Share on Facebook

Main News Page

ਪ੍ਰਧਾਨ ਸਾਹਬ
-: ਗੁਰਦੇਵ ਸਿੰਘ ਸੱਧੇਵਾਲੀਆ

ਨੋਟ- ਇਹ ਕਹਾਣੀ 1995 ਵਿਚ ਛੱਪੀ ਮੇਰੀ ਕਿਤਾਬ 'ਪੰਜਾਬ ਦੀ ਧੀ' ਵਿਚੋਂ ਹ

ਕਾਫੀ ਹੋ-ਹੱਲੇ ਤੋਂ ਬਾਅਦ ਗੁਰਦੁਆਰੇ ਵਿਚ ਇਲੈਕਸ਼ਨ ਸਿਸਟਮ ਬਦਲ ਕੇ ਸਲੈਸ਼ਕਨ ਲਾਗੂ ਹੋ ਗਈ। ਯਾਨੀ ਹੁਣ ਕੋਈ ਵੀ ਗੁਰਮੁੱਖ ਪਿਆਰਾ ਬਕਸੇ ਵਿਚ ਪਰਚੀ ਪਾ ਕੇ ਅਪਣੀ ਕਿਸਮਤ ਅਜਮਾਈ ਕਰ ਸਕਦਾ ਸੀ। ਹੁਣ ਘਰ ਘਰ ਜਾ ਕੇ ਭਿਖਾਰੀਆਂ ਵਾਂਗ ਵੋਟਾਂ ਮੰਗਣ ਦੀ ਲੋੜ ਨਹੀਂ ਸੀ ਕਿ ਜੀ ਦਾਸ ਹੁਰੀਂ ਪ੍ਰਧਾਨ ਬਣਨਾ ਚਾਹੁੰਦੇ ਸਾਨੂੰ ਅਪਣੀਆਂ ਕੀਮਤੀ ਵੋਟਾਂ ਪਾ ਕੇ ਨਿਹਾਲ ਕਰੋ ਤੇ ਫਿਰ ਅਸੀਂ ਤੁਹਾਨੂੰ ਸਾਰਾ ਸਾਲ ਪਕੌੜਿਆਂ ਨਾ ਨਿਹਾਲ ਕਰਾਂਗੇ! ਯਾਨੀ ਤੁਸੀਂ ਵੀ ਨਿਹਾਲ ਤੇ ਅਸੀਂ ਵੀ...? ਨਿਹਾਲੋ ਨਿਹਾਲ!

ਹੁਣ ਪਰਚੀ ਪਾ ਕੇ ਕੋਈ 'ਨਿਹਾਲ' ਹੋਣ ਦਾ ਚਾਂਨਸ ਲੈ ਸਕਦਾ ਸੀ। ਤੁਸੜ ਭਾਈ ਨੇ ਵੀ ਦੋ ਅੱਖਰ ਲਿੱਖ ਕੇ ਬਕਸੇ ਵਿਚ ਸੁੱਟ ਦਿੱਤੇ। ਵੈਸੇ ਉਸ ਨੂੰ ਅਜਿਹੀ ਉਮੀਦ ਕੋਈ ਨਾ ਸੀ। ਉਸ ਤਾਂ ਇਨੀ ਉੱਚੀ ਪਹੁੰਚ ਬਾਰੇ ਕਦੇ ਸੁਪਨਾ ਵੀ ਨਾ ਲਿਆ ਸੀ। ਵੱਡੇ ਵੱਡੇ ਵਾਜਿਆਂ ਸਾਹਵੇਂ ਉਸ ਦੀ ਤੂਤੀ ਦੀ ਕੀ ਸੁਣੀਦੀ ਸੀ, ਜਿਹੜਾ ਸਾਰਾ ਸਾਲ ਰੋਟੀਆਂ ਵੀ ਸਰਕਾਰੀ ਖਾਤਿਓਂ ਖਾਂਦਾ ਸੀ ਤੇ ਜਿਸ ਦੀ ਅਰਦਾਸ ਕਰਨ ਲੱਗਾ ਗੁਰਦੁਆਰੇ ਦਾ ਭਾਈ ਹਜਾਰ ਤਰਲਾ ਕਰਾਉਂਦਾ ਸੀ'

ਮੈਨੂੰ ਹੋਰ ਸੌ ਸਿਆਪੇ ਨੇ, ਇਹ ਅਰਦਾਸ ਵਾਲਾ ਜ੍ਹਬ ਖੜਾ ਕਰੀ ਰੱਖਦਾ!

ਬੁੜ ਬੁੜ ਕਰਦਾ ਭਾਈ ਪਤਾ ਹੀ ਨਾ ਲੱਗਦਾ ਕਦ 'ਤੁਮ ਠਾਕੁਰ' ਪੜ੍ਹਕੇ ਚੜ੍ਹਦੀ ਕਲਾ ਵੀ ਕਰ ਦਿੰਦਾ। ਉਹ ਹਾਲੇ ਮੱਥਾ ਟੇਕ ਕੇ ਉੱਠ ਹੀ ਰਿਹਾ ਹੁੰਦਾ ਕਿ ਭਾਈ ਜੀ ਹੁਰੀਂ ਵਾਕ ਲੈਣ ਵੀ ਪਹੁੰਚ ਗਏ ਹੁੰਦੇ।

ਭਾਈ ਜੀ ਦਾ ਵੱਸ ਚਲਦਾ ਹੁੰਦਾ ਤਾਂ ਪੰਜਾਬ ਦੇ ਰੈਡੀਮੇਡ ਪਾਠ ਦੇਣ ਵਾਂਗ ਕਮਰੇ ਵਿਚ ਬੈਠਾ ਹੀ ਕਹਿ ਦਿਆ ਕਰਦਾ ਕਿ ਜਾਹ ਜਾ ਕੇ ਖੜਾ ਹੋ ਜਾ ਹਾਲ ਵਿਚ, ਅਰਦਾਸ ਆਪੇ ਬੋਲੂ ਸੁਣ ਲਵੀਂ! ਹੁਣ ਕਿਹੜਾ ਇਹੋ ਜਿਹਾ ਬੰਦੇ ਖਾਤਰ ਹਾਲ ਵਿਚ ਜਾ ਕੇ ਗਲ ਪਰਨਾ ਪਾ ਕੇ ਖੜਦਾ ਫਿਰੇ।

