Share on Facebook

Main News Page

ਅਖੰਡ ਪਾਠ
-: ਗੁਰਦੇਵ ਸਿੰਘ ਸੱਧੇਵਾਲੀਆ

ਪੰਜਾਬ ਬਾਬੇ ਫੌਜਾ ਸਿੰਘ ਦੇ ਇੱਕ ਦੂਰੋਂ ਰਿਸ਼ਤੇਦਾਰ ਦੇ ਮੁੰਡੇ ਦਾ ਵਿਆਹ ਸੀ ਅਤੇ ਵਿਆਹ ਤੋਂ ਪਹਿਲਾਂ ਅਖੰਡਪਾਠ ਸਾਹਿਬ ਦੀ ਸੁੱਖਣਾ ਸੀ। ਬਾਬੇ ਫੌਜਾ ਸਿੰਘ ਨੂੰ ਵੀ ਸੱਦਾ ਆ ਗਿਆ ਤੇ ਨਾਲ ਹਦਾਇਤ ਸੀ ਕਿ ਪਾਠ ਅਰੰਭ ਆਦਿ ਜੋ ਵੀ ਕਰਨਾ ਹੈ, ਉਹ ਬਾਬੇ ਦੀ ਰੇਖ-ਦੇਖ ਥੱਲੇ ਹੋਵੇਗਾ। ਪਤਾ ਨਹੀਂ ਕਿਉਂ ਉਨ੍ਹਾਂ ਭੁਲੇਖੇ ਨਾਲ ਹੀ ਸ਼ਾਇਦ ਬਾਬੇ ਫੌਜਾ ਸਿੰਘ ਨੂੰ ਸਿਆਣਾ ਸਮਝ ਲਿਆ ਸੀ।

ਬਾਬਾ ਪਾਠ ਅਰੰਭ ਹੋਣ ਤੋਂ ਪਹਿਲਾਂ ਹੀ ਪਹੁੰਚ ਗਿਆ। ਜਾਂਦਿਆਂ ਨੂੰ ਭਾਈ ਜੀ ਹੋਰੀਂ ਮੌਲੀ ਨੂੰ ਦੂਹੋ-ਦੂਹ ਵੱਟਣਾ ਚਾਹੜੀ ਜਾ ਰਹੇ ਸਨ। ਬਾਬੇ ਨੇ ਭਾਈ ਜੀ ਨੂੰ ਪੁੱਛਿਆ ਕਿ ਭਾਈ ਸਾਹਿਬ ਸਾਹੋ ਸਾਹੀ ਹੋਏ ਪਏ ਹੋਂ, ਇਹ ਕੀ ਧਾਗੇ ਦੀ ਸ਼ਾਮਤ ਆਂਦੀ ਪਈ?

ਇਹ ਜੀ ਮੌਲੀ ਹੈ ਪਾਠ ਲਈ ਚਾਹੀਦੀ ਹੈ।

ਤੁਸੀਂ ਕੀ ਆਪਣੇ ਦੁਆਲੇ ਵਲੇਟਣੀ ਹੈ?

ਬਾਬੇ ਦਾ ਸਵਾਲ ਸੁਣਕੇ ਭਾਈ ਜੀ ਨੂੰ ਗੁੱਸਾ ਆ ਗਿਆ। ਉਸ ਨੂੰ ਜਾਪਿਆ ਕਿ ਇਸ ਨਖਿੱਧ ਜੀਵ ਨੂੰ ਕੱਖ ਪਤਾ ਨਹੀਂ ਮਰਿਯਾਦਾ ਦਾ ਤੇ ਨਾ ਬੋਲਣ ਦੀ ਤਮੀਜ਼ ਹੈ।

ਇਹ ਭਾਈ ਸਾਹਿਬ ਪੁਰਾਤਨ ਮਰਿਯਾਦਾ ਹੈ। ਕੁੰਭ, ਲਲੇਰ, ਅਨਾਜ ਦਾ ਥਾਲ, ਜੋਤ, ਧੂਪ, ਮੌਲੀ ਆਦਿ ਇਹ ਸਭ ਹੋਣ ਤਾਂ ਪਾਠ ਸਪੂੰਰਨ ਹੁੰਦਾ ਹੈ।

ਪਾਠ ਕੀ ਤੁਸਾਂ ਕਰਨਾ ਜਾਂ ਤੁਹਾਡੀ ਇਸ ਮੌਲੀ, ਕੁੰਭ-ਲਲੇਰ ਨੇ?

ਬੜੇ ਅਜੀਬ ਬੰਦੇ ਹੋ ਤੁਸੀਂ ਜੀਹਨਾ ਨੂੰ ਮਰਿਯਾਦਾ ਬਾਰੇ ਵੀ ਕੱਖ ਪਤਾ ਨਹੀਂ। ਇਹ ਟਕਸਾਲੀ ਮਰਿਯਾਦਾ ਹੈ ਗੁਰੂ ਸਾਹਿਬ ਵੇਲੇ ਤੋਂ ਤੁਰੀ ਆ ਰਹੀ ਹੈ।

ਪਰ ਇੱਕ ਅਕਾਲ ਤਖਤ ਵਾਲੀ ਮਰਿਯਾਦਾ ਵੀ ਹੈ, ਉਸ ਵਿਚ ਤਾਂ ਇਸ ਤਰ੍ਹਾਂ ਦਾ ਕੁਝ ਨਹੀਂ?

