ, ਉਹ ਰਾਜੇ ਨੂੰ ਮੱਖੀ ਵਲੋਂ ਵਾਰ ਵਾਰ ਪ੍ਰੇਸ਼ਾਨ ਕਰਨਾ ਬਰਦਾਸ਼ਤ ਨਾ ਕਰ ਸਕਿਆ, ਤੇ ਉਸ ਕੱਢ ਤਲਵਾਰ ਲਈ। ਉਧਰ ਮੱਖੀ ਫਿਰ ਰਾਜੇ ਦੇ ਨੱਕ 'ਤੇ ਉਧਰ ਬਾਂਦਰ ਹੱਥ ਤਲਵਾਰ। ਇਹ ਤਾਂ ਹੁਣ ਰਾਜਾ ਜਾਣੇ, ਜਾਂ ਉਸ ਦਾ ਨੱਕ। ਪਰ ਬਾਂਦਰ ਨੇ ਵਫਦਾਰੀ ਦੀ ਕੋਈ ਕਸਰ ਨਹੀਂ ਛੱਡੀ, ਕਿਉਂਕਿ ਉਹ 'ਕਮਿਟਡ' ਸੀ!

ਸਿਆਣੇ ਆਂਹਦੇ "ਮੂਰਖ ਮਿੱਤਰ ਨਾਲੋਂ ਦਾਨਾ ਦੁਸ਼ਮਣ ਕਿਤੇ ਚੰਗਾ"। ਗੱਦਾਰ ਤੇ ਮੂਰਖ ਵਿੱਚ ਕੋਈ ਫਰਕ ਨਹੀਂ ਹੁੰਦਾ। ਮੂਰਖ, ਗੱਦਾਰ ਨਾਲੋਂ ਵੀ ਜਿਆਦਾ ਨੁਕਸਾਨ ਕਰ ਜਾਂਦੇ ਹਨ। ਕੌਣ ਪਹੁੰਚ ਸਕਦਾ ਸੀ ਰਾਜੇ ਦੇ ਨੱਕ ਤਾਂਈ, ਜੇ ਉਸ ਦਾ ਮੂਰਖ ਵਫਾਦਾਰ ਬਾਂਦਰ ਨਾ ਹੁੰਦਾ।

ਤਾਜ਼ਾ ਖ਼ਬਰਾਂ ਹਨ ਕਿ ਸਰਕਾਰ ਨੇ ਸ੍ਰੀ ਗੁਰੂ ਜੀ ਦੀ ਬੇਅਦਬੀ ਨੂੰ ਲੈ ਕੇ ਸੜਕਾਂ ਉਪਰ ਬੈਠੇ ਲੋਕਾਂ ਦੀ ਕੋਈ ਮੰਗ ਨਹੀਂ ਮੰਨੀ, ਜਾਂ ਇੰਝ ਕਹੋ ਗੱਲ ਜਿਥੋਂ ਤੁਰੀ ਸੀ, ਉਥੇ ਫਿਰ ਵਾਪਸ ਖੜੀ ਹੈ, ਕਿ ਸਾਡੇ ਬੰਦੇ ਛੱਡੋ ਤੇ ਦੋਸ਼ੀਆਂ ਨੂੰ ਸਜਾਵਾਂ! ਨਾ ਉਹ ਬੰਦੇ ਫੜੇ, ਜਿਹੜੇ ਬੇਅਦਬੀ ਲਈ ਜਿੰਮੇਵਾਰ ਸਨ। ਉਹ ਫੜੇ ਜਾਣੇ ਵੀ ਨਹੀਂ ਸਨ। ਉਹ ਫੜੇ ਜਾਣ ਵਾਲੇ ਬੰਦੇ ਹੀ ਨਹੀਂ ਸਨ। ਅਸਲ ਵਿਚ ਬੰਦੇ ਸਨ ਹੀ ਨਹੀਂ ਤਾਂ ਫੜੇ ਕਿਵੇਂ ਜਾਣ? ਪਰ ਸਰਕਾਰ ਨੇ ਸਾਡੇ ਹੀ ਬੰਦੇ ਫੜਕੇ, ਸਾਡੇ ਹੀ ਮੂੰਹ ਕਾਲਖ ਪੋਤ ਦਿੱਤੀ ਤੇ ਫਿਰ ਉਹ ਗਲਤ ਫੜੇ ਬੰਦੇ ਵੀ ਤਰਲਿਆਂ ਨਾਲ ਛੱਡੇ।

