Share on Facebook

Main News Page

ਭੁਖਿਆ ਭੁਖ ਨ ਉਤਰੀ...
-: ਗੁਰਦੇਵ ਸਿੰਘ ਸੱਧੇਵਾਲੀਆ

ਉਤਰਨ ਵਾਲੀ ਸ਼ੈਅ ਹੀ ਨਹੀਂ ਭੁੱਖ। ਪਹਾੜ ਲੱਦ ਦਿਉ ਚਾਹੇ ਪਦਾਰਥਾਂ ਦੇ। ਕੱਲ ਦੁਨੀਆਂ ਦੀ ਦੌਲਤ ਪੈਰਾਂ ਹੇਠ ਸੁੱਟ ਦਿਉ। ਭੁੱਖ ਇੱਕ ਅਜਿਹੀ ਬਿਮਾਰੀ ਹੈ, ਜਿਹੜੀ ਲਾ-ਇਲਾਜ ਹੈ। ਇਹ ਜਿਉਂ ਜਿਉਂ ਮਿਟਾਉ ਤਿਉਂ ਤਿਉਂ ਵਧਦੀ ਜਾਂਦੀ ਹੈ। ਇਸ ਭੁੱਖ ਦਾ ਕੋਈ ਸਿਰਾ ਨਹੀਂ। ਇਹ ਕਿਸੇ ਵੀ ਸਿਰੇ ਲੱਗਦੀ ਹੀ ਨਹੀਂ। ਜਦ ਸਿਰਾ ਹੀ ਨਹੀਂ, ਤਾਂ ਕਿਹੜੇ ਸਿਰੇ ਲੱਗੇ।

ਸੰਸਾਰ ਦੇ ਕੁੱਲ ਅਮੀਰਾਂ ਵਲ ਵੇਖ ਲਉ। ਉਤਰ ਗਈ ਭੁੱਖ? ਅੱਧਾ ਹਿੰਦੋਸਤਾਨ ਰਾਤ ਭੁੱਖਾ ਸਾਉਂਦਾ, ਪਰ ਦੂਜੇ ਬੰਨੇ ਅੰਬਾਨੀ, ਅਦਾਨੀ, ਬਿਰਲੇ-ਟਾਟੇ? ਤੁਹਾਨੂੰ ਜਾਪਦਾ ਕਿ ਉਨ੍ਹਾਂ ਨੂੰ ਸੜਕ 'ਤੇ ਸੁੱਤੇ ਲੋਕ ਦਿੱਸਦੇ ਨਹੀਂ? ਭੁੱਖੇ ਵਿਲਕਦੇ ਨਿਆਣਿਆਂ ਬਾਰੇ ਉਨ੍ਹਾਂ ਨੂੰ ਪਤਾ ਨਹੀਂ? ਸਵਿਸ ਬੈਂਕਾਂ ਵਿਚ ਅੰਨ੍ਹਾ ਪੈਸਾ ਤੂੜਨ ਵਾਲਿਆਂ ਨੂੰ ਕੰਗਾਲ ਲੋਕਾਂ ਬਾਰੇ ਕੀ ਕੋਈ ਜਾਣਕਾਰੀ ਨਹੀਂ? ਪਰ ਉਨ੍ਹਾਂ ਦੀ ਭੁੱਖ? ਉਨ੍ਹਾਂ ਦੀ ਭੁੱਖ ਕਾਰਨ ਲੋਕਾਂ ਦੇ ਆਨੇ ਨਿਕਲਣ ਵਾਲੇ ਹੋਏ ਪਏ, ਪਰ ਉਨ੍ਹਾਂ ਦੀ ਭੁੱਖ ਰੱਜਣ ਦਾ ਨਾਂ ਹੀ ਨਹੀਂ ਲੈ ਰਹੀ।