ਇਹ ਗਿਆਨੀਆਂ ਦੀਆਂ ਆਪਣੀਆਂ ਹੀ ਮਰਿਯਾਦਾਵਾਂ ਬਣਾਈਆਂ ਹੋਈਆਂ ਹਨ, ਤਾਂ ਹੀ ਤਾਂ ਲੋਕਾਂ ਦੀਆਂ ਮਨੋਕਾਮਨਾਵਾਂ ਨਹੀਂ ਪੂਰੀਆਂ ਹੁੰਦੀਆਂ।

ਤੁਹਾਡੀਆਂ ਕੀ ਸਾਰੀਆਂ ਹੋ ਗਈਆਂ? ਬਾਬੇ ਉਸ ਦੇ ਵੱਧੇ ਬੇਸੁਰੇ ਜਿਹੇ ਢਿੱਡ ਅਤੇ ਗੰਦੇ ਕਪੜਿਆਂ ਵਲ ਵੇਖਦਿਆਂ ਕਿਹਾ।

ਭਾਈ ਜੀ ਨੂੰ ਕੋਈ ਜਵਾਬ ਨਾ ਆਇਆ, ਤਾਂ ਉਹ ਖਿੱਝ ਕੇ ਕਹਿਣ ਲਗੇ ਤੁਸੀਂ ਕੁੰਭ ਲਲੇਰ ਵਗੈਰਾ ਰੱਖਣਾ ਜਾਂ ਨਹੀਂ?

ਜਿਥੇ ਸ੍ਰੀ ਗੁਰੂ ਜੀ ਦਾ ਪ੍ਰਕਾਸ਼ ਹੋ ਜਾਏ, ਉਥੇ ਇਹ ਨਿੱਕਸੁੱਕ ਜਿਹਾ ਰੱਖਣ ਦੀ ਕੋਈ ਜਰੂਰਤ ਹੈ?

ਉਸ ਕੋਈ ਜਵਾਬ ਨਾ ਦਿੱਤਾ ਅਤੇ ਘਰ ਦੀ ਸੁਆਂਣੀ ਨੂੰ ਜਾ ਕੇ ਕਹਿਣ ਲੱਗਾ ਕਿ ਇਹ ਬੰਦਾ ਤੁਹਾਡਾ ਕਿਸੇ ਮਰਿਯਾਦਾ ਨੂੰ ਨਹੀਂ ਮੰਨਦਾ, ਅਸੀਂ ਇੰਝ ਹੀ ਪਾਠ ਰੱਖ ਦੇਣ ਲੱਗੇ ਹਾਂ, ਕੋਈ ਹਬੀ-ਨਬੀ ਹੋਗੀ ਅਸੀਂ ਜਿੰਮੇਵਾਰ ਨਹੀਂ।

ਉਸ ਜਦ ਹਬੀ-ਨਬੀ ਕਿਹਾ ਤਾਂ ਬੀਬੀ ਡਰ ਗਈ। ਕੱਲੇ ਕੱਲੇ ਮੁੰਡੇ ਦਾ ਵਿਆਹ ਸੀ। ਉਹ ਕਹਿਣ ਲੱਗੀ ਤੁਸੀਂ ਜਿਵੇਂ ਮਰਿਯਾਦਾ ਹੈ ਕਰੋ ਅਸੀਂ ਉਸ ਨੂੰ ਆਪੇ ਸਮਝਾ ਲਾਂਗੇ।

