Share on Facebook

Main News Page

ਪੀ.ਸੀ. ਪਾਰਟੀ ਦਾ ਪ੍ਰਮੁੱਖ ਲੀਡਰ ਪੈਟਰਿਕ ਬਰਾਊਨ ਗੁਜਰਾਤ ਦਾ ਰੋਲ ਮੌਡਲ ਲੈ ਕੇ ਆਏਗਾ ਓਨਟਰੀਓ ਵਿੱਚ ?

(ਅਦਾਰਾ ਖ਼ਬਰਦਾਰ): ਬ੍ਰੈਂਮਸਟੀਲ ਉਪਰ ਸਿੱਖ ਲਹਿਰ ਦੀ ਬਿਲਡਿੰਗ ਵਿਚ ਬਣੇ ਬੈਂਕੁਟ ਹਾਲ ਵਿਚ 23 ਅਗਸਤ ਦਿਨ ਐਤਵਾਰ ਭਾਜਪਾ ਦੇ ਹਰਿਆਣਾ ਦੇ ਮੁੱਖ ਮੰਤਰੀ ਮਿਸਟਰ ਮਨੋਹਰ ਲਾਲ ਖੱਟਰ ਦੀ ਆਮਦ ਉਪਰ ਬ੍ਰੈਂਪਟਨ ਵਿਖੇ ਇੱਕ ਪ੍ਰੋਗਰਾਮ ਉਲੀਕਿਆ ਗਿਆ, ਜਿਸ ਵਿਚ ਪੰਜਾਬੀ ਭਾਈਚਾਰੇ ਤੋਂ ਬਿਨਾ ਹਰਿਆਣਾ ਅਤੇ ਭਾਰਤ ਦੇ ਵੱਖ ਵੱਖ ਲੋਕ ਵੀ ਪਹੁੰਚੇ ਹੋਏ ਸਨ, ਜਿਸ ਵਿਚ ਹੋਰਾਂ ਤੋਂ ਇਲਾਵਾ ਪੀ. ਸੀ. ਪਾਰਟੀ ਨਾਲ ਸਬੰਧਤ ਉਮੀਦਵਾਰਾਂ ਦੀ ਸ਼ਮੂਲੀਅਤ ਵੀ ਚੋਖੀ ਦੇਖੀ ਗਈ।

