Share on Facebook

Main News Page

ਬੁਲੰਦਪੁਰੀ ਡੇਰੇ ਦਾ ਉਦਘਾਟਨ ਕਰਨ ਪਹੁੰਚਿਆ 'ਜਥੇਦਾਰ' ਗੁਰਬਚਨ ਸਿੰਘ ਬਦਰੰਗ ਮੁੜਿਆ !

ਗੁਰਦੇਵ ਸਿੰਘ ਸੱਧੇਵਾਲੀਆ (13 July 2015): ਵੈਸੇ ਜੇ 'ਜਥੇਦਾਰ' ਅਕਾਲ ਤਖਤ ਗੁਰਬਚਨ ਸਿਉਂ ਦੇ ਇਨਾ ਦਿਨਾ ਦੇ ਫੇਰੇ ਤੋਰੇ ਨੂੰ ਸ਼ੁਧ ਮੁਹਾਵਰੇ ਵਿਚ ਕਹਿਣਾ ਹੋਵੇ ਤਾਂ 'ਬੇਇਜ਼ਤੀ ਟੂਰ' ਕਹਿਣਾ ਪਵੇਗਾ। ਕਦੇ ਇਟਲੀ, ਕਦੇ ਨਿਊ ਯਾਰਕ ਤੇ ਹੁਣ ਟਰੰਟੋ?

ਉਸ ਦੇ ਵਾਰ ਵਾਰ ਬੇਇੱਜਤੀ ਕਰਾਉਂਣ ਤੁਰੇ ਰਹਿਣ ਤੇ ਇੱਕ ਗੁਰਦੁਆਰੇ ਦੇ ਪ੍ਰਧਾਨ ਦੀ ਕਹੀ ਗੱਲ ਯਾਦ ਆ ਜਾਂਦੀ ਹੈ ਜਿਸ ਨੂੰ ਇਸ ਨਿੱਤ ਹੁੰਦੀ ਬੇਇਜਤੀ ਬਾਰੇ ਪੁੱਛਿਆ ਤਾਂ ਕਹਿੰਦਾ ਮੈਨੂੰ ਤਾਂ ਹੁਣ ਜਾਪਦੀ ਹੀ ਨਹੀਂ! ਬੇਇੱਜਤੀ ਨਾ ਪਹਿਲਾਂ ਇੱਕ ਦੋ ਵਾਰ ਹੀ ਮਹਿਸੂਸ ਹੁੰਦੀ ਫਿਰ ਤਾਂ ਬੰਦਾ ਊਂ ਈ ਆਦੀ ਹੋ ਜਾਂਦਾ।

ਯਾਦ ਰਹੇ ਕਿ ਪਿੱਛਲੇ ਦਿਨੀ ਬੁਲੰਦਪੁਰੀ ਡੇਰੇ ਨਾਲ ਸਬੰਧਤ ਡੇਰੇ ਦੇ ਮੁੱਖੀ ਬਾਬਾ ਬਲਦੇਵ ਸਿੰਘ ਹੁਰਾਂ ਅਪਣੇ ਡੇਰੇ ਦਾ ਨਾਂ ਬਦਲਣ ਦੇ ਉਦਘਾਟਨ ਤੇ ਗੁਰਬਚਨ ਸਿੰਘ ਨੂੰ ਮੁੱਖ ਬੁਲਾਰਾ ਅਤੇ ਮਹਿਮਾਨ ਦੇ ਤੌਰ 'ਤੇ ਸੱਦਿਆ ਹੋਇਆ ਸੀ, ਪਰ ਟਰੰਟੋ ਦੇ ਕੋਈ 15-20 ਸਿੰਘਾਂ ਨੇ ਉਸ ਵੇਲੇ ਇਸ ਸਭ ਕਾਸੇ ਦੀ ਫੂਕ ਕੱਢ ਦਿੱਤੀ, ਜਦ ਉਨੀ ਬਾਬੇ ਬੁਲੰਦਪੁਰੀ ਦੇ ਡੇਰੇ ਜਾ ਕੇ ਗੁਰਬਚਨ ਸਿੰਘ ਦੇ ਪਹੁੰਚਣ ਅਤੇ ਬੋਲਣ ਦੀ ਵਿਰੋਧਤਾ ਕਰਦਿਆਂ ਬਾਬਾ ਬਲਦੇਵ ਸਿੰਘ ਨੂੰ ਅਹਿਸਾਸ ਕਰਾਇਆ ਕਿ ਇਹ ਬੰਦਾ ਉਨ੍ਹਾਂ ਬੰਦਿਆਂ ਦਾ ਬੰਦਾ ਹੈ, ਜਿੰਨਾ ਦੇ ਹੱਥ ਸਿੱਖ ਨੌਜਵਾਨੀ ਦੇ ਖੂਨ ਨਾਲ ਰੰਗੇ ਹੋਏ ਹਨ ਤੇ ਜਿੰਨਾ ਦੀ ਕੜੀ ਦਿੱਲੀ ਤੋਂ ਹੁੰਦੀ ਹੋਈ ਬਾਦਲਾਂ ਵਿਚਦੀ ਰਾਹ ਕੱਢਦੀ ਸੁਮੇਧ ਸੈਣੀ ਵਰਗੇ ਕਾਤਲਾਂ ਨਾਲ ਆ ਜੁੜਦੀ ਹੈ।

