Share on Facebook

Main News Page

ਇਹ ਹੈ ਮੇਰਾ ਪੰਜਾਬ ?
-: ਗੁਰਦੇਵ ਸਿੰਘ ਸੱਧੇਵਾਲੀਆ

ਇਹ ਗੱਲ ਪੰਜਾਬ ਦੀ ਯਾਨੀ ਖੇਮਕਰਨ ਦੀ ਹੈ। ਉਥੇ ਕੁਝ ਲੋਕ ਭੱਠਿਆਂ ਉਪਰ ਅਪਣੀਆਂ ਖੋਤੀਆਂ ਦੀ 'ਸਰਵਿਸ' ਦਿੰਦੇ ਸਨ। ਰਾਤ ਨੂੰ ਉਹੀ ਖੋਤੀਆਂ 'ਪਾਰਕ' ਕਰਨ ਲਈ ਉਨੀ ਇੱਕ ਹਾਤਾ ਜਿਹਾ ਬਣਾਇਆ ਹੋਇਆ ਸੀ, ਜਿਥੇ ਸਾਰੀਆਂ ਖੋਤੀਆਂ ਇੱਕੇ ਥਾਂ ਇਕੱਠੀਆਂ ਕਰ ਦਿੱਤੀਆਂ ਜਾਦੀਆਂ। ਇਲਾਕੇ ਦੇ ਨਸ਼ੇੜੀ ਮੁੰਡੇ ਏਕਾਂਤ ਜਗ੍ਹਾ ਲੱਭਦੇ ਲੱਭਦੇ ਖੋਤੀਆਂ ਦੇ ਹਾਤੇ ਵਿਚ ਜਾ ਵੜੇ। ਉਥੇ ਉਨ੍ਹਾਂ ਨੂੰ ਥਾਂ 'ਸੇਫ' ਜਾਪੀ, ਉਹ ਰੋਜ਼ਾਨਾ ਰਾਤ ਨੂੰ ਮਹਿਫਲ ਲਾਉਂਣ ਤੇ ਧੂੰਆਂ ਛੱਡਣ ਲੱਗੇ। ਉਨ੍ਹਾਂ ਦੇ ਧੂੰਏ ਦਾ ਅਸਰ ਖੋਤੀਆਂ ਉਪਰ ਵੀ ਹੋਣ ਲੱਗ ਗਿਆ।

ਖੋਤੀਆਂ ਤਾਂ ਬਾਗੋ ਬਾਗ ਹੋ ਗਈਆਂ। ਦਿਨ ਦੀਆਂ ਥੱਕੀਆਂ ਖੋਤੀਆਂ ਰੋਜ ਅਪਣੇ 'ਬੇਲੀਆਂ' ਨੂੰ ਉਡੀਕਣ ਲੱਗੀਆਂ। ਰਾਤ ਦੀ ਚਾਰਜ ਹੋਈ ਬੈਟਰੀ ਨਾਲ ਖੋਤੀਆਂ ਤਾਂ ਦਿਨੇ ਭਾਰ ਚੁੱਕੀ ਇੰਝ ਦੌੜੀਆਂ ਫਿਰਨ, ਜਿਵੇਂ ਵਿਆਹ 'ਚ ਨੈਣ ਫਿਰਦੀ। ਖੋਤੀਆਂ ਇੰਝ ਮੇਲਦੀਆਂ ਦੇਖ ਉਨ੍ਹਾਂ ਦੇ ਮਾਲਕ ਬੜੇ ਖੁਸ਼ ਕਿ ਡਾਂਗ ਨਾਲ ਵੀ ਨਾ ਤੁਰਨ ਵਾਲੀਆਂ ਹੁਣ ਤਾਂ 'ਡੱਬਲ ਸ਼ਿਫਟਾਂ' ਲਾਉਂਣ ਨੂੰ ਵੀ ਤਿਆਰ ਨੇ!

ਪਰ ਖੋਤੀਆਂ ਦੇ ਮੋਦੀ ਵਾਲੇ 'ਅੱਛੇ ਦਿਨ' ਬਹੁਤਾ ਚਿਰ ਨਾ ਰਹੇ। ਪੰਜਾਬ ਵਿਚ ਜਦ ਨਸ਼ਿਆਂ ਦਾ ਬਾਹਲਾ ਰੌਲਾ ਪੈ ਗਿਆ, ਤਾਂ ਪੁਲਿਸ ਵਲੋਂ ਫੜੋ-ਫੜਾਈ ਦੇ ਗੇੜ ਵਿਚ ਹਾਤੇ ਵਾਲੀ ਮਹਿਫਲ ਵੀ ਬਿਖਰ ਗਈ। ਖੋਤੀਆਂ ਉਡੀਕਿਆ ਕਰਨ, ਪਰ ਹੁਣ 'ਅੱਛੇ ਦਿਨ' ਲੱਦ ਚੁੱਕੇ ਸਨ! ਉਡੀਕ ਉਡੀਕ ਕੇ ਆਖਰ ਖੋਤੀਆਂ ਵਿਚਾਰੀਆਂ ਸਿਰ ਸੁੱਟ ਬੈਠੀਆਂ। ਦੌੜੀਆਂ ਫਿਰਦੀਆਂ ਖੋਤੀਆਂ ਤਾਂ ਹੁਣ ਡਾਂਗ ਨਾਲ ਵੀ ਤੁਰਨੋ ਗਈਆਂ। ਮਾਲਕਾਂ ਨੂੰ ਫਿਕਰ ਹੋਇਆ ਕਿ ਇਹ ਤਾਂ ਨਸਲ ਹੀ ਬਦਲ ਗਈ?

ਇੱਕ ਦਿਨ ਮਾਲਕ ਇੱਕ ਖੋਤੀ ਨੂੰ ਡਾਂਗ ਵਾਹੀ ਜਾਵੇ, ਪਰ ਉਹ ਸਿਰ ਨਾ ਚੁੱਕੇ। ਮਹਿਫਲ ਵਾਲਾ ਇੱਕ ਬੇਲੀ ਉਧਰ ਦੀ ਲੰਘਿਆ, ਤਾਂ ਕਹਿਣ ਲੱਗਾ ਭਾਈਆ ਕਾਹਤੋਂ ਕੁੱਟੀ ਜਾਨਾ ਇਸ ਵਿਚ ਤਾਂ 'ਬੈਂਟਰੀ' ਹੀ ਨਹੀਂ! ਮਾਲਕ ਬੜਾ ਹੈਰਾਨ ਕਿ ਖੋਤੀ ਕੱਦ ਬੈਟਰੀ 'ਤੇ ਚੱਲਣ ਲੱਗੀ। ਉਹ ਕਹਿੰਦਾ ਲਿਆ ਦੇਹ ਸੌ ਦਾ ਨੋਟ ਜੇ ਬੈਟਰੀ ਪਾਉਂਣੀ। ਉਹ ਕਹਿੰਦਾ ਸੌ ਤਾਂ ਨਹੀਂ, ਪੰਜਾਹ ਹੈ ਨੇ! ਉਸ ਪੰਜਾਹ ਮਾਲਕ ਕੋਲੋਂ ਲਏ ਤੇ ਪੰਜਾਹ ਕੋਲੋਂ ਪਾ ਕੇ ਜਦ ਖੋਤੀ ਨੇੜੇ ਧੂੰਆਂ ਛੱਡਿਆ, ਤਾਂ ਉਹ ਤਾ ਮਾਰ ਦੁਲੱਤੇ ਉੱਠੀ? ਉਸ ਦੀ ਚਾਰਜ ਹੋਈ ਬੈਟਰੀ ਮਾਲਕ ਨੂੰ ਹੈਰਾਨ ਤਾਂ ਕਰ ਗਈ, ਪਰ ਇਨੀ ਮਹਿੰਗੀ 'ਬੈਟਰੀ' ਰੋਜ ਕਿਹੜਾ ਖੋਤੀ ਵਿਚ ਪਾਵੇ?