ਵੱਖ ਵੱਖ ਲੋਕਾਂ ਅਤੇ ਬੁਲਾਰਿਆਂ ਦੇ ਬੋਲਣ ਤੋਂ ਬਿਨਾ ਪੀ.ਸੀ. ਪਾਰਟੀ ਦੇ ਮੰਨੇ-ਦੰਨੇ ਲੀਡਰ ਮਿਸਟਰ ਪੈਟਰਿਕ ਬਰਾਊਂਨ ਦੀ ਮੋਦੀ ਭਗਤੀ ਹੈਰਾਨ ਕਰ ਦੇਣ ਵਾਲੀ ਅਤੇ ਚਰਚਾ ਦਾ ਕਾਰਨ ਬਣੀ, ਜਦ ਉਨ੍ਹੀ ਸਟੇਜ ਤੇ ਉੱਠਦਿਆਂ ਹੀ ਕਿਹਾ ਕਿ ਜਦ ਮੈਨੂੰ ਕੋਈ ਕਹੇ ਕਿ ਤੇਰਾ ਨਾਂ ਕੀ ਹੈ ਤਾਂ ਮੇਰਾ ਜਵਾਬ ਹੈ 'ਆਈ ਐਂਮ ਗੁੱਜੂ' ਯਾਨੀ ਮੈਂ ਗੁਜਰਾਤੀ ਹਾਂ! ਲੀਡਰਾਂ ਨੂੰ ਪ੍ਰੋਗਰਾਮ ਦੇ ਮੁਤਾਬਕ ਬਾਹਲਾ ਜਾਂ ਥੋੜਾ ਤਾਂ ਮਾਹੌਲ ਮੁਤਾਬਕ ਬੋਲਣਾ ਪੈਂਦਾ ਹੈ, ਪਰ ਜਦ ਤੁਸੀਂ ਲੋੜੋਂ ਜਿਆਦਾ ਬੋਲ ਜਾਂਉ ਤਾਂ ਉਹ ਚਾਪਲੂਸੀ ਬਣ ਜਾਂਦੀ ਹੈ। ਪਰ ਮਿਸਟਰ ਪੈਟਰਿਕ ਤਾਂ ਚਾਪਲੂਸੀ ਦੀਆਂ ਹੱਦਾਂ ਵੀ ਲੰਘ ਆਏ, ਜਦ ਉਨ੍ਹਾਂ ਕਿਹਾ ਕਿ ਮਿਸਟਰ ਨਰਿੰਦਰ ਮੋਦੀ ਜਦ ਮੁੱਖ ਮੰਤਰੀ ਸਨ, ਤਾਂ ਉਹ ਕੋਈ ਤਿੰਨ ਵਾਰੀ ਗੁਜਰਾਤ ਜਾ ਕੇ ਆਏ ਅਤੇ ਉਨ੍ਹਾਂ ਜੋ ਗੁਜਰਾਤ ਦਾ ਵਿਕਾਸ ਦੇਖਿਆ, ਤਾਂ ਉਨ੍ਹਾਂ ਨੂੰ ਜਾਪਿਆ ਕਿ ਉਹ ਇਹ ਮੌਡਲ ਓਨਟੇਰੀਓ ਵਿਚ ਵੀ ਲੈ ਕੇ ਆਉਂਣਗੇ! ਅੱਗੇ ਚਲਕੇ ਉਨ੍ਹਾਂ ਕਿਹਾ ਉਹ ਮਿਸਟਰ ਮੋਦੀ ਦੇ ਵਿਕਾਸ ਤੋਂ ਅਤੀ ਪ੍ਰਭਾਵਤ ਹੋਏ ਸਨ ਅਤੇ ਉਹ ਮਿਸਟਰ ਮੋਦੀ ਨੂੰ ਆਪਣਾ ਰੋਲ ਮਾਡਲ ਮੰਨਦੇ ਹਨ! ਸਰੋਤੇ ਹੈਰਾਨ ਸਨ ਕਿ ਮਿਸਟਰ ਪੈਟਰਿਕ ਪੀ.ਸੀ. ਪਾਰਟੀ ਦਾ ਨੁੰਮਾਇਦਾ ਹੈ ਜਾਂ ਹਿੰਦੋਸਤਾਨ ਵਿਚਲੀ ਭਾਜਪਾ ਦਾ!

ਯਾਦ ਰਹੇ ਕਿ ਮਿਸਟਰ ਪੈਟਰਿਕ ਬਰਾਉਨ ਪੀ.ਸੀ ਪਾਰਟੀ ਦੇ ਸਿਰ ਕੱਢ ਲੀਡਰ ਹਨ ਅਤੇ ਉਤਲੇ ਕੁਝ ਲੀਡਰਾਂ ਵਿਚ ਉਨ੍ਹਾਂ ਦੀ ਗਿਣਤੀ ਆਉਂਦੀ ਹੈ, ਪਰ ਜਦ ਪੀ.ਸੀ ਪਾਰਟੀ ਦੇ ਅਜਿਹੇ ਲੀਡਰ ਮਿਸਟਰ ਨਰਿੰਦਰ ਮੋਦੀ ਦਾ 'ਸਿਮਰਨ' ਕਰਨਗੇ ਅਤੇ ਉਸ ਨੂੰ ਆਪਣਾ ਰੋਲ ਮਾਡਲ ਕਹਿਣਗੇ ਤਾਂ ਸਮਝੋਂ ਬਾਹਰ ਹੈ ਕਿ ਕੀ ਉਹ ਕਨੇਡਾ ਵਰਗੇ ਸ਼ਾਂਤ ਮੁਲਕ ਨੂੰ ਵੀ ਕਿਤੇ ਗੁਜਰਾਤ ਤਾਂ ਨਹੀਂ ਬਣਾਉਂਣਾ ਚਾਹੁੰਦੇ।