ਭਰੋਸੇਯੋਗ ਸੂਤਰਾਂ ਮੁਤਾਬਕ ਪਹਿਲਾਂ ਤਾਂ ਬਾਬਾ ਬਲਦੇਵ ਸਿੰਘ ਅਤੇ ਉਸ ਦੇ ਚੇਲੇ ਅੜੇ ਰਹੇ ਕਿ ਅਸੀਂ ਇਸ ਨੂੰ ਸੱਦਿਆ ਹੈ ਤਾਂ ਇਹ ਬੋਲੇਗਾ ਵੀ ਜ਼ਰੂਰ, ਪਰ ਜਦ ਉਸ ਉਥੇ ਪਹੁੰਚਿਆਂ ਬੰਦਿਆ ਦੇ ਤੇਵਰ ਦੇਖੇ ਤਾਂ ਉਸ ਨੂੰ ਅਪਣਾ ਫੈਸਲਾ ਬਦਲਣਾ ਪਿਆ। ਗੱਲ ਬਾਬਾ ਬਲਦੇਵ ਸਿੰਘ ਦੇ ਪਤਾ ਨਹੀਂ ਸਮਝ ਆ ਗਈ ਜਾਂ ਉਸ ਅਪਣੇ ਡੇਰੇ ਉਪਰ ਰੌਲਾ ਪੈਣ ਦੀ ਬਦਨਾਮੀ ਤੋਂ ਡਰਦਿਆਂ ਉਨੀ ਗੁਰਬਚਨ ਸਿੰਘ ਦਾ ਸਟੇਜ ਤੋਂ ਨਾਂ ਤੱਕ ਨਹੀਂ ਲਿਆ ਅਤੇ ਉਹ ਸੰਗਤ ਵਿਚ ਇੰਝ ਬੈਠਾ ਇੰਝ ਜਾਪਦਾ ਰਿਹਾ ਜਿਵੇਂ ਦੁੱਧ ਵਿਚੋਂ ਕੱਢ ਕੇ ਮੱਖੀ ਸੁੱਟੀ ਹੁੰਦੀ। 'ਜਥੇਦਾਰ' ਅਕਾਲ ਤਖਤ ਦਾ ਇੰਝ ਸੰਗਤ ਵਿਚ ਬਿਨਾ ਬੋਲੇ ਨੀਵੀਂ ਪਾਈ ਬੈਠੇ ਰਹਿਣਾ ਕੇਵਲ ਉਸ ਦੀ ਹੀ ਹੱਤਕ ਨਹੀਂ ਸੀ, ਬਲਕਿ ਉਸ ਨੂੰ ਭੇਜਣ ਵਾਲੇ ਉਸ ਦੇ ਆਕਿਆਂ ਨੂੰ ਵੀ ਸੁਨੇਹਾ ਸੀ ਕਿ ਬਾਹਰ ਹਾਲੇ ਸਭ ਅੱਛਾ ਨਹੀਂ ਹੈ।

ਇਸ ਸਭ ਨੂੰ ਇੰਝ ਵੀ ਲਿਆ ਜਾ ਰਿਹਾ ਹੈ ਕਿ ਮੰਤਰੀ ਅਪਣੇ ਆਉਂਣ ਤੋਂ ਪਹਿਲਾਂ ਅਪਣੇ ਸੰਤਰੀ ਭੇਜ ਕੇ ਦੇਖ ਰਹੇ ਹਨ ਕਿ ਮਿੱਟੀ-ਘੱਟਾ ਕਿੰਨਾ ਕੁ ਹੈ ਤੇ ਜੇ ਹੈ ਤਾਂ ਪਹਿਲਾਂ ਅਪਣੇ ਸੰਤਰੀਆਂ ਸਿਰ ਪਵਾ ਕੇ ਦੇਖ ਲੈਣਾ ਚਾਹੀਦਾ ਕਿ ਤੇਲ ਦੀ ਧਾਰ ਕੀ ਹੈ। ਸਿੱਖ ਕੌਮ ਦਾ ਪਰ ਵੱਡਾ ਦੁਖਾਂਤ ਹੈ ਕਿ ਸਿਖ ਕੌਮ ਦੇ ਸਿਰਮੌਰ ਆਖੇ ਜਾਂਦੇ ਅਕਾਲ ਤਖਤ ਦੇ ਜਥੇਦਾਰ ਦੀ ਔਕਾਤ ਇੱਕ ਸੰਤਰੀ ਤੋਂ ਵੱਧ ਕੁਝ ਨਹੀਂ ਰਹੀ, ਜਿਸ ਨੂੰ ਥਾਂ ਥਾਂ ਬੇਇਜਿਤੀ ਕਰਾਉਂਣ ਭੇਜਿਆ ਜਾਂਦਾ ਹੈ। ਹੋਰ ਹੈਰਨੀ ਇਸ ਗੱਲ ਦੀ ਕਿ ਪੰਜਾਬ ਦੀ ਭ੍ਰਸ਼ਟ ਹੋ ਚੁੱਕੀ ਗੰਦੀ ਰਾਜਨੀਤੀ ਵਲੋਂ ਅਪਣੀ ਰਾਜਨੀਤੀ ਦਾ ਮੈਦਾਨ ਮੋਕਲਾ ਕਰਨ ਲਈ ਬਾਹਰ ਦੇ ਡੇਰਿਆਂ ਅਤੇ ਗੁਰਦੁਆਰਿਆਂ ਨੂੰ ਵੀ ਵਰਤਿਆ ਜਾ ਰਿਹਾ ਹੈ।