ਪਾਠ ਪੂਰਨ ਮਰਿਯਾਦਾ ਨਾਲ ਸ਼ੁਰੂ ਹੋਇਆ, ਤੀਜੇ ਦਿਨ ਭੋਗ ਪੈ ਗਿਆ। ਪਰ ਤਿੰਨੇ ਦਿਨ ਕੋਈ ਬਾਬਾ ਜੀ ਵਾਲੇ ਕਮਰੇ ਵਿੱਚ ਨਹੀਂ ਵੜਿਆ, ਸਿਵਾਏ ਧੂਪਾਂ ਦਾ ਧੂੰਆਂ ਕਰਨ ਅਤੇ ਜੋਤ ਵਿਚ ਘਿਉ ਪਲਟਣ ਦੇ। ਬਾਬੇ ਦੇਖਿਆ ਕਿ ਇਕ ਦਿਨ ਦਰਵਾਜਾ ਖੁਲ੍ਹਣ 'ਤੇ ਹਵਾ ਦੇ ਬੁੱਲੇ ਨਾਲ ਜੋਤ ਬੁੱਝ ਗਈ। ਜੋਤ ਕੀ ਬੁੱਝੀ ਸਾਰੇ ਟੱਬਰ ਨੂੰ ਵਖਤ ਪੈ ਗਿਆ। ਬਾਬਾ ਜੀ ਦੇ ਕਮਰੇ ਤੋਂ ਦੂਰ ਦੂਰ ਦੌੜਨ ਵਾਲੇ ਟੱਬਰ ਦੇ ਸਾਰੇ ਜੀਅ, ਉਸ ਦਿਨ ਜੋਤ ਦੇ ਦੁਆਲੇ ਹੀ ਗੇੜੇ ਕੱਢੀ ਜਾਣ। ਬਾਬਾ ਜੀ ਵਾਲੇ ਕਮਰੇ ਵਿਚ ਲੱਗ ਰੌਣਕਾਂ ਗਈਆਂ। ਹੁੰਗਲਾ ਰਹੇ ਪਾਠੀ ਜੀ ਵੀ ਸਵਾਧਾਨ ਹੋ ਗਏ। ਉਨ੍ਹਾਂ ਦੀਆਂ ਨਿੰਦਰਾਈਆਂ ਅੱਖਾਂ ਵਿਚ ਇਸ ਤਮਾਸ਼ੇ ਨੂੰ ਦੇਖ ਥੋੜੀ ਚਮਕ ਆ ਗਈ, ਕਿ ਚਲੋ ਇਸ ਬਹਾਨੇ ਹੀ ਸਹੀਂ ਮੇਰਾ ਇਕਲਾਪਾ ਤਾਂ ਦੂਰ ਹੋਇਆ।

ਬਿਨਾ ਵਿਸਵਾਸ਼, ਬਿਨਾ ਭਾਵਨਾ, ਬਿਨਾ ਸ਼ਰਧਾ ਕਿਸੇ ਨੂੰ ਤੁਸੀਂ ਇੰਝ ਦੋ ਘੰਟੇ ਬੰਨ ਕੇ ਬਿਠਾ ਦਿਓ, ਉਹ ਵੀ ਇਕੱਲੇ ਨੂੰ ਇਸ ਤੋਂ ਵੱਡੀ ਸਜ਼ਾ ਹੋਰ ਕੀ ਹੈ? ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਕਿ ਸਿੱਖ ਕੌਮ ਨੂੰ ਤਾਂ ਲੱਗਦੈ ਇਨ੍ਹਾਂ ਪਾਠੀਆਂ ਭਾਈਆਂ ਦੀਆਂ ਬਦ-ਦੁਆਵਾਂ ਹੀ ਲੈ ਕੇ ਬਹਿੰਦੀਆਂ ਜਾਂਦੀਆਂ ਜਿਹੜੇ ਦੋ-ਚਾਰ ਸੌ ਦੇ ਕੇ ਨਾਲੇ ਸਜ਼ਾ ਦਿੰਦੇ ਤੇ ਨਾਲੇ ਉਲਟਾ ਰੋਅਬ ਝਾੜਦੇ। ਰਾਤਾਂ ਦੀਆਂ ਰੌਲਾਂ ਲਾ ਲਾ ਉਹ ਤਾਂ ਅੰਦਰੋਂ ਖਿੱਝੇ ਤੇ ਤੱਪੇ ਹੁੰਦੇ, ਇਹ ਉਨ੍ਹਾਂ ਤੋਂ ਲੱਖ ਖੁਸ਼ੀਆਂ ਭਾਲਦੇ। ਉਹ ਵੀ ਉਪਰੋਂ ਤਾਂ ਅਰਦਾਸ ਲੱਖ ਖੁਸ਼ੀਆਂ ਦੀ ਕਰ ਰਹੇ ਹੁੰਦੇ, ਪਰ ਅੰਦਰੋਂ ਬਦ-ਦੁਆਵਾਂ ਦੇ ਰਹੇ ਹੁੰਦੇ ਕਿ ਤੁਹਾਡਾ ਬੇੜਾ ਗਰਕ ਪਾਠ ਅਸੀਂ ਕੀਤਾ, ਰੌਲਾਂ ਤੇ ਪੁੱਠੇ-ਸਿੱਧੇ ਪਾਸੇ ਮਾਰ ਅੱਖਾਂ ਦਾ ਬੁਰਾ ਹਾਲ ਅਸੀਂ ਕਰ ਲਿਆ, ਉਨੀਂਦਰੇ ਅਸੀਂ ਕੱਟੇ, ਬਹਿ ਬਹਿ ਕੇ ਪੁੜੇ ਸਾਡੇ ਰਹਿ ਗਏ, ਭੱਜ-ਭਜਾਈ ਵਾਧੂ ਦੀ ਤੇ ਲੱਖ ਖੁਸ਼ੀਆਂ ਤੁਸੀਂ ਭਾਲਦੇ, ਜੀਨ੍ਹਾਂ ਕਦੇ ਪਾਠ ਸੁਣਨ ਤਾਂ ਕੀ ਆਉਂਣਾ ਸੀ, ਘੱਟੋ ਘੱਟ ਸਾਡੇ ਇਕਲਾਪੇ 'ਤੇ ਹੀ ਤਰਸ ਕਰ ਲੈਂਦੇ!!