ਕੁੱਲ ਦੁਨੀਆਂ ਜਾਣਦੀ ਹੈ ਕਿ ਮਿਸਟਰ ਨਰਿੰਦਰ ਮੋਦੀ ਦੇ ਹੱਥ ਮੁਸਲਮਾਨਾਂ ਦੇ ਖੂਨ ਵਿੱਚ ਬੁਰੀ ਤਰ੍ਹਾਂ ਰੰਗੇ ਹੋਏ ਹਨ ਅਤੇ ਮਿਸਟਰ ਮੋਦੀ ਦੇ ਮੁੱਖ ਮੰਤਰੀ ਕਾਲ ਵੇਲੇ ਗੁਜਰਾਤ ਦੀਆਂ ਸੜਕਾਂ ਨੂੰ ਨਿਰਦੋਸ਼ ਮੁਸਲਮਾਨਾਂ ਦੇ ਲਹੂ ਨਾਲ ਧੋ ਦਿੱਤਾ ਗਿਆ ਸੀ! ਵੋਟਾਂ ਲੈ ਕੇ ਪ੍ਰਧਾਨ ਮੰਤਰੀ ਬਣਨ ਨਾਲ ਮਿਸਟਰ ਮੋਦੀ ਦੇ ਪਾਪ ਧੋਤੇ ਨਹੀਂ ਗਏ ਹਨ। ਮਿਸਟਰ ਮੋਦੀ ਨੂੰ ਉਸ ਦੇ ਅਜਿਹੇ ਗੁਨਾਹਾਂ ਕਾਰਨ ਹੀ ਓਸ ਸਮੇਂ ਅਮਰੀਕਾ ਨੇ ਅਪਣੇ ਮੁਲਕ ਵਿਚ ਵੜਨ ਨਹੀਂ ਸੀ ਦਿੱਤਾ।

ਗੁਜਰਾਤ ਦੇ ਵਿਕਾਸ ਦਾ ਕੱਚਾ ਚਿੱਠਾ ਦਿੱਲੀ ਦੇ ਮੌਜੂਦਾ ਮੁੱਖ ਮੰਤਰੀ ਮਿਸਟਰ ਕੇਜਰੀਵਾਲ ਨੇ ਬੁਰੀ ਤਰ੍ਹਾਂ ਖੋਲ੍ਹ ਦਿੱਤਾ ਹੋਇਆ ਸੀ। ਮਿਸਟਰ ਮੋਦੀ ਪ੍ਰਧਾਨ ਮੰਤਰੀ ਦੀ ਉਮੀਦਵਾਰੀ ਵੇਲੇ ਅੰਬਾਨੀਆਂ ਦੇ ਹੈਲੀਕਪਟਰਾਂ ਤੇ ਝੂਟੇ ਲੈਂਦਾ ਰਿਹਾ ਸਭ ਨੇ ਦੇਖਿਆ। ਹਿੰਦੋਸਤਾਨ ਦੇ ਕਿਸਾਨਾਂ ਦੇ ਗਲ ਗੂਠ ਦੇ ਕੇ ਅੰਬਾਨੀਆਂ ਲਈ ਰਾਹ ਪੱਧਰੇ ਕੀਤੇ ਗਏ, ਇਸ ਦਾ ਖੁਲਾਸਾ ਵੀ ਮਿਸਟਰ ਕੇਜਰੀਵਾਲ ਕਰ ਚੁੱਕਾ ਹੋਇਆ। ਗੁਜਰਾਤ ਦੇ ਜੰਗਲ ਪੁੱਟ-ਪੁੱਟ ਵੱਸੇ ਪੰਜਾਬੀਆਂ ਨੂੰ ਮੋਦੀ ਨੇ ਹਾਲੇ ਕੱਲ ਉਜਾੜਿਆ ਹੈ। ਮੋਦੀ ਨੂੰ ਪ੍ਰਧਾਨ ਮੰਤਰੀ ਤੱਕ ਲਿਜਾਣ ਲਈ ਉਨ੍ਹਾਂ ਸਾਰੇ ਕੱਟੜ ਹਿੰਦੂਆਂ ਦਿਨ ਰਾਤ ਇੱਕ ਕਰੀ ਰੱਖਿਆ ਜਿਹੜੇ ਹਿੰਦੋਸਤਾਨ ਵਿਚ ਕੇਵਲ ਤੇ ਕੇਵਲ ਹਿੰਦੂ ਨੂੰ ਹੀ ਦੇਖਣਾ ਚਾਹੁੰਦੇ ਹਨ ਤੇ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਉਹ ਹਿੰਦੋਸਤਾਨ ਨੂੰ ਆਜਾਦ ਹੋਇਆ ਮੰਨਦੇ ਹਨ।