ਯਾਦ ਰਹੇ ਕਿ ਟਰੰਟੋ ਵਿਚਲੀ 'ਜਥੇਦਾਰ' ਦੀ ਇਸ ਫੇਰੀ ਦਾ ਜਿਥੇ ਬੁਲੰਦਪੁਰੀ ਡੇਰੇ ਦੇ ਸਾਧ ਬਲਦੇਵ ਸਿੰਘ ਨੇ ਪ੍ਰਬੰਧ ਕੀਤਾ ਉਥੇ ਡਿਕਸੀ ਗੁਰਦੁਆਰੇ ਦੇ ਪ੍ਰਬੰਧਕ ਵੀ ਉਸ ਦੇ ਬੋਲ ਲੈਣ ਦੀ ਮਦਦ ਕਰਨ ਲਈ ਹੁੰਮ-ਹੁਮਾ ਕੇ ਪਹੁੰਚੇ ਹੋਏ ਸਨ, ਜਿੰਨਾ ਵਿਚ ਜਸਜੀਤ ਸਿੰਘ ਭੁੱਲਰ, ਹਰਬੰਸ ਸਿੰਘ ਜੰਡਾਲੀ, ਕੁਲਦੀਪ ਸਿੰਘ ਲੱਛਰ ਅਤੇ ਪ੍ਰਧਾਨ ਅਵਤਾਰ ਸਿੰਘ ਪੂਨੀਆਂ ਵੀ ਸ਼ਾਮਲ ਸਨ। ਜਿਥੇ ਮਿਸਟਰ ਪੂਨੀਆਂ ਨੇ ਜਥੇਦਾਰ ਅਕਾਲ ਤਖਤ ਹੋਣ ਦੀ ਦਲੀਲ ਦਿੰਦਿਆਂ ਉਸ ਦੇ ਬੋਲਣ ਦੀ ਹਮਾਇਤ ਕੀਤੀ, ਉਥੇ ਮਿਸਟਰ ਲਛਰ ਨੇ 'ਜਥੇਦਾਰ' ਨੂੰ ਨਾ ਬੋਲਣ ਤੇ ਗੁਰੂ ਘਰ ਦੀ ਬੇਅਦਬੀ ਹੋਣਾ, ਕਹਿਕੇ ਅਪਣਾ ਅੰਦਰਲਾ 'ਸੱਚ' ਬਾਹਰ ਕੱਢ ਮਾਰਿਆ, ਜਿਸ ਦਾ ਸ੍ਰ. ਜਸਰਕਜੀਤ ਸਿੰਘ ਨੇ ਉਸ ਨੂੰ ਉਥੇ ਹੀ ਗੋਲਕ ਦਾ 40 ਲੱਖ ਡਾਲਰ ਕੋਰਟ ਵਿਚ ਫੂਕ ਸੁੱਟਣ ਦੀ ਗੱਲ ਕਹਿ ਕੇ ਅਹਿਸਾਸ ਕਰਵਾ ਦਿੱਤਾ ਕਿ ਸਾਨੂੰ ਪਤੈ ਜਿੰਨਾ ਕ ਗੁਰੂ ਘਰ ਦੇ ਅਦਬ ਦੀ ਪੰਡ ਤੁਸੀਂ ਸਿਰ 'ਤੇ ਚੁੱਕੀ ਹੋਈ ਹੈ! ਅਜਿਹੀ ਹੀ ਕੱਚੀ ਦਲੀਲ ਗਤਕਾ ਮਾਸਟਰ ਮਿਸਟਰ ਜਸਦੇਵ ਅਤੇ ਮਿਸਟਰ ਪੰਨੂੰ ਹੋਰਾਂ ਦਿੱਤੀ ਕਿ 'ਜਥੇਦਾਰ' ਨੂੰ ਨਾ ਬੋਲਣ ਦੇਣਾ ਸਾਡੇ ਸੁਪਰੀਮ ਦੀ ਤੌਹੀਨ ਹੈ! ਜਦ ਕਿ ਮਿਸਟਰ ਜਸਦੇਵ ਵਰਗੇ ਜਦ ਖੁਦ ਗੁਰਦੁਆਰਿਆਂ ਵਿਚ ਜਾਕੇ ਟੋਕੇ ਵਾਹੁੰਦੇ ਅਤੇ ਤਲਵਾਰਾਂ ਚਲਾਉਂਦੇ ਹਨ, ਤਾਂ ਉਸ ਵੇਲੇ ਉਨ੍ਹਾਂ ਨੂੰ ਅਪਣੇ ਸੁਪਰੀਮ ਯਾਨੀ ਗੁਰੂ ਗਰੰਥ ਸਾਹਿਬ ਜੀ ਤੌਹੀਨ ਦਾ ਚੇਤਾ ਭੁੱਲ ਜਾਂਦਾ ਹੈ। ਯਾਦ ਰਹੇ ਕਿ ਸਿੱਖ ਲਹਿਰ ਦੀ ਖੂਨੀ ਲੜਾਈ ਵਿਚ ਮਿਸਟਰ ਜਸਦੇਵ ਕ੍ਰਿਪਾਨਾਂ ਵਾਹੁਣ ਵਾਲੇ ਮੂਹਰਲੇ 'ਜਥੇਦਾਰਾਂ' ਵਿਚੋਂ ਇੱਕ ਸੀ!