ਅੰਬਾਨੀ ਨੇ ਇੱਕ ਅੱਤ ਗਰੀਬ ਮੁਲਖ ਵਿਚ 2 ਬਿਲੀਅਨ ਡਾਲਰ ਦਾ ਘਰ ਛੱਤ ਮਾਰਿਆ!!! ਇੱਕ ਕਮਰਾ ਚਾਹੀਦਾ ਸੀ ਸਉਂਣ ਲਈ, ਇੱਕ ਰਜਾਈ ਤੇ ਇੱਕ ਗੱਦਾ। ਪਰ ਉਸ ਕ੍ਰੋੜਾਂ ਲੋਕਾਂ ਦੀਆਂ ਰਾਜਈਆਂ ਖੋ ਲਈਆਂ। ਉਸ ਦੀ ਵੱਡੀ ਛੱਤ ਨੇ ਕ੍ਰੋੜਾਂ ਲੋਕਾਂ ਦੇ ਸਿਰਾਂ ਤੋਂ ਛੱਤ ਚੁੱਕ ਲਈ। ਉਸ ਦੇ ਉਸ ਛੇ ਮੰਜਲੀ ਬਿਲਿਡਿੰਗ ਵਿਚੋਂ ਕਈ ਲੱਖ ਲੋਕਾਂ ਦੀ ਛੱਤ ਉਸਰ ਸਕਦੀ ਸੀ। ਪਰ ਉਸ ਦੀ ਭੁੱਖ ਨੇ ਗਰੀਬਾਂ ਨੂੰ ਸੜਕ 'ਤੇ ਸਉਂਣ ਲਈ ਮਜਬੂਰ ਕਰ ਦਿੱਤਾ। ਬਿਰਲੇ-ਟਾਟੇ ਸੋਨਾ ਖਾ ਕੇ ਨਹੀਂ ਸਉਂਦੇ, ਨਾ ਸੋਨਾ ਹੱਗਦੇ, ਪਰ ਉਨ੍ਹਾਂ ਦੀ ਭੁੱਖ ਨੇ ਕ੍ਰੋੜਾਂ ਲੋਕ ਭੁੱਖੇ ਕਰ ਮਾਰੇ!

ਦੁਨੀਆਂ ਉਪਰ ਜੇ ਕੋਈ ਗਰੀਬ ਭੁੱਖਾ ਸਉਂ ਰਿਹਾ ਤਾਂ ਇਸ ਦਾ ਕਾਰਨ ਇਹ ਨਹੀਂ ਕਿ ਧਰਤੀ ਉਪਰ ਅੰਨ ਬਹੁਤਾ ਨਹੀਂ ਰਿਹਾ, ਬਲਕਿ ਕੁੱਝ ਲੋਕਾਂ ਦੀ ਭੁੱਖ ਨੇ ਬਾਕੀਆਂ ਦੇ ਮੂੰਹੋਂ ਬੁਰਕੀ ਖੋਹ ਲਈ ਹੈ। ਮੋਟੇ ਅੰਦਾਜੇ ਮੁਤਾਬਕ ਇਸ ਧਰਤੀ ਤੇ 785 ਮਿਲੀਅਨ ਮਨੁੱਖ ਭੁੱਖਾ ਸੌਂਦਾ ਹੈ ਜਦ ਕਿ ਇਕੱਲਾ ਅਮਰੀਕਾ ਦਾ 50 ਪ੍ਰਸੈਂਟ ਫੂਡ ਗਾਰਬੇਜ ਜਾਂਦਾ ਹੈ ਤੇ ਮਾਰਕਿਟ ਦੇ 'ਬੈਲਿੰਸ' ਨੂੰ ਮੁੱਖ ਰੱਖਕੇ ਯਾਣੀ ਧਨਾਢ ਲੋਕਾਂ ਦੀ ਭੁੱਖ ਨੂੰ ਸ਼ਾਂਤੀ ਦੇਣ ਲਈ ਹਜ਼ਾਰਾਂ ਟਨ ਅੰਨ ਸਮੁੰਦਰ ਵਿਚ ਸੁੱਟ ਦਿੱਤਾ ਜਾਂਦਾ ਹੈ !!!

ਭੁੱਖ ਨੇ ਭੁੱਖ ਨਾਲ ਦੂਰ ਨਹੀਂ ਸੀ ਹੋਣਾ। ਮੇਰਾ ਦੁਖਾਂਤ ਹੀ ਇਹ ਰਿਹਾ ਕਿ ਮੈਂ ਭੁੱਖ ਨੂੰ ਭੁੱਖ ਨਾਲ ਮਿਟਾਉਂਣਾ ਚਾਹੁੰਦਾ। ਇੰਝ ਕਦੇ ਹੋਇਆ ਕਿ ਤੁਸੀਂ ਅੱਗ ਨਾਲ ਹੀ ਅੱਗ ਨੂੰ ਬੁਝਾਉ! ਭੁੱਖ ਨਾਲ ਭੁੱਖ ਤਾਂ ਵਧੇਗੀ। ਭੁੱਖ ਦਾ ਹੱਲ ਤਾਂ ਸੰਤੋਖ ਸੀ, ਪਰ ਉਸ ਦਾ ਤਾਂ ਮੈਂ ਜੀਵਨ ਅਪਣੇ ਉਪਰ ਪ੍ਰਛਾਵਾਂ ਵੀ ਨਹੀਂ ਪੈਣ ਦਿੱਤਾ ਤਾਂ ਭੁੱਖ ਕਿਥੇ ਮਿਟ ਜਾਊ।