ਮੋਦੀ ਵਰਗੀ ਅਜਿਹੀ 'ਪ੍ਰਸਨੈਲਟੀ' ਦਾ ਪੀ.ਸੀ ਪਾਰਟੀ ਦੇ ਜਿੰਮੇਵਾਰ ਲੀਡਰ ਵਲੋਂ ਗੁੱਡਾ ਬੰਨਣਾ ਅਤੇ ਆਪਣਾ ਰੋਲ ਮਾਡਲ ਕਹਿਣਾ ਅੱਤ ਸ਼ਰਮਨਾਕ ਗੱਲ ਹੈ, ਅਤੇ ਇਸ ਤੋਂ ਜਿਆਦਾ ਸ਼ਰਮਨਾਕ ਗੱਲ ਉਨ੍ਹਾ ਲੋਕਾਂ ਵਾਸਤੇ ਹੈ ਜਿਹੜੇ ਆਜ਼ਾਦ ਮੁਲਕ ਵਿਚ ਰਹਿੰਦਿਆਂ ਵੀ ਮਿਸਟਰ ਪੈਟਰਿਕ ਵਰਗਿਆਂ ਦੀ ਚਾਪਲੂਸੀ ਉਪਰ ਤਾੜੀਆਂ ਮਾਰਦੇ ਅਤੇ 'ਭਾਰਤ ਮਾਂ ਦੀ ਜੈ' ਕਹਿੰਦੇ ਹਨ!

ਲੋਕਾਂ ਵਿਚ ਚਰਚਾ ਹੈ ਕਿ ਪੀ.ਸੀ. ਪਾਰਟੀ ਦਾ ਝੁਕਾਅ ਹਿੰਦੋਸਤਾਨ ਦੀ ਭਾਜਪਾ ਵਲ ਇਨਾ ਕਿਉਂ ਹੈ, ਜਿਸ ਦਾ ਲੀਡਰ ਹਕੀਕਤ ਨੂੰ ਜਾਣਦਿਆਂ ਵੀ ਮੋਦੀ ਨੂੰ ਆਪਣਾ ਰੋਲ ਮਾਡਲ ਕਹੀ ਜਾਂਦਾ ਹੈ।