ਮਿਸਟਰ ਜੰਡਾਲੀ ਬਾਰੇ ਤਾਂ ਲੋਕਾਂ ਵਿਚ ਪਹਿਲਾਂ ਵੀ ਘੁਸਰ-ਮੁਸਰ ਰਹੀ ਹੈ, ਕਿ ਇਹ ਪਿੱਛੇ ਪੰਜਾਬ ਜਾਕੇ ਬਕਾਇਦਾ ਬਾਦਲਾਂ ਦੀਆਂ ਚੋਣਾਂ ਵਿਚ ਉਨ੍ਹਾਂ ਦੀ ਮਦਦ ਕਰਦੇ ਰਹੇ ਹਨ ਅਤੇ ਉਨ੍ਹਾਂ ਦੇ ਬਾਦਲ ਲਾਬੀ ਨਾਲ ਬਕਾਇਦਾ ਸਬੰਧ ਰਹੇ ਹਨ। ਯਾਨੀ ਸਿੱਧੇ ਰੂਪ ਵਿਚ ਸਿੱਖ ਕੌਮ ਦੇ ਕਾਤਲਾਂ ਨਾਲ ਇਨ੍ਹਾਂ ਦੀਆਂ ਯਾਰੀਆਂ ਹਨ!

ਸਮੇਤ ਬਾਬਾ ਬਲਦੇਵ ਸਿੰਘ, ਉਸ ਦੇ ਚੇਲੇ, ਡਿਕਸੀ ਗੁਰਦੁਆਰੇ ਦੇ ਪ੍ਰਬੰਧਕ, ਮਿਸਟਰ ਪੰਨੂ, ਮਿਸਟਰ ਜਸਦੇਵ, ਕੀ ਇਨਾ ਨੂੰ ਪਤਾ ਨਹੀਂ ਸੀ ਜਿਸ ਬੰਦੇ ਦੀ ਮਦਦ ਉਪਰ ਅਸੀਂ ਉਤਰੇ ਹੋਏ ਹਾਂ ਕਿ ਇਹ ਕੀ ਹੈ, ਕੌਣ ਹੈ, ਕਿਸ ਦਾ ਹੈ? ਪੰਜਾਬ ਦੇ ਆਹੂ ਲੱਥ ਗਏ, ਪੰਜਾਬ ਵਿਚ ਨਸ਼ਿਆਂ ਤੋਂ ਲੈ ਕੇ ਘਾਣ ਕਰਨ ਵਾਲੇ ਸੁਮੇਧ ਸੈਣੀ ਤੱਕ ਨੂੰ ਕੌਣ ਨੀ ਜਾਣਦਾ ਤੇ ਉਨ੍ਹਾਂ ਨੂੰ ਪੰਜਾਬ ਦੇ ਸਿਰ ਉਪਰ ਬਠਾਉਂਣ ਵਾਲੇ ਬਾਦਲ ਤੇ ਬਾਦਲਾਂ ਦਾ ਜੁੱਤੀ ਚੱਟ ਤੁਹਾਡਾ ਇਹ ਜਥੇਦਾਰ? ਤੇ ਉਸ ਨੂੰ ਬੁਲਾਉਂਣ ਵਾਲੇ ਬੁਲੰਦਪੁਰੀਏ ਤੇ ਉਨ੍ਹਾਂ ਦੀ ਮਦਦ ਕਰਨ ਆਏ ਹੋਏ ਲੋਕ? ਗੱਲ ਗਈ ਕਿਧਰ? ਕੌਮ ਕਿਥੇ ਖੜੀ ਕਰ ਦਿੱਤੀ ਇਨ੍ਹਾਂ ਲੋਭੀਆਂ? ਕਿਸੇ ਲੋਭ ਤੋਂ ਬਿਨਾ ਕੌਣ ਕਿਸੇ ਦੀ ਮਦਦ ਕਰਦਾ ਹੈ? ਕਰਦਾ ਹੈ?