ਤੁਸੜ ਵਿਚਾਰਾ ਤਾਂ ਪੰਜ ਕੁ ਡਾਲਰ ਵਾਲੀ ਸਾਮੀ ਸੀ ਤੇ ਇਹ ਤਾਂ ਸੁੱਧਾ ਮਖੌਲ ਹੋਇਆ ਨਾ। ਪੰਜ ਡਾਲਰ ਤਾਂ ਨਿਆਣੇ ਕੈਂਡੀਆ ਲਈ ਨਹੀਂ ਲੈਂਦੇ ਸਿੱਧੇ ਮੂੰਹ। ਤੁਸੜ ਭਾਈ ਤਾਂ ਥਰਡ ਕਲਾਸ ਤੋਂ ਵੀ ਕੋਈ ਗਈ ਗੁਜਰੀ ਸ਼ੈਅ ਸੀ ਜਿਹੜਾ ਸਰਕਾਰੀ ਰੋਟੀਆਂ ਚੋਂ ਪੈਸੇ ਬਚਾਉਂਣ ਲਈ ਵੀ ਦੋ ਡੰਗ ਗੁਰੂ ਘਰ ਆ ਧਮਕਦਾ।

ਤੇ ਹਾਂ! ਉਸ ਨੂੰ ਕੋਈ ਉਮੀਦ ਨਹੀਂ ਸੀ ਉਨੇ ਐਵੇਂ ਘੈਵੇਂ ਜਿਹੇ ਪਰਚੀ ਉਪਰ ਪ੍ਰਧਾਨ ਲਿਖ ਕੇ ਬਕਸੇ ਵਿੱਚ ਸੁੱਟ ਦਿੱਤਾ। ਜਿਦਾਂ ਹਾਸੇ ਭਾਣੇ! ਚਲੋ ਫਨ ਹੀ ਸਹੀਂ, ਉਸ ਸੋਚਿਆ।

ਪਰਚੀਆਂ ਕੱਢਕੇ ਪੜਨ ਵਾਲਾ ਭਾਈ ਜੀ ਸੀ ਯਾਣੀ ਸਾਂਝਾ ਬੰਦਾ! ਉਨੇ ਬਾਂਹ ਜਿਹੀ ਅੜੁੰਗ ਕੇ ਬਕਸੇ ਵਿਚ ਹੱਥ ਪਾਇਆ। ਉਸ ਦੇ ਹੱਥ ਕੰਬ ਰਹੇ ਸਨ ਜਿਵੇਂ ਠੂੰਹਿਆਂ ਵਾਲੇ ਬਕਸੇ ਵਿਚ ਹੱਥ ਪਾਉਂਣ ਜਾ ਰਿਹਾ ਹੋਵੇ। ਪਤਾ ਨਹੀਂ ਜਿਹੋ ਜਿਹਾ ਨਾਂਅ ਨਿਕਲ ਕੇ ਲੜਨਾ ਹੈ ਜੀਹਨੇ ਗੁਰਦੁਆਰੇ ਦੀਆਂ ਮੌਜਾਂ ਵਿਚ ਜ਼ਹਿਰ ਘੋਲ ਕੇ ਰੱਖ ਦੇਣੀ ਹੈ। ਇਥੇ ਹਰ ਨਵੀਂ ਕਾਬਜ ਹੁੰਦੀ ਪਾਰਟੀ ਗੁਰਦੁਆਰੇ ਦਾ 'ਸੁਧਾਰ' ਗਰੰਥੀ ਬਦਲਣ ਤੋਂ ਸ਼ੁਰੂ ਕਰਦੀ, ਜਿਵੇਂ ਸਾਰੇ ਵਿਗਾੜ ਗਰੰਥੀ ਦੇ ਹੀ ਹੋਣ ਬਾਕੀ ਤਾਂ ਵਿਗੜਿਆ ਹੀ ਕੱਖ ਨਾ ਹੋਵੇ!

ਉਸ ਦਾ ਡਰ ਸੱਚਾ ਨਿਕਲਿਆ। ਪਹਿਲਾਂ ਨਾਂਅ ਹੀ ਜਦ ਉਸ ਖੋਹਲ ਕੇ ਪੜਿਆ ਤਾਂ ਇੱਟ ਵਾਂਗ ਉਸ ਦੇ ਮੱਥੇ ਵਿੱਚ ਵੱਜਿਆ। ਤੁਸੜ! ਯਾਣੀ ਹਰਧਾਮ ਸਿੰਘ ਤੁਸੜ?

ਇਹ ਨਹੀਂ ਹੋ ਸਕਦਾ। ਇਹ ਕਿਵੇਂ ਹੋਇਆ! ਇਹ ਨਹੀਂ ਹੋਣਾ ਚਾਹੀਦਾ! ਉਸ ਨੂੰ ਜਾਪਿਆ ਸ਼ਾਇਦ ਮੇਰੇ ਪੜ੍ਹਨ ਵਿਚ ਗਲਤੀ ਲੱਗੀ ਹੈ। ਉਸ ਭੱਰਵਟੇ ਕੱਸਦਿਆਂ ਲਾਇਟਾਂ ਵਾਂਗ ਅੱਖਾਂ ਦੀਆਂ ਟਿਪਰਾਂ ਜਿਹੀਆਂ ਮਾਰ ਫਿਰ ਗੌਰ ਕੀਤਾ, ਪਰ ਨਾਂਅ ਠੀਕ ਹੀ ਸੀ ਤੇ ਉਹ ਨਾਂਅ ਜਿਵੇਂ ਉਸ ਦਾ ਮੂੰਹ ਚਿੜਾ ਰਿਹਾ ਹੋਵੇ।

ਸੁਣਾ ਕੀ ਬਣੂੰ ਤੇਰਾ ਭਾਈ ਹੁਣ? ਕਿਵੇਂ ਭਜਾਉਂਦਾ ਸੀ ਮੇਰੀ ਅਰਦਾਸ 'ਗੋ ਟਰੇਨ' ਵਾਂਗ ਤੇ ਤਰਲੇ ਹਾੜੇ ਵੱਖਰੇ?

ਭਾਈ ਜੀ ਨੂੰ ਜਾਪਿਆ ਜਿਵੇਂ ਮੇਰਾ ਡੰਡਾ-ਡੋਰਾ ਚੁੱਕ ਕੇ ਕੋਈ ਸੜਕ ਤੇ ਸੁੱਟ ਰਿਹਾ ਹੈ ਤੇ ਕੋਈ ਮੇਰੀ ਫਰਿਆਦ ਸੁਣਨ ਵਾਲਾ ਨਹੀਂ। ਮੈਂ ਜਾਵਾਂਗਾ ਕਿਧਰ ਨਿਆਣੇ ਲੈ ਕੇ?

ਭਾਈ ਸਾਹਬ ਅਗਲੇ ਨਾਂ ਪੜੋ ਕਿਥੇ ਗੁਆਚ ਗਏ ਜੇ? ਸੰਗਤ ਵਿਚੋਂ ਕੋਈ ਸਿੰਘ ਬੋਲਿਆ। ਠੰਡੀ ਤਰੇਲੀ ਪੂੰਝਦਿਆਂ ਭਾਈ ਜੀ ਨੇ ਅਗਲੇ ਨਾਂ ਪੜ ਤਾਂ ਦਿੱਤੇ ਪਰ ਉਸ ਨੂੰ ਨਹੀਂ ਪਤਾ ਚਲਿਆ ਕਿ ਕਿਸ ਦੇ ਪੜੇ ਤੇ ਕਿਵੇਂ ਪੜੇ। ਉਸ ਨੂੰ ਇੱਕੋ ਨਾਮ ਯਾਦ ਸੀ ਜਿਹੜਾ ਭੂਸਰੇ ਸ੍ਹਾਨ ਵਾਂਗ ਉਸ ਦੇ ਸਿਰ ਵਿਚ ਖੌਰੂ ਪਾ ਰਿਹਾ ਸੀ ਤੇ ਜਿਹੜਾ ਪਲਾਂ ਵਿਚ ਤੁਸੜ ਤੋਂ ਤੁਸੜ ਸਾਹਬ ਹੋ ਗਿਆ ਸੀ ਤੇ ਜਿਸ ਨੇ ਉਸ ਦੀ ਵੱਖੀ ਵਿਚ ਸਿੰਗ ਮਾਰਨੇ ਹੀ ਮਾਰਨੇ ਸਨ। ਤਾਂ ਹੀ ਸਿਆਣੇ ਕਹਿੰਦੇ ਕਿ ਕਿਸੇ ਮਾੜੇ ਨੂੰ ਵੀ ਰੁੱਖਾ ਨਹੀਂ ਬੋਲਣਾ ਚਾਹੀਦਾ, ਸਮੇਂ ਦਾ ਕੋਈ ਪਤਾ ਨਹੀਂ ਕਦ ਸ਼ਾਹ ਕੰਗਾਲ ਤੇ ਕੰਗਾਲ ਸ਼ਾਹ ਕਰ ਦਿੰਦਾ ਹੈ। ਨਹੀਂ?

ਤੁਸੜ ਭਾਈ ਹੁਣ ਜਦ ਕੁਕੜ ਵਾਂਗ ਹਿੱਕ ਫੁਲਾ ਤੇ ਗੁਰਦੁਆਰੇ ਤੁਰਿਆ ਤਾਂ ਗੁਰੂ ਘਰ ਦੇ ਬਰਾਂਡੇ ਉਸ ਨੂੰ ਭੀੜੇ ਭੀੜੇ ਤੇ ਨੀਵੇ ਨੀਵੇ ਜਾਪਣ ਲੱਗੇ। ਛਾਤੀ ਉਸ ਦੀ ਛੇ ਇੰਚ ਅਗਾਂਹ ਨੂੰ ਵਧ ਆਈ। ਬਿਨਾ ਮੱਤਲਬੋਂ ਖੰਘੂਰੇ ਉਸ ਦੇ ਸੰਘ ਵਿਚ ਅੜਨ ਲੱਗੇ। ਖੱਬਾ ਹੱਥ ਬਦੋ-ਬਦੀ ਮੁੱਛ ਨੂੰ ਜਾਣ ਲੱਗਿਆ।

ਗਿੱਟਿਓਂ ਉੱਚੀ ਪਿੰਟ ਦੀਆਂ ਜੇਬ੍ਹਾਂ ਵਿਚ ਹੱਥ ਪਾਕੇ ਜਦ ਉਸ ਸਾਰੇ ਗੁਰਦੁਆਰੇ ਭਲਵਾਨੀ ਗੇੜਾ ਦਿੱਤਾ ਤਾਂ ਕੁਝ ਚਿਰ ਪਹਿਲਾਂ ਉਸ ਨੂੰ ਤੁਸੜ-ਭੁਸੜ ਕਹਿਣ ਵਾਲੇ ਤੁਸੜ ਸਾਹਬ ਕਹਿਕੇ ਫਤਿਹ ਬੁਲਾਉਂਣ ਲੱਗੇ ਤੇ ਲੰਮੀਆਂ ਹੇਕਾਂ ਲਾ ਕੇ ਪ੍ਰਧਾਨਗੀ ਦੀਆਂ ਵਧਾਈਆਂ ਦੇਣ ਲੱਗੇ। ਉਹ ਹੋਰ ਚੌੜਾ ਹੋਈ ਜਾ ਰਿਹਾ ਸੀ। ਹਵਾ ਉਸ ਨੂੰ ਹਜਮ ਨਹੀਂ ਸੀ ਹੋ ਰਹੀ। ਉਹ ਉਡਜੂੰ ਉਡਜੂੰ ਕਰਦਾ ਫਿਰ ਰਿਹਾ ਸੀ। ਪੈਰ ਉਸਦੇ ਮਸੀਂ ਥੱਲੇ ਲੱਗ ਰਹੇ ਸਨ। ਕਈ ਵਾਰ ਤੇ ਉਹਨੂੰ ਲੱਗਦਾ ਮੈਂ ਉਡ ਹੀ ਜਾਵਾਂਗਾ।

‘ਇੰਨਾ ਸਰੂਰ ਹੁੰਦਾ ਏ ਕੁਰਸੀ ਦਾ, ਇੰਨਾ ਨਸ਼ਾ ਏ ਲੀਡਰੀ ਦਾ ਉਹਨੂੰ ਜ਼ਿੰਦਗੀ ’ਚ ਪਹਿਲੀ ਵਾਰ ਪਤਾ ਲੱਗਾ।

‘ਤਾਂ ਹੀ ਤਾਂ ਕੁਰਸੀਆਂ ਨੂੰ ਚੁੰਬੜੇ ਹੋਏ ਵੱਡ ਕੇ ਲਾਹੁਣੇ ਪੈਂਦੇ ਜਾਂ ਕਿਤੇ ਆਪ ਮਰਕੇ ਲੱਥਦੇ।’ ਉਹ ਸੋਚਣ ਲੱਗਾ।

ਅੱਜ ਸ਼ਾਮੀ ਉਸਦਾ ਪ੍ਰਧਾਨਗੀ ਭਾਸ਼ਣ ਸੀ। ਉਹਨੇ ਸੰਗਤਾਂ ਦੇ ਦਰਸ਼ਨ ਕਰਨੇ ਸਨ ਤੇ ਆਪਣੇ ਦਰਸ਼ਨ ਦੇਣੇ ਸਨ। ਕਿ ਹਾਂ ਜੀ ਦਾਸ ਹੁਰੀ ਹੁਣ ਪ੍ਰਧਾਨ ਨੇ ਜ਼ਰਾ ਖਿਆਲ ਨਾਲ ਯਾਣੀ ਬਚਕੇ!