ਭੁੱਖੜ ਸਕੰਦਰ 18 ਸਾਲ ਦਾ ਸੀ, ਜਦ ਉਹ ਗਰੀਸ ਤੋਂ ਤੁਰਿਆ ਕਿ ਕੁੱਲ ਦੁਨੀਆਂ ਆਪਣੇ ਢਿੱਡ ਵਿਚ ਪਾ ਕੇ ਭੁੱਖ ਮਿਟਾ ਲਵਾਂ। ਜਿਉਂ ਤੁਰਿਆ ਲੜਦਾ ਹੀ ਗਿਆ। ਪੰਜਾਬ ਨੇ ਸਖਤ ਟੱਕਰ ਦਿੱਤੀ ਕਿ ਸਕੰਦਰ ਉਥੋਂ ਮੋੜੇ ਪਾ ਗਿਆ ਤੇ ਰਸਤੇ ਵਿਚ ਜ਼ਹਿਰ ਪੀ ਕੇ ਮਰ ਗਿਆ? ਉਸ ਦੀ ਭੁੱਖ ਨੇ ਕਿੰਨੀ ਦੁਨੀਆਂ ਭੁੱਖੀ ਕੀਤੀ ਹੋਵੇਗੀ! ਹਿਟਲਰ ਦੀ ਕੁੱਲ ਦੁਨੀਆਂ 'ਤੇ ਕਬਜਾ ਕਰਨ ਦੀ ਭੁੱਖ ਨੇ ਦੁਨੀਆਂ ਹੀ ਉਜਾੜ ਦਿੱਤੀ ਤੇ ਆਖਰ ਉਹ ਵੀ ਖੁਦ ਨੂੰ ਗੋਲੀ ਮਾਰ ਕੇ ਮਰ ਗਿਆ। ਭੁੱਖਾ ਗੱਦਾਫੀ ਟਨਾ ਦੇ ਟਨ ਸੋਨਾ ਇਕੱਠਾ ਕਰੀ ਫਿਰਦਾ ਸੀ, ਲੋਕਾਂ ਕੁੱਤੇ ਵਾਂਗ ਧੂਹ ਧੂਹ ਕੇ ਮਾਰਿਆ। ਸਦਾਮ ਹੁਸੈਨ ਸੋਨੇ ਦੀਆਂ ਟੂਟੀਆਂ ਵਿੱਚ ਪਾਣੀ ਪੀਣ ਵਾਲਾ? ਆਖਰ ਵੇਲੇ ਚੂਹੇ ਵਾਂਗ ਖੁੱਡ ਵਿਚੋਂ ਕੱਢਿਆ। ਆਪਣੀ ਭੁੱਖ ਮਿਟਾਉਂਣ ਲਈ ਇਰਾਕ 'ਤੇ ਬੰਬ ਮਾਰਨ ਗਏ ਬੁਸ਼ ਦਾ ਸੁਵਾਗਤ ਲੋਕਾਂ ਨੇ ਛਿੱਤਰਾਂ ਨਾਲ ਕੀਤਾ।

ਭੁੱਖੇ ਬੰਦੇ ਦਾ ਅੰਤ ਬਹੁਤ ਮਾੜਾ ਤੇ ਜ਼ਲੀਲ ਕਰ ਦੇਣਾ ਵਾਲਾ ਹੁੰਦਾ। ਭੁੱਖਾ ਬੰਦਾ ਕਦੇ ਸ਼ਾਂਤ ਨਹੀਂ ਮਰ ਸਕਦਾ। ਭੁੱਖ ਬੰਦੇ ਨੂੰ ਸ਼ਾਂਤ ਜਿਉਂਣ ਹੀ ਨਹੀਂ ਦਿੰਦੀ ਤੇ ਜਿਹੜਾ ਸ਼ਾਂਤ ਜੀਵਿਆ ਨਹੀਂ, ਉਹ ਸ਼ਾਂਤ ਮਰ ਕਿਥੇ ਜਾਊ?