ਬੁਲੰਦਪੁਰੀ ਨੂੰ ਰੱਬ ਸਮਝਣ ਵਾਲੇ ਉਸ ਦੇ ਚੇਲੇ ਕਦੇ ਅੱਖਾਂ ਖੋਹਲ ਕੇ ਦੇਖਣ ਦੀ ਕੋਸ਼ਿਸ ਕਰਨਗੇ ਕਿ ਉਨ੍ਹਾਂ ਦਾ ਇਹ ਸਾਧ ਪੰਜਾਬ ਦੇ ਬਾਦਲ ਸਿਸਟਮ ਦਾ ਮੋਹਰਾ ਬਣਕੇ ਕੌਮ ਨੂੰ ਸਿਵਿਆਂ ਦੇ ਰਾਹ ਤੋਰਨ ਦੀ ਸੇਵਾ ਕਿੰਨੀ ਤਨਦੇਹੀ ਨਾਲ ਨਿਬਾਹ ਰਿਹਾ ਹੈ?

ਯਾਦ ਰਹੇ ਕਿ ਬੁਲੰਦਪੁਰੀ ਸਾਧ ਦੇ ਡੇਰੇ ਦਾ ਚਿੱਠਾ ਪੰਜ ਕਿਸ਼ਤਾਂ ਵਿਚ ਬਕਾਇਦਾ ਅਸੀਂ ਵਿਸਥਾਰ ਨਾਲ ਖੋਹਲਿਆ ਸੀ, ਜਿਸ ਤੋਂ ਬੁਖਲਾ ਕੇ ਇਨੀ ਵਕੀਲਾਂ ਦੀਆਂ ਚਿੱਠੀਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਸ ਵਿਚ ਅਸੀਂ ਵਿਸਥਾਰ ਨਾਲ ਇਸ ਦੇ ਡੇਰੇ ਅਤੇ ਉਥੇ ਦੀ ਸਿੱਖ ਮੱਤ ਦਾ ਜ਼ਿਕਰ ਖੁਲ੍ਹ ਕੇ ਕੀਤਾ ਸੀ ਜਿਹੜਾ ਹਾਲੇ ਵੀ "ਖਾਲਸਾ ਨਿਊਜ਼" ਉਪਰ ਪਿਆ ਹੋਇਆ ਹ। ਉਸ ਤੋਂ ਸਾਬਤ ਹੁੰਦਾ ਸੀ ਕਿ ਇਹ ਸਿੱਖੀ ਪ੍ਰਚਾਰ ਦੇ ਨਾਂ ਹੇਠ ਸਿੱਖੀ ਦੀਆਂ ਹੀ ਜੜ੍ਹਾਂ ਵਿਚ ਦਾਤੀ ਫੇਰ ਰਹੇ ਹਨ ਅਤੇ ਅਪਣੇ ਡੇਰੇ ਸਿੱਖੀ ਦੇ ਖੂਨੀਆਂ ਯਾਣੀ ਬਾਦਲਾਂ ਨੂੰ ਸੱਦ ਸੱਦ ਸਿਰੋਪੇ ਦਿੰਦੇ ਹਨ। ਇਨ੍ਹਾਂ ਦੇ ਡੇਰੇ ਦਾ ਨਾਂ ਬਦਲਣਾ ਵੀ ਹੈਰਾਨੀ ਜਨਕ ਹੈ ਕਿਉਂਕਿ ਇੱਕ ਵਾਰ ਡੇਰੇ ਦਾ ਨਾਂ ਇਹ ਪਹਿਲਾਂ ਵੀ ਬਦਲ ਚੁੱਕੇ ਹੋਏ ਹਨ। ਬਾਬਾ ਜੀਤ ਸਿੰਘ ਨੇ ਇਸ ਡੇਰੇ ਦਾ ਨਾਂ ਨਾਨਕਸਰ ਬੁਲੰਦਾ ਜਾਂ ਬੁਲੰਦਪੁਰੀ ਰੱਖਿਆ ਸੀ, ਪਰ ਬਲਦੇਵ ਸਿੰਘ ਨੇ "ਨਾਨਕਸਰ ਨਵਾਂ ਠਾਠ" ਬਦਲ ਦਿੱਤਾ ਤੇ ਹੁਣ "ਨਵਾਂ ਨਾਨਕਸਰ" ਤੋਂ "ਗੁਰੂ ਗਰੰਥ ਸਾਹਿਬ ਦਰਬਾਰ" ਕਰ ਦਿੱਤਾ ਗਿਆ ਹੈ।