ਪਰ ਸਰਕਾਰ ਸਾਡੀ ਕਿਸੇ ਗੱਲ ਵਨੀਂ ਵੀ ਧਿਆਨ ਦੇਵੇ ਹੀ ਕਿਉਂ? ਸਾਹਵੇਂ ਵਾਲਿਆਂ ਵਿੱਚ ਅੱਧੇ ਤਾਂ ਉਨ੍ਹਾਂ ਦੇ ਆਪਣੇ ਹਨ। ਪਰਖੇ, ਠੁਣਕਾਏ, ਭਰੋਸੇਜੋਗ। ਕਈ ਮੈਦਾਨਾਂ ਦੇ ਜੇਤੂ! ਕਦੇ ਹਾਰੇ ਨਹੀਂ, ਬਲਕਿ ਜੰਗਾਂ ਦੇ ਮੂੰਹ ਹੀ ਮੋੜ ਛੱਡੇ। ਤੇ ਉਹ ਸਾਰਾ 'ਜੇਤੂ' ਲਾਣਾ ਇਸ ਮੈਦਾਨ ਵਿਚ ਵੀ ਸ਼ਾਮਲ ਜਿਹੜਾ ਡਰਾਮਾ ਸਰਕਾਰ ਨਾਲ ਲੜਨ ਦਾ ਕਰਦਾ, ਪਰ ਲੜ ਉਹ ਸਾਡੇ ਨਾਲ ਰਿਹਾ। ਇਹ ਫੋਰਸ ਰੱਖੀ ਹੀ ਉਨੀ ਅਜਿਹੇ ਮੌਕਿਆਂ ਲਈ।

ਕੋਈ ਲਹਿਰ ਉੱਠਣ ਲੱਗੇ ਇਹ 'ਜੋਧੇ' ਉਥੇ ਹੀ ਹਾਜਰ? ਸਮੇਤ ਆਪਣੀ ਆਪਣੀ ਫੋਰਸ! ਤੁਸੀਂ ਸੋਚੋ ਕਿ ਜਿਥੇ ਮਾਨ, ਪੀਰ-ਮੁੰਹਮਦ, ਪੰਜੋਲੀ, ਧੁੰਮਾ, ਰੋਡੇ, ਦਾਦੂਵਾਲ, ਪ੍ਰਮਜੀਤ, ਮਹਿਤਾ-ਚਾਵਲਾ, ਚਿੱਟੀ ਸਿਉਂਕ ਆਦਿ ਵੜ ਜਾਵੇ, ਉਥੇ ਨਰਮਾ ਕਪਾਹ ਕਿਥੇ? ਪੰਜਾਬ ਵਿਚ ਦਾ ਇਹ ਚਿੱਟਾ, ਕਾਲਾ, ਨੀਲਾ ਮੱਛਰ ਹੈ, ਜਿਹੜਾ ਤੁਹਾਡੀ ਕਿਸੇ ਵੀ ਲਹਿਰ ਦੀ ਫਸਲ ਨੂੰ ਫਲ ਪੈਣ ਤੋਂ ਪਹਿਲਾਂ ਹੀ ਤਹਿਸ ਨਹਿਸ ਕਰ ਦਿੰਦਾ ਹੈ।