ਹਾਂਅ, ਹੁਣ ਕੋਈ ਤੁਸੜ ਭੁਸੜ ਵਰਗੀ ਸ਼ੈਅ ਨਹੀਂ ਮੈਂ! ਉਹ ਵਿਰੋਧੀਆਂ ਨੂੰ ਕੁਝ ਇੱਦਾਂ ਹੀ ਸਮਝਾਉਣਾ ਚਾਹੁੰਦਾ ਸੀ।

ਬੋਲਣ ਲੱਗਿਆਂ ਵਿਚਕਾਰਲਾ ਦੰਦ ਝੜਿਆ ਹੋਣ ਕਰਕੇ ਉਹਦੀ ਹਵਾ ਨਿਕਲ ਜਾਂਦੀ ਤੇ ਸੱਸੇ ਦਾ ਛੱਛਾ ਬਣਾ ਜਾਂਦਾ।

‘ਸ਼ਾਧ ਸ਼ੰਗਤ ਜੀ ਬੜੀ ਖੁਸ਼ੀ ਹੋਈ ਆਪ ਦੇ ਦਰਸ਼ਨ ਕਰਕੇ ਜਿਹਨਾ ਦਾਸ਼ ਨੂੰ ਸ਼ੇਵਾ ਵਾਸ਼ਤੇ ਨਿਵਾਜਿਆ ਹੈ, ਇਹ ਸ਼ੇਵਾ ਦਾਸ਼ ਤਨੋਂ ਮਨੋ ਨਿਭਾਵੇਗਾ ਦਾਸ਼ ਨੂੰ…….’

ਉਹਦੀਆਂ ਇਹ ਸੀਟੀਆਂ ਜਿਹੀਆਂ ਸੁਣਕੇ ਕਈ ਬੀਬੀਆਂ ਦਾ ਹਾਸਾ ਨਿਕਲ ਗਿਆ।

ਭੋਗ ਤੋਂ ਬਾਅਦ ਪੰਜਾਂ ਪਿਆਰਿਆਂ ਵਾਲਾ ਵੱਡਾ ਸਾਰਾ ਗੱਫਾ ਭਾਈ ਜੀ ਨੇ ਪ੍ਰਧਾਨ ਸਾਹਬ ਦੇ ਹੱਥ ਤੇ ਰੱਖਦਿਆਂ ਮਜਬੂਰੀ ਜਿਹੀ ਵਿਚ ਵਧਾਈ ਦਿੱਤੀ। ਪਰ ਪ੍ਰਧਾਨ ਸਾਹਬ ਨੇ ਕੋਈ ਧਿਆਨ ਨਾ ਦਿੱਤਾ। ਜਿਵੇਂ ਕੁੱਝ ਸੁਣਿਆ ਹੀ ਨਾ ਹੋਵੇ। ਸੁਣਦਾ ਤੇ ਅੱਜ ਉਹਨੂੰ ਉਦਾਂ ਹੀ ਘੱਟ ਸੀ, ਭਾਈ ਵਿਚਾਰੇ ਨੂੰ ਤਾਂ ਉਸ ਸੁਣਨਾ ਹੀ ਕੀ ਸੀ।

ਭਾਈ ਜੀ ਨੂੰ ਗੁੱਸਾ ਤੇ ਬੜਾ ਚੜ੍ਹਿਆ ਕਿ ਕੱਲ ਤੱਕ ਟਕੇ ਦਾ ਬੰਦਾ ਨਹੀਂ ਸੀ ਮੇਰੇ ਮਗਰ ਮਗਰ ਪੂਛ ਚੁੱਕੀ ਫਿਰਦਾ ਹੁੰਦਾ ਸੀ ਅੱਜ ਇਹਦੇ ਤੌਰ ਹੀ ਬਦਲ ਗਏ ਨੇ। ਸਮਝਦਾ ਕੀ ਇਹ ਆਪਣੇ ਆਪ ਨੂੰ? ਪਰ ਨਹੀਂ ਭਾਈ ਜੀ ਨੇ ਗੁੱਸੇ ਦਾ ਵੇਗ ਅੰਦਰੇ ਮੋੜ ਲਿਆ ਤੇ ਅਗਾਂਹ ਤੁਰ ਪਿਆ। ਕੀ ਕਰਦਾ ਉਹ? ਅਗਲੇ ਬੰਨ੍ਹੇ ਕੋਈ ਐਰਾ ਗੈਰਾ ਨੱਥੂ ਖੈਰਾ ਥੋੜੋ ਸੀ ਜਿਸ ਨਾਲ ਪੰਗਾ ਲੈ ਬੈਠਦਾ। ਉਸ ਦਿਨ ਨਹੀਂ ਸੀ ਕੱਟਣੇ?

ਹੁਣ ਦਿਨੋਂ ਦਿਨ ਪ੍ਰਧਾਨ ਸਾਹਬ ਦੀ ਦਿੱਖ ਬਦਲ ਰਹੀ ਹੈ। ਲੀੜਾ ਕਪੜਾ, ਬੂਟ ਜੁਰਾਬਾਂ, ਪਿੰਟ ਕੋਟ ਨਾਲ ਨਿਕਟਾਈ, ਪੱਗ ਜ਼ਰਾ ਖਿੱਚਵੀਂ ਸਮਾਂ ਲਾ ਕੇ ਬੱਧੀ। ਕਸਰ ਸੀ ਤਾਂ ਇਹ ਕਿ ਕਾਲੀ ਦਾਹੜੀ ਥੱਲਿਓਂ ਚਿੱਟੀਆਂ ਜੜ੍ਹਾਂ ਚੁਗਲੀ ਕਰਨੋਂ ਬਾਜ ਨਹੀਂ ਸੀ ਆਉਂਦੀਆਂ। ਉਹ ਘੰਟਾ ਘੰਟਾ ਦਾਹੜੀ ਦੀ ਲਿੰਬ ਪੋਚ ਕਰਦਾ ਵਾਸ਼ਰੂਮ ਮਲ ਛੱਡਦਾ। ਕਾਹਲੇ ਪਏ ਨਿਆਣੇ ਵਾਸ਼ਰੂਮ ਵੱਲ ਵਲੀਆਂ ਕਰ ਕਰ ਭੱਜਦੇ। ਪਰ ਅੱਗੇ ਜਿਵੇਂ ਅਜੇ ਵੀ ਲਿਖਿਆ ਹੁੰਦਾ ‘ਠਹਿਰੋ’।