ਇਸ ਮਹਾਂਪੁਰਖ ਨੂੰ ਤਾਂ ਹਾਲੇ ਤੱਕ ਅਪਣੇ ਡੇਰੇ ਦੇ ਨਾਂ ਉਪਰ ਹੀ ਵਿਸ਼ਵਾਸ਼ ਨਹੀਂ ਹੋ ਸਕਿਆ ਕਿ ਉਹ ਵਾਰ ਵਾਰ ਇਸ ਨੂੰ ਬਦਲ ਰਿਹਾ ਹੈ। ਇਹ ਵੀ ਕਿ

  1. ਡੇਰੇ ਦਾ ਨਾਂ ਸ੍ਰੀ ਗੁਰੂ ਗਰੰਥ ਸਾਹਿਬ ਉਪਰ ਰੱਖਣ ਨਾਲ ਕੀ ਬਲਦੇਵ ਸਿੰਘ ਦੀ ਮਨਾਪਲੀ ਟੁੱਟ ਜਾਵੇਗੀ?
  2. ਨਾਂ ਬਦਲਣ ਨਾਲ ਬਾਬੇ ਦੀ ਪ੍ਰੀਤ ਵਾਹਿਗਰੂ ਵਿਚ ਬਦਲ ਜਾਵੇਗੀ ਜਾਂ ਬਾਬਾ ਖੁਦ "ਵਾਹਿਗੁਰੂ ਜੀ ਕੀ ਫਤਿਹ" ਬੁਲਾਉਂਣ ਲੱਗ ਪਿਆ ਹੈ, ਜਾਂ ਕ੍ਰਿਪਾਨ ਪਾਉਂਣ ਲੱਗ ਪਿਆ ਹੈ?
  3. ਜੇ ਨਾਂ ਬਦਲਣ ਨਾਲ ਉਹ ਸਿੱਖ ਵਿਚਾਰਧਾਰਾ ਵਿਚ ਸ਼ਾਮਲ ਹੋ ਗਿਆ ਤਾਂ ਵੱਖਰੇ ਡੇਰੇ ਦੀ ਲੋੜ ਹੀ ਕੀ ਰਹਿ ਜਾਂਦੀ ਹੈ?
  4. ਕੀ ਬਾਬਾ ਅਪਣੇ ਸਭ ਡੇਰੇ ਆਮ ਸੰਗਤਾਂ ਨੂੰ ਸੌਂਪਣ ਲਈ ਤਿਆਰ ਹੋ ਗਿਆ ਹੈ?
  5. ਜੇ ਸਭ ਕੁਝ ਪਹਿਲਾਂ ਵਾਂਗ ਹੀ ਰਹਿਣਾ ਹੈ ਤਾਂ ਨਾਂ ਬਦਲਣ ਕਰਕੇ ਉਹ ਸਿੱਖ ਵਿਚਾਰਧਾਰਾ ਵਿਚ ਸ਼ਾਮਲ ਕਿਵੇਂ ਹੋ ਗਿਆ?
  6. ਨਾਂ ਬਦਲਣ ਨਾਲ ਕੋਈ ਫਰਕ ਪੈਣ ਵਾਲਾ ਹੈ?
  7. ਨਾਂ ਬਲਦਣ ਨਾਲ ਬਾਬੇ ਜੀਤੇ ਦੇ ਪਿੰਡ ਜਾ ਕੇ ਗਲ ਢੋਲਕੀਆਂ ਪਾ ਕੇ ਵੈਣ ਪਾਉਂਣੋਂ ਲੋਕ ਹੱਟ ਜਾਣਗੇ ਕਿ, 'ਧੰਨ ਪ੍ਰਤਾਪੁਰੇ ਦੀਆਂ ਗਲੀਆਂ ਜਿਥੇ ਮੇਰਾ ਪ੍ਰੀਤਮ ਖੇਡਿਆ'?