ਪੰਜਾਬ ਨੇ ਪਾਗਲ ਨਿਹੰਗਾਂ ਦੇ ਭੰਗ ਪਿਆ ਕੇ ਘੋੜੇ ਨਸ਼ਈ ਕਰਨ ਵਾਂਗ ਖੋਤੀਆਂ ਵੀ ਨਸ਼ਿਆਂ 'ਤੇ ਲਾ ਛੱਡੀਆਂ। ਇਹ ਕਹਾਣੀ ਨਹੀਂ ਹਕੀਕਤ ਹੈ ਤੇ ਕਿਤੇ ਇਸੇ ਕਰਕੇ ਹੀ ਲੰਡਰ ਗਾਇਕ ਤਾਂ ਨਹੀਂ ਗਾਉਂਦੇ ਫਿਰਦੇ ਕਿ ਕਿਆ ਰੀਸਾਂ ਪੰਜਾਬ ਦੀਆਂ??

ਦੂਜੀ ਕਹਾਣੀ ਬੁੰਡਾਲੇ ਦੀ ਹੈ। ਉਥੇ ਦਾ ਇੱਕ ਗੱਭਰੂ ਨਸ਼ੇ 'ਤੇ ਲੱਗ ਗਿਆ। ਨਸ਼ਾ ਰੋਜ ਕਿਥੋਂ ਆਵੇ। ਉਸ ਨੂੰ ਸਕੀਮ ਸੁੱਝੀ। ਕਮਾਦ ਵਿਚ ਇੱਕ 'ਫੋਰਟ' ਨਾਂ ਦੀ ਦਵਾਈ ਪਾਉਂਦੇ ਕੀੜੇ ਤੇ ਚੂਹੇ ਮਾਰਨ ਲਈ। ਬੜੀ ਤੇਜ, ਨਿਰੀ ਅੱਗ! ਚਾਹ ਦੀ ਪੱਤੀ ਦੇ ਦਾਣਿਆਂ ਵਰਗੀ। ਉਸ ਕੀ ਕੀਤਾ ਕਿ ਦੋ ਗਟਾਰਾਂ ਫੜੀਆਂ, ਹਰੇ ਜਿਹੇ ਅੰਡੇ ਦੇਣ ਵਾਲੀਆਂ। ਉਨ੍ਹਾਂ ਨੂੰ ਫੜਕੇ ਤਜਰਬੇ ਵਜੋਂ ਉਸ ਇੱਕ ਇੱਕ ਦਾਣਾ ਦੋਵਾਂ ਨੂੰ ਚਾਰਿਆ ਤੇ ਕਮਰੇ ਅੰਦਰ ਛੱਡ ਦਿੱਤੀਆਂ। ਉਹ ਤਾਂ ਸ਼ਰਤਾਂ ਲਾਏ ਕਬੂਤਰਾਂ ਵਾਂਗ ਜਿਉਂ ਲੱਗੀਆਂ ਉੱਡਣ ਯਾਨੀ ਕੰਧਾਂ ਵਿਚ ਵੱਜਣ। ਮੁੰਡੇ ਦਾ ਸਿਰ ਕੰਮ ਕਰ ਗਿਆ।