ਮਾਨ ਦਾ ਸਰਬਤ ਖਾਲਸਾ ਇਸ ਲਹਿਰ ਦੀ ਆਖਰੀ ਅਰਦਾਸ ਹੈ! ਮਾਨ ਬਾਰੇ ਬਹੁਤਿਆਂ ਦੇ ਭੁਲੇਖੇ ਤਾਂ ਪਹਿਲਾਂ ਹੀ ਦੂਰ ਸਨ, ਪਰ ਇਸ ਵਾਰ ਮਾਨ ਨੇ ਵੀਹ ਪੁਚਾ ਦਿੱਤੀ! ਉਹ ਲੋਕ ਮਾਨ ਨਾਲ ਇਨਸਾਫ ਨਹੀਂ ਕਰ ਰਹੇ, ਜਿਹੜੇ ਮਾਨ ਨੂੰ ਮੂਰਖ ਜਾਂ ਬੇਵਕੂਫ ਕਹਿਕੇ ਉਨ੍ਹਾਂ ਦਾ ਮਖੌਲ ਉਡਾਉਂਦੇ ਨੇ। ਮਾਨ ਸਾਹਬ ਅੱਤ ਸਿਆਣੇ ਨੇ। ਸਿਆਣੇ ਹੀ ਤਾਂ ਨੇ ਕਿ ਅੱਜ ਖਾਲਿਸਤਾਨ ਕਹਿ ਕੇ ਜਿਹਲ ਜਾਂਦੇ, ਅਗਲੇ ਦਿਨ ਘਰ ਹੁੰਦੇ! ਮਾਨ ਦਾ ਪਿੱਛਲਾ ਇਤਿਹਾਸ ਹੁਣ ਕਹਿ ਕੇ ਸਮਾਂ ਜਾਇਆ ਕਰਨ ਦੀ ਲੋੜ ਨਹੀਂ, ਬਹੁਤ ਕਿਹਾ ਜਾ ਚੁੱਕਿਆ। ਅਸੀਂ ਐਵੇਂ ਹਿੰਦੂ ਨੂੰ ਮਿਹਣਾ ਮਾਰਦੇ ਰਹੇ, ਕਿ ਉਸ ਦਾ ਵੀਰ ਸਾਰਵਰਕਰ ਅੰਗਰੇਜ ਦੇ ਤਰਲੇ ਕਰਕੇ ਜੇਹਲੋਂ ਛੁੱਟਿਆ, ਪਰ ਇਤਿਹਾਸ ਦਾ ਇਹ ਕਾਲਾ ਵਰਕਾ ਤਾਂ ਮੇਰੇ ਇਤਿਹਾਸ ਵਿੱਚ ਵੀ ਪਿਆ ਹੈ, ਜਦ ਮੇਰੀ ਆਜ਼ਾਦੀ ਦਾ ਮੰਨਿਆ ਜਾਂਦਾ ਥੰਮ, ਯਾਣੀ ਮਿਸਟਰ ਮਾਨ, ਜਿਹਲ ਬੈਠਾ ਅਪਣੇ 'ਪ੍ਰਭੂ' ਅੱਗੇ 'ਅਰਦਾਸਾਂ' ਕਰ ਰਿਹਾ ਹੈ?

ਤੁਸੀਂ ਅਸੀਂ ਸੋਚਦੇ ਸੀ ਕਿ ਸਿਹੋੜੇ ਵਾਲੇ ਸਾਧ ਅੱਗੇ ਲੰਮਾ ਪੈਣਾ ਮਾਨ ਸਾਹਬ ਦੀ ਸਿਆਸੀ ਮਜਬੂਰੀ ਕਹੀ ਜਾ ਸਕਦੀ ਹੈ, ਪਰ ਨਹੀਂ ਇੰਝ ਨਹੀਂ ਸੀ! ਇੰਝ ਹੈ ਹੀ ਨਹੀਂ ਸੀ, ਕਿਉਂਕਿ ਤੁਸੀਂ ਅਸੀਂ ਮਾਨ ਨੂੰ ਬਾਕੀਆਂ ਨਾਲੋਂ ਅਲਹਿਦਾ ਕਰਕੇ ਦੇਖਣ ਦੀ ਆਦਤ ਪਾ ਲਈ ਸੀ ਪਰ ਫਰਕ ਹੈ ਹੀ ਕਿਥੇ ਸੀ? ਮਾਨ ਸਾਹਬ ਸਿਆਣੇ ਨੇ ਉਹ ਜਦ ਵੀ ਕੋਈ ਲਹਿਰ ਵੇਗ ਫੜਨ ਲੱਗਦੀ ਉਹ ਖਾਲਿਸਤਾਨ ਦਾ ਛੁਣਛੁਣਾ ਕੱਢ ਕੇ ਛਣਕਾ ਦਿੰਦੇ ਬਾਹਰ ਵਾਲੇ ਅਜਾਦੀ ਦੀ ਤੜਫ ਵਾਲੇ ਵਿਚਾਰੇ ਇਨੇ ਵਿਚ ਹੀ ਬਾਗੋ-ਬਾਗ? ਤੇ ਉਹ ਵੀ ਨਿਹਾਲ ਜਿੰਨਾ ਦਾ ਫੁਲਕਾ ਭਲੇ ਸਮਿਆਂ ਤੋਂ ਹੀ ਖਾਲਿਸਤਾਨ ਦੀ ਲੋਹ ਉਪਰ ਤੱਪਦਾ ਆ ਰਿਹਾ। ਦਿੱਲੀ ਵਾਲਿਆਂ ਕਬੂਤਰ ਫਾਹੁਣ ਲਈ ਕਬੂਤਰ ਅਤੇ ਬਾਜ ਫਾਹੁਣ ਲਈ ਬਾਜ ਪਾਲੇ ਹੋਏ ਹਨ। ਉਨ੍ਹਾਂ ਦੇ ਚਿੜੀਆ ਘਰ ਵਿੱਚ ਬਹੁਤ ਨਸਲਾਂ ਹਨ। ਜਿਸ ਤਰ੍ਹਾਂ ਦੀ ਨਸਲ ਫਾਹੁਣੀ ਹੋਵੇ, ਉਹ ਉਦਾਂ ਦਾ ਹੀ ਪੰਛੀ ਛਡ ਦਿੰਦੇ ਹਨ, ਜਿਹੜਾ ਉਨ੍ਹਾਂ ਵਰਗੀ ਹੀ ਆਵਾਜ਼ ਕੱਢਦਾ! ਬਿਲਕੁਲ ਉਵੇਂ ਦੀ ਜਿਹੜੀ ਉਨ੍ਹਾਂ ਨੂੰ ਚੰਗੀ ਲੱਗਦੀ।

ਤੁਸੀਂ ਮੰਦਰਾਂ ਵਿਚ ਜਾ ਕੇ ਟੱਲ ਖੜਕਾਉਂਣ ਵਾਲੇ ਬਾਦਲ ਦੀ ਗੱਲ ਤਾਂ ਕਰਦੇਂ, ਪਰ ਮਾਨ ਦੀਆਂ ਖੜਕਾਈਆਂ ਘੰਟੀਆਂ ਨੂੰ ਤੁਸੀਂ ਪਤਾ ਨਹੀਂ ਕਿਹੜੇ ਸੰਦਰਭ ਵਿਚ ਵੇਖਦੇਂ! ਤੁਸੀਂ ਬਾਦਲ ਨੂੰ ਸੌਦਾ ਸਾਧ ਵਰਗੇ ਦੇ ਪੈਰਾਂ ਵਿਚ ਤਾਂ ਵਾਰ ਵਾਰ 'ਸ਼ੇਅਰ' ਕਰਦੇਂ, ਪਰ ਸੌਦੇ ਵਰਗੇ ਹੀ ਸਿਹੋੜੇ ਸਾਧ ਦੇ ਪੈਰਾਂ ਵਿਚ ਡਿੱਗੇ ਮਾਨ ਨੂੰ ਅਣਦੇਖਾ ਲੰਘ ਜਾਂਦੇ। ਸਿਹੋੜੇ ਨੇ ਕੀ ਸੌਦੇ ਨਾਲੋਂ ਘੱਟ ਕੀਤੀ ਸੀ, ਜਿਸ ਅਪਣੇ ਡੇਰੇ ਨੂੰ ਪੂਰਾ ਦਰਬਾਰ ਸਾਹਿਬ ਹੀ ਬਣਾ ਧਰਿਆ ਸੀ? ਬਕਾਇਦਾ ਸਰੋਵਰ ਵੀ?