ਜੋਤ ਬੁਝਣ ਨਾਲ ਸਾਰੇ ਘਰ ਵਿੱਚ ਤਾਂ ਕੀ, ਸਾਰਾ ਸੰਸਾਰ ਹੀ ਜਿਵੇਂ ਹਨੇਰਾ ਹੋ ਗਿਆ ਹੋਵੇ। ਜੋਤ ਵਾਲਾ ਦੈਂਤ ਘਰ ਵਿਚ ਖੁਲ੍ਹਾ ਨੱਚ ਰਿਹਾ ਸੀ ਤੇ ਸਾਰਾ ਟੱਬਰ ਸਮੇਤ ਭਾਈ ਜੀ ਦੇ ਉਸ ਦੇ ਅੱਗੇ ਅੱਗੇ ਇੰਝ ਦੌੜ ਰਹੇ ਸਨ, ਜਿਵੇਂ ਵਡਭਾਗ ਸਿਓਂ ਦੇ ਬੀਰਾਂ ਅੱਗੇ ਭੂਤਾਂ ਦੌੜਦੀਆਂ ਹਨ...

ਭਾਈ ਜੀ ਦਾ ਸਾਹ ਖੁਸ਼ਕ ਹੋ ਗਿਆ। ਉਹ ਬਜਾਇ ਕਿ ਪਰਿਵਾਰ ਨੂੰ ਹੌਂਸਲਾ ਦਿੰਦਾ ਕਿ ਕੋਈ ਆਫਤ ਨਹੀਂ ਆ ਗਈ, ਫਿਰ ਜਗਾ ਲੈਂਦੇ ਹਾਂ, ਸਗੋਂ ਆਪ ਇੰਝ ਬੌਦਲਿਆਂ ਫਿਰਦਾ ਸੀ, ਜਿਵੇਂ ਮੇਲੇ ਵਿਚ ਛੋਟਾ ਨਿਆਣਾ ਗੁਆ ਆਇਆ ਹੋਵੇ। ਉਨ੍ਹਾਂ ਪਹਿਲਾਂ ਆਪ ਹੀ ਧੂਪ-ਜੋਤ ਦੀ ਦਹਿਸ਼ਤ ਪਾਈ ਸੀ, ਹੁਣ ਉਨ੍ਹਾਂ ਨੂੰ ਆਪ ਹੀ ਭੁਗਤਣੀ ਪੈ ਰਹੀ ਸੀ। ਪਰਿਵਾਰ ਵਾਲੇ ਭਾਈ ਜੀ ਨੂੰ ਬਊ ਬਊ ਕਰਕੇ ਪੈ ਰਹੇ ਸਨ, ਜਿਸਨੇ ਉਨ੍ਹਾਂ ਦਾ ਸ਼ਰਧਾ ਨਾਲ ਰਖਾਇਆ ਪਾਠ ਭੰਗ ਕਰ ਦਿੱਤਾ ਸੀ। ਕੋਈ ਮਾਈ, ਕੋਈ ਭਾਈ ਨਹੀਂ ਸੀ, ਜਿਸ ਭਾਈ ਜੀ ਵਿਚਾਰੇ ਦੀ ਇੱਜ਼ਤ ਨਹੀਂ ਕੀਤੀ। ਮਾੜੇ ਦੀ ਜਨਾਨੀ ਸਭ ਦੀ ਭਾਬੀ ਦੀ ਕਹਾਵਤ ਵਾਂਗ ਅੱਜ ਭਾਈ ਜੀ ਵਿਚਾਰੇ ਸਭ ਦੀ ਭਾਬੀ ਬਣਕੇ ਰਹਿ ਗਏ ਅਪਣੀਆਂ ਹੀ ਪਾਈਆਂ ਪੁੱਠੀਆਂ ਪਿਰਤਾਂ ਕਾਰਨ।