ਉਸ ਫਿਰ ਦਿੱਲ ਜਿਹਾ ਕੱਢ ਕੇ ਇੱਕ ਦਾਣਾ ਖੁਦ ਜੁਬਾਨ ਹੇਠ ਰੱਖਿਆ ਤਾਂ ਬੈਟਰੀ ਜਿਹੀ ਚਾਰਜ ਹੁੰਦੀ ਜਾਪੀ। ਉਸ ਦੂਜੀ ਵਾਰੀ ਹੌਸਲਾ ਕੀਤਾ ਤੇ ਇੱਕ ਦਾਣਾ ਹੋਰ ਰੱਖ ਲਿਆ ਕਿ ਉਸ ਦਾ ਤਾਂ ਬਣ ਉਡਣਾ ਕਬੂਤਰ ਗਿਆ। ਸਸਤਾ ਤੇ ਹੈਰਾਨ ਕਰ ਦੇਣ ਵਾਲੇ ਨਸ਼ੇ ਦੀ ਉਸ ਕਾਢ ਕੀ ਕੱਢੀ ਕਿ ਉਸ ਅੰਦਰ ਇੱਕ ਭਿਆਨਕ ਬਿਮਾਰੀ ਨੇ ਜਨਮ ਲਿਆ। ਉਹ ਖਾਲੀ ਕੈਪਸੂਲਾਂ ਵਿਚ ਜ਼ਹਿਰ ਭਰਕੇ ਵੇਚਣ ਲੱਗ ਪਿਆ। 10 ਰੁਪਈਏ ਨੂੰ ਕੈਪਸੂਲ। ਇੱਕ ਕਿੱਲੋ ਦਵਾਈ ਆਉਂਦੀ ਸੀ 80 ਰੁਪਏ। ਕਿੱਲੋ ਜ਼ਹਿਰ ਇੱਕ ਲੱਖ ਕੈਪਸੂਲ ਵਿਚ ਪੈ ਜਾਂਦੀ ਸੀ, ਜਿਹੜਾ ਉਹ 10 ਰੁਪਏ ਨੂੰ ਵੇਚਦਾ ਸੀ। ਯਾਣੀ ਬਾਬਿਆਂ ਦੇ ਲੱਖਾਂ ਦੇ ਸੇਬ ਵੇਚਣ ਵਾਂਗ 80 ਰੁਪਏ ਦੀ ਦਵਾਈ ਕ੍ਰੋੜਾਂ ਵਿੱਚ ਗਈ। ਮਸ਼ਹੂਰ ਹੋਏ ਪੁੱਛਾਂ ਦੇਣ ਵਾਲੇ ਵਾਂਗ ਨਸ਼ੇੜੀ ਦੂਰੋਂ ਦੂਰੋਂ ਚਲ ਕੇ ਉਸ ਕੋਲੇ ਆਉਂਣ ਲੱਗੇ ਕਿ ਬੁੰਡਾਲੇ ਵਾਲਾ ਭਾਊ ਦਿੰਦਾ 'ਖਰਾ ਨਸ਼ਾ'? 100-100 ਕੈਪਸੂਲ ਇਕੱਠਾ ਲੈ ਜਾਂਦੇ। 9 ਸਾਲ ਜਿਹਲ ਹੋਈ ਉਸ ਨੂੰ? ਜਾਪਦਾ ਨਹੀਂ ਕਿ ਜਿਹਲ ਇਸ ਕਰਕੇ ਹੋਈ ਹੋਵੇਗੀ ਕਿ ਉਹ ਜ਼ਹਿਰ ਦੇ ਰਿਹਾ ਸੀ ਲੋਕਾਂ ਨੂੰ ਬਲਕਿ ਬਾਦਲਾਂ ਦੇ ਬਲੈਕੀਆਂ ਦੀਆਂ ਦੁਕਾਨਾ ਮੰਦੀਆਂ ਕਰ ਛੱਡੀਆਂ ਉਸ ਬੁੰਡਾਲੇ ਵਿਚ।