ਤੁਸੀਂ ਸੋਚੋ ਕਿ ਪੰਜਾਬ ਵਿਚ ਬਾਦਲਾਂ ਨੂੰ ਰੋਟੀ ਦੀ ਭੁੱਖ ਹੈ? ਪਰ ਉਨ੍ਹਾਂ ਦੀ ਭੁੱਖ ਮੋਦੀ ਵਰਗੇ ਖੂਨੀਆਂ ਦੇ ਪੈਰਾਂ ਵਿਚ ਲਿਜਾ ਸੁੱਟਦੀ ਪਿਉ-ਪੁੱਤਾਂ ਨੂੰ! ਆਪਣੀ ਨੂੰ੍ਹਹ ਨੂੰ ਮਨਿਸਟਰੀ ਦਵਾਉਂਣ ਦੀ ਭੁੱਖ ਕਾਰਨ ਜਿਹੜੇ ਉਸ ਦਿੱਲੀ ਦੇ ਤਰਲੇ ਕੱਢੇ? ਤੇ ਦੱਸੋ ਅਜਿਹੇ ਮਨੁੱਖਾਂ ਨੂੰ ਸ਼ਾਂਤ ਹੋ ਕੇ ਮਰਨਾ ਨਸੀਬ ਕਿਵੇਂ ਹੋ ਜਾਊ। ਤੇ ਅਗਿਉਂ ਉਨ੍ਹਾਂ ਦੇ ਛੋਟੇ ਛੋਟੇ ਭੁੱਖੇ ਕਤੂਰੇ? ਵਿਚੇ ਰਾਜਨੀਤਕ ਤੇ ਨਾਲ ਹੀ ਧਾਰਮਿਕ!

ਕੌਮ ਦੇ ਭੁੱਖੜ 'ਜਥੇਦਾਰਾਂ' ਵਲ ਹੀ ਵੇਖ ਲਓ। ਤੇ ਅਗਿਓਂ ਰੰਗੀਲਾ, ਸ਼੍ਰੀ ਨਗਰ, ਪਿੰਦਰ ਪਾਲ ਤੇ ਬਾਕੀ ਟੁੱਕੜਬੋਚ? ਕੌਮ ਨੇ ਕੀ ਨਹੀਂ ਸੀ, ਦਿੱਤਾ ਇਨ੍ਹਾਂ ਭੁੱਖੜਾਂ ਨੂੰ ਪਰ ਇਹ ਰੱਜ ਗਏ? ਜਿਹੜੇ ਕਿ ਲੋਕਾਂ ਨੂੰ ਹਰ ਵੇਲੇ ਗੁਰਬਾਣੀ ਹੀ ਉਹ ਸੁਣਾਉਂਦੇ ਜਿਹੜੀ ਗੱਲ ਹੀ ਸੰਤੋਖ ਦੀ ਕਰਦੀ! ਜਿਹੜੀ ਸਿਖਾਉਂਦੀ ਹੀ ਬੰਦੇ ਨੂੰ ਸੰਤੋਖ ਵਿਚ ਰਹਿਣਾ ਹੈ ਤੇ ਜਿਸ ਦੇ ਪੈਰੋਕਾਰਾਂ ਸੰਤੋਖ ਜੀਵਿਆ, ਸੰਤੋਖ ਹੰਡਾਇਆ ਤੇ ਭੁੱਖੇ ਰਹਿ ਕੇ ਵੀ ਸੰਤੋਖ ਨਹੀਂ ਛੱਡਿਆ। ਘੋੜਿਆਂ ਦੀਆਂ ਕਾਠੀਆਂ ਤੇ ਪਾਟੀ ਕੰਬਲੀ ਤੇ ਮੁੱਠ ਛੋਲਿਆਂ ਦੇ ਵਿਚ ਵੀ ਸੰਤੋਖ ਕਰੀ ਰੱਖਿਆ। ਪਰ ਉਨ੍ਹਾਂ ਜੋਧਿਆਂ ਗੁਰਸਿੱਖਾਂ ਦੀਆਂ ਕਹਾਣੀਆਂ ਸੁਣਾਉਂਣ ਵਾਲੇ ਖੁਦ ਇਨੇ ਭੁੱਖੜ !!!