ਗੁਰਬਾਣੀ ਗਲਤ ਪੜੀ ਜਾਣ, ਰਾਤ ਨੂੰ ਰੌਲ 'ਤੇ ਸੁੱਤੇ ਰਹਿਣ, ਮੂੰਹ ਵਿਚ ਗੁਣ-ਗੁਣ ਕਰੀ ਜਾਣ, ਪਾਠ ਦੀਆਂ ਸ਼ੂਟਾਂ ਵੱਟ ਵੱਟ ਗੁਰਬਾਣੀ ਦਾ ਨਿਰਾਦਰ ਕਰੀ ਜਾਣ, ਸੌ ਸੌ ਪਾਠ ਇਕੱਠਾ ਰੱਖਕੇ ਘੋਰ ਪਾਪ ਕਰੀ ਜਾਣ, ਕਿਸੇ ਨੂੰ ਕੋਈ ਦੁੱਖ ਨਹੀਂ, ਕਿਉਂਕਿ ਇਹ ਗੱਲਾਂ ਸਮਝ ਨਹੀਂ ਆਉਂਦੀਆਂ ਪਰ ਜੋਤ ਬੁਝੀ ਤਾਂ ਅੰਨੇ ਨੂੰ ਦਿੱਸਦੀ ਉਹ ਕਿਵੇਂ ਮਾਫ ਹੋਜੂ। ਧੂਪ ਬੁਝੀ ਵੀ ਦਿੱਸਦੀ। ਬਹੁਤੇ ਪਾਠੀ ਤਾਂ ਪਹਿਲਾਂ ਹੀ ਮਾਰੇ ਸਾਹ ਦੇ ਹੁੰਦੇ ਉਪਰੋਂ ਦੇਹ ਤੇਰੀ ਦੀ ਧੂਪਾਂ ਬਾਲ ਬਾਲ ਉਨ੍ਹਾਂ ਦਾ ਸਾਹ ਬੰਦ ਕਰ ਦਿੰਦੇ। ਉਹ ਕਹਿੰਦੇ ਪਾਠੀ ਬਚ ਕੇ ਜਾਊ ਕਿਧਰ ਸਾਡੇ ਘਰੋਂ।

ਮਰਿਯਾਦਾ ਅਨੁਸਾਰ ਭੋਗ ਪਿਆ। ਭਾਈ ਜੀ ਨੇ ਲਖ ਖੁਸ਼ੀਆਂ ਲੈ ਦਿੱਤੀਆਂ, ਜੋ ਉਸ ਨੂੰ ਲੈ ਕੇ ਦੇਣੀਆਂ ਹੀ ਪੈਣੀਆਂ ਸਨ। ਲੱਖ ਖੁਸ਼ੀਆਂ ਦੀ ਅਰਦਾਸ ਕਰਦੇ ਭਾਈ ਜੀ ਨੂੰ ਸੁਣ ਬਾਬੇ ਫੌਜਾ ਸਿੰਘ ਦਾ ਮਨ ਭਰ ਆਇਆ ਕਿ ਵਾਹ ਮੇਰੀਏ ਕੌਮੇ ਤੇ ਵਾਹ ਮੇਰੀ ਕੌਮ ਦੇ ਰਹਿਬਰੋ! ਲਾਲਚਾਂ ਦੀਆਂ ਦਲਦਲਾਂ ਵਿਚ ਗਲ ਗਲ ਗੋਤੇ ਖਾ ਰਹੀਆਂ ਦੋਹਾਂ ਧਿਰਾਂ ਹੀ ਅਪਣੇ ਗੁਰੂ ਦੇ ਅਨਮੋਲ ਤੇ ਪਾਵਨ ਬੱਚਨਾਂ ਨੂੰ ਮਿੱਟੀ ਰੋਲ ਕੇ ਰੱਖ ਦਿੱਤਾ। ਨਾ ਅਣਖ ਤੇ ਗੈਰਤ ਭਾਈਆਂ ਵਿੱਚ ਰਹੀ, ਨਾ ਅਦਬ ਤੇ ਸਤਿਕਾਰ ਲੋਕਾਂ ਵਿੱਚ ਰਿਹਾ। ਭਾਈ ਜੀ ਨੇ ਸਿਗਰਟਾਂ ਫੂਕਣ ਵਾਲੇ ਬਹਿਰਿਆਂ ਦੇ ਹੱਥਾਂ ਦੇ ਗੰਦਗੀ ਅਤੇ ਭਿਣਕਦੀਆਂ ਮੱਖੀਆਂ ਅਤੇ ਲੂਣ ਵੇਖਦਿਆਂ ਜੂਠੇ ਕੀਤੇ ਹੋਏ ਪ੍ਰਸ਼ਾਦੇ ਦੇ ਥਾਲ ਨਾਲ ਗੁਰੂ ਜੀ ਦੀਆਂ ਚੰਗੀਆਂ ਲਿਹੜਾਂ ਕਢਾਈਆਂ ਅਤੇ ਪਰਿਵਾਰ ਦੇ ਖ਼ਜਾਨੇ ਭਰਪੂਰ ਕਰ ਮਾਰੇ। 2-400 ਦਾ ਮਾਤਾ ਦੀ ਚੁੰਨੀ ਵਰਗਾ ਰੁਮਾਲਾ ਭੇਟ ਕਰਕੇ ਇਥੋਂ ਦੇ ਹੀ ਨਹੀਂ, ਬਲਕਿ ਲੋਕ ਪ੍ਰਲੋਕ ਦੇ ਪੜਦੇ ਵੀ ਕਜਵਾ ਲਏ। ਭਵੇਂ ਕਿ ਅਰਦਾਸ ਕਰਨ ਵਾਲੇ ਦੇ ਖੁਦ ਦੇ ਕਪੜੇ ਕਫਾਂ ਅਤੇ ਕਾਲਰਾਂ ਤੋਂ ਗੰਦੇ ਸਨ ਅਤੇ ਭੱਜ ਦੌੜ ਕਾਰਨ ਮੁੜਕੇ ਅਤੇ ਸਰ੍ਹੋ ਦੇ ਤੇਲ ਦੀ ਰਲਵੀਂ ਅਤੇ ਅਜੀਬ ਜਿਹੀ ਮਹਿਕ ਉਸ ਕੋਲੋਂ ਆ ਰਹੀ ਸੀ।