ਪਿੰਡੋਂ ਮੇਰਾ ਚਾਚਾ, ਉਸ ਦਾ ਮੁੰਡਾ ਵਗ ਤੁਰਿਆ ਨਸ਼ਿਆਂ ਵਲ। ਉਸ ਨੂੰ ਜਦ ਪਤਾ ਲੱਗਾ ਤਾਂ ਉਸ ਪਾ ਲੰਮਾ ਲਿਆ ਤੇ ਦਰਵਾਜੇ ਕਰ ਲਏ ਬੰਦ। ਕਹੀ ਦਾ ਦਸਤਾ ਫੜ ਲਿਆ ਤੇ ਜਿਉਂ ਲੱਗਾ ਗਿੱਟੇ ਭੰਨਣ। ਦਸਤਾ ਟੁਟ ਗਿਆ, ਗਿੱਟੇ ਸੁੱਜ ਗਏ ਤਾਂ ਮਾਂ ਮੁੰਡੇ ਦੀ ਝੋਨੇ 'ਤੇ ਪਾਉਂਣ ਵਾਲੀ ਜ਼ਹਿਰੀਲੀ ਦਵਾਈ ਦੀ ਕੈਨੀ ਚੁੱਕ ਲਿਆਈ। ਕਹਿੰਦੀ ਇਨੇ ਮਰ ਜਾਣ ਦੀ ਧਮਕੀ ਤਾਂ ਦੇਣੀ ਹੀ ਏ, ਕਿਉਂ ਨਾ ਹੁਣੇ ਹੀ ਨਾਲ ਲੱਗਦਾ ਕੰਮ ਕਰ ਦਿੱਤਾ ਜਾਵੇ। ਚਾਚੇ ਨੇ ਜਦ ਕੈਨੀ ਦਾ ਢੱਕਣ ਖੋਹਲ ਕੇ ਮੁੰਡੇ ਦੇ ਮੂੰਹ ਵਲ ਕੀਤਾ ਤਾਂ ਉਹ ਪਾ ਬਹੁੜੀਆਂ ਉੱਠਿਆ ਕਿ ਬਾਪੂ ਜਾਣਦੇ ਮੈਂ ਮਰਨਾ ਨਹੀਂ ਚਾਹੁੰਦਾ। ਬਾਅਦ ਇਲਾਜ ਕਰਵਾਇਆ ਤੇ ਹੁਣ ਉਹ ਤੁਕੇ ਵਰਗਾ। ਸਾਹ-ਸੱਤ ਤਾਂ ਰਿਹਾ ਹੋਵੇਂ ਪੰਜਾਬ ਵਿੱਚ!

ਪੰਜਾਬ ਦੀ ਕਹਾਵਤ ਸੀ ਕਿ ਜੱਟ ਦਾ ਪੁੱਤ ਤੇ ਰੰਬਾ ਚੰਡਿਆ ਕਾਰ। ਰੰਬਾ ਤੇ ਮੁੰਡਾ ਜੱਟ ਨੇ ਦੋਵੇਂ ਖੁੰਡੇ ਕਰ ਲਏ। ਰੰਬਾ ਛੱਡ ਦਿੱਤਾ ਤੇ ਮੁੰਡਾ ਉਂਝ ਨਿਕਲ ਗਿਆ ਹੱਥੋਂ। ਜੱਟ ਖੁਦ ਨਿਕੰਮਾ ਹੋ ਗਿਆ, ਕਿਰਤੋਂ ਭੱਜ ਤੁਰਿਆ, ਮੁੰਡਾ ਕਿਉਂ ਨਾ ਭੱਜੂ। ਕਿਰਤੋਂ ਦੌੜਾ ਬੰਦਾ ਨਸ਼ਿਆਂ ਵਲ ਹੀ ਤਾਂ ਦੌੜੂ। ਕਿਰਤ ਦੀ ਸੁਣ ਲਓ।