ਜੇ ਮੇਰੇ 'ਜਥੇਦਾਰ' ਮੈਨੂੰ ਸਿੱਖ ਮੱਤ ਦੇਣ ਵਾਲੇ ਇਨੇ ਭੁੱਖੜ ਤਾਂ ਮੈ ਕਿਥੇ ਰੱਜ ਜਾਉਂਗਾ! ਇਹ ਮੇਰੀ ਭੁੱਖ ਦਾ ਕਿੰਨਾ ਕਰੂਪ ਚਿਹਰਾ ਕਿ ਮੈਂ ਅੰਡੇ ਵਿਚੋਂ ਲਾਟਰੀ ਕੱਢ ਕੇ ਕ੍ਰੋੜਾਂ-ਪਤੀ ਬਣਨਾ ਚਾਹੁੰਦਾ। ਦੁਗਣੇ-ਚੌਗੁਣੇ ਹੋਣ ਪਿੱਛੇ ਵੀ ਤਾਂ ਮੇਰੀ ਭੁੱਖ ਹੀ ਹੈ ਨਾ। ਮੈਂ ਸੰਤ ਦੇ ਪੈਰਾਂ ਵਿਚ ਡਿੱਗਦਾ ਹਾਂ, ਉਸ ਪਿੱਛੇ ਵੀ ਮੇਰੀ ਭੁੱਖ ਹੈ ਕਿ ਸੰਤ ਕੋਈ ਰੇਖ ਵਿੱਚ ਮੇਖ ਮਾਰਕੇ ਮੇਰੀਆਂ ਤਜੋਰੀਆਂ ਭਰ ਦਏ। ਮੇਰੀ ਭੁੱਖ ਸੰਤ ਨੂੰ ਰਜਾਉਂਦੀ ਹੈ। ਮੇਰੀ ਭੁੱਖ ਠੱਗੀ ਨੂੰ ਬੜਾਵਾ ਦਿੰਦੀ ਹੈ। ਸੰਤ ਦੀ ਸ਼ੈਤਾਨ ਅੱਖ ਮੇਰੀ ਭੁੱਖ ਨੂੰ ਤਾੜਦੀ ਹੈ। ਫਿਰ ਉਹ ਮੇਰੀ ਭੁੱਖ ਵਿਚੋਂ ਅੱਗ ਕੱਢਕੇ ਆਪਣੀ ਭੁੱਖ ਦੀ ਅੱਗ ਉੱਚੀ ਕਰਦਾ ਹੈ। ਸੰਤ ਦਾ ਦਿੱਸਦਾ ਡੇਰਾ, ਉਸ ਦੇ ਸੋਨੇ ਦੇ ਗੁੰਬਜ, ਉਸ ਦੇ ਠੰਡੇ ਭੋਰੇ, ਉਸ ਦੇ ਰੇਸ਼ਮੀ ਚੋਲੇ ਮੇਰੀ ਵਧੀ ਹੋਈ ਭੁੱਖ ਦਾ ਮਖੌਲ ਉਡਾਉਂਦੇ ਨੇ। ਨਹੀਂ ਤਾਂ ਅਜਿਹੇ ਵਿਹਲੜ ਮਸੰਦਾਂ ਦੀ ਤਾਂ ਸਿੱਖ ਮਕਾਣ ਵੀ ਨਾ ਜਾਵੇ?

ਮੈਂ ਗਿਆ ਤਾਂ ਉਸ ਕੋਲੇ ਅਪਣੀ ਭੁੱਖ ਮਿਟਾਉਂਣ ਸਾਂ, ਪਰ ਉਸ ਪਤਾ ਹੀ ਨਾ ਲੱਗਣ ਦਿੱਤਾ ਕਦ ਮੇਰੀ ਜ੍ਹੇਬ ਖਾਲੀ ਕਰਕੇ ਅਪਣੀ ਭੁੱਖ ਵਿੱਚ ਪਾ ਲਈ? ਭੁੱਖ 'ਸੰਤ' ਦੀ ਵੀ ਨਹੀਂ ਮਿਟੀ। ਭੁੱਖ ਮਿੱਟ ਸਕਦੀ ਹੀ ਨਹੀਂ। ਕਿਉਂਕਿ ਭੁੱਖ ਦੀ ਮਿੱਟਣ ਵਾਲੀ ਦਵਾਈ ਜਿਹੜੀ ਬਾਬਾ ਜੀ ਆਪਣਿਆਂ ਦੱਸੀ ਉਹ ਤਾਂ ਮੈਂ ਲੈਂਦਾ ਹੀ ਨਹੀਂ। ਸੰਤੋਖ ਇਸ ਦੀ ਦਵਾਈ ਸੀ, ਜਿਹੜੀ ਮੈਂ ਲੈਂਦਾ ਨਹੀਂ ਤੇ ਆਖਰ ਭੁੱਖ ਭੁੱਖ ਕਰਦਾ ਭੁੱਖਾ ਹੀ ਮਰ ਜਾਂਦਾ ਹਾਂ! ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top