ਪਾਠ ਦਾ ਹਾਲੇ ਭੋਗ ਪਿਆ ਹੀ ਸੀ ਗੁਰੂ ਸਾਹਿਬਾਨ ਹਾਲੇ ਕਮਰੇ ਵਿਚ ਹੀ ਸਨ ਕਿ ਪਰਿਵਾਰ ਵਾਲੇ ਰੱਖੇ ਖੋਪੇ ਨੂੰ ਟੁੱਟ ਕੇ ਪੈ ਗਏ। ਉਨ੍ਹਾਂ ਅੰਦਰੇ ਹੀ ਉਸ ਦੀ ਜੱਤ ਜਿਹੀ ਲਾਹ ਕੇ ਔਹ ਮਾਰੀ, ਜਿਸਦਾ ਖਲਾਰਾ ਗੁਰੂ ਜੀ ਦੀ ਹਜੂਰੀ ਵਿਚ ਚੰਗਾ ਪੈ ਗਿਆ। ਖੋਪਾ ਵਿਚੋਂ ਕਾਣਾ ਨਿਕਲਿਆ, ਪਰ ਸਾਰਾ ਟੱਬਰ ਪ੍ਰਸ਼ਾਦ ਸਮਝ ਕੇ ਸਭ ਅੰਨਾ-ਕਾਣਾ ਛੱਕ ਗਏ।

ਸ਼ਾਮ ਨੂੰ ਜਿਸ ਕਮਰੇ ਵਿਚ ਬਾਬਾ ਜੀ ਤਿੰਨ ਦਿਨ ਰਹੇ ਉਸੇ ਵਿਚ ਹੀ ਸੋਫੇ ਡੱਠ ਗਏ ਤੇ ਅੰਗਰੇਜੀ ਦੇ ਡੱਟ ਖੁਲ੍ਹਣੇ ਸ਼ੁਰੂ ਹੋ ਗਏ। ਟੱਬਰ ਨੇ ਸੁੱਖ ਦਾ ਸਾਹ ਲਿਆ। ਬੰਦਿਆਂ ਅੰਦਰ ਤਾਂ ਲੂਹਰੀਆਂ ਉੱਠ ਰਹੀਆਂ ਸਨ ਕਿ ਆਹ ਕੀ ਗਿੱਲਾ ਪੀਹਣ ਪਾ ਲਿਆ। ਅਜਿਹੇ ਲੋਕ ਸੋਚਦੇ ਤਾਂ ਹੋਣਗੇ ਕਿ ਬਾਬਾ ਜੀ ਇੰਨਾ ਲੰਮਾ ਗਰੰਥ ਲਿਖਣ ਦੀ ਕੀ ਲੋੜ ਸੀ। ਹੁਣ ਨਾ-ਸਰਦੀ ਨੂੰ ਸੁੱਖਣਾ ਤਾਂ ਸੁੱਖਣੀ ਪੈ ਹੀ ਜਾਂਦੀ ਹੈ, ਪਰ ਅਜਿਹੇ ਦਿਨਾ ਵਿਚ ਪਿਆਕੜਾਂ ਲਈ ਤਿੰਨ ਦਿਨ ਸੂਲੀ ਚੜਨ ਵਾਲੀ ਗੱਲ ਹੁੰਦੀ। ਜੇ ਇਨ੍ਹਾਂ ਦੇ ਮਨ ਕੋਈ ਡਰ ਭਓ ਨਾ ਹੋਵੇ ਤਾਂ ਇਹ ਬਾਬਾ ਜੀ ਸਾਹਮਣੇ ਹੀ ਡੱਟ ਖੋਲ੍ਹ ਕੇ ਬੈਠ ਜਾਣ। ਕਾਲੀਏ ਬਹਿੰਦੇ ਨਹੀਂ? ਉਨ੍ਹਾਂ ਦਾ ਡਰ ਭਓ ਲੱਥ ਗਿਆ। ਜੇ ਕਿਸੇ ਨਿਡਰ ਹੋਣਾ ਹੋਵੇ ਤਾਂ ਇਨ੍ਹਾਂ ਬੇਹਯਾ ਲੋਕਾਂ ਦੀ ਸੰਗਤ ਕਰ ਲਵੇ।