ਬੇਸਮਿੰਟ ਦਾ ਇਕੋ ਵਾਸ਼ਰੂਮ ਹੋਣ ਕਰਕੇ ਵੇਟਿੰਗ ਲਿਸਟ ਵਾਲਿਆਂ ਦੀ ਲਾਇਨ ਲੱਗ ਜਾਂਦੀ। ਦੋ ਮੁੰਡੇ ਤਿੰਨ ਕੁੜੀਆਂ ਤੇ ਘਰਵਾਲੀ ਛੇ? ਬਾਹਰ ਰੱਬ ਜਿੱਡੀ ਲਾਇਨ ਦਾ ਉਸਨੂੰ ਕੋਈ ਫਿਕਰ ਨਾ ਹੁੰਦਾ। ਉਹ ਤੇ ਮੂੰਹ ਕਾਲਾ ਕਰਕੇ ਸ਼ੀਸ਼ੇ ਅੱਗੇ ਖੜੋ ਆਪਣੇ ਆਪ ਵੱਲ ਹੀ ਵੇਖ ਖੰਗੂਰੇ ਮਾਰੀ ਜਾਂਦਾ। ਹੂੰਅ… ‘ਪ੍ਰਧਾਨ ਆਖਰ ਇਸ ਤਰ੍ਹਾਂ ਦਾ ਹੀ ਹੋਣਾ ਚਾਹੀਦਾ, ਯੰਗ ਯਾਨੀ ਮੇਰੇ ਵਰਗਾ। ਨਹੀਂ? ਉਸਦਾ ਆਪਣੇ ਆਪ ਹਾਸਾ ਨਿਕਲ ਜਾਂਦਾ। ਉਸਨੂੰ ਗੋਡਿਆਂ ਤੇ ਹੱਥ ਰੱਖਕੇ ਉੱਠਣਾ ਤੇ ਦਿਨੋਂ ਦਿਨ ਝੜ ਰਹੇ ਦੰਦਾਂ ਦਾ ਖਿਆਲ ਭੁੱਲ ਜਾਂਦਾ।

ਘਰੇ ਅੱਜਕੱਲ ਉਹ ਸਾਉਣ ਨਹਾਉਣ ਵੇਲੇ ਹੀ ਵੜਦਾ। ਜ਼ਿਆਦਾ ਗੇੜੀਆਂ ਉਸਦੀਆਂ ਗੁਰਦੁਆਰੇ ਹੀ ਹੁੰਦੀਆਂ ਪਰ ਉਸਦੀਆਂ ਇਹਨਾਂ ਗੇੜੀਆਂ ਦਾ ਮਾਰਿਆ ਭਾਈ ਵਿਚਾਰਾ ਗਧੀਗੇੜ ਪਿਆ ਰਹਿੰਦਾ। ਪ੍ਰਧਾਨ ਸਾਹਬ ਨੂੰ ਖੁਸ਼ ਰੱਖਣ ਵਾਸਤੇ ਕਿਸੇ ਮੁੱਖ ਮੰਤਰੀ ਦੇ ਬਾਡੀ ਗਾਰਡ ਵਾਂਗ ਉਹ ਮਗਰ ਭੱਜਦਾ ਹੱਫ ਜਾਂਦਾ, ਕਦੇ ਦੁਧ ’ਚ ਪੱਤੀ, ਲਾਚੀ ਵਾਲਾ ਦੁਧ, ਕਦੇ ਠੰਢਾ ਕਦੇ ਤੱਤਾ। ਪ੍ਰਧਾਨ ਸਾਹਬ ਦੇ ਮੱਥੇ ਦੀ ਛੋਟੀ ਜਿਹੀ ਤਿਊੜੀ ਨਾਲ ਹੀ ਇੰਦਰ ਵਾਂਗ ਉਸਨੂੰ ਆਪਣਾ ਸਿੰਘਾਸਨ ਡੋਲਦਾ ਪ੍ਰਤੀਤ ਹੁੰਦਾ।

ਉਹ ਭੁੱਲ ਜਾਂਦਾ ਕਿ ਜਿਸ ਗੁਰੂ ਦਾ ਮੈਂ ਵਜ਼ੀਰ ਹਾਂ ਇਹ ਪ੍ਰਧਾਨਗੀਆਂ, ਸਕੱਤਰੀਆਂ ਤੇ ਉਸ ਦੇ ਦਰ ਦੀ ਖਾਕ ਵੀ ਨਹੀਂ। ਇਥੋਂ ਤੇ ਅਗਲਿਆਂ ਬਾਦਸ਼ਾਹੀਆਂ ਨੂੰ ਠੁੱਡੇ ਮਾਰ ਛੱਡੇ। ਨਵਾਬੀਆਂ ਠੁਕਰਾ ਛੱਡੀਆਂ ਇਹ ਕਿਹੜੇ ਮਰਜ਼ ਦੀ ਦਵਾ ਨੇ।ਪਰ ਪਤਾ ਨਹੀਂ ਕਿਉਂ ਇਹਨਾਂ ਵਿਚੋਂ ਸਵੈਮਾਣ ਹੀ ਮਰ ਗਿਆ। ਲਾਲਚ ਦੀ ਜਿੱਲਣ ਵਿਚਂ ਇਹ ਐਨਾ ਧਸ ਗਏ ਨੇ ਕਿਸੇ ਪ੍ਰਧਾਨ ਸਕੱਤਰ ਦਾ ਸਾਮ੍ਹਣਾ ਕਰਨ ਦੀ ਜੁਅਰਤ ਹੀ ਨਹੀਂ ਰਹੀ ਇਹਨਾਂ ਵਿਚ। ਕਠਪੁਤਲੀਆਂ ਬਣ ਕੇ ਰਹਿ ਗਿਆ ਇਹ ਮਹਿਕਮਾ। ਗੁਰੂ ਦਾ ਵਜ਼ੀਰ ਹੋਣ ਦਾ ਮਾਣ ਹੀ ਮਰ ਗਿਆ ਹੈ।