ਅਸੀਂ ਨਵਾਂ-ਜ਼ਮਾਨਾ ਵਾਲੇ ਜਗਜੀਤ ਅਨੰਦ ਦੀ ਗੱਲ ਤਾਂ ਕਰਦੇਂ ਜਿਹੜਾ ਖਾੜਕੂਆਂ ਦੇ ਸ਼ਹੀਦ ਹੋਣ ਤੇ ਲੁੱਡੀਆਂ ਪਾਉਂਦਾ ਸੀ, ਪਰ ਅਸੀਂ ਮਾਨ ਦੀ ਗੱਲ ਨਹੀਂ ਕਰਦੇ, ਜਿਹੜਾ ਅਨੰਦ ਦੇ ਮਰਨ 'ਤੇ ਕੀਰਨੇ ਪਾਉਂਦਾ ਸੀ? ਕੇਵਲ ਇਸ ਕਰਕੇ ਕਿ ਇੱਕ ਹਿੰਦੋਸਤਾਨ ਜਿੰਦਾਬਾਦ ਕਹਿੰਦਾ ਤੇ ਦੂਜਾ ਖਾਲਿਸਤਾਨ? ਤੁਸੀਂ ਕਹਿੰਨੇ ਹਿੰਦੋਸਤਾਨ ਤੇ ਖਾਲਿਤਸਾਨ ਦੇ ਰਸਤੇ ਅਲਹਿਦਾ ਨੇ, ਪਰ ਕਿਵੇਂ? ਤੁਸੀਂ ਪਹਿਲਾਂ ਮਾਨ ਤੇ ਅਨੰਦ ਦੇ ਅਲਹਿਦਾ ਹੋਣ ਬਾਰੇ ਤਾਂ ਸੋਚ ਕੇ ਦੇਖੋ! ਇਥੇ ਤੁਹਾਨੂੰ ਹਿੰਦੋਸਤਾਨ ਅਤੇ ਖਾਲਿਸਤਾਨ 'ਮਰਜ' ਹੁੰਦਾ ਨਜਰ ਨਹੀਂ ਆ ਰਿਹਾ, ਯਾਣੀ ਇੱਕ-ਮਿੱਕ? ਤੁਸੀਂ ਜਦ ਮਾਨ ਨੂੰ ਹੀ ਖਾਲਿਸਤਾਨ ਦਾ ਪ੍ਰਤੀਕ ਮੰਨ ਲਿਆ, ਹੈ ਤਾਂ ਸਵਾਲ ਤਾਂ ਇੰਝ ਹੀ ਬਣਦਾ ਨਾ!

ਪੀਰ ਮਹੁੰਮਦ, ਮਹਿਤਾ-ਚਾਵਲਾ, ਪੰਜੋਲੀ, ਰੋਡੇ, ਧੁੰਮਾ, ਪ੍ਰਮਜੀਤ 'ਖਾਲਸਾ', ਸੰਤਾਂ ਦਾ ਵੱਗ ਇਸ ਬਾਰੇ ਤਾਂ ਪਹਿਲਾਂ ਸਪੱਸ਼ਟ ਸੀ, ਇਹ ਵੱਖਰੀ ਗੱਲ ਕਿ ਕਈ ਭਰਾ ਹਾਲੇ ਵੀ ਪੀਰ-ਮਹੁੰਮਦ ਦੀ 'ਜਰਨੈਲੀ' ਹੇਠ 2020 ਵਿਚ ਖਾਲਿਸਤਾਨ ਬਣਾਉਂਣਾ ਚਾਹੁੰਦੇ, ਪਰ ਫਿਰ ਵੀ ਬਹੁਤੇ ਲੋਕਾਂ ਵਿਚ ਸਪਸ਼ਟ ਸਨ, ਪਰ ਮਾਨ ਸਾਹਬ ਬਾਰੇ ਹਾਲੇ ਤੱਕ ਵੀ ਭੁਲੇਖਾ ਸੀ ਤੇ ਹੁਣ ਵੀ ਹੈ ਕਿ ਆਜ਼ਾਦੀ ਲਹਿਰ ਮਾਨ ਦੀਆਂ ਲੱਤਾਂ ਉਪਰ ਖੜੀ ਹੈ। ਕਦੇ ਇੰਝ ਹੋਇਆ ਕਿ ਤੁਸੀਂ ਜਾਣਾ ਅੰਮ੍ਰਤਿਸਰ ਹੋਵੇ ਤੇ ਮੂੰਹ ਤੁਹਾਡਾ ਬਠਿੰਡੇ ਵਲ ਹੋਵੇ। ਬਠਿੰਡੇ ਵਲ ਅੰਮ੍ਰਤਿਸਰ ਆਉਂਣਾ ਹੀ ਨਹੀਂ, ਭਵੇਂ ਸਾਰੀ ਉਪਰ ਤੁਰੇ ਰਹੋ। ਮਾਨ ਸਾਹਬ ਤੁਰ ਹੋਰ ਪਾਸੇ ਰਹੇ ਹਨ, ਗੱਲ ਹੋਰ ਪਾਸੇ ਜਾਣ ਦੀ ਕਰ ਰਹੇ ਹਨ! ਪਤਾ ਕਿਉਂ? ਕਿਉਂਕਿ ਉਹ ਜਾਣਾ ਹੀ ਨਹੀਂ ਚਾਹੁੰਦੇ। ਇਹ ਵੀ ਨਹੀਂ ਕਿ ਉਹ ਰਸਤਾ ਭੁੱਲ ਗਏ, ਬਲਕਿ ਉਹ ਜਾਣਾ ਹੀ ਨਹੀਂ ਚਾਹੁੰਦੇ। ਉਹ ਕਦੇ ਵੀ ਖਾਲਿਸਤਾਨ ਨਹੀਂ ਜਾਣਾ ਚਾਹੁੰਦੇ, ਨਾ ਖਾਲਿਸਤਾਨ ਉਨ੍ਹਾਂ ਦਾ ਟੀਚਾ ਹੈ। ਖਾਲਿਸਤਾਨ ਦਾ ਢੋਲ ਤਾਂ ਜਿਹਲ ਵਿਚੋਂ ਹੀ ਉਨ੍ਹਾਂ ਗਲ ਪਾ ਕੇ ਕੱਢਿਆ ਗਿਆ ਸੀ, ਮਾਨ ਸਾਬ ਦੇ ਪ੍ਰਭੂਆਂ ਵਲੋਂ। ਕਿਉਂਕਿ ਇਨ੍ਹਾਂ ਕੁ ਵੱਜਦਾ ਰਹਿਣਾ ਸਿਸਟਮ ਨੂੰ ਵਾਰਾ ਖਾਂਦਾ ਹੈ, ਤੇ ਇਹ ਕਿਸੇ ਵੀ ਲਹਿਰ ਦਾ ਲੱਕ ਤੋੜਨ ਵਾਸਤੇ ਵੱਜਣਾ ਜ਼ਰੂਰੀ ਹੈ। ਇਸ ਗੱਲ ਉਪਰ ਲੰਮੀ ਤੇ ਸਾਰਥਿਕ ਬਹਿਸ ਹੋ ਸਕਦੀ, ਕਿ ਅੱਜ ਪੰਜਾਬ ਦੀ ਧੌਣ ਉਪਰ ਗੋਡਾ ਰੱਖੀ ਬੈਠਾ ਬਾਦਲ ਮਿਸਟਰ ਮਾਨ ਦੀ ਦੇਣ ਹੈ??