ਤਿੰਨ ਦਿਨ ਇਸ ਕਮਰੇ ਵਲੋਂ ਜਿਹੜੇ ਡਰ ਡਰ ਭੱਜਦੇ ਸਨ, ਕਿ ਗੁਰੂ ਜੀ ਕਿਤੇ ਫੜ ਕੇ ਨਾ ਬਿਠਾ ਲੈਣ, ਉਹ ਇਸ ਕਮਰੇ ਵਲ ਨੂੰ ਅੱਜ ਲੂਹਰੀਆਂ ਲੈ ਲੈ ਇੰਝ ਆ ਰਹੇ ਸਨ, ਜਿਵੇਂ ਨਵੀ ਸੂਈ ਮੱਝ ਹੇਠ ਕੱਟਾ ਛੱਡਣ ਵੇਲੇ ਆਉਂਦਾ ਹੈ। ਮੁਰਦੇ ਮੂੰਹਾਂ 'ਤੇ ਹਰਿਆਲੀ ਆ ਗਈ ਸੀ। ਮੁੱਛਾਂ ਉਨ੍ਹਾਂ ਦੀਆਂ ਇੰਝ ਫੁਰਕ ਰਹੀਆਂ ਸਨ ਜਿਵੇਂ ਪੀਜ਼ੇ ਵਾਲੀ ਚੀਜ਼ ਨੂੰ ਸੁੰਘ ਚੂਹੇ ਦੀਆਂ ਫੁਰਕਦੀਆਂ ਹਨ। ਸ਼ਰਾਬ ਦੀ ਗੰਦੀ ਸੜਿਆਂਦ ਵਿਚੋਂ ਜਿਵੇਂ ਉਨ੍ਹਾਂ ਨੂੰ ਫੁੱਲਾਂ ਦੀ ਮਹਿਕ ਆ ਰਹੀ ਹੋਵੇ। ਇਸੇ ਕਮਰੇ ਵਿਚ ਹੀ ਜੀਨ੍ਹਾਂ ਗੱਲਾਂ ਤੋਂ ਵਰਜਣ ਲਈ ਤਿੰਨ ਦਿਨ ਗੁਰੂ ਜੀ ਨੇ ਦੁਹਾਈ ਪਾਈ ਰੱਖੀ ਉਨ੍ਹਾਂ ਹੀ ਗੱਲਾਂ ਉਪਰ ਅਮਲ ਲਈ ਸਿੱਖ ਉਸਦੇ ਕਿੰਨੇ ਤਤਪਰ ਸਨ। ਪਰ ਉਸ ਦੀ ਸੁਣੀ ਹੋਵੇ ਕਿਸੇ ਤਾਂ।

ਅਗਲੇ ਦਿਨ ਜੰਝ ਸੀ। ਜਾਝੀਆਂ ਵਿਚੋਂ ਹੀ ਵਿਆਹ ਵਾਲੇ ਮੁੰਡੇ ਦੇ ਇੱਕ ਸ਼ਲਾਰੂ ਜਿਹੇ ਦੋਸਤ ਨੇ ਮੁੰਡੇ ਦੇ ਘਰੋਂ ਹੀ ਟੁੰਨ ਹੋ ਕੇ ਗਏ ਨੇ ਐਨ ਪੈਲਸ ਦੇ ਬੂਹੇ ਮੂਹਰੇ ਗੱਡੀ ਸਿੱਧੀ ਟਰੱਕ ਹੇਠਾਂ ਵਾੜ ਦਿੱਤੀ। ਹਾਲੇ ਬਾਕੀ ਸਵਾਰੀਆਂ ਉਸ ਲਾਹ ਦਿੱਤੀਆਂ ਸਨ। ਸਮੇਤ ਗੱਡੀ ਮੁੰਡਾ ਰੱਬ ਨੂੰ ਪਿਆਰਾ ਹੋ ਗਿਆ। ਦੂਜੀ ਘਟਨਾ ਸੀ ਕਿ ਮੁੰਡਿਆਂ ਦੇ ਹੀ ਦੋਂਹ ਧੜਿਆਂ ਦੀ ਉਥੇ ਲੜਾਈ ਹੋ ਗਈ। ਇੱਕ ਧੜਾ ਭਾਰੂ ਸੀ ਉਨ੍ਹਾਂ ਇੱਕ ਕੁੱਟ ਕੇ ਹਸਪਤਾਲ ਪੁੱਜਦਾ ਕਰ ਦਿੱਤਾ ਜਿਹੜਾ ਮਰਨੋ ਬਚਿਆ।