ਪ੍ਰਧਾਨ ਸਾਹਬ ਵੀ ਘਰ ਦੇ ਸਤੇ ਹੋਏ ਸਾਰਾ ਨਜ਼ਲਾ ਗੁਰਦੁਆਰੇ ਆ ਕੇ ਹੀ ਝਾੜਦੇ। ਹਾਲੇ ਪਰਸੋਂ ਦੀ ਹੀ ਗੱਲ ਏ ਕਿਸੇ ਫੋਨ ਕਰਕੇ ਨਿਆਣਿਆਂ ਦੀ ਕੋਈ ਖਬਰ ਦਿੱਤੀ ਤਾਂ ਉਸਦਾ ਧਿਆਨ ਉਮਰੋਂ ਪਹਿਲਾਂ ਹੀ ‘ਸਿਆਣੇ’ ਹੋਈ ਫਿਰਦੇ ਨਿਆਣਿਆਂ ਤੇ ਜਾ ਵਰ੍ਹਿਆ।

ਘਰਵਾਲੀ ਤੇ ਉਸਦੀ ਪਹਿਲਾਂ ਵੀ ਕਈ ਵਾਰ ਮੱਥਾ ਮਾਰ ਚੁੱਕੀ ਸੀ।

ਝੁੱਡੂਆ ਨਿਆਣਿਆਂ ਦਾ ਸੋਚ ਕੁਝ ਹੁਣੇ ਉਡਾਰ ਹੋਈ ਜਾ ਰਹੇ ਨੇ।

‘ਅਸਾਂ ਅਚਾਰ ਪਾਉਣਾ ਨਿਆਣਿਆਂ ਦਾ ਜਾਣ ਜਿੱਥੇ ਜਾਂਦੇ ਨੇ। ਘਰੇ ਰਹਿ ਕੇ ਵਾਧੂ ਕੰਨ ਹੀ ਖਾਣਗੇ।’ ਉਸਦਾ ਜਵਾਬ ਹੁੰਦਾ।

ਪਰ ਹੁਣ ਗੱਲ ਹੋਰ ਸੀ। ਉਦੋਂ ਤੇ ਉਸਦੀ ਕੋਈ ਪਛਾਣ ਨਹੀਂ ਸੀ ਜੇ ਕੋਈ ਪੁੱਛਦਾ ਤੁਸੜ ਭਾਈ ਨੂੰ ਮਿਲਣਾ।

ਜਵਾਬ ਹੁੰਦਾ, ‘ਕਿਹੜਾ ਤੁਸੜ?’ ਇਥੇ ਕੋਈ ਤੁਸੜ ਭੁਸੜ ਗੋਗਲੂਆਂ ਦੇ ਭਾਅ ਵਿਕਦੇ ਫਿਰਦੇ ਨੇ ਤੁਸੀਂ ਕਿਹੜੇ ਤੁਸੜ ਦੀ ਗੱਲ ਕਰਦੇ ਓ।

ਪਰ ਹੁਣ ਉਸਦੀ ਪਛਾਣ ਸੀ। ਯਾਰ ਤੁਸੜ ਨੂੰ- ਕਿਹੜਾ ਤੁਸੜ! ਅੱਛਾ ਆਪਣੇ ਤੁਸੜ ਸਾਹਿਬ। ਪ੍ਰਧਾਨ ਸਾਹਬ ਕਹੋ ਨਾ।

ਉਹਨੂੰ ਨਿਆਣਿਆਂ ਦਾ ਫਿਕਰ ਹੋਇਆ ਤੇ ਉਹ ਕੰਨਾ ’ਚ ਮੁਤੀਆਂ ਪਾਈ, ਕੁੱਕੜ ਕਲਗੀਆਂ ਬਣਾਈ, ਸਿਰ ਵਿਚ ਖਿੱਦੋਂ ਵਾਂਗੂ ਪਿੜੀਆਂ ਜਿਹੀਆਂ ਪਵਾਈ ਫਿਰਦੇ ਨਿਆਣਿਆਂ ਤੇ ਜਾ ਚੜ੍ਹਿਆ।

ਸੁਣੋ ਉਏ ਉੱਲੂ ਦੇ ਪੱਠਿਓ! ਐਵੇਂ ਨਾ ਜੰਗਲੀ ਘੋੜਿਆਂ ਵਾਂਗ ਅਵਾਰਾ ਹਿਣਕਦੇ ਫਿਰਿਆ ਕਰੋ।ਕੁਝ ਮੇਰੀ ਇੱਜ਼ਤ ਦਾ ਵੀ ਖਿਆਲ ਏ ਕਿ ਨਹੀਂ ਤੁਹਾਨੂੰ? ਕੀ ਕਹਿਣਗੇ ਲੋਕੀਂ ਪ੍ਰਧਾਨ ਸਾਹਬ ਦੇ ਨਿਆਣੇ।

ਛੋਟਾ ਮੁੰਡਾ ਤੇ ਕੁਝ ਨਾ ਬੋਲਿਆ ਵੱਡੇ ਨੇ ਆਸੁਰ ਪੱਕੇ ਦੀ ਗਾਲ੍ਹ ਕੱਢੀ, ਜਿਹੜੀ ਇਥੋਂ ਦੀ ਵਿਗੜੀ ਔਲਾਦ 'ਐਫ' ਲਾ ਕੇ ਪਿਉਆਂ ਆਵਦਿਆਂ ਨੂੰ ਕੱਢਦੀ ਹੈ ਤੇ ਫੜਾਅ ਦੇਣੇਂ ਬੂਹਾ ਮਾਰ ਘਰੋਂ ਬਾਹਰ ਹੋ ਗਿਆ।

ਉਸਦਾ ਮੂੰਹ ਅੱਡਿਆ ਹੀ ਰਹਿ ਗਿਆ। ਉਹਨੂੰ ਸਮਝ ਆ ਗਈ ਕਿ ਪ੍ਰਧਾਨਗੀਆਂ ਘਰੇ ਨਹੀਂ ਚੱਲਦੀਆਂ। ਸੋ ਉਹ ਸੜਿਆ ਭੁੱਜਿਆ ਘਰੋਂ ਨਿਕਲ ਗੁਰਦੁਆਰੇ ਭਾਈ ਜੀ ਤੇ ਜਾ ਵਰ੍ਹਿਆ। ਬਹਾਨਾ ਇਹ ਸੀ ਕਿ ਮੈਂ ਕਦੋਂ ਦਾ ਫੋਨ ਕਰੀ ਜਾਂਨਾ ਚੁੱਕਦਾ ਕਿਉਂ ਨਹੀਂ ਕੋਈ। ਕਿਥੇ ਗਏ ਰਹਿੰਦੇ ਤੁਸੀਂ? ਬੰਦੇ ਨੂੰ ਸੌ ਕੰਮ ਹੁੰਦੇ।