ਇੱਕ ਜਾਣੂੰ ਨੇ ਗੱਲ ਸੁਣਾਈ। ਕਹਿੰਦਾ ਪੰਜਾਬ ਤੋਂ ਮੇਰਾ ਇੱਕ ਰਿਸ਼ਤੇਦਾਰ ਆਇਆ ਤਾਂ ਅਸੀਂ ਬਾਹਰ ਯਾਰਡ ਵਿਚ ਸਬਜੀਆਂ ਲਾ ਰਹੇ ਸਾਂ। ਮੈਂ ਕਿਹਾ ਤੁਹਾਨੂੰ ਤਾਂ ਮੌਜ ਹੈ ਬਾਹਰ ਬਹਿਕ 'ਤੇ ਹੋਂ ਤਾਜੀਆਂ ਬੀਜਦੇ ਹੋਵੋਂਗੇ। ਭਾਈ ਤਾਂ ਬੋਲਿਆ ਨਾ ਉਸ ਦੀ ਔਰਤ ਕਹਿੰਦੀ ਨਹੀਂ! ਸ਼ਹਿਰੋਂ ਆਉਂਦਾ ਰਿਹੜੇ ਵਾਲਾ ਪਿੰਡ ਸਬਜੀ ਵੇਚਣ, ਉਹ ਜਾਂਦਾ ਸਾਨੂੰ ਵੀ ਤਾਜੀ ਸਬਜੀ ਵੇਚ ਜਾਂਦਾ? ਸ਼ਹਿਰੋਂ? ਰਿਹੜੇ ਵਾਲਾ ਬਹਿਕ 'ਤੇ? ਤੇ ਤਾਜੀਆਂ ਸਬਜੀਆਂ?

ਚਾਚਾ ਦੱਸਦਾ ਸੀ ਕਿ ਸਾਰੀ ਉਮਰ ਕੰਮ ਕੀਤਾ ਵਿਹਲਾ ਕਿਥੇ ਰਹਿ ਹੁੰਦਾ। ਇੱਕ ਦਿਨ ਬੰਦਾ ਨਾ ਮਿਲਿਆ ਤਾਂ ਮੈਂ ਖੁਦ ਹੀ ਲੀੜੇ ਲਾਹ ਕੇ ਖਾਲ ਖਾਲਣ ਲੱਗ ਗਿਆ। ਵੱਡਾ ਮੁੰਡਾ ਮੇਰਾ ਕਲਕੱਤੇ ਪਸ਼ੂਆਂ ਦਾ ਕੋਈ ਕੋਰਸ ਕਰਨ ਗਿਆ ਹੋਇਆ ਸੀ। ਮੈਨੂੰ ਖਾਲ ਖਾਲਦੇ ਨੂੰ ਮੁੰਡੇ ਦੇ ਦੋਸਤ ਨੇ ਲੰਘਦੇ ਨੇ ਵੇਖ ਲਿਆ ਤੇ ਫੋਨ ਰਾਹੀਂ ਫੋਟੋ ਖਿਚਕੇ ਕਲਕਤੇ ਮੁੰਡੇ ਨੂੰ ਭੇਜ ਦਿੱਤੀ ਕਿ ਤੁਹਾਡੇ ਇਨੇ ਮਾੜੇ ਦਿਨ? ਮੁੰਡੇ ਦਾ ਉਸੇ ਵੇਲੇ ਫੋਨ ਆ ਗਿਆ ਕਿ ਬਾਪੂ ਯਾਰ ਕਿਉਂ ਬੇਇਜਤੀ ਕਰਾਉਂਣ ਲੱਗਿਆਂ ਪਿੰਡ ਵਿਚ ਸਾਡੀ! ਪੰਜਾਬ ਵਿਚ ਜਿੰਮੀਦਾਰ ਦਾ ਕੰਮ ਕਰਨਾ ਮਾੜੇ ਦਿਨ ਤੇ ਬੇਇੱਜਤੀ ਹੋ ਨਿਬੜੀ?