ਪਾਠਕਾਂ ਨੂੰ ਯਾਦ ਹੋਵੇਗਾ ਕਿ ਪੀ.ਸੀ. ਦੀਆਂ ਨੌਮੀਨੇਸ਼ਨ ਚੋਣਾਂ ਵੇਲੇ ਜੇਤੂ ਰਹੇ ਮਿਸਟਰ ਨਵਲ ਬਜਾਜ ਵੇਲੇ ਦੀ ਹੋਈ ਹਰ ਹਰ ਮੋਦੀ ਵੀ ਚਰਚਾ ਦਾ ਵਿਸ਼ਾ ਰਹੀ ਸੀ, ਕਿ ਇਹ ਚੋਣਾਂ ਕੈਨੇਡਾ ਵਿੱਚ ਹੋ ਰਹੀਆਂ ਸਨ ਜਾਂ ਗੁਜਰਾਤ ਵਿੱਚ! ਭਰੋਸੇਯੋਗ ਸੂਤਰਾਂ ਤੋਂ ਤਾਂ ਇਹ ਵੀ ਪਤਾ ਲੱਗਾ ਹੈ ਕਿ ਨੌਮੀਨੇਸ਼ਨ ਵੇਲੇ ਦੀਆਂ ਪਈਆਂ ਹੋਈਆਂ ਵੋਟਾਂ ਉਪਰ ਵੀ "ਮੋਦੀ ਦੀ ਜੈ", ਜਾਂ "ਭਾਰਤ ਮਾਤਾ ਦੀ ਜੈ" ਲਿਖਿਆ ਹੋਇਆ ਮਿਲਿਆ। ਮਿਸਟਰ ਨਵਲ ਬਜਾਜ ਵਲੋਂ ਚੋਣਾਂ ਦੇ ਬਣਾਏ ਹੋਏ ਪੋਸਟਰਾਂ ਵਿਚ ਇੱਕ ਪਾਸੇ ਜੇ ਪਾਰਟੀ ਲੀਡਰ ਮਿਸਟਰ ਹਾਰਪਰ ਦੀ ਫੋਟੋ ਲੱਗੀ ਹੋਈ ਸੀ ਤਾਂ ਦੂਜੇ ਪਾਸੇ ਮਿਸਟਰ ਮੋਦੀ ਦੀ। ਹੋਰ ਹੈਰਾਨੀ ਦੀ ਗੱਲ ਕਿ ਮਿਸਟਰ ਬਜਾਜ ਦੀ ਕੈਮਪੇਨ ਨੂੰ ਉਹ ਲੋਕ ਰਨ ਕਰ ਰਹੇ ਸਨ, ਜਿਹੜੇ ਭਾਜਪਾ ਦੇ ਟਰੰਟੋ ਦੇ ਥਾਪੇ ਹੋਏ ਲੀਡਰ ਹਨ। ਕੈਨੇਡਾ ਵਰਗੇ ਸ਼ਾਂਤ ਮੁਲਕ ਵਿਚ ਅਜਿਹੀ ਫਿਰਕੂ ਰੰਗਤ ਦੇਣੀ ਭਵਿੱਖ ਵਿੱਚ ਖਤਰਨਾਕ ਨਤੀਜੇ ਪੈਦਾ ਕਰ ਸਕਦੀ ਹੈ। ਮਿਸਟਰ ਨਵਲ ਬਜਾਜ ਦੀਆਂ ਅਜਿਹੀਆਂ ਫਿਰਕੂ ਚੋਣਾਂ ਤੋਂ ਇੰਝ ਜਾਪਦਾ ਸੀ, ਜਿਵੇਂ ਇਹ ਚੋਣਾਂ ਕੈਨੇਡਾ ਨਹੀਂ ਬਲਕਿ ਗੁਜਰਾਤ ਵਿਚ ਲੜੀਆਂ ਜਾ ਰਹੀਆਂ ਹੋਣ ਤੇ ਇਸ ਨੂੰ ਪੀ.ਸੀ. ਪਾਰਟੀ ਨਹੀਂ ਬਲਕਿ ਭਾਜਪਾ ਲੜ ਰਹੀ ਹੋਵੇ!

ਲੋਕਾਂ ਵਲੋਂ ਇਹ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਜੇ ਕੈਨੇਡਾ ਦੀ ਰਾਜਨੀਤੀ ਵਿਚ ਵੀ ਇੰਝ ਕੁ ਦਾ ਹੀ ਮਿਲਗੋਭਾ ਜਿਹਾ ਹੋਣ ਲੱਗ ਗਿਆ, ਤਾਂ ਉਹ ਦਿਨ ਦੂਰ ਨਹੀਂ ਜਦ ਹਿੰਦੋਸਤਾਨ ਦੀ ਕੁਰੱਪਟ ਰਾਜਨੀਤੀ ਦੇ ਬਾਕੀ ਸਾਰੇ ਅਉਗਣ ਵੀ ਕੈਨੇਡਾ ਵਿੱਚ ਦੇਖਣ ਨੂੰ ਆਮ ਮਿਲਿਆ ਕਰਨਗੇ ਅਤੇ ਮਿਸਟਰ ਪੈਟਰਿਕ ਦਾ ਗੁਜਰਾਤ ਮੌਡਲ ਦਾ ਨਜ਼ਾਰਾ ਸੱਚਮੁੱਚ ਕੈਨੇਡਾ ਦੇ ਲੋਕ ਦੇਖ ਸਕਣਗੇ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top