ਭਾਈ ਜੀ ਨੂੰ ਗੁੱਸਾ ਤੇ ਬੜਾ ਚੜ੍ਹਿਆ ਇਹਨੂੰ ਪੁੱਛਾਂ ਤੁਸੜਾ ਭੁਸੜਾ ਮੈਨੂੰ ਗਰੰਥੀ ਰੱਖਿਆ ਕਿ ਟੈਲੀਫੋਨ ਅਪ੍ਰੇਟਰ ਜਿਹੜਾ ਸਾਰਾ ਦਿਨ ਇਸਦੇ ਸਰ੍ਹਾਣੇ ਬੈਠਾ ਰਿਹਾ ਕਰਾਂ। ਪਰ ਹੈ ਕਮਲੀ ਗੱਲ। ਕਰ ਸਕਦਾ ਸੀ ਉਹ ਇੱਦਾਂ? ਤੇ ਗੁੱਸੇ ਦੀ ਕੋਹੜ ਕਿਰਲੀ ਉਹ ਅੰਦਰੇ ਹੀ ਨਿਕਲ ਗਿਆ। ਨਿਗਲਣੀ ਹੀ ਪੈਣੀ ਸੀ ਉਸਨੂੰ। ਉਸਦਾ ਮਹਿਕਮਾ ਹੀ ਐਸਾ ਸੀ। ਇਹਨਾਂ ਪ੍ਰਧਾਨਾ ਤੇ ਵੱਡੇ ਵੱਡੇ ‘ਜਥੇਦਾਰ’ ਉਂਗਲਾਂ ਤੇ ਨਚਾ ਛੱਡੇ ਉਹ ਵਿਚਾਰਾ ਕਿਹੜੇ ਬਾਗ ਦੀ ਮੂਲੀ ਸੀ।

ਤੇ ਹਾ ਇਸੇ ਵਿਚ ਉਸਦੀ ਭਲਾਈ ਸੀ। ਲੋਕਾਂ ਦੇ ਘਰ ਖੁਸ਼ੀਆਂ ਨਾ ਭਰਦੇ ਭਰਦੇ ਉਸ ਆਪਣਾ ਘਰ ਸੱਖਣਾ ਕਰ ਲਿਆ ਸੀ। ਉਸ ਦਾ ਵਿਸ਼ਵਾਸ ਹੀ ਉਠ ਗਿਆ ਸੀ ਕਿ ਜਿਸ ਗੁਰੂ ਕੋਲ ਮੈਂ ਰੋਜ਼ ਬਹਿੰਨਾ ਪਤਾ ਨਹੀਂ ਰੋਟੀ ਦੇਵੇ ਜਾ ਨਾ।

ਉਸ ਟੈਲੀਫੂਨ ਦੀ ਬੈੱਲ ਖਰਾਬ ਹੋਣ ਦਾ ਬਹਾਨਾ ਲਾ ਆਪਣੀ ਜਾਨ ਛਡਾਈ ਅਤੇ ਗਰਮ ਗਰਮ ਚਾਹ ਦਾ ਕੱਪ ਪ੍ਰਧਾਨ ਸਾਹਬ ਅੱਗੇ ਲਿਆ ਰੱਖਿਆ। ਪ੍ਰਧਾਨ ਨੂੰ ਠੰਡਿਆਂ ਕਰ ਉਹ ਗੱਡੀ ਤੱਕ ਤੋਰਨ ਆਇਆ। ਗੱਡੀ ਨਿਕਲਦਿਆਂ ਹੀ ਉਸ ਮੂੰਹ ਉਪਰ ਕਰ ਜਾਂਦੀ ਗੱਡੀ ਵੱਲ ਨਫਰਤ ਨਾਲ ਥੁੱਕਿਆ।

ਥੂਅਹ ਸਾਲਾ ਠੇਠਰ! ਕੌਤਰ ਸੌ ਗਾਹਲ ਜਿਹੜੀ ਵੀ ਉਹਨੂੰ ਯਾਦ ਆਈ ਪ੍ਰਧਾਨ ਤੇ ਵਰ੍ਹਾ ਛੱਡੀ ਦਿਲ ਹਲਕਾ ਕਰਨ ਵਾਸਤੇ। ਪਰ ਹਲਕਾ ਹੋਣ ਦੀ ਬਜਾਏ ਮਨ ਉਹਦਾ ਗਿਲਾਨੀ ਨਾਲ ਭਰ ਗਿਆ।
‘ਸਾਨੂੰ ਕੀ ਹੋਣਾ ਚਾਹੀਦਾ ਸੀ, ਪਰ ਕੀ ਬਣ ਗਏ ਹਾਂ ਅਸੀਂ? ਨੌਕਰਾਂ ਵਾਂਗ ਸਾਨੂੰ ਹੁਕਮ ਚਾੜ੍ਹੇ ਜਾਂਦੇ ਨੇ’। ਜਿਹੜਾ ਉੱਠਦਾ ਆਣ ਕੇ ਰੋਅਬ ਝਾੜ ਜਾਂਦਾ ਏ। ਕੋਈ ਜ਼ਿੰਦਗੀ ਐ ਇਹ? ਇਹੋ ਜਿਹੇ ਉਬਾਲ ਕਈ ਵਾਰ ਉਠੇ ਸਨ ਉਹਦੇ ਮਨ ਵਿਚੋਂ। ਪਰ ਲਾਲਚ ਦਾ ਤੰਦੂਆ ਹਮੇਸ਼ਾ ਅੰਦਰੋਂ ਉੱਠਦੇ ਬਗਾਵਤ ਦੇ ਹਾਥੀ ਨੂੰ ਧਰੂਹ ਖੜਦਾ ਤੇ ਉਬਲਦੇ ਮਨ ਦੇ ਕਾਹੜਨੇ ਵਿਚ ਉਹ ਨਿਮਰਤਾ ਦੀਆਂ ਦਲੀਲਾਂ ਦੇ ਛੱਟੇ ਮਾਰਨ ਲੱਗਦਾ।

ਤੇ ਆਪਣੇ ਚੱਲ ਰਹੇ ਮਾੜੇ ਸਮੇਂ ਤੇ ਝੂਰਦਾ ਚੰਗੇ ਲਈ ਕਾਮਨਾ ਕਰਦਾ। ਜੇ ਲੋਕਾਂ ਵਾਸਤੇ ਰੱਬ ਸੁਣ ਸਕਦਾ ਸੀ ਤਾਂ ਉਸਦੇ ਆਪਣੇ ਵਾਸਤੇ ਕਿਉਂ ਨਹੀਂ? ਸੋ ਡਾਲਰ ਪਿੱਛੇ ਜੇ ਉਹ ਲੋਕਾਂ ਦੇ ਘਰ ਭਰ ਸਕਦਾ ਸੀ ਤਾਂ ਅੱਜ ਤਾਂ ਉਸਦਾ ਆਪਣਾ ਮਸਲਾ ਸੀ। ਅੱਜ ਉਹ ਖੁਦ ਮੁਸੀਬਤ ਵਿਚ ਸੀ।