ਇਹ ਨਹੀਂ ਕਿ ਆਜ਼ਾਦੀ ਦਾ ਸੁਪਨਾ ਟੁੱਟ ਜਾਵੇ ਕੌਮ ਦਾ। ਗੁਲਾਮ ਨੂੰ ਤਾਂ ਕੋਈ ਕੌਮ ਹੀ ਨਹੀਂ ਮੰਨਦਾ, ਸਿੱਖ ਨੂੰ ਹਿੰਦੂ ਕਿਹੜਾ ਮੰਨਦਾ। ਆਜ਼ਾਦੀ ਤੱਕ ਪਹੁੰਚਣ ਲਈ ਆਪਣੀ ਕੌਮੀਅਤ ਨੂੰ ਜਿਉਂਦਾ ਰੱਖਣਾ, ਸਭ ਤੋਂ ਪਹਿਲੀ ਲੋੜ ਹੈ। ਲੋਕਾਂ ਵਿਚੋਂ ਕੌਮੀਅਤ ਹੀ ਮਰ ਗਈ, ਤਾਂ ਆਜ਼ਾਦੀ ਕਿਸ ਨੂੰ ਚਾਹੀਦੀ?

ਜਿਹੜੀਆਂ ਖਾਲਿਸਤਾਨ ਸਬੰਧੀ ਪੋਸਟਾਂ ਪਾਈਆਂ ਜਾ ਰਹੀਆਂ ਹਨ, ਉਨ੍ਹਾਂ ਤੋਂ ਖਾਲਿਸਤਾਨ ਲੈਣ ਵਾਲਿਆਂ ਦੀ ਗੰਭੀਰਤਾ ਦਾ ਪਤਾ ਤਾਂ ਲੱਗਦਾ ਹੀ ਹੈ। ਇਹ ਲੋਕ ਸਿੱਖਾਂ ਦੀ ਆਜ਼ਾਦੀ ਦੇ ਗੰਭੀਰ ਮੁੱਦੇ ਦਾ ਮਖੌਲ ਨਹੀਂ ਉਡਾ ਰਹੇ? ਇਦਾਂ ਦੇ ਸਿਰਜੇ ਜਾ ਰਹੇ 'ਕ੍ਰੈਕਟਰ' ਮਗਰ ਤਾਂ ਖੁਦ ਸਿੱਖ ਹੀ ਤੁਰਨ ਲਈ ਤਿਆਰ ਨਾ ਹੋਣ, ਬਾਹਰੋਂ ਕਿਸੇ ਮਦਦ ਤਾਂ ਕੀ ਕਰਨੀ।

ਤੇ ਯਾਦ ਰਹੇ ਕਿ ਜਿਦਾਂ ਕੁ ਦਾ ਖਾਲਿਸਤਾਨ ਮਾਨ ਸਾਹਬ ਮੰਗ ਰਹੇ ਨੇ, ਸੈਂਟਰ ਨੂੰ ਇਦਾਂ ਕੁ ਦਾ ਮੰਗਣ ਵਾਲਾ ਹਮੇਸ਼ਾਂ ਚਾਹੀਦਾ! ਬਾਹਰ ਵੀ, ਤੇ ਉਥੇ ਵੀ। ਪਤਾ ਕਿਉਂ? ਹਰੇਕ ਕਿਸੇ ਉੱਠਦੀ ਲਹਿਰ ਦਾ ਗਲ ਘੁੱਟਣ ਵਾਸਤੇ! ਨਹੀਂ ਤਾਂ ਮਾਨ ਸਾਹਬ ਏਨੇ ਮੂਰਖ ਨਹੀਂ, ਕਿ ਉਹ ਜਾਣ ਨਾ ਸਕਣ ਕਿ ਆਜ਼ਾਦੀ ਲਹਿਰਾਂ ਕਿਵੇਂ ਲੜੀਆਂ ਜਾਦੀਆਂ। ਮਸਲਨ ਅੱਜ ਦੀ ਉੱਠੀ ਲਹਿਰ ਦਾ ਮੁਹਾਣ ਜੇ ਅੱਜ ਆਪਣੇ ਗੁਰਦੁਆਰਿਆਂ ਵਿੱਚ ਬੈਠੇ ਮਸੰਦਾਂ ਵਲ ਹੋ ਤੁਰਦਾ, ਤਾਂ ਕੀ ਇਹ ਲਹਿਰ ਆਜ਼ਾਦੀ ਵਲੀਂ ਨਹੀਂ ਸੀ ਜਾਂਦੀ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top