ਬਾਬਾ ਫੌਜਾ ਸਿੰਘ ਸੁਣ ਰਿਹਾ ਸੀ ਕਿ ਅਗਲੇ ਦਿਨ ਇਨ੍ਹਾਂ ਘਟਨਾਵਾਂ ਦੀ ਚਰਚਾ ਦੇ ਅਫਸੋਸ ਵਿਚ ਇਹ ਗੱਲ ਤਾਂ ਮਨਫੀ ਸੀ ਕਿ ਮੁੰਡਾ ਖੁਦ ਹੀ ਟੁੰਨ ਹੋਇਆ ਟਰੱਕ ਹੇਠ ਜਾ ਵੜਿਆ ਅਤੇ ਦੋਂਹ ਧੜਿਆਂ ਦੀ ਮੁੰਡੀਰ ਉਨ੍ਹਾਂ ਦੀ ਹੀ ਲਿਆਂਦੀ ਸ਼ਰਾਬ ਵਿਚ ਪਾਗਲ ਤੇ ਅੰਨ੍ਹੀ ਹੋਈ ਲੜੀ ਬਲਕਿ ਇਸ ਗੱਲ ਉਪਰ ਬਹੁਮੱਤ ਸੀ ਕਿ ਪਾਠ ਵਿਚ ਕੋਈ ਵਿਘਨ ਪੈ ਗਿਆ ਤਾਂ ਹੀ ਇੰਨੀ ਵੱਡੀ ਸਜਾ ਮਿਲੀ।
ਕੋਈ ਕਹਿ ਰਿਹਾ ਸੀ ਧੂਪ-ਬੱਤੀ ਨਹੀਂ ਮਰਿਯਾਦਾ ਨਾਲ ਧੁਖਾਈ ਗਈ, ਕਿਸੇ ਕਿਹਾ ਜੋਤ ਵਿਚੋਂ ਇਕ ਵਾਰ ਬੁੱਝ ਗਈ ਸੀ, ਇਕ ਹੋਰ ਆਇਆ ਅਖੇ ਕੁੰਭ ਹੇਠ ਜਿਹੜਾ ਅਨਾਜ ਰੱਖਿਆ ਸੀ ਉਹ ਨਹੀਂ ਵੰਡਿਆ ਉਂਝ ਹੀ ਸੁੱਟ ਦਿੱਤਾ, ਇਕ ਹੋਰ ਬੋਲਿਆ ਲੈ ਲਲੇਰ ਦਾ ਪ੍ਰਸ਼ਾਦ ਕਿਹੜਾ ਕਿਸੇ ਨੂੰ ਦਿੱਤਾ ਵਿਘਨ ਤਾਂ ਪੈਣਾ ਹੀ ਸੀ। ਯਾਨੀ ਸਾਰਾ ਜੋਰ ਪਾਠ ਦੀਆਂ ਉਪਰਲੀਆਂ ਮਰਿਯਾਦਾਵਾਂ ਦੀਆਂ ਊਣਤਾਈਆਂ ਉਪਰ ਲੱਗ ਗਿਆ। ਕਿਸੇ ਨਹੀਂ ਕਿਹਾ ਕਿ ਮਰਨ ਵਾਲਾ ਅਤੇ ਪਰਿਵਾਰ ਜੇ ਗੁਰਬਾਣੀ ਵਿਚਲਾ ਸੱਚ ਸੁਣ ਕੇ ਮਨ ਵਸਾ ਲੈਂਦੇ, ਤਾਂ ਉਹ ਸ਼ਰਾਬ ਪੀਂਦਾ ਹੀ ਨਾ, ਭੋਗ ਤੋਂ ਬਾਅਦ ਰਾਤ ਜੋ ਗੰਦ ਪਾਇਆ ਪੀਣ ਵਾਲਿਆਂ ਉਹ ਪਾਉਂਦੇ ਹੀ ਨਾ, ਲਾਹਣ ਪੀ ਕੇ ਮੱਤ ਮਰ ਜਾਣ ਵਾਲੇ ਗੁਰੂ ਦੇ ਬੱਚਨ ਜੇ ਸੁਣੇ ਹੁੰਦੇ, ਤਾਂ ਇਹ ਵੈਣ ਤਾਂ ਨਾ ਪੈਂਦੇ। ਪਰ ਨਹੀਂ! ਸ੍ਰੀ ਗੁਰੂ ਜੀ ਨੂੰ ਲਿਆਂਦਾ, ਪਾਠ ਰੱਖਿਆ, ਪੰਜ ਪੌੜੀਆਂ ਹੋਈਆਂ ਨਹੀਂ ਤੇ ਸੁਣਨ ਵਾਲੇ ਦੌੜੇ ਨਹੀਂ। ਤਿੰਨ ਦਿਨ ਸਾਰਾ ਜੋਰ ਭਾਂਡੇ ਖੜਕਾਉਂਣ 'ਤੇ ਲਾ ਦਿੱਤਾ ਤੇ ਚਲੋ ਪੈ ਗਿਆ ਭੋਗ, ਲੱਥ ਗਈ ਸੁੱਖਣਾ।

ਉਨ੍ਹਾਂ ਦੀਆਂ ਗੱਲਾਂ ਸੁਣ ਕੇ ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਕਿ ਭਲੇ ਬਚੇ ਜੇ ਭਾਈ ਜੀ ਬਾਬੇ ਦੀ ਕਹੀ ਮਰਿਯਾਦਾ ਮੁਤਾਬਕ ਚਲ ਬੈਠਦਾ, ਤਾਂ ਸਾਰਾ ਭਾਂਡਾ ਬਾਬੇ ਸਿਰ ਭੱਜਣਾ ਸੀ, ਕਿ ਇਸ ਪੂਰਨ ਮਰਿਯਾਦਾ ਨਹੀਂ ਚਲਣ ਦਿੱਤੀ, ਤਾਂ ਹੀ ਇਹ ਭਾਣਾ ਵਾਪਰਿਆ। ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top