ਤੇ ਖੈਰ ਉਸਦੀ ਨੇੜੇ ਹੋ ਕੇ ਸੁਣੀ ਗਈ ’ਤੇ ਸਮਾ ਫਿਰ ਬਦਲਣ ਤੇ ਆ ਗਿਆ। ਅਲੈਕਸ਼ਨ ਦੇ ਹਮਾਇਤੀਆਂ ਦਾ ਫਿਰ ਜ਼ੋਰ ਪੈ ਗਿਆ। ਤੁਸੜ ਭਾਈ ਨੂੰ ਅਗਲਿਆਂ ਦੁੱਧ ਚੋਂ ਮੱਖੀ ਵਾਂਗ ਵਗਾਹ ਮਾਰਿਆ। ਵਾਕਿਆ ਹੀ ਭਾਈ ਜੀ ਦੀ ਕੋਈ ਤੱਤੀ ਠੰਡੀ ਲੱਗ ਗਈ ਸੀ ਕਿ ਸ਼ਾਇਦ ਕੋਈ ਲਾਚੀਆਂ ਵਾਲਾ ਦੁੱਧ ਕਰੜਾ ਪੀਤਾ ਗਿਆ ਸੀ। ਤੁਸੜ ਸਾਹਬ ਦੀ ਸ਼ਾਨੋ ਸ਼ੌਕਤ ਥੋੜੇ ਚਿਰ ’ਚ ਹੀ ਖਾਕ ਹੋ ਗਈ ਉਹ ਫਿਰ ਉਹੋ ਤੁਸੜ ਭੁਸੜ ਹੀ ਰਹਿ ਗਿਆ। ਖੋਤੀ ਫਿਰ ਬੋਹੜ ਥੱਲੇ।

ਅੱਜ ਉਹ ਗੁਰਦੁਆਰੇ ਦੀਆਂ ਚਾਬੀਆਂ ਫੜਾਉਣ ਤੇ ਹਿਸਾਬ ਕਿਤਾਬ ਦੇਣ ਆਇਆ ਸੀ। ਗੁਰਦੁਆਰੇ ਵੜ੍ਹਦਿਆਂ ਹੀ ਭਾਈ ਜੀ ਇੱਟ ਵਾਂਗ ਮੱਥੇ ’ਚ ਵੱਜਾ ਉਸਦੇ। ਅੱਜ ਭਾਈ ਜੀ ਦੀਆਂ ਕੱਛਾਂ ਵਿਚ ਦੀ ਹਾਸਾ ਨਿਕਲ ਰਿਹਾ ਸੀ। ਅੱਜ ਉਹਨੂੰ ਠੁੱਸ ਹੋ ਚੁੱਕੇ ਬੰਬ ਦੇ ਫਟਣ ਦਾ ਕੋਈ ਖਤਰਾ ਨਹੀਂ ਸੀ। ਅੱਜ ਉਸਦੀ ਅਵਾਜ਼ ਵਿਚ ਕੋਈ ਕੂਲਾਪਨ ਨਹੀਂ ਸੀ। ਉਹਨੇ ਦੂਰੋਂ ਹੀ ਤੁਸੜ ਭਾਈ ਨੂੰ ਚਲਾਵੀ ਫਤਹਿ ਮਾਰੀ ਜਿਹੜੀ ਸਿੱਧੀ ਉਸਦੇ ਦਿਲ ਤੇ ਵੱਜੀ, ਦਿਲ ਉਹਦਾ ਧੱਅਕ ਕਰਕੇ ਰਹਿ ਗਿਆ।

ਹੈਂ? ਇੰਨੀ ਛੇਤੀਂ? ‘ਇੰਨੀ’ ਛੇਤੀਂ ਬਦਲ ਜਾਂਦੇ ਲੋਕ? ਹਾਂ ਇੰਨੀ ਹੀ ਛੇਤੀ ਬਦਲਦੇ ਨੇ ਮੈਂ ਵੀ ਤਾਂ ਇੰਨੀ ਹੀ ਛੇਤੀਂ ਬਦਲਿਆ ਸਾਂ। ਉਹ ਸੋਚਣ ਲੱਗਾ।

ਦੁੱਧ ’ਚ ਲਾਚੀਆਂ ਪੁੱਛਣ ਵਾਲਾ ਭਾਈ ਅੱਜ ਫਤਿਹ ਵੀ ਕਿੰਨੀ ਵਗਾਤੀ ਮਾਰ ਕੇ ਗਿਆ ਸੀ। ਪਹਿਲਾਂ ਵੀ ਵੈਸੇ ਕਿਹੜਾ ਕੋਈ ਉਹਨੂੰ ਪੁੱਛਦਾ ਸੀ ਉਹ ਤੇ ਕੁਰਸੀ ਨੂੰ ਸਲਾਮਾ ਸਨ ਇਹਨਾ ਸਲਾਮਾਂ ਦੇ ਪੱਟੇ ਹੀ ਤਾਂ ਲੋਕੀਂ ਚੁੰਬੜੇ ਲੱਥਦੇ ਨਹੀਂ। ਬੰਦਾ ਕੀ ਏ? ਤੁਸੜ ਕੀ ਸੀ? ਉਹ ਤੇ ਕੁਰਸੀ ਦੇ ਪਰ੍ਹਾਂ ਤੇ ਚਾਰ ਦਿਨ ਉੱਡਿਆ ਸੀ ਵਿਚਾਰਾ।

ਕੁਰਸੀ ਧੜੰਮ ਥੱਲੇ ਤੇ ਤੁਸੜ ਸਾਹਿਬ ਅਹੁ ਤੁਰਦੇ ਫਿਰਦੇ ਜੇ। ਹੈ ਕਿਸੇ ਨੂੰ ਪ੍ਰਵਾਹ ਉਸਦੀ! ਕੁਰਸੀ ਦੇ ਪਰ੍ਹਾਂ ਤੇ ਕੋਈ ਕਦ ਤੱਕ ਉੱਡੇਗਾ। ਜੇ ਉੱਡੇਗਾ, ਡਿੱਗੇਗਾ ਤਾਂ ਅਵੱਸ਼ ਨਾਂ। ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top