ਮੇਰੇ ਇੱਕ ਮਿਤਰ ਨੇ ਗੱਲ ਸੁਣਾਈ। ਉਹ ਕਹਿੰਦਾ ਮੈਂ ਪਿੰਡ ਜਾ ਕੇ ਸ਼ੌਂਕ ਨਾਲ ਹੀ ਸਾਈਕਲ ਖਰੀਦਿਆ ਕਿ ਚਲੋ ਲੱਤਾਂ ਖੁਲ਼੍ਹ ਜਾਦੀਆਂ ਨਾਲੇ ਪਿੰਡ ਦੇ ਹੋਰ ਨੇੜੇ ਹੋ ਲਈਦਾ। ਪਰ ਉਸ ਨੂੰ ਪਤਾ ਨਹੀਂ ਸੀ ਕਿ ਪਿੰਡ ਤਾਂ ਬਹੁਤ ਦੂਰ ਜਾ ਚੁੱਕਾ ਹੋਇਆ। ਉਹ ਜਿਧਰ ਦੀ ਲੰਘੇ ਲੋਕੀਂ ਘੇਰ ਖੜਨ। ਬਾਕੀ ਸਭ ਗੱਲਾਂ ਮਨਫੀ। ਇੱਕੋ ਗੱਲ। ਬਾਈ ਯਾਰ ਸਾਈਕਲ 'ਤੇ? ਹੱਦ ਹੋ ਗਈ? ਬਾਹਰੋਂ ਆਇਆਂ? ਇਨੇ ਮਾੜੇ ਦਿਨ? ਸਾਡੇ ਗੱਡੀ ਖੜੀ ਦੱਸ ਜੇ ਲੋੜ ਤਾਂ?

ਉਹ ਕਹਿੰਦਾ ਮੇਰੇ ਚਾਚੇ ਦਾ ਮੁੰਡਾ ਮੇਰੇ ਸਾਹਵੇਂ ਅਪਣੇ ਪਿਉ ਨੂੰ ਇੱਕ ਦਿਨ ਕਹਿੰਦਾ ਕਿ ਬੰਦਾ ਨਹੀਂ ਆਇਆ ਕੰਮ ਵਾਲਾ ਤੇ ਰਿਹੜਾ ਗੋਹੇ ਦਾ? ਪਿਉ ਕਹਿੰਦਾ ਭਰ ਕੇ ਸੁੱਟ ਆ। ਉਹ ਪਤਾ ਕੀ ਕਹਿੰਦਾ? ਭਰ ਦਿੰਨਾ, ਪਰ ਬਾਹਰ ਗੋਹੇ ਵਾਲਾ ਰਿਹੜਾ ਲੈ ਕੇ ਨਿਕਲਨਾ ਨਹੀਂ ਮੈਂ? ਯਾਨੀ ਸੁੱਟ ਤੂੰ ਆ?

ਇਹ ਪੰਜਾਬ ਦੀ ਕੋਝੀ ਤਸਵੀਰ ਦੇਖ ਕੇ ਜਾਪਦਾ ਨਹੀਂ ਕਿ ਗੁਰਾਂ ਦੇ ਨਾਂ 'ਤੇ ਹੁਣ ਪੰਜਾਬ ਨਹੀਂ ਬਲਕਿ ਕੈਨੇਡਾ ਵੱਸਦਾ ਹੈ, ਜਿੱਥੇ ਹਰ ਬੰਦਾ ਸਵੇਰੇ ਉੱਠਦਾ ਹੀ ਅਪਣੀ ਕਿਰਤ ਨੂੰ ਦੌੜ ਪੈਂਦਾ ਹੈ ਤੇ ਕਿਸੇ ਨੂੰ ਕੋਈ ਕੰਮ ਕਰਨ ਵਿੱਚ ਨਾ ਕੋਈ ਝਿਜਕ ਤੇ ਨਾ ਸ਼ਰਮ! ਇਹ ਵੱਖਰੀ ਗੱਲ ਹੈ ਕਿ ਕਈ ਲੋਕ ਹੁਣ ਕੈਨੇਡਾ ਨੂੰ ਵੀ ਪੰਜਾਬ ਬਣਾਉਣ ਤੁਰੇ ਹੋਏ ਹਨ! ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top