ਸਾਡੇ ਅਗਾਂਹ ਵਧੇ ਹੋਏ ਲੋਕ ਵੀ ਕਿੰਨੇ ਭੋਲੇ ਹਨ ਜਾਂ ਸ਼ਾਇਦ ਚਲਾਕ ਜਾਂ ਸ਼ੈਤਾਨ ਕਿ ਡੇਰੇ ਦੇ ਨਾਂ ਬਦਲਣ ਨੂੰ ਹੀ ਸਿੱਖ ਵਿਚਾਰਧਾਰਾ ਵਿਚ ਸ਼ਾਮਲ ਹੋਣਾ ਕਹੀ ਜਾਂ ਰਹੇ ਹਨ? ਸਾਨੂੰ ਸਭ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਇਹ ਡੇਰੇ ਉਨ੍ਹਾਂ ਤਾਕਤਾਂ ਨਾਲ ਬਿੱਲਕੁਲ ਇੱਕ ਮਿੱਕ ਹਨ, ਜਿਹੜੀਆਂ ਤੁਸੀਂ ਸੋਚਦੇ ਸਿੱਖਾਂ ਦਾ ਆਖਰੀ ਖੂਨ ਦਾ ਕੱਤਰਾ ਤੱਕ ਪੀਣ ਜਾਣ ਲਈ ਪੱਬਾਂ ਭਾਰ ਹੋਈਆਂ ਨਜਰ ਆ ਰਹੀਆਂ ਹਨ।

ਲੋਕਾਂ ਨੂੰ ਸੱਚ ਦਾ ਉਪਦੇਸ਼ ਵਾਲੇ ਇਹ ਲੋਕ ਵਾਰ ਵਾਰ ਅਪਣੇ ਚੇਲਿਆਂ ਤੋਂ ਝੂਠ ਬੁਲਾਉਂਦੇ ਰਹੇ ਕਿ ਗੁਰਬਚਨ ਸਿੰਘ ਨਹੀਂ ਆ ਰਿਹਾ ਹੈ। ਬੁਲੰਦਪੁਰੀਆਂ ਦਾ ਪੁਰਾਣਾ ਅਤੇ ਖਾਸ ਚੇਲਾ ਮਿਸਟਰ ਪੰਨੂੰ ਅਪਣੇ ਰੇਡੀਓ ਉਪਰ ਜਾ ਕੇ ਇਸ ਸਾਰੀ ਕਹਾਣੀ ਨੂੰ ਹੋਰ ਰੰਗਤ ਦੇਣ ਦੀ ਕੋਸ਼ਿਸ ਕਰਦਾ ਫੜਾਂ ਮਾਰ ਰਿਹਾ ਸੀ ਕਿ ਇਹ ਬਾਬਾ ਜੀ ਦੀ ਰਹਿਮਦਿਲੀ ਸੀ ਕਿ ਉਨਾ ਉਥੇ ਗਏ ਹੁਲੜਬਾਜਾਂ ਨੂੰ ਕੁਝ ਨਹੀਂ ਕਿਹਾ ਤੇ ਜੇ ਉਹ ਚਾਹੁੰਦੇ ਤਾਂ ਉਨ੍ਹਾਂ ਨੂੰ ਉਥੋਂ ਕੱਢਿਆ ਵੀ ਜਾ ਸਕਦਾ ਸੀ।

ਇਸ ਨੂੰ ਕਹਿੰਦੇ 'ਚੇਲੇ ਜਾਣ ਛੜੱਪ'! ਸਿੱਖਾਂ ਦੇ ਕਾਤਲਾਂ ਦੇ ਯਾਰਾਂ ਨੂੰ ਸੱਦਣ ਇਹ ਸਾਧ ਤੇ ਹੁਲੜਬਾਜ ਅੰਸਰ ਲੋਕ? ਮਿਸਟਰ ਪੰਨੂੰ ਨੂੰ ਅਪਣੇ ਸਾਧ ਦੀ ਹੁਲੜਬਾਜੀ ਨਹੀਂ ਦਿੱਸੀ ਜਿਹੜਾ ਅਜਿਹੇ ਲੋਕਾਂ ਨੂੰ ਸੱਦ ਕੇ ਬਾਹਰ ਸ਼ਾਂਤ ਵੱਸਦੇ ਸਿੱਖਾਂ ਵਿਚ ਹਿੱਲਜੁੱਲ ਕਰਨ ਦੀ ਕੋਸ਼ਿਸ ਕਰ ਰਿਹਾ ਹੈ? ਲੋਕਾਂ ਦੀਆਂ ਖੋਜਾਂ ਕਰਨ ਵਾਲੇ ਮਿਸਟਰ ਪੰਨੂੰ ਨੂੰ ਕੀ ਪਤਾ ਨਹੀਂ ਕਿ ਜਿਸ ਨੂੰ ਬਲੰਦਪੁਰੀ ਸਾਧ ਸੱਦ ਰਿਹਾ ਹੈ ਉਹ ਕੌਮ ਦਾ ਨਹੀਂ ਬਲਕਿ ਬਾਦਲਾਂ ਦੇ ਲਫਾਫੇ ਵਿਚੋਂ ਨਿਲਕਿਆ ਹੋਇਆ 'ਜਥੇਦਾਰ' ਹੈ? ਬਾਦਲਾਂ ਦੇ ਲਫਾਫੇ ਦੇ 'ਜਥੇਦਾਰ' ਨੂੰ ਸੱਦ ਕੇ ਬੁਲੰਦਪੁਰੀਏ ਕੌਮ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ? ਪੂਰਾ ਪੰਜਾਬ ਬਾਦਲਾਂ ਕੀ ਹਲਾਲ ਨਹੀਂ ਕੀਤਾ? ਸਿਵਿਆਂ ਦੇ ਰਾਹ ਨਹੀਂ ਤੋਰਿਆ? ਤੇ ਬੁਲੰਦਪੁਰੀਆਂ ਕੀ ਬਾਦਲਾਂ ਨੂੰ ਸਿਰੋਪੇ ਨਹੀਂ ਦਿੱਤੇ? ਅਜਿਹੇ ਬੰਦੇ ਨੂੰ ਰੋਕਣ ਗਏ ਲੋਕ ਹੁਲੜਬਾਜ ਅੰਸਰ ਕਿਵੇਂ ਹੋਏ?

ਅਖੀਰ 'ਤੇ, ਜਿਥੇ ਬਾਕੀ ਲੋਕਾਂ ਦਾ ਚੰਗਾ ਰੋਲ ਰਿਹਾ ਕਿ ਗੁਰਬਚਨ ਸਿੰਘ ਨੂੰ ਉਥੇ ਨਹੀਂ ਬੋਲਣ ਦਿੱਤਾ ਗਿਆ, ਉਥੇ ਦੋ ਬੰਦਿਆਂ ਦੇ ਅਹਿਮ ਰੋਲ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਜਿਸ ਵਿਚ ਸ੍ਰ. ਜਸਕਨਜੀਤ ਸਿੰਘ ਅਤੇ ਹੈਮਲਿੰਟਨ ਤੋਂ ਭਾਈ ਤੇਜਿੰਦਰ ਸਿੰਘ ਹੋਰੀਂ ਖਾਸ ਤੌਰ 'ਤੇ ਵਰਨਣਯੋਗ ਹਨ ਜਿਹੜੇ ਸਾਧ ਦੇ ਚੇਲਿਆਂ ਅਤੇ ਵਿਚੇ ਡਿਕਸੀ ਵਾਲਿਆਂ ਨੂੰ ਸਿੱਧੇ ਹੋਏ ਕਿ ਜਾਂ ਇਹ ਭਾਈ ਬੋਲੇਗਾ ਜਾਂ...? ਤੇ ਕੁੱਝ ਭਰੋਸੇਯੋਗ ਵਸੀਲਿਆਂ ਵਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਗੁਰਬਚਨ ਸਿੰਘ ਬੁਲੰਦਪੁਰੀਆਂ ਦੇ ਬੋਲ ਜਾਂਦਾ ਤਾਂ ਅਗਲੀ ਵਾਰੀ ਉਸ ਦੀ ਡਿਕਸੀ ਗੁਰਦੁਆਰੇ ਵਿਖੇ ਵੀ ਹੋ ਸਕਦੀ ਸੀ।

ਵਾਰ ਵਾਰ ਸਿੱਖ ਕੌਮ ਦੇ ਜੋਰ ਅਤੇ ਸਮਰਥਾ ਨੂੰ ਪਰਖਣ ਲਈ ਹੁਣ ਅਗਲੀ ਵਾਰੀ ਬਾਦਲਾਂ ਦੇ ਜੁੱਤੀ ਚੱਟ ਦਿੱਲੀ ਵਾਲੇ ਜੀ.ਕੇ. ਦੀ ਹੈ ਜਿਹੜਾ ਸ਼ਾਇਦ ਨਿਊਯਾਰਕ ਤੋਂ ਬਾਅਦ ਟੋਰੰਟੋ ਪਧਾਰ ਰਿਹਾ ਹੈ ਤੇ ਸਿੱਖ ਨੂੰ 'ਕਾਬਲ ਦੇ ਜੰਮਿਆਂ ਨਿੱਤ ਮੁਹੰਮਾ' ਚੇਤੇ ਰੱਖ ਕੇ ਚਲਣਾ ਚਾਹੀਦਾ ਹੈ ਤੇ ਅਪਣੇ ਜਾਤੀ ਵਖਰੇਵੇ ਭੁਲਾ ਇਨ੍ਹਾਂ ਨੂੰ ਇਥੋਂ ਖਦੇੜਨ ਲਈ ਤਿਆਰ ਰਹਿਣਾ ਚਾਹੀਦਾ ਹੈ, ਨਹੀਂ ਪੰਜਾਬ ਵਾਂਗ ਬਾਹਰ ਦੇ ਫੈਸਲੇ ਵੀ ਬਾਦਲਾਂ ਦੇ ਲਫਾਫਿਆਂ ਵਿਚੋਂ ਆਉਂਣ ਨੂੰ ਕੋਈ ਨਹੀਂ ਰੋਕ ਸਕੇਗਾ! ਕਿ ਸਕੇਗਾ ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top